Wednesday, 25 September 2013

ਬਾਬੂ ਰਜਬ ਅਲੀ ਖਾਨ

ਧਮਾਲੀ ਖਾਂ ਨੇ ਆਵਦੇ ਪੁੱਤ ਰਜਬ ਅਲੀ ਖਾਨ ਨੂੰ ਕੰਧਾੜੇ ਚੱਕਿਆ ਬਾ ਸੀ ਤੇ ਸਕੂਲੇ ਛੱਡਣ ਜਾਂਦਾ ਸੀ। ਪਿੰਡ ਸਾਹੋਕੇ ਦੀ ਸੱਥ ਕੋਲੋਂ ਲੰਘਣ ਲੱਗਿਆਂ ਕਿਸੇ ਜੱਟ ਨੇ ਚੱਬਕੇ ਗੱਲ ਕੀਤੀ ਕੈਂਹਦਾ ,"ਕਿਮੇਂ ਪਰਧਾਨ ਮੁੰਡੇ ਨੂੰ ਪੜ੍ਹਾ ਕੇ ਬਾਬੂ ਲਾਉਣਾ?"
ਧਮਾਲੀ ਖਾਂ ਨੇ ਥੱਲੇ ਬਹਿ ਧਰਤੀ ਤੇ ਦੋ ਲੀਕਾਂ ਵਾਹਕੇ ਸੱਥ 'ਚ ਕੈਹਤਾ," ਜੇ ਜਿਓਦਾਂ ਰਿਹਾ ਤਾਂ ਪੁੱਤ ਨੂੰ ਬਾਬੂ ਈ ਬਣਾਊਂ"
ਰਸੂਲੋਂ ਓਵਰਸੀਅਰ ਕਰਕੇ ਰਜਬ ਅਲੀ ਖਾਨ ਮਲਵਈਆਂ ਦੀ ਰੂ੍ਹ "ਬਾਬੂ" ਰਜਬ ਅਲੀ ਬਣਿਆ। ਇੱਕ ਮਿੱਥ ਬਣੀ ਵਈ ਸੀ ਕਿ ਢਾਲਾ ਹਵਾ 'ਚ ਉਛਾਲੋ ਤੇ ਜਦ ਤੱਕ ਢਾਲਾ ਮੁੜਕੇ ਭੁੰਜੇ ਡਿੱਗਦਾ ਐਨੇ 'ਚ ਰਜਬ ਅਲੀ ਕੁਸ ਨਾ ਕੁਸ ਲਿਖ ਦਿੰਦਾ।
ਬਠਿੰਡੇ ਹਾਜੀਰਤਨ ਮੇਲੇ ਤੇ ਜਮਾਂ ਮੌਕੇ ਤੇ ਛੰਦ ਜੋੜਕੇ ਰਜਬ ਅਲੀ ਨੇ ਸੁਣਾਇਆ ਤੇ ਸਰਬੋਤਮ ਕਵੀਸ਼ਰ ਦਾ ਅਵਾਰਡ ਲੈਤਾ। ਰਜਬ ਅਲੀ ਦਾ ਸਭ ਤੋਂ ਵੱਡਾ ਗੁਣ ਏਹ ਸੀ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਹਨ੍ਹਾਂ ਨੇ ਤਿੰਨੇ ਕੌਮਾਂ ਦਾ ਬਰਾ-ਬਰੋਬਰ ਸਤਕਾਰ ਕਰਿਆ ਨਾਲੇ ਤਕਰੀਬਨ ਦੋ ਹਜ਼ਾਰ ਸਿੱਖ ਕਵਤਾਵਾਂ ਲਿਖੀਆਂ ਸੀ। ਲਿਖਣ ਨੂੰ ਤਾਂ ਮੇਰੇ ਅਰਗੇ ਨੌਤੀ ਸੌ ਲਿਖੀ ਜਾਂਦੇ ਨੇ ਪਰ ਬੈਂਤ, ਛੰਦ, ਦੋਹਰਾ, ਕਬਿੱਤ ਤੇ ਹੋਰ ਨਮੀਆਂ ਤਕਨੀਕਾਂ ਬਾਬੂ ਰਜਬ ਅਲੀ ਖਾਨ ਦੀ ਹੀ ਦੇਣ ਸੀ।
ਰਜਬ ਅਲੀ ਦੀ ਪਰਸਿੱਧੀ ਦੀ ਬਾਹਲ਼ੀ ਵਜ੍ਹਾ ਇਹੋ ਸੀ ਕਿ ਉਹ ਸੱਥ 'ਚ ਬੈਠੇ ਬਾਬਿਆਂ ਦੇ ਸਮਝ ਆਉਣ ਆਲ਼ੀ ਗੱਲ ਜਮਾਂ ਠੇਠ ਪੰਜਾਬੀ 'ਚ ਲਿਖਦੇ ਰਹੇ। ਰਜਬ ਅਲੀ ਖਾਨ ਹੋਣਾਂ ਦੀ "ਬਾਬੂ" ਦੇ ਅਹੁਦੇ ਤੋਂ ਪ੍ਰਮੋਸ਼ਨ ਹੋਣੀ ਸੀ। ਪਰ ਉਹਨ੍ਹੀਂ ਦਿਨੀਂ ਕਿਸੇ ਨੇ ਅੰਗਰੇਜ਼ਾਂ ਕੋਲ ਸ਼ਕੈਤ ਕਰਤੀ ਬੀ ਰਜਬ ਅਲੀ ਇਨਕਲਾਬੀ ਮਟੀਰੀਅਲ ਲਿਖਦਾ। ਤੇ ਜਦੋਂ ਅੰਗਰੇਜ਼ ਮਹਿਕਮੇ ਨੇ ਰਜਬ ਅਲੀ ਦੀ ਨਹਿਰੀ ਕੋਠੀ ਛਾਪਾ ਮਾਰਿਆ ਤਾਂ ਰੋਜ਼ਨਾਮਚੇ ਵਿੱਚ ਈ ਇਨਕਲਾਬੀ ਕਵਿਤਾਵਾਂ ਪਈਆਂ ਸੀ, ਜਿਸ ਕਰਕੇ ਰਜਬ ਅਲੀ ਪ੍ਰਮੋਟ ਨਾ ਹੋ ਸਕਿਆ।
ਤੇ ਸਭ ਤੋਂ ਖਾਸ ਗੱਲ ਅੱਜ ਕੱਲ੍ਹ ਟੀ. ਵੀ ਚੈਨਲਾਂ ਤੇ ਚੱਲਦਾ "ਨਾਬਰ" ਫਿਲਮ ਦਾ ਗੀਤ "ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਿਰੰਗੀ ਤੇ",
ਏਹ ਗੀਤ ਬਾਬੂ ਰਜਬ ਅਲੀ ਖਾਨ ਹੋਣਾਂ ਦਾ ਈ ਲਿਖਿਆ ਵਾ। ਓਦੋਂ ਮੇਲਿਆਂ ਤੇ ਵੱਜਦੇ ਸੀ ਹੁਣ ਟੀ.ਵੀਆਂ ਤੇ ਵੀ ਰਜਬ ਅਲੀ ਵੱਜਦਾ...ਬੱਸ ਗੱਭਰੂ ਈ ਹੁੰਦੇ ਜਾਣਗੇ ਬਾਬੇ, ਕਦੇ ਨਹੀਂ ਮਰਦੇ.....ਘੁੱਦਾ

ਕੇਰਾਂ ਪੜ੍ਹੀਂ ਪੰਜਾਬੀ ਨੂੰ

ਗੁਰ ਅੰਗਦ ਦੀ ਪੈਂਤੀ ਪੜ੍ਹੀਂ ਗੁਰਦਾਸ ਦੀਆਂ ਵਾਰਾਂ
ਆ ਪੰਜਾਬੀਏ ਕੋਲੇ ਬੈਹਜਾ ਤੇਰੀ ਜੁਲਫ ਸਵਾਰਾਂ
ਗੁਰ ਅਰਜਨ ਕੱਠਾ ਕੀਤਾ ਖਿੱਲਰੀ ਮਾਂ-ਬੋਲੀ ਨੂੰ
ਗ੍ਰੰਥਾਂ ਦੇ ਵਿੱਚ ਮਾਣ ਬਖਸ਼ਿਆ ਸੀ ਗੋਲੀ ਨੂੰ
ਨਾਨਕ ਬਾਬਾ ਪੜ੍ਹੀਂ ਨਾਲੇ ਗੋਬਿੰਦ ਇੰਕਲਾਬੀ ਨੂੰ
ਮੋਹ ਪੈਜੂਗਾ ਨਿੱਕਿਆ ਕੇਰਾਂ ਪੜ੍ਹੀਂ ਪੰਜਾਬੀ ਨੂੰ

ਬਾਬਾ ਬੁੱਲ੍ਹਾ, ਵਾਰਿਸ ਸ਼ਾਹ ਪੜ੍ਹੀਂ ਹੁਸੈਨ ਨੂੰ
ਪੀਲੂ, ਹਾਸ਼ਮ ਵੀ ਨਾ ਛੱਡਦੇ ਕੁਝ ਕਹਿਣ ਨੂੰ
ਸ਼ਾਹ ਮੁਹੰਮਦ ਕਿੱਸੇ ਲਿਖੇ ਫਿਰੰਗੀਆਂ ਦੇ
ਗੰਢਾ ਨਾਲੇ ਕਾਨ੍ਹ ਸਿਹੁੰ ਗਵਾਹ ਨੇ ਜੰਗੀਆਂ ਦੇ
ਪੜ੍ਹੀਂ ਕਿਤੇ ਬੀਰਬਲ ਦੀ ਹਾਜ਼ਰ ਜਵਾਬੀ ਨੂੰ
ਮੋਹ ਪੈਜੂਗਾ ਨਿੱਕਿਆ ਕੇਰਾਂ ਪੜ੍ਹੀਂ ਪੰਜਾਬੀ ਨੂੰ

ਪਾਸ਼, ਸ਼ਿਵ ਨਾਲੇ ਮਾਪੀਂ ਪਾਤਰ ਦੀ ਡੂੰਘਾਈ ਨੂੰ
ਗਜ਼ਲਾਂ ਵਿੱਚਦੀ ਲਿਖ ਗਿਆ ਜੱਜ ਲੋਕਾਈ ਨੂੰ
ਮਾਨ ਮਰਾੜਾਂ, ਪ੍ਰਗਟ ਲਿੱਧੜਾਂ ਸੁਣੀਂ ਹਠੂਰ ਨੂੰ
ਅੰਮ੍ਰਿਤਾ ਪ੍ਰੀਤਮ ਬੰਨੇ ਲਾਇਆ ਬੇੜੀਂ ਦੇ ਪੂਰ ਨੂੰ
ਦੁਨੀਆਂ ਕਰੇ ਸਲਾਮਾਂ ਬਾਬੂ ਦੀ ਟੌਰ੍ਹ ਨਵਾਬੀ ਨੂੰ
ਮੋਹ ਪੈਜੂਗਾ ਨਿੱਕਿਆ ਕੇਰਾਂ ਪੜ੍ਹੀਂ ਪੰਜਾਬੀ ਨੂੰ

ਕੰਵਲ ਨਾਲੇ ਗੁਰਦਿਆਲ ਵੀ ਪੜ੍ਹਾਈਂ ਜਵਾਕਾਂ ਨੂੰ
ਵੀਨਾ ਵਰਮਾ ਜਾਂ ਬਲਦੇਵ ਜਹੇ ਬੇਬਾਕਾਂ ਨੂੰ
ਦੁੱਲਾ, ਸੁੱਚਾ, ਜਿਓਣਾ ,ਜੱਗੇ ਜਹੇ ਪਾਤਰਾਂ ਨੂੰ
ਕਨੌੜਾ, ਹੋੜਾ, ਟਿੱਪੀ ਕੰਨਾਂ ਲਗਾਂ ਮਾਤਰਾਂ ਨੂੰ
ਢੱਡ, ਸਰੰਗੀ, ਅਲਗੋਜ਼ੇ ਜਾਂ ਸੁਣੀ ਰਬਾਬੀ ਨੂੰ
ਮੋਹ ਪੈਜੂਗਾ ਨਿੱਕਿਆਂ ਕੇਰਾਂ ਪੜ੍ਹੀਂ ਪੰਜਾਬੀ ਨੂੰ.......ਘੁੱਦਾ

ਪਰਤਿਆਈਆਂ ਗੱਲਾਂ........ਸੀਜ਼ਨ 4

ਪਰਤਿਆਈਆਂ ਗੱਲਾਂ........ਸੀਜ਼ਨ 4 ( ਸਹਿ ਨਿਰਮਾਤਾ - ਘੜੀ ਡਿਟਰਜੈਂਟ )
1. ਆਪਣੇ ਮੁਲਖ ਨੇ ਜਦੋਂ ਮੁੰਡਾ ਵਿਆਹੁਣਾ ਹੁੰਦਾ ਮਲਬ ਜਦੋਂ ਦਾਜ ਲੈਣਾ ਹੁੰਦਾ ਓਦੋਂ ਆਖਣਗੇ ," ਲੈ ਦੱਸ ਦਾਜ ਤਾਂ ਲੈਣਾ ਈ ਆ, ਏਹ ਤਾਂ ਪਹਿਲੇ ਦਿਨੋਂ ਈ ਬਣਿਆ ਆਇਆ "। ਤੇ ਜਦੋਂ ਕੁੜੀ ਵਿਆਹੁਣ ਵੇਲੇ ਦਾਜ ਦੇਣਾ ਪੈਂਦਾ ਓਦੋਂ ਏਹੀ ਮੁਲਖ ਕੈਂਹਦਾ, "ਪਰਧਾਨ ਕੁੱਤੇ ਰਬਾਜ ਆ ਏਹਤਾ ਦੁਨੀਆਂ ਦੇ"
2. ਤੜਕੇ ਆਥਣੇ ਹਰਿੱਕ ਘਰੇ ਟੀਬੀ ਦੀ ਸੁੱਚ ਛੱਡਕੇ ਹਰਮੰਦਰ ਸਾਬ੍ਹ ਦੀ ਗੁਰਬਾਣੀ ਜ਼ਰੂਰ ਚਲਾਉਣਗੇ, ਪਰ ਸੁਣਦਾ ਕੋਈ ਨੀਂ।
3. ਜੇਹੜੇ ਬਾਬੇ ਤੇ ਕੇਰਾਂ ਬਲਾਤਕਾਰ ਦਾ ਪਰਚਾ ਹੋਜੇ, ਮੁੜਕੇ ਉਹ ਬਾਬਾ ਬਹੁਤ ਤਰੱਕੀ ਕਰਦਾ। ਵਰ ਈ ਆ ਏਹਬੀ ਇੱਕ ਤਰ੍ਹਾਂ ।
4. PTC ਚੈਨਲ ਤੇ ਤੜਕੇ ਅੱਠ ਵਜੇ ਤੋਂ ਸਾਢੇ ਅੱਠ ਵਜੇ ਤੱਕ ਇੱਕ ਬੰਦੇ ਦਾ ਨਾਂ ਈ ਬੋਲਿਆ ਜਾਂਦਾ ,"ਬਬਲੀ ਸਿੰਘ ਪੇਸ਼ ਕਰਦੇ ਨੇ" ।
5. ਪੰਜਾਬੀ ਬੰਦਾ ਜਦੋਂ ਹਲਵਾਈ ਦੀ ਦੁਕਾਨ ਤੇ ਜਾਂਦਾ, ਲੈਣੇ ਭਮਾਂ ਅੱਧਾ ਕਿੱਲੋ ਰਸਗੁੱਲੇ ਈ ਹੁੰਦਾ ਆ ਪਰ ਪਾਈਪਾ ਪੱਕੇ ਮਟਰ ਚੱਕਕੇ ਊਂਈ ਖਾ ਜਾਂਦਾ ਮੁਖਤ।
6. .ਫਿਲਮਾਂ ਆਲੇ ਸਹਿ ਕਲਾਕਾਰ ਭੱਲੇ, ਘੁੱਗੀ ਅਰਗੇ ਜਾਂ ਹੋਰ ਐਗਟਰਨੀਆਂ ਜਦੋਂ ਵੇਹਲੀਆਂ ਹੁੰਦੀਆਂ ਇੱਕ ਚੀਜ਼ ਦੀ ਈ ਮਸ਼ੂਹਰੀ ਕਰਦੇ ਨੇ ਏਹੇ,"ਤਾਰਾ ਫੀਡ ਜਾਂ ਟਿਵਾਣਾ ਫੀਡ"
7.. ਜੈਹੇ ਜੇ ਚੁਟਕਲੇ ਸੁਣ ਸੁਣ ਨਬਜੋਤ ਸਿੱਧੂ ਬਾਹਲਾ ਖੁੱਲ੍ਹ ਕੇ ਹੱਸਦਾ ਐਹੇ ਜੇ ਚੁਟਕਲੇ ਸੁਣਕੇ ਸਾਡੇ ਬੰਨੀਂ ਐਂ ਕੈਂਹਦੇ ਆ ," ਪਰਧਾਨ ਕਿਓਂ ਭੋਰੀ ਜਾਣਾਂ ਜਰ"
8. ਪਿੰਡਾਂ ਆਲੇ ਜ਼ਿੰਦਗੀ 'ਚ ਚੰਡੀਗੜ੍ਹ ਦੋ ਆਰੀ ਜਾਂਦੇ ਨੇ, ਇੱਕ ਆਰੀ ਤਾਂ ਮਟਕੇ ਚੌਂਕ 'ਚ ਧਰਨਾ ਲਾਉਣ ਤੇ ਦੂਜੀ ਆਰੀ ਪਾਸਪੋਰਟ ਬਣਾਉਣ.....ਘੁੱਦਾ

ਚਲੰਤ ਮੁੱਦੇ ਸਤੰਬਰ ਵੀਹ ਸੌ ਤੇਰਾਂ

P.M ਬਣਾਉਣਾ ਨਰਿੰਦਰ ਮੋਦੀ
ਰਾਜਪਾਲ ਨੇ ਚੱਕਿਆ ਗੋਦੀ
'ਕੱਲਾ ਅਡਵਾਨੀ ਇੱਕ ਵਿਰੋਧੀ
ਨਾ ਹੈ ਸ਼ਰਮ ਬਾਦਲਾਂ ਨੂੰ
"ਸਰਦਾਰ ਜੀ" ਆਖ ਬੁਲਾਉਣ ਕਾਤਲਾਂ ਨੂੰ

ਉਤਰਾਖੰਡ ਵਿੱਚ ਕੋਕੋ ਬੋਲੇ
ਸਾਰੇ ਰਾਹ ਦੁਬਾਰੇ ਖੋਲ੍ਹੇ
ਖੜਕੇ ਟੱਲ ਜੈਕਾਰੇ ਬੋਲੇ
ਨਿੱਤ ਢਲਦੀਆਂ ਸ਼ਾਮਾਂ ਨੂੰ
ਹੋਊ ਕਰੋੜਾਂ ਦੀ ਕਮਾਈ ਫੇਰ ਗੁਰਧਾਮਾਂ ਨੂੰ

ਛੋਟੇ ਕਿਸਾਨਾਂ ਤੋਂ ਹਥਿਆਕੇ
ਤੇ ਫਾਰਮ ਵੱਡੇ ਬਣਾਕੇ
ਕਾਰਪੋਰੇਟ ਘਰਾਣੇ ਰਜਾਕੇ
ਫਿਰ ਲਾਹੁਣਾ ਛਿੱਲਾਂ ਨੂੰ
ਤਾਂਹੀ ਪਾਸ ਕੀਤਾ ਭੌਂ ਪ੍ਰਾਪਤੀ ਬਿੱਲਾਂ ਨੂੰ

ਮੁਜ਼ੱਫਰਾਨਗਰ ਦੀਆਂ ਬਾਤਾਂ
ਲੱਗੇ ਕਰਫੂ ਔਖੀਆਂ ਰਾਤਾਂ
ਨਾ ਮੁੱਕਣ ਜਾਤਾਂ ਪਾਤਾਂ
ਸਿਆਸਤ ਸੇਕੇ ਰੋਟੀਆਂ ਨੂੰ
ਰੰਡੀਆਂ, ਵਿਧਵਾ ਬਣਾਗੇ ਵਹੁਟੀਆਂ ਨੂੰ

ਗੱਲ ਸੁਣੀਂ ਪੰਥਕ ਸਰਕਾਰੇ
ਹੈਲੀਕਬਾਟਰਾਂ ਵਿੱਚ ਨਜ਼ਾਰੇ
ਬੜੇ ਹਵਾਈ ਕਿਲ੍ਹੇ ਉਸਾਰੇ
ਬਣਾਉਣਾ ਸੀ ਕੈਲੇਫੋਰਨੀਆਂ
ਕਰਜ਼ੇ ਸਿਰਾਂ ਤੇ ਚੜ੍ਹਗੇ ਕਿੱਥੋਂ ਧੀਆਂ ਤੋਰਨੀਆਂ

ਖਬਰ ਦਿੱਲੀ ਬੰਨੀਂਓ ਆਈ
ਸੀ ਮੁਲਖ 'ਚ ਮੱਚੀ ਦੁਹਾਈ
ਤਾਂਹੀ ਕਰੜੀ ਸਜ਼ਾ ਸੁਣਾਈ
ਏਕਾ ਐਸਾ ਜੁੜਨਾ ਨਹੀਂ
ਚਾਰੇ ਫਾਹੇ ਲਾਕੇ ਵੀ ਕੁੜੀ ਨੇ ਮੁੜਨਾਂ ਨਹੀਂ.....ਘੁੱਦਾ

ਵਿਅੰਗ

ਦੱਸ ਕਿੰਨੇ ਗਨੇਸ਼ ਗੰਗਾ ਵਿੱਚ ਰੋੜ੍ਹਤੇ
ਕਿੰਨੇ ਨਾਰੀਅਲ ਪੱਥਰਾਂ ਨਾਲ ਤੋੜਤੇ
ਦੁੱਧ ਲਾਉਂਦੇ ਨੇ ਪੱਥਰਾਂ ਦੇ ਬੁੱਲ੍ਹਾਂ ਨੂੰ
ਮੰਦਰ, ਮਸਜਿਦ ਸਜੌਣ ਤੋੜਕੇ ਫੁੱਲਾਂ ਨੂੰ
ਕੋਈ ਨਾ ਸੁਣੇ ਅਖੰਡ ਪਾਠ ਕਰਾਉਂਦੇ ਨੇ
ਭੋਗ ਮਗਰੋਂ ਪੜਦੇ ਨਾ ਪੈੱਗ ਚਲਾਉਂਦੇ ਨੇ
ਮੁਲਖ ਫਿਰਦਾ ਨੰਗਾ ਪਹਿਣ ਕਾਤਰਾਂ ਜੀ
ਦੂਜੇ ਪਾਸੇ ਮਜ਼ਾਰਾਂ ਉੱਤੇ ਚੜ੍ਹਨ ਚਾਦਰਾਂ ਜੀ
"ਘੁੱਦੇ" ਧਰਮ ਹਵਾ ਨੇ ਦਿੰਦੇ ਇੱਥੇ ਸਿਆਸੀ ਵਿੰਗਾਂ ਨੂੰ
ਕੀ ਰੁਕਣੇ ਬਲਾਤਕਾਰ ਜਿੱਥੇ ਪੂਜਿਆ ਜਾਂਦਾਂ ਲਿੰਗਾਂ ਨੂੰ

ਸਿਆਪੇ ਹੁੰਦੇ ਛੜਿਆਂ ਨੂੰ

ਉੱਤੇ ਵੇਲਦੇ ਰੋਟੀਆਂ ਮੂਧਾ ਮਾਰ ਥਾਲ ਨੂੰ
ਬਰੀਕ ਚੀਰ ਗੰਢੇ ਤੜਕਾ ਲਾਇਆ ਦਾਲ ਨੂੰ
ਇੱਕ ਭੰਨੇ ਪਾਥੀ ਦੂਜਾ ਡਾਹਵੇ ਲੱਕੜਾਂ
ਉੱਧੜੇ ਪਜਾਮੇ ਗੀਝੇ ਵਿੱਚ ਰੱਕੜਾਂ
ਭਾਬੀ ਟਿੱਚਰ ਕਰਜੇ ਸੱਥ 'ਚ ਖੜ੍ਹਿਆਂ ਨੂੰ
ਆਹੀ ਦੋ ਚਾਰ ਸਿਆਪੇ ਹੁੰਦੇ ਛੜਿਆਂ ਨੂੰ

ਮਸਲ ਤਲੀ ਤੇ ਛੋਲੇ ਫੇਰ ਫੂਕ ਮਾਰਦੇ
ਮਾਰ ਫਾਟਾ ਗਲਾਸਾਂ ਵਿੱਚ ਚਾਹ ਠਾਰਦੇ
ਆਪੇ ਲੀੜੇ ਧੋਣੇ ਆਪੇ ਹੂੰਝਣਾ ਵੇਹੜੇ ਨੂੰ
ਮੇਦ ਪੂਰੀ ਸ਼ੈਦ ਰੌਣਕ ਹੋਜੇ ਅਗਲੇ ਗੇੜੇ ਨੂੰ
ਕੇਹੜਾ ਦੇਹੜੇ ਖਿੱਦੋਂ ਅੰਗੂ ਮੜ੍ਹਿਆਂ ਨੂੰ
ਆਹੀ ਦੋ ਚਾਰ ਸਿਆਪੇ ਹੁੰਦੇ ਛੜਿਆਂ ਨੂੰ

ਫੜ੍ਹ ਸੀਸਾ ਮੋਚਨੇ ਨਾਲ ਧੌਲੇ ਪੱਟਦੇ
ਸੁਖਨੇ ਦੇ ਵਿੱਚ ਨਿੱਤ ਬਹਿਣ ਖੱਟ ਤੇ
ਪਾਟਜੇ ਜੇ ਲੀੜਾ ਆਪੇ ਤਰਪਾਈ ਕਰਨੀ
ਹੋਰ ਕੇਹੜਾ ਜਵਾਕਾਂ ਦੀ ਫੀਸ ਭਰਨੀ
ਕੋਈ ਚਾਹ ਪਾਣੀ ਨਾ ਪੁੱਛੇ ਘਰੇ ਵੜਿਆ ਨੂੰ
ਆਹੀ ਦੋ ਚਾਰ ਸਿਆਪੇ ਹੁੰਦੇ ਛੜਿਆਂ ਨੂੰ.......ਘੁੱਦਾ

Saturday, 7 September 2013

ਕੁਝ ਧਿਆਨ ਦੇਣ ਯੋਗ ਗੱਲਾਂ.....

ਕੁਝ ਧਿਆਨ ਦੇਣ ਯੋਗ ਗੱਲਾਂ.....
1.ਦੱਸਦੇ ਨੇ ਜਿੱਦੇਂ ਜਾਰਜ ਬੁਸ਼ ਨੇ ਰਾਸ਼ਟਰਪਤੀ ਦਾ ਅਹੁਦਾ ਛੱਡਿਆ ਸੀ ਤਾਂ ਆਮ ਜੰਤਾ ਨਾਲ ਟ੍ਰੇਨ 'ਚ ਬਹਿਕੇ ਆਵਦੇ ਘਰ ਗਿਆ ਸੀ। ਦੂਜੇ ਪਾਸੇ ਆਪਣੇ ਮੁਲਖ ਦੇ ਲੀਡਰਾਂ ਦੇ ਕਾਫਲੇ 'ਚ ਇੱਕ ਬੰਦੇ ਖਾਤਰ ਵੀਹ ਵੀਹ ਗੱਡੀਆਂ ਪਟਰੌਲ ਫੂਕਦੀਆਂ ਫਿਰਦੀਆਂ। ਜੈੱਡ ਸਕਿਓਰਟੀ ਰੱਖਦੇ ਨੇ ਸੁਰੱਖਿਆ ਲਈ। ਏਥੋਂ ਸਿੱਧ ਹੁੰਦਾ ਬੀ ਏਹ ਕੰਮ ਈ ਐਹੇ ਜੇ ਕਰਦੇ ਨੇ ਬੀ ਏਹਨਾਂ ਨੂੰ ਪਤਾ ਈ ਹੁੰਦਾ ਕਿਸੇ ਟੈਮ ਵੀ ਹਮਲਾ ਹੋ ਸਕਦਾ।
2. ਮਾਲਵੇ 'ਦੇ ਕੈਂਸਰ ਮਾਰੇ ਲੋਕ ਬੀਕਾਨੇਰ ਬੰਨੀਂ ਇਲਾਜ ਕਰੌਣ ਜਾਂਦੇ। ਸੇਕੇ ਲਵਾ ਲਵਾ ਵਾਲ ਝੜ ਜਾਂਦੇ ਨੇ। ਨਿੱਤ ਨਾਲਾ ਜਾ ਖਿੱਚਕੇ ਨਮੇਂ ਹਸਪਤਾਲ ਦਾ ਨਿਓਂ ਪੱਥਰ ਏਹੀ ਲੀਡਰ ਧਰਦੇ ਨੇ ਪਰ ਹਰਿੱਕ ਆਰੀ ਆਵਦੇ ਇਲਾਜ ਖਾਤਰ ਅਮਰੀਕਾ ਈ ਜਾਂਦੇ ਨੇ। ਬੰਦਾ ਪੁੱਛੇ ਪਰਧਾਨ ਫੇਰ ਆਹ ਏਮਜ਼ PGI , DMC ਅਰਗੇ ਹਸਪਤਾਲ ਤੂੜੀ ਪਾਉਣ ਖਾਤਰ ਬਣਾਏ ਨੇ?
3. ਜਦੋਂ ਕਦੇ ਪਾਰਟੀਆਂ 'ਚ ਉੱਦੇ ਅਹੁਦੇ ਦੇਣੇ ਹੁੰਦੇ ਆ ਲੀਡਰ ਹਮੇਸ਼ਾ ਆਵਦੇ ਸਕੇ ਸੋਧਰਿਆਂ ਨੂੰ ਈ ਚੁਣਦੇ ਆ। ਭੈਣ ਮਰਾਵੇ ਬਾਕੀ ਤਾਂ ਸਵਾਲ ਤਾਂ ਏਹ ਉੱਠਦਾ ਬੀ ਸਾਰੀਆਂ ਪੀ. ਐੱਚ .ਡੀਆਂ ਕੱਲੇ ਸੁਖਬੀਰ ਨੇ ਈ ਕਰਲੀਆਂ ? ਬਾਕੀ ਮੁਲਖ ਊਤ ਈ ਤੁਰਿਆ ਫਿਰਦਾ ਪੰਜਾਬ 'ਚ। ਕਾਲੀ ਦਲ ਨੇ ਦੁਬਾਰੇ ਸ਼ਪੱਸ਼ਟ ਕਰਤਾ ਬੀ ਸੁਖਬੀਰ ਤੋਂ ਉੱਤੇ ਸਿਆਣਾ ਹੈਨੀ ਪੰਜਾਬ 'ਚ।
4. ਮਾਂ -ਬੋਲੀ ਦਾ ਹੋਕਾ ਦੇਣ ਆਲੇ ਲੀਡਰਾਂ ਦੇ ਜਵਾਕ CBSE ਬੋਰਡਾਂ 'ਚ ਈ ਪੜ੍ਹਦੇ ਨੇ। ਏਹਨਾਂ ਦੇ ਜਬਾਕਾਂ ਨੂੰ ਐਂ ਵੀ ਨੀਂ ਪਤਾ ਹੋਣਾ ਬੀ ਕਿੰਨੇ ਅੱਖਰਾਂ ਦੇ ਪੈਰਾਂ 'ਚ ਬਿੰਦੀ ਪੈਂਦੀ ਆ। ਲੋਕਾਂ ਨੂੰ ਸਰਕਾਰੀ ਸਕੂਲ਼ਾਂ 'ਚ ਜਵਾਕ ਪੜ੍ਹਾਉਣ ਦੇ ਨਸੀਹਤ ਦੇਣ ਆਲੇਆਂ ਨੂੰ ਪੁੱਛੋ ਬੀ ਥੋਡੇ ਆਵਦੇ ਜਵਾਕ ਦੇਹਰਾਦੂਨ ਜਾਂ ਸਨਾਵਰ ਸਕੂਲਾਂ 'ਚ ਕਿਓ ਪੜ੍ਹਦੇ ਆ ਬੀ? ਮਲਬ ਸ਼ਪੱਸ਼ਟ ਆ ਲੀਡਰਾਂ ਨੂੰ ਆਵਦੇ ਖੋਲ੍ਹੇ ਅਦਾਰੇਆਂ ਤੇ ਈ ਯਕੀਨ ਹੈਨੀ ਭੋਰਾ ਵੀ।
ਖੌਣੀ ਕਦੋਂ ਸੁਧਰਣਗੇ ਸਾਡੇ ਲੋਕ। ਡੋਲੂ ਚੱਕੀ ਫਿਰਦਾ ਮੁਲਖ ਕੱਟਿਆਂ ਆਲੇ ਲੱਸੀ ਭਾਲਦੇ ਆ......ਘੁੱਦਾ