Saturday, 7 September 2013

ਸ਼ਾਹ ਆਲਮ ਸਮੇਂ

ਸ਼ਾਹ ਆਲਮ ਸਮੇਂ ਜੱਸਾ ਸਿੰਘ ਆਹਲੂਵਾਲੀਆ ਤੇ ਬਘੇਲ ਸਿੰਘ ਸਮੇਤ ਸਿੰਘ ਸਰਦਾਰਾਂ ਦਿੱਲੀ ਨੂੰ ਜਾ ਫਤਹਿ ਕੀਤਾ। ਅਮੀਰ ਵਜ਼ੀਰ ਸ਼ਾਹ ਆਲਮ ਦੇ ਦਰਬਾਰ ਜਾਕੇ ਰੋਏ ਕੈਂਹਦੇ,"ਪਰਧਾਨ ਸਾਰਾ ਕੁਸ ਲੁੱਟ ਲਿਆ ਸਿੱਖਾਂ ਨੇ" ਪਰ ਮੁਗਲ ਰਾਜੇ ਦੇ ਦਰਬਾਰ 'ਚ ਸਿੱਖਾਂ ਦੀ ਬੜੀ ਤਰੀਫ ਹੋਈ ਬੀ ਅਮੀਰਾਂ ਵਜ਼ੀਰਾਂ ਨੂੰ ਲੁੱਟਣ ਬਿਨ੍ਹਾਂ ਕਿਸੇ ਪੰਜਾਬੀ ਨੇ ਕਿਸੇ ਧੀ ਧਿਆਣੀ ਦੀ ਇੱਜ਼ਤ ਨੂੰ ਹੱਥ ਨੀਂ ਪਾਇਆ। ਜੰਗਾਂ ਯੁੱਧ ਕਦੇ ਕਿਸੇ ਦੇ ਸਕੇ ਸੋਧਰੇ ਨੀਂ ਹੁੰਦੇ।
ਲੁੱਟਦੇ ਲੁਟਾਉਂਦੇ ਬਘੇਲ ਸਿਹੁੰ ਦਾ ਪੁੱਤਰ ਸੁੱਖਾ ਸਿੰਘ ਕਿਸੇ ਕੁੜੀ ਕੋਲ ਪੁੱਜਾ ਤੇ ਜਾਕੇ ਕੈਂਹਦਾ ,"ਭੈਣੇ ਆਵਦੇ ਗਲ ਦਾ ਹਾਰ ਲਾਹਕੇ ਦੇਦੇ, ਮੈਂ ਤੈਨੂੰ ਛੂ੍ਹਣਾ ਨਹੀਂ"। ਕੁੜੀ ਕੈਂਹਦੀ,"ਬੱਲੇ ਸਰਦਾਰਾ ਨਾਲੇ ਭੈਣ ਕਹਿਣਾ ਨਾਲੇ ਲੁੱਟ ਖੋਹ ਕਰਦਾਂ?" । ਸੁੱਖਾ ਸਿਹੁੰ ਹਾਰ ਰੱਖਕੇ ਉਹਨੀਂ ਪੈਰੀਂ ਮੁੜ ਪਿਆ।
ਕੱਲ੍ਹ ਪਰਸੋਂ ਬੀਡਿਓ ਵੇਖੀ ਇੱਕ। ਇੱਕ ਡੱਕੇਆ ਬਾ ਨਿੱਕਾ ਕਿਸੇ ਕੁੜੀ ਨਾ ਧੱਕਾ ਕਰ ਰਿਹਾ ਸੀ ਅੱਗੋਂ ਕੁੜੀ ਕਹਿੰਦੀ,
"ਛੱਡਦੇ , ਤੈਨੂੰ ਤੇਰੀ ਭੈਣ ਦਾ ਵਾਸਤਾ।"
ਖਤਮ ਆ ਕੰਮ ਹੁਣ। ਲੱਖ ਲਾਹਣਤਾਂ। ਏਹਤੋਂ ਉੱਤੇ ਕੁਛ ਨੀਂ ਬਾਕੀ ਬਚਦਾ ਕੈਹਣ ਨੂੰ।....ਘੁੱਦਾ

ਚਾਰ ਦਾ ਬੈਂਤ

ਐਰੇ ਗੈਰੇ ਤੇ ਯਕੀਨ ਨਾ ਕਰਨ ਛੇਤੀ
ਵਪਾਰੀ, ਵੇਸਵਾ, ਰਾਹੀ ,ਬਾਦਸ਼ਾਹ ਚਾਰੇ

ਧਰਮ, ਫਸਾਦ, ਜਨੂੰਨ ਤੇ ਈਰਖਾ ਵੀ
ਪੂਰੇ ਮੁਲਖ ਨੂੰ ਦੇਣ ਹਿਲਾ ਚਾਰੇ

ਪੂਰੀ ਉਮਰ ਗਰੀਬੀ ਵਿੱਚ ਕੱਢ ਲੈਂਦੇ
ਮਾਲੀ, ਧੋਬੀ, ਮੋਚੀ ਤੇ ਮੱਲਾਹ ਚਾਰੇ

ਚੌਧਰ, ਚੁਗਲੀ, ਸ਼ੱਕ ਤੇ ਵਿਤਕਰਾ ਜੀ
ਕਰ ਦੇਣ ਏਹ ਘਰਾਂ ਨੂੰ ਤਬਾਹ ਚਾਰੇ

ਫੱਕਰ, ਸੰਤ ਸਾਧੂ ਸਦਾ ਕੋਲ ਰੱਖਦੇ
ਚਿੱਪੀ, ਲੰਗੋਟ, ਮਾਲਾ ਤੇ ਸਵਾਹ ਚਾਰੇ

ਇੱਕ ਵਾਰ ਗਵਾਚੇ ਨਾ ਮਿਲਣ ਕਿਧਰੇ
ਇੱਜ਼ਤ, ਮਾਪੇ, ਸਮਾਂ ਤੇ ਭਰਾ ਚਾਰੇ

ਕਲਾਕਾਰ, ਆਸ਼ਕ, ਮਰਾਸੀ , ਸੂਰਮੇ ਜੀ
ਦੁਨੀਆਂ ਦੀ ਨਾ ਕਰਦੇ ਪਰਵਾਹ ਚਾਰੇ.......ਘੁੱਦਾ

ਹੁਣ ਬੜਾ ਟੈਮ ਹੋ ਗਿਆ

ਦੇਹਦੇਂ ਜਨੌਰਾਂ ਦੀ 'ਡਾਰਾਂ ਜਦ ਫੁੱਟਦੀ ਸਵੇਰ
ਧੋ ਕੂਚੀ ਨਾਲ ਚਾਟੀ ਮਧਾਣੀ ਦਿੱਤੀ ਫੇਰ
ਸੀ ਟਿਕੀਆਂ ਦਪੈਹਰਾਂ ਖਾਣੇ ਮਲ੍ਹੇਆਂ ਤੋਂ ਬੇਰ
ਸੂਲ ਅੱਡੀ ਵਿੱਚ ਬਹਿਗੀ ਮੂੰਹੋਂ ਨਿਕਲਗੀ ਲੇਰ
ਉੱਤੇ ਬੰਨ੍ਹ ਲੂਣ ਗੰਢਾ ਪੈਰ ਕੈਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ

ਸਕਿਆ ਭਰਾਵਾਂ ਲੀੜੇ ਇੱਕੋ ਜਿੱਕੇ ਪਾਉਣੇ
ਚੀਂ ਚੀਂ ਕਰਦੇ ਸੀ ਬਾਰ ਤੇਲ ਚੂਲਾਂ ਉੱਤੇ ਚੌਣੇ
ਖੇਡ ਪਿੱਲ ਚੋਟ ਵਿੱਚ ਨਿਸ਼ਾਨੇ ਸਿੱਖੇ ਲਾਉਣੇ
ਸੱਥ ਵਿੱਚ ਸਿੱਖੇ ਪੱਤੇ ਰੱਖਕੇ ਚਕਾਉਣੇ
ਭਾਂਦੋ ਮਹੀਨੇ ਆਥਣੇ ਜੇ ਦਹਿਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ

ਗਲੀਸ ਚੈਨ ਉੱਤੇ ਲਾਤਾ ਮਾਰ ਚੱਕੇਆਂ ਤੇ ਲੀਰ
ਮਹਿੰ ਸੱਜਰ ਸੀ ਸੂਈ ਤਾਹੀ ਚੁੱਲ੍ਹੇ ਰਿੱਧੇ ਖੀਰ
ਚੱਕ ਟਾਣ ਉੱਤੋਂ ਚਿੱਠਾ ਸੁਣਾ ਖਾਂ ਕਿਤੋਂ ਹੀਰ
ਸੀ ਦਿਨ ਗੁੱਗੇ ਆਲੇ ਲੋਕ ਪੂਜਦੇ ਕਰੀਰ
ਪਾੜ੍ਹੇਆਂ ਲਈ ਏਹਵੀ ਹੁਣ ਵਹਿਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ

ਬੰਨ੍ਹ ਹੀਂਅ ਉੱਤੇ ਘੋੜੀ ਰੁੱਗ ਮੈਦੇ ਦਾ ਕੋਈ ਲਾਵੇ
ਬੇਬੇ ਤੋੜ ਤੋੜ ਸੇਵੀਆਂ ਨੂੰ ਧੁੱਪੇ ਪਾਈ ਜਾਵੇ
ਦੇਵੇ ਚੂੜ੍ਹੀਆਂ ਦਾ ਹੋਕਾ ਵਣਜਾਰਾ ਲਗਾ ਆਵੇ
ਅੱਥਰੀ ਜਵਾਨੀ ਵੰਗਾਂ ਜਾਣ ਜਾਣ ਛਣਕਾਵੇ
ਤੱਕ ਬਾਪੂ ਵੱਲੇ ਦਿਲ ਸਹਿਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ

ਸੇਪੀ ਆਲੇ ਕੋਲੋਂ ਦੰਦੇ ਦਾਤੀ ਦੇ ਕਢਾਉਣੇ
ਚੁੰਘ ਇੱਕ ਮੁੱਠੀ ਦੇ ਦਾਣੇ ਚਾਚੀ ਤੋਂ ਭੁੰਨਾਉਣੇ
ਹਾੜ੍ਹੀ ਸਾਉਣੀ ਪਿੱਛੋਂ ਲੀੜੇ ਇੱਕ ਦੋ ਸਵਾਉਣੇ
ਰੱਬ ਬੰਨੀਂ ਦੌਣਾਂ ਸਪੀਕਰ ਮੰਜੇਆਂ ਤੇ ਲਾਉਣੇ
ਘੁੱਦੇ ਹੁਣ ਤਾਂ ਮਹੌਲ ਗਹਿਮੋ ਗਹਿਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ.......ਘੁੱਦਾ

Sunday, 1 September 2013

ਤਖਤ ਜਾਂ ਤਖਤਾ

ਜਦੋਂ ਜੂਨ ਮਹੀਨੇ ਸਕੂਲੋਂ ਛੁੱਟੀਆਂ ਹੁੰਦੀਆਂ ਮੈਂ ਭਗਤੇ ਭਾਈਕੇ ਦੇ ਲਾਗੇ ਸਾਡੇ ਪਿਛਲੇ ਪਿੰਡ ਦਿਆਲਪੁਰੇ ਤਾਏ ਅਰਗੇਆਂ ਕੋਲ ਚਲਾ ਜਾਂਦਾ।
ਝੋਨਾ ਲਾਉਣ ਦੀ ਰੁੱਤ 'ਚ ਧੁੱਪੇ ਫਿਰ ਫਿਰ ਕੇ ਰੰਗ ਫੌਜੀਆਂ ਦੇ ਟਰੰਕ ਅਰਗਾ ਹੋ ਜਾਂਦਾ। ਓਨ੍ਹਾਂ ਦਿਨਾਂ 'ਚ ਸਰਕਾਰ ਦਿਆਲਪੁਰੇ ਪਿੰਡ ਦੇ ਕਿਸੇ ਮੁੰਡੇ ਨੂੰ ਫਾਹੇ ਲਾਉਣ ਦੀਆਂ ਸਕੀਮਾਂ ਘੜਦੀ ਸੀ। ਸਾਡੇ ਸਾਰੇ ਘਰਾਂ ਦੇ ਤਾਏ ਤੇ ਦਾਦੇ ਅਰਗੇ ਸਰਕਾਰ ਖਿਲਾਫ ਧਰਨੇ ਲਾਉਣ ਜਾਇਆ ਕਰਨ। ਕੁਛ ਬੰਦੇ ਫੋਰਡ ਦੇ ਮੱਡਗਾਟਾਂ ਤੇ ਮੂਹਰ ਨੂੰ ਲੱਤਾਂ ਕਰ ਬਹਿ ਜਾਂਦੇ ਤੇ ਬਾਕੀ ਬੰਦੇ ਗਿਆਰਾਂ ਫੁੱਟੀ ਟਰੈਲੀ 'ਚ ਖੜ੍ਹੇ ਹੁੰਦੇ। ਲਿੱਬੜੇ ਜੇ ਜੱਟ ਦਿੱਲੀ ਤਖਤ ਨਾਲ ਮੱਥਾ ਲਾਉਣ ਜਾਇਆ ਕਰਨ ।

ਜਦ ਸੁਰਤ ਸੰਭਲੇ ਤਾਂ ਪਤਾ ਲੱਗਾ ਏਹ ਫਾਹੇ ਲਾਇਆ ਜਾਣ ਵਾਲਾ ਮੁੰਡਾ ਦਿਆਲਪੁਰੇ ਦਾ ਜੰਮਿਆ ਦਵਿੰਦਰਪਾਲ ਸਿੰਘ ਭੁੱਲਰ ਸੀ।
ਜੇਹੜੇ ਮੋਘੇ ਦਾ ਪਾਣੀ ਸਾਡੇ ਵਾਹਣਾਂ ਨੂੰ ਲੱਗਦਾ , ਭੁੱਲਰ ਦਾ ਉੱਜੜਿਆ ਜਾ ਘਰ ਓਸੇ ਮੋਘੇ ਦੇ ਕੋਲ ਸੀ।
ਕੰਧਾਂ ਦੀਆਂ ਦਰਜਾਂ 'ਚੋਂ ਕਿਰਦੀ ਰੇਗੀ ਤੇ ਬੂਹੇ ਵੱਜਾ ਜੰਗਾਲ ਲੱਗਾ ਜੰਦਰਾ ਕਾਲੇ ਦਿਨਾਂ ਦੇ ਸੱਜਰੇ ਗਵਾਹ ਜਾਪਦੇ ਸੀ। ਬਿਨ ਸਾਂਈਆਂ ਸਾਉਣ ਤਿਹਾਈਆਂ। ਖੈਰ ਜਦੋਂ ਸਾਂਈ ਨਾ ਰਹੇ ਭਲਾ ਘਰ ਕੀਹਨੇ ਸੰਭਾਲਣੇ ਨੇ। ਦਿੱਲੀ ਦੀਆਂ ਤਪਦੀਆਂ ਅੱਖਾਂ ਠੰਡੀਆਂ ਕਰਨ ਖਾਤਰ ਤੇ ਮੋਢੇ ਤੇ ਫੀਤੀਆਂ ਦਾ ਵਜ਼ਨ ਵਧਾਉਣ ਦੇ ਮਕਸਦ ਨਾਲ ਪੰਜਾਬ ਪੁਲਿਸ ਨੇ ਪੂਰਾ ਪੱਬਾਂ ਭਾਰ ਹੋਕੇ ਵਾਢੇ ਨਾਲ ਪੰਜਾਬ 'ਦੀ ਜਵਾਨੀ ਨੂੰ ਕਿੱਕਰ ਦੀ ਲੁੰਗ ਵੰਗੂ ਸੂਤ ਸੁੱਟਿਆ । ਤਪਦੀਆਂ ਦੁਪੈਹਰਾਂ ਨੂੰ ਜਾਂ ਸਾਂ ਸਾਂ ਕਰਦੀਆਂ ਰਾਤਾਂ ਨੂੰ ਦਿੱਲੀ ਤਖਤ ਦਾ ਥਾਪੜਾ ਲੈਕੇ ਘੂੰ ਘੂੰ ਕਰਦੀਆਂ ਜੀਪਾਂ ਆਉਦੀਆਂ ਤੇ ਕਿਸੇ ਮੁੱਛਫੁੱਟ ਜੇ ਗੱਭਰੂ ਨੂੰ ਜੀਪੇ ਬਿਠਾ ਲੈਂਦੇ। ਸਾਹਮਣੇ ਖਲੋਤੇ ਮਾਂ- ਪਿਓ ਬਿੱਲੀ ਪਾਪ ਜਾ ਕਰਦੇ ਵਿਲਕਦੇ ਰਹਿੰਦੇ। ਭੈਣਾਂ ਸਿਰ ਦੀ ਚੁੰਨੀ ਸੂਤ ਕਰਕੇ ਥੰਮਾਂ ਉਹਲੇ ਖਲੋ ਜਾਂਦੀਆ। ਜੇ ਕੋਈ ਕੁੜੀ ਚਿੜੀ ਪੁਲਸ ਡਿੱਕੇ ਚੜ੍ਹ ਜਾਂਦੀ ਤਾਂ ਉਹਦੇ ਨਾਲ ਉਹ ਹੁੰਦੀ ਜੋ ਸ਼ਾਇਦ ਦਿੱਲੀ ਦੀ ਕੁੜੀ ਦਾਮਿਨੀ ਜਾਂ ਮੁੰਬਈ ਦੀ ਪੱਤਰਕਾਰ ਕੁੜੀ ਨਾਲ ਵੀ ਨਾ ਹੋਇਆ ਹੋਵੇ। ਉਹਨ੍ਹਾਂ ਵਿਚਾਰੀਆਂ ਖਾਤਰ ਕੋਈ ਮੋਮਬੱਤੀਆਂ ਬਾਲਕੇ ਮੌਨ ਵਰਤ ਰੱਖਣ ਵਾਲਾ ਵੀ ਕੋਈ ਨਹੀਂ ਸੀ।
ਕਿਓਕੇਂ ਉਹ ਘੱਟ ਗਿਣਤੀ ਕੌਮ ਦੀਆਂ ਜੰਮੀਆਂ ਸੀ।

ਠਾਣੇਆਂ ਦੀਆਂ ਕੰਧਾਂ ਅੰਦਰ ਚੰਗੇਆੜਾਂ ਵੱਜਦੀਆਂ। ਦੋ ਵੀਲ੍ਹੇ ਫੀਟਰ ਢੂਈਆਂ ਤੇ ਪਟੇ ਲਾਉਦੇਂ। ਨੰਗੇ ਪਿੰਡੇ ਤੇ ਗੁੜ ਦਾ ਘੋਲ ਪਾਕੇ ਕੀੜੇਆਂ ਦੇ ਭੌਣ ਕੋਲ ਟਾਹਲੀ ਨਾ ਬੰਨ੍ਹਿਆ ਜਾਂਦਾ। ਕਿਸੇ ਸ਼ਪੈਹਟੇ ਦੇ ਸਿਰ ਨੂੰ ਲਾਹਣ ਚੜ੍ਹਦੀ ਤੇ ਪੈਰਾਂ ਦੀਆਂ ਤਲੀਆਂ ਤੇ ਵਰ੍ਹ ਪੈਂਦਾ। ਦਾਲ ਗਲਦੀ ਨਾ ਵੇਖਕੇ ਮੁੰਡੇਆਂ ਨੂੰ ਵਾਹਣਾਂ 'ਚ ਭਜਾਇਆ ਜਾਂਦਾ। ਕੋਈ ਪੁਲਸੀਆ ਘੋੜਾ ਦੱਬਦਾ ਕਾਅੜੜ ਕਰਦੀ ਗੋਲੀ ਸੀਨੇਓਂ ਪਾਰ ਹੁੰਦੀ। ਦੁੱਧ ਘਿਓਆਂ ਨਾਲ ਵੀਹ ਸਾਲਾਂ 'ਚ ਪਾਲਿਆ ਕਿਸੇ ਮਾਂ ਦਾ ਕੋਈ ਪੁੱਤ ਇੱਕ ਮਿੰਟ 'ਚ ਨਿੱਸਲ ਹੋ ਜਾਂਦਾ। ਖੂਨ ਠੰਡਾ ਹੋਕੇ ਵਾਹੇ ਵਾਹਣ ਦੇ ਸਿਆੜਾਂ 'ਚ ਗਵਾਚ ਜਾਂਦਾ।
ਉਹਨ੍ਹਾਂ ਦਿਨਾਂ 'ਚ ਈ ਯੂਨੀਵਰਸਿਟੀ ਦਾ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਗ੍ਰਿਫਤਾਰ ਕਰਿਆ ਗਿਆ। ਭੁੱਲਰ ਦੇ ਬਾਪ ਨਾਲੇ ਮਾਸੜ ਨੂੰ ਵੀ ਘਰੋਂ ਚੱਕ ਕੇ ਕੇਹੜੇ ਖੂਹੇ ਖਪਾਤਾ ਏਹ ਗੱਲ ਦਾ ਸ਼ੈਦ ਉੱਜੜੇ ਬਾਗਾਂ ਦੇ ਆਪੇ ਪਟਵਾਰੀ ਬਣੇ ਗਾਲ੍ਹੜ ਭਾਈਚਾਰੇ ਨੂੰ ਵੀ ਨਹੀਂ ਪਤਾ ਹੋਣਾ।
ਸਮਾਂ ਤੁਰਦਾ ਗਿਆ। ਭੁੱਲਰ ਤੇ ਕੇਸ ਚੱਲਿਆ। ਘੱਟ ਗਿਣਤੀ ਨਾਲੇ ਮਹਾਨ ਲੋਕਤੰਤਰੀ ਧਰਮ ਨਿਰਪੱਖ ਦੇਸ਼ ਦੇ ਨਾਗਰਿਕ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਨਿੱਜੀ ਮੁਫਾਦਾਂ ਖਾਤਰ ਸਰਕਾਰ ਨੇ ਕਿੰਨੀ ਵਾਰ ਸਜ਼ਾ ਟਾਲੀ ਏਹ ਸਰਕਾਰ ਈ ਜਾਣਦੀ ਹੋਣੀ ਆ।
ਜਦੋਂ ਸੁਫਨੇ ਜੇ ਅੰਗੂ ਸੁਰਤ ਸੰਭਲਕੇ ਦੁਨੀਆਂ ਵੇਖਣ ਲੱਗੇ ਸੀ ਓਦੋਂ ਤੋਂ ਭੁੱਲਰ ਬਾਰੇ ਸੁਣਦੇ ਆਉਣੇ ਆ। ਐਨੇ ਟੈਮ ਤੋਂ ਉਹ ਬੰਦਾ ਜੇਲ੍ਹ 'ਚ ਬੈਠਾ ਖੌਣੀ ਕਿਮੇਂ ਸਮਾਂ ਬਿਤਾਉਦਾ ਏਹ ਸਵਾਲ ਪੁੱਛਣਾ ਕਰਨਾ ਵੀ ਬੜਾ ਔੜ ਜਾ ਲੱਗਦਾ ।

ਅਫਜ਼ਲ ਗੁਰੂ ਦੀ ਫਾਂਸੀ ਤੋਂ ਬਾਅਦ ਪਰਸਿੱਧ ਇਨਕਲਾਬੀ ਪੱਤਰਕਾਰ ਅਰੁੰਧਤੀ ਰਾਏ ਦਾ ਲਿਖਿਆ ਲੇਖ "ਨੌਜਵਾਨ" ਪਰਚੇ ਵਿੱਚ ਛਪਿਆ ਸੀ। ਓਸ 'ਚ ਬੜਾ ਖੁੱਲ੍ਹਕੇ ਗੁਰੂ ਦਾ ਘਰ ਤੋਂ ਫਾਂਸੀ ਤੱਕ ਦਾ ਸਫਰ ਬਿਆਨਿਆ ਵਾ ਸੀ। ਏਥੇ ਜ਼ਿਕਰ ਕਰਨਾ ਬਣਦਾ ਬੀ ਅਰੁੰਧਤੀ ਰਾਏ ਉਹ ਲੇਖਕ ਆ ਜੀਹਨੂੰ ਛੱਤੀਸਗੜ੍ਹ ਦੇ ਨਕਸਲੀਆਂ ਨੇ ਬੁਲਾਕੇ ਆਵਦੀਆਂ ਮੰਗਾਂ ਲੋਕਾਂ ਤੱਕ ਪਹੁੰਚਾਉਣ ਦਾ ਹੀਆ ਕੀਤਾ ਸੀ।
ਮਤਲਬ ਇੱਕ ਨੇਕ ਤੇ ਸਾਫ ਪੱਤਰਕਾਰ ਨੇ ਅਫਜ਼ਲ ਗੁਰੂ ਦੇ ਹੱਕ 'ਚ ਸੱਚ ਦਰਸਾਉਦਾ ਲੇਖ ਲਿਖਕੇ ਦੁਨੀਆਂ ਨੂੰ ਦੱਸਿਆ ਬੀ ਭਾਰਤੀ ਨਿਆਂ ਪ੍ਰਣਾਲੀ ਕਿੰਨੀ ਅਤਿ ਘਟੀਆ ਹੋਗੀ ਹੁਣ।
ਏਹਤੋਂ ਬਿਨਾਂ ਨਿਆਂ ਪ੍ਰਣਾਲੀ ਦਾ ਜ਼ਨਾਜ਼ਾ ਕੱਢਦੀ ਇੱਕ ਹੋਰ ਬੜੀ ਵਜ਼ਨਦਾਰ ਦਲੀਲ ਦਿੱਤੀ ਸੀ ਕਿਸੇ ਨੇ। ਚੌਰਾਸੀ ਸਮੇਂ ਕਿਸੇ ਕਿਸ਼ੋਰੀ ਲਾਲ ਨਾਂ ਦੇ ਕਸਾਈ ਨੇ ਬੱਕਰੇ ਵੱਢਣ ਆਲ਼ੇ ਕਾਪੇ ਨਾ ਖੌਣੀ ਕਿੰਨੇ ਸਿੱਖਾਂ ਦਾ ਕਤਲ ਕਰਤਾ ਸੀ। ਕਿਸ਼ੋਰੀ ਲਾਲ ਤੇ ਕੇਸ ਚੱਲਿਆ ਤੇ ਉਹਨੂੰ ਤਿੰਨ ਅੱਡ ਅੱਡ ਕੇਸਾਂ 'ਚ ਤੀਹਰੀ ਫਾਂਸੀ ਦੀ ਸਜ਼ਾ ਸੁਣਾਈ ਗਈ। ਉਹਨੇ ਪੱਟੂ ਨੇ ਉੱਤਲੀ ਅਦਾਲਤ 'ਚ ਰਿੱਟ ਪਾਤੀ। ਜੱਜਾਂ ਨੇ ਦਬਾਰੇ ਫਾਇਲਾਂ ਦੇ ਵਰਕੇ ਥੱਲ ਕੇ ਵੇਖੇ ਤੇ ਫਾਸੀ ਦੀ ਸਜ਼ਾ ਤੀਹਰੀ ਉਮਰ ਕੈਦ ਮਲਬ ਸੱਠ ਸਾਲ ਕੈਦ 'ਚ ਤਬਦੀਲ ਹੋਗੀ। ਜਦ ਕਿਸ਼ੋਰੀ ਲਾਲ ਠਾਰਾਂ ਸਾਲ ਦੀ ਸਜ਼ਾ ਭੁਗਤ ਹਟਿਆ ਓਦੋਂ ਉਹਨੂੰ ਏਹ ਕਹਿਕੇ ਰਿਹਾਅ ਕਰਨ ਦੀਆਂ ਗੱਲਾਂ ਹੋਣ ਲੱਗੀਆਂ , ਕਿ ਕਿਸ਼ੋਰੀ ਲਾਲ ਦਾ ਜੇਲ੍ਹ 'ਚ ਚਾਲ ਚੱਲਣ ਬਹੁਤ ਵਧੀਆ ਰਿਹਾ। ਬੰਦਾ ਪੁੱਛੇ ਬੀ ਪਰਧਾਨ ਚਾਲ ਚੱਲਣ ਨੂੰ ਕੇਹੜਾ ਉਹ ਭੂਆ ਕੋਲ ਆਇਆ ਸੀ ਏਥੇ?

ਦੂਜੇ ਪਾਸੇ ਤਿੰਨ ਜੱਜਾਂ ਦੇ ਬੈਂਚ ਵਿੱਚੋਂ ਦੋ ਜੱਜਾਂ ਨੇ ਭੁੱਲਰ ਨੂੰ ਸਾਫ ਬਰੀ ਕੀਤਾ ਪਰ ਇੱਕ ਦੇ ਕਹਿਣ ਤੇ ਫਾਂਸੀ ਸੁਣਾਈ ਗਈ। ਹਾਲਾਂਕਿ ਕੋਈ ਵੀ ਗਵਾਹ ਭੁੱਲਰ ਦੇ ਵਿਰੁੱਧ ਨਹੀਂ ਭੁਗਤਿਆ ਸੀ।
ਥੋੜ੍ਹੇ ਕ ਦਿਨ ਪਹਿਲਾਂ ਡੀ.ਜੀ.ਪੀ ਵਿਰਕ ਦਾ ਬਿਆਨ ਵੀ ਭੁੱਲਰ ਦੇ ਹੱਕ 'ਚ ਈ ਆਇਆ।
ਚਲੋ ਕਿਸੇ ਐਂਟੀ ਸਿੱਖ ਜਾਂ ਇਨਸਾਨੀਅਤ ਦਾ ਹੋਕਾ ਦੇਣ ਆਲੇ ਕਿਸੇ ਬੰਦੇ ਦੇ ਨਜ਼ਰੀਏ ਨਾਲ ਮੰਨ ਵੀ ਲਈਏ ਕਿ ਭੁੱਲਰ ਦੋਸ਼ੀ ਆ ਤੇ ਉਹਨੂੰ ਫਾਹੇ ਲਾਉਣਾ ਜ਼ਾਇਜ਼ ਆ।
ਤਾਂ ਪਰ ਏਹ ਗੱਲ ਕਿੱਥੇ ਸਿੱਧ ਹੁੰਦੀ ਆ ਕਿ ਭੁੱਲਰ ਦੇ ਫਾਹੇ ਚੜ੍ਹਨ ਨਾਲ ਪੰਜਾਬ 'ਚ ਅਮਨ ਸ਼ਾਤੀ ਬਹਾਲ ਹੋਜੂ?
ਸ਼ਪੱਸ਼ਟ ਆ ਕਿ ਕਸ਼ਮੀਰੀਆਂ ਵੰਗੂ ਪੰਜਾਬੀਆਂ ਨੂੰ ਫੇਰ ਬੇਗਾਨਗੀ ਦਾ ਅਹਿਸਾਸ ਹੋਊ, ਕਰਫਿਊ ਲੱਗਣਗੇ, ਸਾੜ ਫੂਕ ਜਾਂ ਸੰਪਰਦਾਇਕ ਦੰਗੇ ਫਸਾਦ ਤਾਂ ਵੱਟ ਤੇ ਪਏ ਨੇ। ਕਸ਼ਮੀਰ ਵੰਗੂ ਫੇਰ ਧਰਨੇਆਂ 'ਚ ਕਿੰਨੇ ਪੰਜਾਬੀ ਪੁਲਿਸ ਗੋਲੀ ਦਾ ਸ਼ਿਕਾਰ ਹੋਣਗੇ ਏਹ ਭਵਿੱਖ ਦੇ ਅਖਬਾਰ ਈ ਦੱਸਣਗੇ। ਪੰਜਾਬ ਦੇ ਲੁੱਦੇਆਣੇ ਜਾਂ ਅੰਬਰਸਰ ਵਰਗੇ ਜਿਲ੍ਹੇ ਸ੍ਰੀਨਗਰ ਜਾਂ ਕਿਸ਼ਤਵਾੜ ਬਣਨਗੇ
ਸਰਬਜੀਤ ਦੇ ਕਤਲ ਵੰਗੂ ਭੁੱਲਰ ਨੂੰ ਫਾਹੇ ਲਾਉਣਾ ਜ਼ਰੂਰ ਕਿਸੇ ਰਾਜਸੀ ਪਾਰਟੀ ਨੂੰ ਵੋਟਾਂ ਮੌਕੇ ਰਾਸ ਆਊ।
ਭੁੱਲਰ ਸਿੱਖ, ਹਿੰਦੂ ਜਾਂ ਮੁਸਲਮਾਨ ਆ, ਏਹ ਗੱਲਾਂ ਬਾਅਦ ਦੀਆਂ ਨੇ ਸਭ ਤੋਂ ਪਹਿਲਾਂ ਉਹ ਕਿਸੇ ਮਾਂ ਦਾ ਪੁੱਤ ਵੀ ਆ ਤੇ ਮਾਵਾਂ ਦੇ ਕਲੇਜੇ ਫੌਜੀਆਂ ਦੇ ਬੂਟਾਂ ਜਿੰਨੇ ਕਰੜੇ ਨਹੀਂ ਹੁੰਦੇ। ਪਰਲ ਪਰਲ ਡਿੱਗਦੇ ਅੱਥਰੂ ਚੁੰਨੀ ਗੜੁੱਚ ਕਰ ਜਾਂਦੇ ਨੇ।
ਫਿਲਹਾਲ ਬਹੁਤ ਹੁੰਮਸ ਆ । ਰੱਬ ਨਾ ਕਰੇ ਕਿਸੇ  ਸਵੇਰ ਨਰਨੇ ਕਾਲਜ਼ੇ ਐਹੇ ਜੀ ਖਬਰ ਪੰਜਾਬ ਨੂੰ ਸੁਨਣੀ ਪਏ। ਤੇ ਫੇਰ ਚਚੋਲੜ੍ਹ ਪਾਉਦੇਂ ਜਨੌਰ ਦੜ ਵੱਟਕੇ ਆਲ੍ਹਣਿਆਂ 'ਚ ਬੈਠੇ ਰਹਿਣ।  ਖੇਤਾਂ ਨੂੰ ਜਾਂਦੇ ਹਾਲੀਆਂ ਪਾਲੀਆਂ ਨੂੰ ਰੋਕ ਸੀ.ਆਰ.ਪੀ ਫੇਰ ਤਲਾਸ਼ੀਆਂ ਲੈਂਦੀ ਫਿਰੇ। ਕੋਠੇਆਂ ਦੀਆਂ ਛੱਤਾਂ ਨਾਲੇ ਚੁੱਲ੍ਹਿਆਂ 'ਚ ਦਬਾਰੇ ਘਾਹ ਉੱਗਣ ਦੀ ਰੁੱਤ ਨਾ ਆਵੇ। ਜਵਾਨ ਹੋਏ ਨਰਮੇ ਤੇ ਮੋਟਰਾਂ ਦੇ ਕੋਠੇ ਗੱਭਰੂਆਂ ਦੀ ਛੁਪਣਗਾਹਾਂ ਨਾ ਬਨਣ। ਕਿਤੇ ਫੇਰ ਯੂ ਪੀ ਦੇ ਕਮਾਦ ਪੰਜਾਬ ਦੇ ਜਵਾਨਾਂ ਦੀ ਲੁਕਵੀਂ ਠਾਹਰ ਬਨਣ। ਸਾਈਆਨਾਈਡਾਂ ਤੇ ਅਸਾਲਟਾਂ ਨਾਲ ਦਬਾਰੇ ਵਾਹ ਨਾ ਪਏ।
ਬਾਕੀ ਸਮੇਂ ਦਾ ਏਹੋ ਗੇੜ ਹੁੰਦਾ ਜਿੱਤਿਆਂ ਨੂੰ ਤਖਤ ਤੇ ਹਾਰਿਆਂ ਨੂੰ ਤਖਤਾ।  ਸਰਬੰਸਦਾਨੀ ਠੰਢ ਵਰਤਾਈਂ।

                           ਕੀ ਬਨਣਾ ਛੱਪੜੀਏ ਤੇਰਾ
                             ਸੰਨ੍ਹ ਦਰਿਆਵਾਂ ਦੇ
                                                                                                                ਅੰਮ੍ਰਿਤ ਪਾਲ ਸਿੰਘ
                                                                                                             ਪਿੰਡ ਤੇ ਡਾਕ  - ਘੁੱਦਾ
                                                                                                            ਜਿਲ੍ਹਾ ਵਾ ਤਹਿ - ਬਠਿੰਡਾ

ਸ਼ੇਰਾਂ ਦੀ ਕੌਮ ਨੂੰ ਗਧੇ ਹੱਕੀ ਫਿਰਦੇ ਨੇ

ਫਰਾਂਸ ਅਰਗੇਆਂ ਨੇ ਪੱਗਾਂ ਤੇ ਪਬੰਦੀਆਂ ਲਾਤੀਆਂ। ਕਨੂੰਨੀ ਲੜਾਈਆਂ ਚੱਲੀ ਜਾਂਦੀਆਂ।
ਪਰਸੋਂ ਚੌਥ ਦੀ ਗੱਲ ਆ ਚੰਡੀਗੜ੍ਹ ਪੀ.ਜੀ.ਆਈ 'ਚ ਕੋਈ ਪੇਪਰ ਸੀ , ਓਥੇ ਈ ਕਿਰਪਾਨ ਆਲੇ ਮੁੰਡੇ ਕੁੜੀਆਂ ਨੂੰ ਨੀਂ ਬੈਠਣ ਦਿੱਤਾ। ਵਹਿਬਤਾਂ ਦੇ ਕੁੱਜੇ ਨੇ ਸਾਰੇ ਜਾਣ ਜਾਣ ਭੂੰਡਾਂ ਦੇ ਖੱਖਰ ਛੇੜਦੇ ਨੇ। ਨਿੱਤ ਅਖਬਾਰਾਂ ਦੀਆਂ ਸੰਪਾਦਕੀਆਂ 'ਚ ਬੁੱਧੀਜੀਵੀ ਡੇਢ ਡੇਢ ਫੁੱਟ ਦੇ ਲੇਖ ਛਾਪਦੇ ਨੇ ਬੀ ਪੰਜਾਬ 'ਚ ਛੇਮਾਂ ਦਰਿਆ ਵਗਦਾ ਜੀ ਨਸ਼ਿਆ ਦਾ ਹੋਰ ਸੌ ਕੁਸ ਲਿਖਿਆ ਬਾ ਹੁੰਦਾ। ਐਰਕੀਂ ਪਤਾ ਦਾਰੂ ਦੇ ਠੇਕੇ ਕਿਮੇਂ ਠੇਕੇ ਲੱਗੇ ਨੇ? ਪਝੱਤਰ ਹਜ਼ਾਰ ਦੀ ਇੱਕ ਪਰਚੀ ਸੀ, ਸਰਮਾਏਦਾਰਾਂ ਨੇ ਪੰਜਾਹ ਪੰਜਾਹ ਪਰਚੀਆਂ ਪਾਈਆਂ ਫੇਰ ਠੇਕੇ ਮਿਲੇ ਨੇ। ਪਝੱਤਰ ਹਜ਼ਾਰ ਨੂੰ ਪੰਜਾਹ ਨਾਲ ਜ਼ਰਬ ਕਰੋ। ਐਨਾ ਪੈਸਾ ਲਾਕੇ ਠੇਕੇਦਾਰ ਲੋਕਾਂ ਨੂੰ ਮੂਤ ਈ ਪਿਆਉਣਗੇ, ਰੀਅਲ ਸਕੌਚ ਤਾਂ ਪਿਆਉਣੋਂ ਰਹੇ।
ਗਾਇਕੀ ਦੇ ਮੁਕਾਬਲੇਆਂ ਆਲਾ ਪਰੋਗਰਾਮ ਵੀ "ਰੋਇਲ ਸਟੈਗ ਵੁਆਇਸ ਔਫ ਪੰਜਾਬ" ਦੇ ਨਾਂ ਨਾਲ ਸ਼ੁਰੂ ਹੁੰਦਾ। ਏਹਨਾਂ ਨਾਲੋਂ ਤਾਂ ਹਰਿਆਣੇ ਦਾ ਓਲੰਪੀਅਨ ਭਲਵਾਨ ਸ਼ੁਸ਼ੀਲ ਕੁਮਾਰ ਈ ਚੰਗਾ। ਉਹਨੂੰ ਦਾਰੂ ਦੀ ਮਸ਼ਹੂਰੀ ਕਰਨ ਦੀ ਔਫਰ ਮਿਲੀ। ਅੱਗੋਂ ਭਲਵਾਨ ਕੈਂਹਦਾ ਧਾਰ ਨੀਂ ਮਾਰਦਾ ਮੈਂ ਥੋਡੇ ਐਹੇ ਜੇ ਪੈਸੇਆਂ ਤੇ। ਪੰਜਾਬ ਰਾਜ ਦੇ ਖਜ਼ਾਨੇ 'ਚੋਂ ਕਰੋੜਾਂ ਰੁਪੈ ਰਫੈਨਰੀ ਦੇ ਹਿੱਸੇਦਾਰ ਲਕਸ਼ਮੀ ਮਿੱਤਲ ਨੂੰ ਬਿਨਾਂ ਵਿਆਜੋਂ ਦਿੱਤੇ ਬਾਦਲ ਕਿਆਂ। ਸੁਣਿਆ ਨਿੱਕਾ ਬਾਦਲ ਤੜਕੇ ਸੰਦੇਹਾਂ ਈ ਕਾਂ ਦੇ ਸਿਰ ਜਿੰਨੀ ਤੋੜਕੇ ਖਾ ਲੈਂਦਾ ਤੇ ਕਿਰਸਾਨਾਂ ਨੂੰ ਨਸੀਹਤਾਂ ਦੇਂਦਾ ਖੇਤੀ ਖਾਤਰ ਸਾਂਝੇ ਟਰੈਕਟਰ ਖ੍ਰੀਦੋ। ਤੇ ਆਪ ਪਿਓ ਪੁੱਤਾਂ ਨੇ ਹੈਲੀਕਬਾਟਰ ਵੀ ਅੱਡੋ ਅੱਡ ਲੈਤੇ ਆ ਨਮੇਂ , ਜਮਾਂ ਫਰੈੱਸ਼। ਇੱਕ ਤਾਂ ਕਾਣੀ ਸੀ ਤੇ ਓਤੋਂ ਕਣ ਪੈ ਗਿਆ । ਮੁਲਖ ਤਾਂ ਪਹਿਲਾਂ ਈ ਸਿਧਰਾ ਸੀ ਉੱਤੋਂ ਹੁਣ ਸਾਰੀ ਸਾਰੀ ਰਾਤ ਕੰਧਾਂ 'ਚ ਵੱਜਦਾ ਫਿਰਦਾ ਮੁਲਖ ਬੀ ਕਾਲੇ ਕੱਛਿਆ ਆਗੇ , ਫੜ੍ਹਲੋ ਓਏ। ਸੋਚਣ ਆਲੀ ਗੱਲ ਆ ਬੀ ਮੌਕੇ ਤੇ ਕੌਣ ਪਜਾਮੇ ਲਹਾਕੇ ਕੱਛਾ ਦੇਂਹਦਾ ਬੀ ਕੇਹੜੇ ਰੰਗ ਦਾ ਪਾਇਆ ਵਾ। ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਏਹ ਸਰਕਾਰਾਂ ਦਾ ਸਿਆਸੀ ਸਟੰਟ ਆ। ਜੇਹੜਾ ਅੱਜ ਕੱਲ੍ਹ ਬੜਾ ਕਾਰਗਰ ਸਿੱਧ ਹੋਇਆ। ਖੌਣੀ ਕਦੋਂ ਚਾਲਾਂ ਸਮਝੂ ਸਾਡਾ ਮੁਲਖ , ਫਿਲਹਾਲ ਸ਼ੇਰਾਂ ਦੀ ਕੌਮ ਨੂੰ ਗਧੇ ਹੱਕੀ ਫਿਰਦੇ ਨੇ.....ਘੁੱਦਾ

ਚੱਕ ਫੇਰ.......ਪਰਤਿਆਈਆਂ ਬੀਆਂ ਗੱਲਾਂ

ਚੱਕ ਫੇਰ.......ਪਰਤਿਆਈਆਂ ਬੀਆਂ ਗੱਲਾਂ
1. ਅੱਜ ਤੋਂ ਅੱਠ ਦਸ ਸਾਲ ਪਹਿਲਾਂ ਜੇਹੜੀਆਂ ਵਿਆਹਾਂ ਦੀਆਂ ਮੂਵੀਆਂ ਬਣਦੀਆਂ ਸੀ, ਉਹਨ੍ਹਾਂ 'ਚ ਸੁਖਵਿੰਦਰ ਦਾ ਗਾਇਆ ਆਹ ਗੀਤ ਲਾਜ਼ਮੀ ਭਰਿਆ ਹੁੰਦਾ ਸੀ, "ਅੱਜ ਕੌਣ ਪ੍ਰਾਹੁਣਾ ਆਇਆ ਨੀਂ, ਫੁੱਲ ਖਿੜਗੇ ਨੇ ਸੂਹੇ"
2. ਅੱਜ ਕੱਲ੍ਹ ਹਰਿੱਕ ਪੜ੍ਹਿਆ ਲਿਖਿਆ। ਪਰ ਜਦੋਂ ਕਿਤੇ ਬੰਦਾ ਕੰਮ ਧੰਦੇ ਕਿਸੇ ਦਫਤਰ ਜਾਂਦਾ ਤੇ ਅਗਲਾ ਕਿਸੇ ਫਾਰਮ ਤੇ ਪੰਜ ਸੱਤ ਥਾਂਈਂ ਸੈਨ ਕਰਾਉਦਾ। ਓਦੋਂ ਕੋਈ ਵੀ ਬੰਦਾ ਲਿਖਿਆ ਮਟੀਰੀਅਲ ਨਹੀਂ ਪੜ੍ਹਦਾ ਬਸ ਜਿੱਥੇ ਅਗਲਾ ਉਂਗਲ ਧਰਦਾ ਉੱਥੇ ਸੈਨ ਕਰ ਦੇਂਦਾ।
3. ਜੇਹੜੇ ਜਬਾਕ ਨਿੱਕੇ ਹੁੰਦੇ ਬੜੂ ਸਾਬ੍ਹ ਅਕੈਡਮੀ 'ਚ ਪੜ੍ਹਦੇ ਨੇ, ਜੂੜੇ ਰੱਖੇ ਹੁੰਦੇ ਆ ਗੋਲ ਦਸਤਾਰਾਂ ਬੰਨ੍ਹੀਆਂ ਹੁੰਦੀਆਂ। ਜਦੋਂ ਏਹ ਸੁਰਤ ਸੰਭਲਦੇ ਆ ਮਲਬ ਬੱਡੇ ਹੁੰਦੇ ਨੇ ਓਦੋਂ ਈ ਜੂੜੇ ਲਹਾਕੇ ਦਾਹੜੀਆਂ ਵੀ ਫਰੈਂਚ ਕੱਟ ਕਰਾ ਲੈਂਦੇ ਆ ਪਤਿਓਹਰੇ।
4. ਪੰਜ ਕ ਸਾਲ ਪਹਿਲਾਂ ਕੋਈ ਕਿਸੇ ਤੋਂ ਮੋਬਾਇਲ ਮੰਗਦਾ ਤਾਂ ਅਗਲਾ ਕੈਂਹਦਾ "ਹਾਂ ਕੀ ਕਰਨਾ ਮਬੈਲ ਦਾ?" ਮੰਗਣ ਆਲਾ ਕਹਿੰਦਾ ਬਾਈ ਸੱਪਾਂ ਆਲੀ ਗੇਮ ਖੇਡਣੀ ਆ , ਤੇ ਅੱਜ ਕੱਲ੍ਹ ਏਹ ਕਹਿਕੇ ਮੋਬਾਇਲ ਮੰਗਦੇ ਨੇ, "ਬਾਈ ਜਰ ਫੇਸਬੁੱਕ ਖੋਲ੍ਹਣੀ ਆ" ।
5. ਪਿੰਡਾਂ 'ਚ ਤਕਰੀਬਨ ਅੱਧੇ ਘਰ ਐਹੇ ਜੇ ਹੁੰਦੇ ਆ ਜਿੱਥੇ ਸਕੀਆਂ ਭੈਣਾਂ ਸਕੇ ਭਰਾਵਾਂ ਨਾਲ ਵਿਆਹਕੇ ਦਰਾਣੀਆ ਜਠਾਣੀਆਂ ਬਣੀਆਂ ਵਈਆਂ ਹੁੰਦੀਆਂ। ਤੇ ਪਰਤਿਆਆ ਬਾ ਏਹਨਾਂ ਦੀ ਆਪੋ 'ਚ ਬਣਦੀ ਵੀ ਬਹੁਤ ਘੱਟ ਹੁੰਦੀ ਆ।
6. ਕਾਲਜ 'ਚ ਜਦੋਂ ਇੱਕ ਸਟੂਡੈਂਟ VIVA ਦੇਕੇ ਬਾਹਰ ਆਉਂਦਾ ਤਾਂ ਕਲਾਸ ਦਾ ਬਾਕੀ ਮੁਲਖ ਘੇਰਕੇ ਆਹੀ ਸਵਾਲ ਕਰਦਾ ,"ਪਰਧਾਨ ਕੀ ਪੁੱਛਦੇ ਆ ਓਏ ?" .....ਘੁੱਦਾ

ਚਲੰਤ ਮੁੱਦੇ

ਸੀਰੀਆ ਵਿੱਢੇ ਸ਼ਰੀਕਾ
ਬਾਗੀ ਮਾਰੇ ਨਮਾਂ ਤਰੀਕਾ
ਸ਼ੈਦ ਹਮਲਾ ਕਰੇ ਅਮਰੀਕਾ
ਧਾਂਕ ਜਮਾਉਣੀ ਹੋਰਾਂ ਤੇ
ਜੰਗ ਤੀਜੇ ਦੀ ਤਿਆਰੀ ਪੂਰੇ ਜ਼ੋਰਾਂ ਤੇ

ਫੜ੍ਹਿਆ ਅੱਤਬਾਦੀ ਟੁੰਡਾ
ਬਰੌਨ ਦਾਹੜੀ ਸਿਰੇ ਦਾ ਗੁੰਡਾ
ਲੈ ਰਿਮਾਂਡ ਲਾਲਿਆ ਕੁੰਡਾ
ਬੜੇ ਪੜਦੇ ਫੋਲ ਰਿਹੈ
ਹੱਥੀਂ ਪੀਢੀਆਂ ਗੰਢਾਂ ਦੰਦਾਂ ਨਾਲ ਖੋਲ੍ਹ ਰਿਹੈ

ਚਿੱਟੀ ਦਾਹੜੀ ਧੌਹਲਾ ਝਾਟਾ
ਕੀ ਆਸਾਰਾਮ ਨੂੰ ਘਾਟਾ
ਨੂਨ ਡੁੱਲ੍ਹਾ ਭਿੱਜ ਗਿਆ ਆਟਾ
ਹੈ ਗੱਲ ਡੇਰੇਦਾਰਾਂ ਦੀ
ਸੁਰਖੀ ਬਣਿਆ ਬਾਬਾ ਬਲਾਤਕਾਰਾਂ ਦੀ

ਥੋਨੂੰ ਮਹਿੰਗਾਈ ਦੀ ਪਈਆ
ਮਸਾਂ ਬੋਚਿਆ ਡਿੱਗਾ ਰੁਪਈਆ
ਮਨਮੋਹਣਾ ਇੱਕ ਵਿਰੋਧੀ ਕਈ ਆ
ਔਖਾ ਸਾਂਭਣਾ ਰਾਜਾਂ ਨੂੰ
ਮੂਲ ਵੀ ਹੱਥੋਂ ਗਿਆ ਕਿਓ ਰੋਏਂ ਵਿਆਜ਼ਾ ਨੂੰ

ਨਾਲੇ ਪਾਣੀ ਭਾਖੜਾ ਚੜ੍ਹਿਆ
ਝੋਨਾਂ ਵਿੱਚ ਹੜ੍ਹਾਂ ਦੇ ਹੜ੍ਹਿਆ
ਪੱਲਾ ਨਾ ਸਰਕਾਰਾਂ ਫੜ੍ਹਿਆ
ਦੋਸ਼ ਕਿਸੇ ਨੂੰ ਦੇਣਾਂ ਨਹੀਂ
ਵਿੱਢ ਸੰਘਰਸ਼ ਜੱਟਾ ਹੁਣ ਫਾਹਾ ਲੈਣਾ ਨਹੀਂ.......ਘੁੱਦਾ