Sunday, 1 September 2013

ਸ਼ੇਰਾਂ ਦੀ ਕੌਮ ਨੂੰ ਗਧੇ ਹੱਕੀ ਫਿਰਦੇ ਨੇ

ਫਰਾਂਸ ਅਰਗੇਆਂ ਨੇ ਪੱਗਾਂ ਤੇ ਪਬੰਦੀਆਂ ਲਾਤੀਆਂ। ਕਨੂੰਨੀ ਲੜਾਈਆਂ ਚੱਲੀ ਜਾਂਦੀਆਂ।
ਪਰਸੋਂ ਚੌਥ ਦੀ ਗੱਲ ਆ ਚੰਡੀਗੜ੍ਹ ਪੀ.ਜੀ.ਆਈ 'ਚ ਕੋਈ ਪੇਪਰ ਸੀ , ਓਥੇ ਈ ਕਿਰਪਾਨ ਆਲੇ ਮੁੰਡੇ ਕੁੜੀਆਂ ਨੂੰ ਨੀਂ ਬੈਠਣ ਦਿੱਤਾ। ਵਹਿਬਤਾਂ ਦੇ ਕੁੱਜੇ ਨੇ ਸਾਰੇ ਜਾਣ ਜਾਣ ਭੂੰਡਾਂ ਦੇ ਖੱਖਰ ਛੇੜਦੇ ਨੇ। ਨਿੱਤ ਅਖਬਾਰਾਂ ਦੀਆਂ ਸੰਪਾਦਕੀਆਂ 'ਚ ਬੁੱਧੀਜੀਵੀ ਡੇਢ ਡੇਢ ਫੁੱਟ ਦੇ ਲੇਖ ਛਾਪਦੇ ਨੇ ਬੀ ਪੰਜਾਬ 'ਚ ਛੇਮਾਂ ਦਰਿਆ ਵਗਦਾ ਜੀ ਨਸ਼ਿਆ ਦਾ ਹੋਰ ਸੌ ਕੁਸ ਲਿਖਿਆ ਬਾ ਹੁੰਦਾ। ਐਰਕੀਂ ਪਤਾ ਦਾਰੂ ਦੇ ਠੇਕੇ ਕਿਮੇਂ ਠੇਕੇ ਲੱਗੇ ਨੇ? ਪਝੱਤਰ ਹਜ਼ਾਰ ਦੀ ਇੱਕ ਪਰਚੀ ਸੀ, ਸਰਮਾਏਦਾਰਾਂ ਨੇ ਪੰਜਾਹ ਪੰਜਾਹ ਪਰਚੀਆਂ ਪਾਈਆਂ ਫੇਰ ਠੇਕੇ ਮਿਲੇ ਨੇ। ਪਝੱਤਰ ਹਜ਼ਾਰ ਨੂੰ ਪੰਜਾਹ ਨਾਲ ਜ਼ਰਬ ਕਰੋ। ਐਨਾ ਪੈਸਾ ਲਾਕੇ ਠੇਕੇਦਾਰ ਲੋਕਾਂ ਨੂੰ ਮੂਤ ਈ ਪਿਆਉਣਗੇ, ਰੀਅਲ ਸਕੌਚ ਤਾਂ ਪਿਆਉਣੋਂ ਰਹੇ।
ਗਾਇਕੀ ਦੇ ਮੁਕਾਬਲੇਆਂ ਆਲਾ ਪਰੋਗਰਾਮ ਵੀ "ਰੋਇਲ ਸਟੈਗ ਵੁਆਇਸ ਔਫ ਪੰਜਾਬ" ਦੇ ਨਾਂ ਨਾਲ ਸ਼ੁਰੂ ਹੁੰਦਾ। ਏਹਨਾਂ ਨਾਲੋਂ ਤਾਂ ਹਰਿਆਣੇ ਦਾ ਓਲੰਪੀਅਨ ਭਲਵਾਨ ਸ਼ੁਸ਼ੀਲ ਕੁਮਾਰ ਈ ਚੰਗਾ। ਉਹਨੂੰ ਦਾਰੂ ਦੀ ਮਸ਼ਹੂਰੀ ਕਰਨ ਦੀ ਔਫਰ ਮਿਲੀ। ਅੱਗੋਂ ਭਲਵਾਨ ਕੈਂਹਦਾ ਧਾਰ ਨੀਂ ਮਾਰਦਾ ਮੈਂ ਥੋਡੇ ਐਹੇ ਜੇ ਪੈਸੇਆਂ ਤੇ। ਪੰਜਾਬ ਰਾਜ ਦੇ ਖਜ਼ਾਨੇ 'ਚੋਂ ਕਰੋੜਾਂ ਰੁਪੈ ਰਫੈਨਰੀ ਦੇ ਹਿੱਸੇਦਾਰ ਲਕਸ਼ਮੀ ਮਿੱਤਲ ਨੂੰ ਬਿਨਾਂ ਵਿਆਜੋਂ ਦਿੱਤੇ ਬਾਦਲ ਕਿਆਂ। ਸੁਣਿਆ ਨਿੱਕਾ ਬਾਦਲ ਤੜਕੇ ਸੰਦੇਹਾਂ ਈ ਕਾਂ ਦੇ ਸਿਰ ਜਿੰਨੀ ਤੋੜਕੇ ਖਾ ਲੈਂਦਾ ਤੇ ਕਿਰਸਾਨਾਂ ਨੂੰ ਨਸੀਹਤਾਂ ਦੇਂਦਾ ਖੇਤੀ ਖਾਤਰ ਸਾਂਝੇ ਟਰੈਕਟਰ ਖ੍ਰੀਦੋ। ਤੇ ਆਪ ਪਿਓ ਪੁੱਤਾਂ ਨੇ ਹੈਲੀਕਬਾਟਰ ਵੀ ਅੱਡੋ ਅੱਡ ਲੈਤੇ ਆ ਨਮੇਂ , ਜਮਾਂ ਫਰੈੱਸ਼। ਇੱਕ ਤਾਂ ਕਾਣੀ ਸੀ ਤੇ ਓਤੋਂ ਕਣ ਪੈ ਗਿਆ । ਮੁਲਖ ਤਾਂ ਪਹਿਲਾਂ ਈ ਸਿਧਰਾ ਸੀ ਉੱਤੋਂ ਹੁਣ ਸਾਰੀ ਸਾਰੀ ਰਾਤ ਕੰਧਾਂ 'ਚ ਵੱਜਦਾ ਫਿਰਦਾ ਮੁਲਖ ਬੀ ਕਾਲੇ ਕੱਛਿਆ ਆਗੇ , ਫੜ੍ਹਲੋ ਓਏ। ਸੋਚਣ ਆਲੀ ਗੱਲ ਆ ਬੀ ਮੌਕੇ ਤੇ ਕੌਣ ਪਜਾਮੇ ਲਹਾਕੇ ਕੱਛਾ ਦੇਂਹਦਾ ਬੀ ਕੇਹੜੇ ਰੰਗ ਦਾ ਪਾਇਆ ਵਾ। ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਏਹ ਸਰਕਾਰਾਂ ਦਾ ਸਿਆਸੀ ਸਟੰਟ ਆ। ਜੇਹੜਾ ਅੱਜ ਕੱਲ੍ਹ ਬੜਾ ਕਾਰਗਰ ਸਿੱਧ ਹੋਇਆ। ਖੌਣੀ ਕਦੋਂ ਚਾਲਾਂ ਸਮਝੂ ਸਾਡਾ ਮੁਲਖ , ਫਿਲਹਾਲ ਸ਼ੇਰਾਂ ਦੀ ਕੌਮ ਨੂੰ ਗਧੇ ਹੱਕੀ ਫਿਰਦੇ ਨੇ.....ਘੁੱਦਾ

ਚੱਕ ਫੇਰ.......ਪਰਤਿਆਈਆਂ ਬੀਆਂ ਗੱਲਾਂ

ਚੱਕ ਫੇਰ.......ਪਰਤਿਆਈਆਂ ਬੀਆਂ ਗੱਲਾਂ
1. ਅੱਜ ਤੋਂ ਅੱਠ ਦਸ ਸਾਲ ਪਹਿਲਾਂ ਜੇਹੜੀਆਂ ਵਿਆਹਾਂ ਦੀਆਂ ਮੂਵੀਆਂ ਬਣਦੀਆਂ ਸੀ, ਉਹਨ੍ਹਾਂ 'ਚ ਸੁਖਵਿੰਦਰ ਦਾ ਗਾਇਆ ਆਹ ਗੀਤ ਲਾਜ਼ਮੀ ਭਰਿਆ ਹੁੰਦਾ ਸੀ, "ਅੱਜ ਕੌਣ ਪ੍ਰਾਹੁਣਾ ਆਇਆ ਨੀਂ, ਫੁੱਲ ਖਿੜਗੇ ਨੇ ਸੂਹੇ"
2. ਅੱਜ ਕੱਲ੍ਹ ਹਰਿੱਕ ਪੜ੍ਹਿਆ ਲਿਖਿਆ। ਪਰ ਜਦੋਂ ਕਿਤੇ ਬੰਦਾ ਕੰਮ ਧੰਦੇ ਕਿਸੇ ਦਫਤਰ ਜਾਂਦਾ ਤੇ ਅਗਲਾ ਕਿਸੇ ਫਾਰਮ ਤੇ ਪੰਜ ਸੱਤ ਥਾਂਈਂ ਸੈਨ ਕਰਾਉਦਾ। ਓਦੋਂ ਕੋਈ ਵੀ ਬੰਦਾ ਲਿਖਿਆ ਮਟੀਰੀਅਲ ਨਹੀਂ ਪੜ੍ਹਦਾ ਬਸ ਜਿੱਥੇ ਅਗਲਾ ਉਂਗਲ ਧਰਦਾ ਉੱਥੇ ਸੈਨ ਕਰ ਦੇਂਦਾ।
3. ਜੇਹੜੇ ਜਬਾਕ ਨਿੱਕੇ ਹੁੰਦੇ ਬੜੂ ਸਾਬ੍ਹ ਅਕੈਡਮੀ 'ਚ ਪੜ੍ਹਦੇ ਨੇ, ਜੂੜੇ ਰੱਖੇ ਹੁੰਦੇ ਆ ਗੋਲ ਦਸਤਾਰਾਂ ਬੰਨ੍ਹੀਆਂ ਹੁੰਦੀਆਂ। ਜਦੋਂ ਏਹ ਸੁਰਤ ਸੰਭਲਦੇ ਆ ਮਲਬ ਬੱਡੇ ਹੁੰਦੇ ਨੇ ਓਦੋਂ ਈ ਜੂੜੇ ਲਹਾਕੇ ਦਾਹੜੀਆਂ ਵੀ ਫਰੈਂਚ ਕੱਟ ਕਰਾ ਲੈਂਦੇ ਆ ਪਤਿਓਹਰੇ।
4. ਪੰਜ ਕ ਸਾਲ ਪਹਿਲਾਂ ਕੋਈ ਕਿਸੇ ਤੋਂ ਮੋਬਾਇਲ ਮੰਗਦਾ ਤਾਂ ਅਗਲਾ ਕੈਂਹਦਾ "ਹਾਂ ਕੀ ਕਰਨਾ ਮਬੈਲ ਦਾ?" ਮੰਗਣ ਆਲਾ ਕਹਿੰਦਾ ਬਾਈ ਸੱਪਾਂ ਆਲੀ ਗੇਮ ਖੇਡਣੀ ਆ , ਤੇ ਅੱਜ ਕੱਲ੍ਹ ਏਹ ਕਹਿਕੇ ਮੋਬਾਇਲ ਮੰਗਦੇ ਨੇ, "ਬਾਈ ਜਰ ਫੇਸਬੁੱਕ ਖੋਲ੍ਹਣੀ ਆ" ।
5. ਪਿੰਡਾਂ 'ਚ ਤਕਰੀਬਨ ਅੱਧੇ ਘਰ ਐਹੇ ਜੇ ਹੁੰਦੇ ਆ ਜਿੱਥੇ ਸਕੀਆਂ ਭੈਣਾਂ ਸਕੇ ਭਰਾਵਾਂ ਨਾਲ ਵਿਆਹਕੇ ਦਰਾਣੀਆ ਜਠਾਣੀਆਂ ਬਣੀਆਂ ਵਈਆਂ ਹੁੰਦੀਆਂ। ਤੇ ਪਰਤਿਆਆ ਬਾ ਏਹਨਾਂ ਦੀ ਆਪੋ 'ਚ ਬਣਦੀ ਵੀ ਬਹੁਤ ਘੱਟ ਹੁੰਦੀ ਆ।
6. ਕਾਲਜ 'ਚ ਜਦੋਂ ਇੱਕ ਸਟੂਡੈਂਟ VIVA ਦੇਕੇ ਬਾਹਰ ਆਉਂਦਾ ਤਾਂ ਕਲਾਸ ਦਾ ਬਾਕੀ ਮੁਲਖ ਘੇਰਕੇ ਆਹੀ ਸਵਾਲ ਕਰਦਾ ,"ਪਰਧਾਨ ਕੀ ਪੁੱਛਦੇ ਆ ਓਏ ?" .....ਘੁੱਦਾ

ਚਲੰਤ ਮੁੱਦੇ

ਸੀਰੀਆ ਵਿੱਢੇ ਸ਼ਰੀਕਾ
ਬਾਗੀ ਮਾਰੇ ਨਮਾਂ ਤਰੀਕਾ
ਸ਼ੈਦ ਹਮਲਾ ਕਰੇ ਅਮਰੀਕਾ
ਧਾਂਕ ਜਮਾਉਣੀ ਹੋਰਾਂ ਤੇ
ਜੰਗ ਤੀਜੇ ਦੀ ਤਿਆਰੀ ਪੂਰੇ ਜ਼ੋਰਾਂ ਤੇ

ਫੜ੍ਹਿਆ ਅੱਤਬਾਦੀ ਟੁੰਡਾ
ਬਰੌਨ ਦਾਹੜੀ ਸਿਰੇ ਦਾ ਗੁੰਡਾ
ਲੈ ਰਿਮਾਂਡ ਲਾਲਿਆ ਕੁੰਡਾ
ਬੜੇ ਪੜਦੇ ਫੋਲ ਰਿਹੈ
ਹੱਥੀਂ ਪੀਢੀਆਂ ਗੰਢਾਂ ਦੰਦਾਂ ਨਾਲ ਖੋਲ੍ਹ ਰਿਹੈ

ਚਿੱਟੀ ਦਾਹੜੀ ਧੌਹਲਾ ਝਾਟਾ
ਕੀ ਆਸਾਰਾਮ ਨੂੰ ਘਾਟਾ
ਨੂਨ ਡੁੱਲ੍ਹਾ ਭਿੱਜ ਗਿਆ ਆਟਾ
ਹੈ ਗੱਲ ਡੇਰੇਦਾਰਾਂ ਦੀ
ਸੁਰਖੀ ਬਣਿਆ ਬਾਬਾ ਬਲਾਤਕਾਰਾਂ ਦੀ

ਥੋਨੂੰ ਮਹਿੰਗਾਈ ਦੀ ਪਈਆ
ਮਸਾਂ ਬੋਚਿਆ ਡਿੱਗਾ ਰੁਪਈਆ
ਮਨਮੋਹਣਾ ਇੱਕ ਵਿਰੋਧੀ ਕਈ ਆ
ਔਖਾ ਸਾਂਭਣਾ ਰਾਜਾਂ ਨੂੰ
ਮੂਲ ਵੀ ਹੱਥੋਂ ਗਿਆ ਕਿਓ ਰੋਏਂ ਵਿਆਜ਼ਾ ਨੂੰ

ਨਾਲੇ ਪਾਣੀ ਭਾਖੜਾ ਚੜ੍ਹਿਆ
ਝੋਨਾਂ ਵਿੱਚ ਹੜ੍ਹਾਂ ਦੇ ਹੜ੍ਹਿਆ
ਪੱਲਾ ਨਾ ਸਰਕਾਰਾਂ ਫੜ੍ਹਿਆ
ਦੋਸ਼ ਕਿਸੇ ਨੂੰ ਦੇਣਾਂ ਨਹੀਂ
ਵਿੱਢ ਸੰਘਰਸ਼ ਜੱਟਾ ਹੁਣ ਫਾਹਾ ਲੈਣਾ ਨਹੀਂ.......ਘੁੱਦਾ

Thursday, 22 August 2013

ਰੱਖੜੀ

ਨਿੱਕੇ ਨਿੱਕੇ ਹੁੰਦੇ ਸੀਗੇ ਚੌਥੀ ਪੰਜਮੀਂ ਦੀਆਂ ਗੱਲਾਂ। ਜਿੱਦੇ ਰੱਖੜੀ ਹੁੰਦੀ ਵੇਹੜੇ ਦੀਆਂ ਕੁੜੀਆਂ ਨਾਲੇ ਪੰਡਤਾਂ ਦੇ ਕੁੱਲ ਘਰਾਂ ਦੀਆਂ ਕੁੜੀਆਂ ਘਰੇ ਰੱਖੜੀਆਂ ਫੜ੍ਹਾ ਜਾਂਦੀਆਂ ਨਾਲ ਜਿੰਨਾ ਜਿੰਨਾ ਸਰਦਾ ਬਚਾਰੀਆਂ ਪੰਜਾਂ ਦਸਾਂ ਦੇ ਲੱਡੂ ਲਈ ਆਉਂਦੀਆਂ। ਜਾਤ ਪਾਤ ਆਲੀ ਕੋਈ ਨਿੰਦ ਵਿਚਾਰ ਨਾ ਹੁੰਦੀ ਸਮਾਂ ਦੀ ਮੋਹ ਸੀ ਸਾਰੇਆਂ ਦਾ।
ਗੁੱਦ ਆਲੀਆਂ ਬੱਡੀਆਂ ਬੱਡੀਆਂ ਰੱਖੜੀਆਂ ਹੁੰਦੀਆਂ ਸੀਗੀਆਂ ਨਾਲੇ ਉਹ ਘੜੀ ਟੈਪ ਰੱਖੜੀ ਜੀਹਦਾ ਗੁੱਟ ਹਲਾਏ ਤੋਂ ਟੈਮ ਬਦਲ ਜਾਂਦਾ ਸੀ। ਸ਼ਗਨ ਵਿਹਾਰ ਕਰੇ ਜਾਂਦੇ, ਸੂਟ ਖੇਸ ਹੋਰ ਲੱਲਾ ਭੱਬਾ ਮਾਤਾ ਅਰਗੀਆਂ ਦੇ ਛੱਡਦੀਆਂ।
ਜਦੋਂ ਦੀ ਫੇਸਬੁੱਕ ਚੱਲੀ ਆ ਮੁਲਖ ਕੱਟੜਵਾਦ ਫੜ੍ਹਦਾ ਜਾਂਦਾ।
ਅਖੇ ਰੱਖੜੀ ਸਿੱਖੋਂ ਕਾ ਤਿਓਹਾਰ ਨਹੀਂ।
"ਅਖੇ ਭਾਈ ਬਹਿਨ ਕੇ ਰਕਸ਼ਾ ਕੇ ਲੀਏ ਰਾਖੀ ਬਾਂਧਤੇ ਹੈ"। ਸਿੱਖੋਂ ਕੀ ਲੜਕੀ ਖੁਦ ਆਪਣੀ ਰਾਖੀ ਕਰ ਸਕਤੀ ਹੈ" ।
ਬੜੀਆਂ ਦਲੀਲਾਂ ਸਿੱਟਦਾ ਮੁਲਖ। ਜੇਹੜੇ ਬਾਹਲੇ ਧਰਮਕੀ ਬਣਦੇ ਆ ਐਹੇ ਜੇ ਤੜਕੇ ਸੰਦੇਹਾਂ ਈ ਬੋਦੀਆਂ ਚੋਪੜਕੇ ਸ਼ੈਹਰ ਜਾਕੇ ਤੁਰੇ ਜਾਂਦੇ ਨਾਲਦੇ ਨੂੰ ਹੁੱਜ ਮਾਰਕੇ ਆਖਣਗੇ, "ਪਰਧਾਨ ਪੱਟ ਵੇਖ ਸਾਲੀ ਦੇ" ।
ਅਸੀਂ ਬੀ ਸਿੱਖ ਈ ਆਂ ਤਾਂਹਾਂ ਮੰਗਲ ਗ੍ਰਹਿ ਤੋਂ ਨੀਂ ਡਿੱਗੇ। ਸਾਰਾ ਟੱਬਰ ਅੰਬਰਤਧਾਰੀ ਈ ਆ। ਜੇ ਭੈਣ ਭਰਾ ਰੱਖੜੀ ਬੰਨ੍ਹ ਲੈਣਗੇ ਤਾਂ ਧਰਮ ਨੀਂ ਬਦਲ ਚੱਲਿਆ। ਨਾਲੇ ਜੇਹੜੇ ਭਰਾ ਕੁੜੀਆਂ ਤੋਂ ਰੱਖੜੀਆਂ ਬੰਨ੍ਹਾ ਲੈਂਦੇ ਆ ਉਹ ਕੇਹੜਾ ਸਾਢੇ ਤਿੰਨ ਫੁੱਟੀਆ ਤਲਬਾਰਾਂ ਚੱਕਕੇ ਮਗਰ ਮਗਰ ਰਾਖੀਆਂ ਕਰਦੇ ਫਿਰਦੇ ਨੇ।
ਰੱਖੜੀ ਦੇ ਬਹਾਨੇ ਕੁੜੀਆਂ ਪੇਕੀਂ ਮਿਲ ਆਉਂਦੀਆਂ। ਪੱਜ ਨਾਲ ਪੇਕੇ ਕੁੜੀਆਂ ਨੂੰ ਚਾਰ ਛਿੱਲੜ ਦੇ ਦੇਂਦੇ ਨੇ।
ਬੱਡੇ ਬਾਈ ਹਰਿੱਕ ਗੱਲ 'ਚ ਧਰਮ ਵਾੜਨਾ ਕਿੱਧਰ ਦੀ ਸਿਆਣਫ ਆ .???......ਘੁੱਦਾ

ਬੈਂਤ

ਮੱਤ ਨਾ ਸਿਆਣੇ ਜੈਸੀ, ਚੌੜ ਨਾ ਨਿਆਣੇ ਜੈਸੀ
ਬੁੱਕਤ ਨਾ ਲਾਣੇ ਜੈਸੀ , ਜੇ ਥਬਾਕ ਰਹਿ ਜਵੇ

ਤਾਅ ਨਾ ਹੈ ਚੁੱਲ੍ਹੇ ਜੈਸਾ, ਸੂਫੀ ਨਾ ਕੋਈ ਬੁੱਲ੍ਹੇ ਜੈਸਾ
ਸੂਰਮਾ ਨਾ ਦੁੱਲੇ ਜੈਸਾ, ਹਿੱਕ ਉੱਤੇ ਬਹਿ ਜਵੇ

ਗਮ ਨਾ ਜੁਦਾਈ ਜੈਸਾ, ਨਿੱਘ ਨਾ ਰਜਾਈ ਜੈਸਾ
ਨਾ ਅੜਬ ਜਵਾਈ ਜੈਸਾ, ਜੇ ਕਲੇਸ ਪੈ ਜਵੇ

ਕਲੰਕ ਨਾ ਰਖੈਲ ਜੈਸਾ, ਸਿਦਕੀ ਨਾ ਬੈਲ ਜੈਸਾ
ਮਿੱਠਬੋਲੜਾ ਮਝੈਲ਼ ਜੈਸਾ, ਕਾਲਜੇ 'ਚ ਲਹਿ ਜਵੇ

ਪਿਆਰ ਨਾ ਭਰਾਵਾਂ ਜੈਸਾ, ਫਿਕਰ ਨਾ ਮਾਵਾਂ ਜੈਸਾ
ਪਿੰਡ ਦਿਆਂ ਰਾਹਵਾਂ ਜੈਸਾ ਮੋਹ ਨਾ ਜੇ ਪੈ ਜਵੇ

ਭਾਰ ਨਾ ਸ਼ਤੀਰੀ ਜੈਸਾ, ਨਾ ਰੁਤਬਾ ਫਕੀਰੀ ਜੈਸਾ
ਬੋਲ ਨਾ ਟਟੀਹਰੀ ਜੈਸਾ, ਜੇ ਕੰਨੀਂ ਕਿਤੇ ਪੈ ਜਵੇ

ਦੁੱਖ ਨਾ ਯਤੀਮ ਜੈਸਾ, ਸਖੀ ਨਾ ਹਕੀਮ ਜੈਸਾ
ਵੈਲ ਨਾ ਅਫੀਮ ਜੈਸਾ, ਹੱਡਾਂ ਵਿੱਚ ਬਹਿ ਜਵੇ

ਝੋਰਾ ਨਾ ਬਿਮਾਰੀ ਜੈਸਾ, ਤੇਜ਼ ਨਾ ਸ਼ਿਕਾਰੀ ਜੈਸਾ
ਨਾ ਚਸਕਾ ਜੁਆਰੀ ਜੈਸਾ, ਘਰ ਪਿੱਛੇ ਲੈ ਜਵੇ.......ਘੁੱਦਾ

ਸਾਡੇ ਆਲਾ ਵਾਜ਼ ਪੰਜਾਬ ਦੀ

ਪਰਾਰ ਦੀ ਗੱਲ ਆ ਭਰਾਵਾ। ਤਾਏ ਅਰਗੇ ਮੰਡੀ ਝੋਨਾ ਸਿੱਟੀ ਬੈਠੀ ਸੀਗੇ । ਸਾਡੇ ਆਲ਼ਾ ਨਿੱਕਾ ਗਰਨੈਬ ਸ਼ੈਕਲ ਦੇ ਹੈਂਡਲ ਤੇ ਪੋਣੇ 'ਚ ਬੰਨ੍ਹਕੇ ਮਗਰ ਰੋਟੀਆ ਲਜਾਇਆ ਕਰੇ। ਓਧਰੋਂ ਕੁਜਰਤੀਏਂ "ਅਵਾਜ਼ ਪੰਜਾਬ ਦੀ" ਆਲੇ ਬਠਿੰਡੇ ਆਏ ਸੀਗੇ ਮੁੰਡੇ ਕੁੜੀਆਂ ਚੁਗਣ ਖਾਤਰ। ਤਾਇਆ ਨਿੱਕੇ ਨੂੰ ਕੈਂਹਦਾ ਸਾਰਾ ਦਿਨ ਘਰੇ ਪਸੂ ਡਰੌਣਾ ਰੈਹਣਾ ਚੱਲ ਅੱਜ ਗਾਕੇ ਆ ਤੂੰਵੀਂ । ਸ਼ੈਕਲ ਮੂਹਰੇ ਡੰਡੇ ਤੇ ਸਾਡਾ ਆਲਾ ਬਹਾ ਲਿਆ ਤੇ ਪਿਛਲੀ ਕਾਠੀ ਤੇ ਸਾਡੇਆਲਾ ਸੀਰੀ, ਤਾਇਆ ਡਰੈਬਰ ਸ਼ੀਟ ਤੇ। ਆਅਅ ਕੀ ਖਿੱਚਤਾ ਸ਼ੈਕਲ ਖੜ੍ਹੀਆਂ ਬੱਸਾਂ ਗੱਡੀਆਂ ਨੂੰ ਓਬਰਟੇਕ ਕਰਦੇ ਜਾਣ ਏਹਤਾ। ਸਾਡੇਆਲੇ ਦੇ ਹੱਥ 'ਚ ਬੇਮੌਸਮੀ ਜੀ ਛੱਲੀ ਫੜ੍ਹੀ ਵਈ, ਉੱਤੇ ਨੂਨ ਭੁੱਕਕੇ ਨੀਬੂੰ ਘਸਾਇਆ ਬਾ।
ਜਾਬੜੇ ਭਰਾਵਾ । ਅੱਗਰੀ ਦਾ ਕੱਠ ਭਰਾਵਾ । ਲੈਨਾ ਲੱਗੀਆਂ ਬੀਆਂ ਤੇ ਮੁਲਖ ਅਈਂ ਆਖੀ ਜਾਵੇ "ਹਮ ਬਣੇਂਗੇ ਵਾਜ਼ ਪੰਜਾਬ ਕੀ" । ਸਾਡੇਆਲੇ ਦਾ ਬੀਕਾਸੂਲ ਦੇ ਕੈਪਸੂਲ ਜਿੱਦਾ ਕੱਦ ਭਰਾਬਾ ਤੇ ਏਹੇ ਲੂਤ ਲੂਤ ਕਰਦਾ ਫਿਰੇ ਕੈਮਰੇ ਮੂਹਰੇ ਜਾਕੇ ਕੈਂਹਦਾ "ਮੈਂ ਹੂੰ ਵਾਜ਼ ਪੰਜਾਬ ਕੀ" । ਕੈਮਰੇ ਆਲ਼ਾ ਕੈਹਦਾ ਪਰਧਾਨ ਛੱਲੀ ਨਾਲ ਖਾਖਾਂ ਲਬੇੜੀ ਫਿਰਦਾ ਮੂੰਹ ਧੋਲਾ ਪਹਿਲਾਂ ਗੈਕੀ ਜਹਾਬੇਆ। ਮੁੜਕੇ ਅੰਦਰ ਬੋਲ ਮਾਰ ਲਿਆ ਭਰਾਵਾ।
ਸਾਡੇਆਲਾ ਸਟੇਜ ਤੇ ਬਾਗਿਆ । ਜੱਜ ਨੇ ਸਬ੍ਹੈਹਕੀ ਪੁੱਛਲਿਆ ," ਕਿੱਥੋਂ ਆਇਆ ਨਿੱਕਿਆ?" ਸਾਡੇਆਲਾ ਕੁਸ ਸੋਚਕੇ ਜੇ ਕੈਂਹਦਾ, "ਮੈਂ ਕਮਲਾ ਨਹਿਰੂ ਕਲੋਨੀ ਸੇ ਆਇਆ ਹੂੰ"
ਜੱਜ ਕੈਂਹਦਾ ਜੂੜਾ ਤਾਂ ਤੇਰਾ ਲੁੱਦੇਆਣੇ ਆਲੀ ਸੈੜ ਜਾਂਦਾ, ਪਿੰਡੋਂ ਆਇਆ ਲੱਗਦਾਂ। ਸਾਡੇਆਲੇ ਦੇ ਝੁੱਗੇ ਦੇ ਉੱਤਲੇ ਦੋ ਗਦਾਮ ਟੁੱਟੇ ਬਏ ਨਾਲ ਲਾਸ਼ਟਿਕ ਆਲੀ ਨੀਕਰ ਪਾਈ ਵਈ ਤੇ ਪੈਰੀਂ ਏਹ ਚਿੱਟੇ ਜੇ ਫਲੀਟ ਪਾਈ ਫਿਰੇ । ਸਾਡੇਆਲੇ ਨੇ ਗੀਤ ਸ਼ਟਾਟ ਕਰਤਾ , ਇੱਕ ਹੱਥ 'ਚ ਮੈਕ ਫੜ੍ਹਿਆ ਬਾ ਦੂਜਾ ਹੱਥ ਨਿੱਕਰ ਨੂੰ ਪਾਇਆ ਬਾ, ਸਾਡੇਆਲੇ ਨੂੰ ਐਂ ਸੀ ਕਿਤੇ ਨੇਜਾਣੀਏ ਨਿੱਕਰ ਡਿੱਗਕੇ ਜਾਹ - ਜਾਂਦੀ ਨਾ ਹੋਜੇ।
ਮੁਲਖ ਦੇ ਸਪੋਟਰ wow wow ਕਰਨ , ਬੁਰੇ ਹਾਲ ਚੀਕਾਂ ਮਾਰਨ। ਸਾਡੇ ਆਲੇ ਦੋ ਸਮਰਥਕ ਸੀ, ਇੱਕ ਤਾਇਆ ਤੇ ਦੂਜਾ ਸੀਰੀ। ਪਸੇਰੀ ਪਸੇਰੀ ਪੱਕੇ ਦੇ ਹੱਥ ਦੋਹਾਂ ਦੇ ਤਾੜੀਆਂ ਮਾਰਨ ਲਾਗੇ, ਖੜਕਾਟ ਪਿਆ ਪਵੇ , ਪੜਦੇ ਹਿੱਲਣ ਲਾਤੇ ਏਹਨਾਂ ਦੋਹਾਂ ਨੇ। ਸਾਡੇਆਲਾ ਦੋ ਕ ਲੈਨਾਂ ਗਾਕੇ ਹਟਿਆ ਸੀ ਤੇ ਜੱਜਾਂ ਨੇ ਬਾਹਾਂ ਖੜ੍ਹੀਆਂ ਕਰਤੀਆਂ।
ਜੱਜ ਕੈਂਹਦਾ ਕਲਾਕਾਰੀ ਜਹਾਬੇਆਂ ਬੋਲ ਤਾਂ ਤੇਰਾ ਐਂ ਨਿਕਲਦਾ ਜਿਮੇਂ ਤੌੜੇ 'ਚ ਭੂੰਡ ਛੱਡਿਆ ਹੁੰਦਾ। ਪਿੱਛੇ ਖੜ੍ਹੇ ਤਾਏ ਅਰਗੇ ਢਿੱਡ 'ਚ ਅਈਂ ਸੋਚੀਂ ਜਾਣ ਬੀ ਖੌਣੀ ਸਾਡੇਆਲੇ ਨੇ ਗਾਕੇ ਈ ਜੱਜਾਂ ਦੀ ਬਾਹਾਂ ਖੜ੍ਹੀਆਂ ਕਰਾਤੀਆਂ।.....ਘੁੱਦਾ

Thursday, 15 August 2013

ਪਰਤਿਆਈਆਂ ਬੀਆਂ ਗੱਲਾਂ

ਪਰਤਿਆਈਆਂ ਬੀਆਂ ਗੱਲਾਂ.....ਪੜ੍ਹਿਓ ਗੌਰ ਨਾ
1.ਜਦੋਂ ਤੱਕ ਬੰਦੇ ਦੀ ਪਿੰਡ 'ਚ ਵਾਹਵਾ ਇੱਜ਼ਤ ਹੋਵੇ ਓਦੋਂ ਲੰਘਦੇ ਟੱਪਦੇ ਵੇਖਣ ਆਲ਼ਾ ਬੰਦਾ ਬੋਲਦਾ ,"ਆਹ ਜਾਂਦਾ ਫਲਾਣੇਆਂ ਦਾ ਮੁੰਡਾ"।
ਤੇਂ ਜਦੋਂ ਪੁੱਠਾ ਸਿੱਧਾ ਕੰਮ ਕਰਕੇ ਬੰਦੇ ਦੀ ਪਿੰਡ 'ਚ ਧੇਲਾ ਹੋਜੇ ਓਦੋਂ ਨੰਘਦੇ ਟੱਪਦੇ ਵੇਖਣ ਆਲ਼ਾ ਐਂ ਬੋਲਦਾ ," ਓਏ ਓਏ ਆਹੀ ਆ ਓਏ ਉਹਨ੍ਹਾਂ ਦਾ ਮੁੰਡਾ"
2. ਬੰਦੇ ਦਾ ਕੀ ਸ਼ੌਕ ਆ? ਜੇ ਏਹ ਵੇਖਣਾ ਹੋਵੇ ਤਾਂ ਸਕੂਲ ਟੈਮ ਦੀ ਕਾਪੀ ਦੇ ਪਿਛਲੇ ਵਰਕਣੇ ਫਰੋਲੋ। ਪਤਾ ਲੱਗਜੂ। ਜੇ ਲਿਖਾਰੀ ਟੈਪ ਫੀਲਿੰਗ ਹੋਵੇ ਤਾਂ ਚਾਰ ਲੈਨਾਂ ਜੋੜਕੇ ਗੀਤ ਗੱਪਾ ਲਿਖਿਆ ਹੋਊ ਜੇ ਚਿੱਤਰਕਾਰੀ ਫੋਟੋਗ੍ਰਾਫੀ ਦਾ ਸ਼ੌਕ ਹੋਵੇ ਫੇਰ ਝਰੀਟਾਂ ਮਾਰਕੇ ਫੋਟੂ ਵਾਹੀ ਹੋਊ ਪੱਕਾ।
3 ਗਲਤੀ ਬਸ਼ੱਕ ਕਿਸੇ ਦੀ ਹੋਵੇ ਪਰ ਗੀਤਾਂ 'ਚ ਮਿਹਣੇ ਕੁੜੀਆਂ ਨੂੰ ਈ ਮਾਰੇ ਜਾਂਦੇ ਨੇ ਕਿਓਕੇਂ ਲਿਖਣ ਤੇ ਗਾਉਣ ਆਲਾ ਰੁਝਾਨ ਮੁੰਡੇਆਂ 'ਚ ਬਾਹਲਾ ਹੁੰਦਾ।
4 .ਬੀ.ਏ , ਐੱਮ. ਏ ਜਾਂ ਹੋਰ ਭੜਾਈਆਂ ਆਲੇ ਤਾਂ ਘੱਟ ਵਰਤਦੇ ਨੇ ਪਰ ਇੰਜਨੀਅਰਿੰਗਾਂ ਆਲ਼ੇ ਫੇਸਬੁੱਕ ਦੀ ਬਾਹਰੀ ਨੇਹਰੀ ਬਣੌਂਦੇ ਨੇ।
5. ਭਮਾਂ ਕੋਈ ਮੈਸਜ ਜਾਂ ਕਾਲ ਨਾ ਵੀ ਆਈ ਹੋਵੇ ਪਰ ਫਿਰ ਵੀ ਤਕਰੀਬਨ ਦਸ ਮਿੰਟਾਂ ਬਾਅਦ ਹਰਿੱਕ ਬੰਦਾ ਆਵਦਾ ਫੋਨ ਲਾਜ਼ਮੀ ਚੈੱਕ ਕਰਦਾ।
6. ਭਮਾਂ ਹੱਥ 'ਚ ਪਲਾਸ ਫੜ੍ਹਿਆ ਹੋਵੇ ਪਰ ਪੰਜਾਬੀ ਬੰਦਾ ਤਾਰ ਫੇਰ ਵੀ ਦੰਦਾਂ ਨਾਲ ਈ ਛਿੱਲਦਾ ......ਘੁੱਦਾ