Saturday, 20 July 2013

ਚੱਲ ਪੁੱਛੀਏ

ਚੱਲ ਪੁੱਛੀਏ ਝਨਾਂ ਦੀਆਂ ਛੱਲਾਂ ਨੂੰ
ਉਸ ਕਿੱਥੇ ਲਕੋਇਆ ਸੋਹਣੀ ਨੂੰ
ਤੀਰ ਟੁੱਟਗੇ ਤਰਕਸ਼ ਖਾਲੀ ਸੀ
ਕੋਈ ਟਾਲ ਸਕੇ ਨਾ ਹੋਣੀ ਨੂੰ
ਕੱਠ ਹੋਇਆ ਗੋਰਖ ਦੇ ਟਿੱਲੇ ਤੇ
ਕੋਈ ਖੜ੍ਹਿਆ ਏ ਜੋਗ ਲੈਣ ਲਈ
ਹੱਥ ਕਾਸਾ ਕੰਨੀ ਮੁੰਦਰਾਂ ਨੇ
ਤੇ ਰਾਹ ਖੇੜਿਆਂ ਦੇ ਪੈਣ ਲਈ
ਫੇਰ ਖਾਲੀ ਘੋੜੀ ਹਿਣਕ ਰਹੀ
ਕੀ ਹੋਇਆ ਦੱਸ ਅਸਵਾਰਾਂ ਨੂੰ
ਕਿਸ ਟੂਣਾ ਚੌਰਾਹੇ ਵਿੱਚ ਕੀਤਾ
ਜੋ ਲੱਗੀ ਨਜ਼ਰ ਪਿਆਰਾਂ ਨੂੰ
ਕਹਾਣੀ ਓਹੀ ਪਾਤਰ ਨਿੱਤ ਨਵੇਂ
ਬਾਜ਼ੀ ਰਾਸ ਨਾ ਆਏ ਹਜ਼ਾਰਾਂ ਨੂੰ
ਯਾਰ ਰੂਹ ਦਾ ਮੁੱਲ ਨਾ ਵਿਕਦਾ
ਨਿੱਤ ਗੇੜੇ ਮਾਰ ਬਜ਼ਾਰਾਂ ਨੂੰ ...ਘੁੱਦਾ

ਮੇਰੇ ਪਿੰਡ ਆਲੇ ਆੜੀ

ਜੂਨ ਮਹੀਨੇ ਸਕੂਲੋਂ ਛੁੱਟੀਆਂ ਹੋਇਆ ਕਰਨ। ਸਾਡੇ ਘਰਾਂ ਦੇ ਪਿਛਲੇ ਪਾਸੇ ਨੌਹਰਾ ਸੀ ਕਿਸੇ ਦਾ ,ਕੱਚੀਆਂ ਇੱਟਾਂ ਦਾ ਆਰਜੀ ਜਾ ਵਲਗਣ ਮਾਰਿਆ ਵਾ ਸੀ। ਓਸ ਬਾੜੇ 'ਚ ਗਰਮੀਆਂ ਦੀਆਂ ਦੁਪੈਹਰਾਂ ਨੂੰ ਅਸੀਂ ਨਿੰਮਾਂ ਤੇ ਗਾਲ੍ਹੜ ਟੁੱਕ ਖੇਡਿਆ ਕਰੀਏ। ਆਥਣੇ ਲੁਕਣ ਮਚੀਚੀਆਂ ਦਾ ਬਾਹਲਾ ਰਬਾਜ ਸੀ। ਹੱਦਾਂ ਬਗਲੀਆਂ ਬੀਆਂ ਸੀ। ਹੋਧਰ ਖੂਹਆਲਾ ਏਰੀਆ ਤੇ ਜੂਜੇ ਪਾਸੇ ਪੰਡਤਾਂ ਦੇ ਘਰ ਹੱਦ ਹੁੰਦੀ । ਜੇ ਕੋਈ ਏਹਤੋਂ ਬਾਹਰ ਜਾਕੇ ਲੁਕਦਾ ਤਾਂ ਉਹਦੇ ਸਿੱਕਰ ਸੱਤ ਦਾਵੀਆਂ ਹੁੰਦੀਆਂ। ਆਥਣੇ ਘੇਰਾ ਬਗਲਕੇ , ਚਪਲਾਂ ਕੱਠੀਆਂ ਕਰਕੇ ਬਾਂਦਰ ਕਿੱਲਾ ਖੇਡਦੇ। ਤਾੜ ਤਾੜ ਪੈਂਦੀਆਂ ਆਅਅ ਕੀ ਢੂਈਆਂ ਤੇ ਲੀਲ ਪੈ ਜਾਂਦੇ। ਫਲਾਫੇਆਂ ਨੂੰ ਬਲੇਟਾਂ ਨਾਲ ਕੱਟਕੇ ਬਹੁਕਰ ਦੀਆਂ ਤੀਲਾਂ ਪਾਕੇ ਘਰੇ ਪਤੰਗ ਬਣੌਂਦੇ ਫੇਰ ਨਿਆਈਆਂ 'ਚ ਤ੍ਰੇਲੀਆਂ ਕਣਕਾਂ ਆਲੇ ਵਾਹਣਾਂ 'ਚ ਜਾਕੇ ਚੜ੍ਹਾਉਂਦੇ। ਪੁਰਾਣੀਆਂ ਕੈਸ਼ਟਾਂ 'ਚੋਂ ਕੱਢੀਆਂ ਰੀਲਾਂ ਨੂੰ ਐਸ ਅ ਡੋਰ ਯੂਸ ਕਰਦੇ। ਨਿੰਮਾਂ ਦੀਆਂ ਨਮੋਲੀਆਂ ਗਲੇਲਾਂ 'ਚ ਵਰਤਦੇ। ਦੀਵਾਲੀ ਟੈਮ ਪੰਜਾਂ ਪੰਜਾਂ ਆਲੇ ਪਸਤੌਲਾਂ 'ਚ ਰੀਲ ਆਲੇ ਭੜਾਕੇ ਪਾਕੇ ਚੋਰ ਸ਼ਪਾਹੀ ਖੇਡਦੇ। ਹਰਿੱਕ ਐਤਬਾਰ ਚਾਰ ਆਲੀਆਂ ਫਿਲਮ ਦੇਂਹਦੇ ਰਲਕੇ। ਸਮਾਂ ਬਦਲ ਗਿਆ। ਘੋਨੀਆਂ ਜੀਆਂ ਸ਼ਕਲਾਂ ਤੇ ਦਾਹੜੀਆਂ ਉੱਗਰ ਆਈਆਂ। ਕੰਮ ਕਾਰ ਫਿਕਰ ਝੋਰੇਆਂ ਨੇ ਘੇਰ ਲਿਆ ਸਾਰਿਆਂ ਨੂੰ। ਫਿਰਵੀ ਜਿੰਦਾ ਦਿਲ ਨੇ ਸਾਰੇ ਈ। ਖੌਣੀ ਜਾਪੇ ਵੇਲੇ ਮਾਵਾਂ ਨੇ ਪੰਜੀਰੀ 'ਚ ਕੇਹੜੀ ਕਮਰਕੱਸ ਰਲਾਕੇ ਖਾਧੀ ਸੀ, ਅਖਰੋਟਾਂ ਅਰਗੇ ਕਲੇਜੇ ਨੇ ਪਤਿਓਰਿਆਂ ਦੇ। ਫਰਿੰਡ ਜਾਂ ਦੋਸਤ ਅਰਗੇ ਲਫਜ਼ ਨੀਂ ਲਾਗੂ ਹੁੰਦੇ ਏਹਨਾਂ ਤੇ। ਸਾਡੇ ਘਰੇ ਵਿਆਹ 'ਚ ਸਾਥੋਂ ਵੱਧ ਫਿਕਰ ਨਾ ਮੂਹਰੇ ਹੋ ਹੋ ਕੰਮ ਕਰਿਆ ਮੇਰੇ ਨਾਲ ਦਿਆਂ ਨੇ।
ਚੁੰਨੀ ਦੀ ਗੁੱਠ ਨਾ ਬੱਝੇ ਦਸਾਂ ਦੇ ਚੇਪੀ ਆਲੇ ਨੋਟ ਨੇ ਏਹੇ, ਕੱਚੇ ਪਹੇ ਦੇ ਬੰਨੇਆਂ ਤੇ ਉੱਗੇ ਅੱਕਾਂ ਕਰੀਰਾਂ ਅਰਗੇ,ਤੁੱਕੇ ਝਾੜ ਕੇ ਹਟੇ ਕਿੱਕਰ ਦੀ ਵਿਰਲੀ ਜੀ ਛਾਂ ਅਰਗੇ, ਬਸ ਪੂਛਲ ਤਾਰੇ ਅੰਗੂ ਚਮਕਦੇ ਰੈਹਣ, ਇੱਜੜ ਦੀ ਧੂੜ ਨਾ ਗਵਾਚਣ ਕਿਧਰੇ । ਬੇਬੇ ਦੀ ਅਸੀਸ ਅਸਰ ਕਰੇ ਤੇ ਜੁਗੋ ਜੁੱਗ ਜਿਓਂਦੇ ਰਹਿਣ ਖੂਹਆਲੇਆਂ ਦਾ ਬੀਤ, ਚੇਤਾ ਤੇ ਤਾਰੀ , ਢਿੱਲੋਆਂ ਦਾ ਬਲਕਾਰ ਤੇ ਜੱਗਾ, ਬਾਗਆਲੇਆਂ ਦਾ ਬਿੰਦਰ, ਮਲੂਕੇ ਆਲੇਆਂ ਦਾ ਪਿੰਦੂ, ਤਿਓਣੇ ਆਲਾ ਨਿੱਕਾ ਅਨਮੋਲ, ਚਹਿਲਾਂ ਦਾ ਮਾਣਕ, ਤੇ ਸਾਡੇ ਆਲ਼ਾਂ ਨਿੱਕਾ ਗਰਨੈਬ । ਧਨਵਾਦ ਸ਼ੁਕਰੀਆ ਅਰਗੇ ਲਫਜ਼ ਹੋਰਾਂ ਖਾਤਰ ਹੁੰਦੇ ਨੇ।...ਘੁੱਦਾ

ਪਰਤਿਆਈਆਂ ਵਈਆਂ ਗੱਲਾਂ

ਪਰਤਿਆਈਆਂ ਵਈਆਂ ਗੱਲਾਂ...ਫੇਰ ਗੌਰ ਕਰੋ ਐਂਰਕੀਂ
1. ਅੱਜਕੱਲ ਪਿੰਡਾਂ ਚ ਜਵਾਕ ਜੰਮਣ ਦਾ ਕਿਸੇ ਨੂੰ ਉਨਾਂ ਚਾਅ ਨੀਂ ਚੜਦਾ ਜਿੰਨਾ ਸਲੈਂਡਰਾਂ ਆਲੀ ਗੱਡੀ ਆਉਣ ਤੇ ਚੜਦਾ
2. ਪਿੰਡਾਂ ਦੇ ਵਿਆਹਾਂ ਚ ਹਲਵਾਈ ਸਾਰਾ ਘਰ ਛੱਡਕੇ ਹਮੇਸ਼ਾ ਪਸੂਆਂ ਆਲੇ ਬਰਾਂਡੇ ਚ ਈ ਬਿਠਾਇਆ ਜਾਂਦਾ
3. ਆਪਣਾ ਮੁਲਖ ਦਾਰੂ ਦਾ ਸ਼ੌਂਕੀ ਘੱਟ ਆ ਤੇ ਲਾਲਚੀ ਬਾਹਲਾ ਨਜ਼ੈਜ਼ ਆ
4. NRI ਪੰਜਾਬੀ ਪੰਜਾਬ ਦਾ ਬਾਹਲਾ ਫਿਕਰ ਕਰਦੇ ਨੇ। ਚਲੋ ਚੰਗੀ ਗੱਲ ਆ ਪਰ ਫੇਸਬੁੱਕ ਤੇ ਕਮੈਂਟਾਂ ਚ ਲਪੜੋ ਲਪੜੀ ਵੀ ਬਾਹਲਾ ਹੁੰਦੇ ਆ ਧਰਮ ਨਾ
5. ਕਈ ਬੰਦੇ ਰੋਟੀ ਖਾ ਕੇ ਬਾਹਲ਼ੀ ਚਵਲ ਮਾਰਦੇ ਨੇ, ਪਤੰਦਰ ਥਾਲੀ ਚ ਈ ਹੱਥ ਧੋਕੇ ਚਕਲ ਵਕਲਾ ਜਾ ਕੰਮ ਕਰ ਦੇਦੇ ਨੀ ਤੇ ਨਾਲ ਦੇ ਦਾ ਖਾਣਾ ਦੁੱਭਰ ਕਰ ਦੇਣਗੇ
6. ਵਿਆਹਾਂ ਸ਼ਾਦੀਆਂ ਚ ਖਾ ਖਾ ਕੇ ਆਪਣੇ ਮੁਲਖ ਦਾ ਢਿੱਡ ਤਾਂ ਭਰ ਜਾਂਦਾ ਪਰ ਨੀਤ ਨੀਂ ਭਰਦੀ। ਅੱਧੀ ਅੱਧੀ ਕੈਲੋਂ ਗਲਾਬਜਾਮਨਾਂ ਖਾਕੇ ਢਿੱਡ ਤਾਂ ਭੂੰਗ ਆਲੀ ਟਰੈਲੀ ਅੰਗੂ ਪਾਟਣ ਤੇ ਆਇਆ ਵਾ ਹੁੰਦਾ ਫਿਰ ਵੀ ਕੁਰਸੀਆਂ ਤੇ ਬੈਠੇ ਅਈਂ ਕਰੀ ਜਾਣਗੇ ,"ਨਿੱਕਿਆ ਚਾਟ ਆਲੇ ਨੂੰ ਭੇਜੀਂ ਚਾਟ ਆਲੇ ਨੂੰ" ...ਘੁੱਦਾ

ਪੁੱਤ ਸੁਣਾਦੇ ਖਬਰਾਂ ਵੇ

ਲੈ ਸੁਣੀਂ ਨਿੱਕਿਆ ਓਏ ਅਖਬਾਰਾਂ ਦੀਆਂ ਖਬਰਾਂ
ਓਤਰਾਖੰਡ ਮਰਿਆਂ ਨੂੰ ਨਸੀਬ ਹੋਈਆਂ ਨਾ ਕਬਰਾਂ
ਜੇਹੜਾ ਰੱਬ ਲੱਭਦੇ ਸੀ ਓਹ ਵੀ ਵਿੱਚੇ ਰੁੜ੍ਹ ਗਿਆ
ਕੱਢੇ ਹੈਲੀਕਵਾਟਰਾਂ ਨੇ ਅੰਨ ਪਾਣੀ ਵੀ ਥੁੜ੍ਹ ਗਿਆ
ਬੇਦੋਸ਼ੇ ਹਜ਼ਾਰਾਂ ਈ ਪਵਿੱਤਰ ਗੰਗਾ ਰੋੜ੍ਹ ਕੇ ਲੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿ ਗਈ

ਕਾਂਗਰਸ ਅਕਾਲੀ ਵੀ ਰਹੇ ਪੰਚੈਤੀ ਚੋਣਾਂ ਤੇ ਭਾਰੂ
ਆਟਾ ਦਾਲ ਆਲੇਆਂ ਨੇ ਐਂਰਕੀ ਫਰੀ ਵੰਡੀ ਸੀ ਦਾਰੂ
ਵਾਅਦੇ ਕਰੇ ਤਰੱਕੀ ਦੇ ਨਸ਼ੇ ਕੁੱਲ ਮੁਲਖ ਨੂੰ ਵੰਡੇ
ਬਾਕੀ ਸੋਫੀ ਵੋਟਰਾਂ ਦੇ ਘਰ ਘਰ ਜਾ ਫੜ੍ਹਾਏ ਠੰਡੇ
ਸਰਪੰਚੀ ਜਿੱਤਣ ਲਈ ਕਿੱਲਾ ਬੈਅ ਕਰਾਉਣੀ ਪੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿ ਗਈ

"ਮੈਂ ਕੱਟੜ ਹਿੰਦੂ ਆਂ" ਹੁੱਬਕੇ ਨਰਿੰਦਰ ਮੋਦੀ ਕਹਿੰਦਾ
ਗੋਧਰਾ ਕਾਂਡ ਆਲੇਆਂ ਨਾ ਸਾਨੂੰ ਕੋਈ ਫਰਕ ਨੀਂ ਪੈਂਦਾ
ਕੀ ਬਣਨਾ ਭਾਜਪਾ ਦਾ ਜੇ ਅਡਵਾਨੀ ਹੱਥੋਂ ਖੋ ਲਿਆ
ਰਲਕੇ ਤੋਕੜ ਮਹਿੰ ਅੰਗੂ ਨਿਆਣਾ ਪਾਕੇ ਚੋ ਲਿਆ
ਕਲੀਨ ਚਿੱਟਾਂ ਪਿੱਛੋਂ ਵੀ ਟੈਟਲਰ ਤੇ ਜਾਂਚ ਦਬਾਰੇ ਪੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿ ਗਈ

ਨਿੱਤ L.O.C ਤੇ ਪਾਕਿ ਵੀ ਨਿੱਤ ਈ ਗੋਲੀ ਚਲਾਵੇ
ਓਧਰ ਚੁੱਚੀ ਅੱਖਾ ਜਾ ਚੀਨ ਚੜ੍ਹਿਆ ਭਾਰਤ ਤੇ ਆਵੇ
ਪਰਾਂ ਦੱਖਣੀ ਭਾਰਤ 'ਚ ਪੈਂਦਾ ਤੇਲੰਗਾਨਾ ਦਾ ਰੌਲਾ
ਅੰਤਰਰਾਸ਼ਟਰ ਮੰਡੀ 'ਚ ਰੁਪਈਆ ਹੋਰ ਹੋਗਿਆ ਹੌਲ਼ਾ
ਚਿੱਤ ਅੱਕੇ ਕਿਸਾਨੀ ਤੋਂ ਜਵਾਨੀ ਜ਼ਹਾਜ਼ਾ ਜੋਗੀ ਰਹਿਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿ ਗਈ......ਘੁੱਦਾ

ਸਾਡੇ ਲੋਕ

ਹਲਾਂ ਮਗਰ ਉੱਡਦੇ ਬਗਲਿਆਂ ਦੀਆਂ ਡਾਰਾਂ ਤੋਂ ਉੱਡਣਾ ਸਿੱਖਦੇ ਆ ਅਸੀਂ।
ਸਾਉਣ ਮਹੀਨੇ ਪੈਂਦੀਆਂ ਫੁਹਾਰਾਂ ਕਰਕੇ ਲਾਚੜੀਆਂ ਕੋਇਲਾਂ ਦੀ ਕੂਕ ਸਾਡੇ ਕੰਨੀਂ ਵਸੀ ਵਈ ਆ।
ਸੂਏਆਂ 'ਚ ਰੁੜ੍ਹੇ ਆਉਂਦੇ ਲਲੇਰਾਂ ਅਰਗੇ ਕਾਲਜੇ ਨੇ ਸਾਡੇ ਲੋਕਾਂ ਨੇ। ਉੱਤੋਂ ਕੱਛੂਕੁੰਮੇ ਦੀ ਖੱਲ ਅਰਗੇ ਸਖਤ ਤੇ ਅੰਦਰੋਂ ਗਿਰੀ ਅਰਗੇ ਸਫੈਦ ਤੇ ਕੂਲੇ। ਝੋਨੇ ਦੇ ਵਾਹਣ 'ਚੋਂ ਕਹੀ ਦੇ ਟੱਕ ਨਾ ਚੱਕੀ ਗਾਚੀ ਅਰਗੇ ਲੋਕ, ਜਿੱਥੇ ਅੜਗੇ ਸੋ ਅੜਗੇ । ਝੋਰਿਆਂ ਨਾ ਧਵਾਂਖੇ ਚਿਹਰਿਆਂ ਤੋਂ ਸਦਾ ਚੜ੍ਹਦੀ ਕਲਾ ਈ ਸੁਣੀ ਆ। ਦੋ ਵੀਲ੍ਹੇ ਫੀਟਰਾਂ ਦੀ ਠੁੱਕ ਠੁੱਕ ਜਿਮੇਂ ਕੰਨਾਂ 'ਚ ਘਰ ਕਰਗੀ ਹੋਵੇ।
ਢਿੱਲੀ ਪੱਗ ਦਾ ਲੜ ਮੂੰਹ ਅੱਗੇ ਕਰਕੇ ਖਾਲੇ 'ਚੋਂ ਪਾਣੀ ਪੀਣ ਆਲੇ ਏਹ ਲੋਕ ਦੱਸ ਸਕਦੇ ਨੇ ਬਿਸਲੇਰੀ ਬਾਟਰ 'ਚ ਕੀ ਕਮੀਆਂ ਨੇ।
ਚੌਰਾਸੀ ਸੰਤਾਲੀ ਵੇਲੇ ਕੱਖਾਂ ਆਲੀ ਸਰਪੇਅ ਦੀਆਂ ਢੋਲੀਆਂ ਭਰ ਭਰ ਛਿੜਕੀਆਂ ਸੀ ਖੱਬਲ ਅਰਗੇ ਲੋਕਾਂ ਤੇ। ਪਰ ਨਰਮੇ ਦੇ ਵਾਹਣਾਂ 'ਚ ਧੱਕੇ ਨਾਲ ਉੱਗਰੀ ਇੱਟਸਿੱਟ ਅਰਗੇ ਢੀਠ ਲੋਕ ਫੇਰ ਹਰੇਬਾਈ ਫੜ੍ਹਗੇ ਤੇ ਵੱਟਾਂ ਵੀ ਟੱਪਗੇ ਨਰੰਤਰ ਵਧਦੇ ਗਏ। ਬਰਾਨੀ ਵਾਹਣਾਂ ਦੀਆਂ ਸਰ੍ਹੋਆਂ ਅਰਗੇ , ਸਿਆਲ ਦੇ ਪਿਛਲੇ ਜੇ ਪੱਖ ਖਿੜੇ ਪੀਲੇ ਫੁੱਲਾਂ ਅਰਗੇ ਲੋਕ। ਤਖਤ ਹਜ਼ਾਰੇ ਤੋਂ ਲੈ ਦਾਨਾਬਾਦ ਤੱਕ ਦਾ ਸਫਰ ਈ ਨਹੀਂ ਕੀਤਾ ਏਹਨਾਂ ,ਸਗੋਂ ਸੁਨਾਮ ਤੋਂ ਵਾਇਆ ਅੰਬਰਸਰ ਹੋਕੇ ਕੈਕਸਟਨ ਵੀ ਪਹੁੰਚੇ ਨੇ।
ਤਿੰਨ ਪਾਸਿਓਂ ਖਿੱਚਾਂ ਪਾਕੇ ਖਲ੍ਹਾਰੇ ਨਿਸ਼ਾਨ ਸਾਹਬ ਦੇ ਸਿਖਰ ਤੇ ਝੂਲਦਾ ਕੇਸਰੀ ਰੰਗ ਦਾ ਨਿਸ਼ਾਨ ਸਾਬ੍ਹ ਖੌਣੀ ਕੇਹੜੀ ਅਨਰਜ਼ੀ ਦੇਂਦਾ।
ਪਿੱਛੇ ਖਲੋਤਾ ਲੰਮੇ ਨੀਲੇ ਚੋਲੇ ਆਲਾ ਨਹੰਗ ਸਿੰਘ ਭਰਮੀਂ ਦਾਹੜੀ ਆਲੇ ਚਿਹਰੇ ਤੇ ਰਵ੍ਹਾਨਗੀ ਲਿਆਕੇ , ਲੰਮਾ ਸਾਹ ਖਿੱਚ ਫਿਫਰਿਆਂ 'ਚ ਹਵਾ ਭਰਕੇ ਹਜ਼ਾਰਾਂ ਚੁੱਪਾਂ ਨੂੰ ਤੋੜਦਾ ਕਲੇਜਾ ਚੀਰਦੀ ਜਾਂਦੀ ਗਰਜ਼ਵੀ ਅਵਾਜ਼ 'ਚ ਸਦੀਆਂ ਪੁਰਾਣਾ ਜੈਕਾਰਾ ਬੋਲਦਾ "ਬੋਲੇ ਸੋ ਨਿਹਾਲ"।
ਬੋਹੜਾਂ ਤੇ ਬੈਠੇ ਜਨੌਰ ਨਿਡਰ ਹੋਕੇ ਨੀਲੇ ਅਸਮਾਨ ਨੂੰ ਉਡਾਰੀ ਭਰਦੇ ਨੇ, ਸਿਰੋਂ ਲੈ ਪੈਰਾਂ ਤਾਂਈ ਜਿਮੇਂ ਧੁੜ ਧੁੜੀ ਜੀ ਉੱਠਦੀ ਹੋਵੇ। ਤੇ ਆਪ ਮੁਹਾਰੇ ਮੂੰਹੋਂ ਨਿੱਕਲ ਜਾਂਦਾ "ਸਤਿ ਸ੍ਰੀ ਅਕਾਲ"....ਘੁੱਦਾ

ਨਿੱਕਾ ਗਰਨੈਬ ਕੌਂਨਮੈਂਟੀ ਸਕੂਲ਼ 'ਚ

ਸਾਡੇ ਆਲੇ ਨਿੱਕੇ ਗਰਨੈਬ ਨੂੰ ਪਿੰਡੋਂ ਠਾਅ ਕੇ ਬਠਿੰਡੇ ਕੌਂਨਮੈਂਟੀ ਸਕੂਲ 'ਚ ਲਾਤਾ ਭਰਾਵਾ ਤਾਏ ਅਰਗੇਆਂ ਨੇ।
ਮੈਨੂੰ ਮੇਦ ਆ ਬੀ ਠਾਂਨਮੇਂ ਨੜਿੱਨਮੇਂ ਗੱਲ ਆ ਏਹੇ। ਹਸਾਬ, ਸਮਾਜਿਕ , ਬਿਗਿਆਨ ਸਾਰਾ ਕੁਸ ਅੰਗਰੇਜ਼ੀ 'ਚ ਈ ਚੱਲਿਆ ਕਰੇ ਸਕੂਲ 'ਚ ਬਾਹਲੀ ਗੱਲ ਕੀ ਆ ਓੜਾ ਆੜਾ ਵੀ ਅੰਗਰੇਜ਼ੀ 'ਚ ਭੜਾਉਣ ਤੱਕ ਜਾਣ।
ਸਾਡੇ ਆਲ਼ਾ ਲਾਜਬਰ ਨਾ ਧੋਤੀ ਚਿੱਟੀ ਬੁਸ਼ਲਟ ਬੇਮਲੂਮੀ ਜੀ ਪਰਿੱਸ ਕਰਕੇ ਪਾਇਆ ਕਰੇ ਨਾਲ ਭਰਾਵਾ ਸੁਰਮੇਰੰਗੀ ਨੀਕਰ ਹੋਇਆ ਕਰੇ ਏਹਦੇ। ਦੁਪੈਹਰੇ ਲੰਚ ਟੈਮ ਸਾਡੇ ਆਲ਼ਾ ਅੰਬ ਦੇ ਚਾਰ ਨਾਲ ਤਿੰਨ ਚੂੰਡੇ ਪਰੌਂਠਿਆਂ ਆਲ਼ਾ ਪੋਣਾ ਖੋਲ੍ਹ ਲਿਆ ਕਰੇ ਨਾਲ ਚੁਬੜਾਂ ਦੀ ਚਟਣੀ ਭਰਾਵਾ। ਆਅਅ ਕੀ ਪਰੈਸੀਪਲ ਦੇ ਦਫਤਰ ਤਾਂਈ ਲਪਟਾਂ ਆਇਆਂ ਕਰਨ ਅੰਬ ਦੇ ਚਾਰ ਦੀਆਂ। ਸਾਰਾ ਸ਼ਟਾਫ ਬਿੜਕਾਂ ਲਿਆ ਕਰੇ ," ਯਹ ਲੜਕਾ ਕੌਨ ਸੀ ਡਿਸ਼ ਬਨਾਕਰ ਲਾਇਆ ਹੈ?"
ਸਾਡੇ ਆਲੇ ਦੀਆਂ ਓਹੀ ਘਦਿੱਤਾਂ ,ਪਤੰਦਰ ਪੈੱਨ 'ਚੋਂ ਛਿੱਕਾ ਕੱਢਕੇ ਸੂਤਾ ਮਾਰਿਆ ਕਰੇ ਜਾਂ ਝੋਲੇ ਬਿੱਚਦੀ ਪਰਕਾਰ ਟਪਾਕੇ ਮੂਹਰਲੇ ਜਬਾਕ ਦੀਆਂ ਚੀਕਾਂ ਕਢਾ ਦਿਆ ਕਰੇ। ਸਾਰਾ ਸਟਾਫ ਠਿੱਠ ਹੋਗਿਆ ਭਰਾਵਾ ਹਾਨੀਸਾਰ ਨੂੰ ਮੈਡਮਾਂ ਨੇ ਸਾਡੇ ਆਲ਼ੇ ਨੂੰ ਮੂਹਰਲੇ ਡੈੱਸਕ ਤੇ ਬਹਾਤਾ ਕੁੜੀ ਨਾ। ਕੁੜੀ ਦੇ ਲੰਮੇ ਲੰਮੇ ਨਹੁੰ, ਖੁੱਲ੍ਹੇ ਬਾਲ ਸੈੜ ਤੇ ਕਲਿੱਪ ਲੱਗਾ ਵਾ , ਸਾਡੇ ਨਿੱਕੇ ਨੂੰ ਚੌਂਦੀ ਲੱਗਗੀ। ਨਿੱਕਾ ਝਕਾ ਜੀ ਮੰਨ ਗਿਆ। ਤਿੰਨ ਕ ਦਿਨ ਸਾਡੇ ਆਲਾ ਕੁਸਕਿਆ ਨਾ ਜਮਾਂ ਈ । ਹਾਰਕੇ ਚੌਥੇ ਦਿਨ ਸਾਡੇ ਆਲਾ ਕੁੜੀ ਨੂੰ ਕਹਿੰਦਾ, "ਬਾਈ ਤੂੰ ਕੇਹਨਾਂ ਦੀ ਕੁੜੀ ਆਂ"। ਪਹਿਲਾਂ ਤਾਂ ਕੁੜੀ ਝਾਕੇ ਬੀ ਡੀ.ਡੀ ਪੰਜਾਬੀ ਜਾ ਕਿਮੇਂ ਬੋਲ ਪਿਆ ਫੇਰ ਕਹਿੰਦੀ " ਮੈਂ ਤਾਂ 'ਰੋੜਿਆਂ ਦੀ ਕੁੜੀ ਆਂ" । ਕੁੜੀ ਨੇ ਵੀ ਸਬੈਹਕੀ ਪੁੱਛ ਲਿਆ ਕਹਿੰਦਾ ਕੈਂਹਦੀ, "ਆਪ ਕਿੰਨ ਕੇ ਲੜਕੇ ਹੋ?" ਸਾਡੇ ਆਲਾ ਨਾਲੇ ਨਾ ਬਲੇਟ ਨਾ ਪੈਂਸਲ ਘਟੀ ਜਾਵੇ ਨਾਲੇ ਕਹਿੰਦਾ "ਮੈਂ ਤਾਂ ਡਲਿਆਂ ਦਾ ਮੁੰਡਾ" ...ਘੁੱਦਾ

ਮੁਲਖ ਤਰੱਕੀ ਦੀਆਂ ਲੀਹਾਂ ਤੇ

ਸੜਕਾਂ ਬਣੀਆਂ ਲੁੱਕ ਪੈਗੀ ਕੱਚੇ ਰਾਹਵਾਂ ਤੇ
ਟੈਮ ਹੈਨੀ ਬੁੜ੍ਹਿਆਂ ਜੋਗਾ ਜੋ ਬੈਠੇ ਸਾਹਵਾਂ ਤੇ
ਮਬੈਲ ਜਵਾਨੀ ਖਾਗੇ ਰੌਣਕ ਹੈਨੀ ਸੱਥਾਂ ਤੇ
ਟਮਾਟਰ ਅੰਗੂ ਕੂਲੇ ਨਾ ਹੁੰਦੇ ਛਾਲੇ ਹੱਥਾਂ ਤੇ
ਆਟੋਮੈਟਕ ਆਪੇ ਮੋਟਰਾਂ ਚੱਲਣ ਸ਼ੀਹਾਂ ਤੇ
ਹੁੰਦੀਆਂ ਗੱਲਾਂ ਮੁਲਖ ਤਰੱਕੀ ਦੀਆਂ ਲੀਹਾਂ ਤੇ

ਗਲੀਆਂ ਨਾਲੀਆਂ ਪੱਕੀਆਂ ਚਿਣੇ ਖੜਵੰਜੇ ਨੀਂ
ਨਾ ਸਪੀਕਰ ਟੰਗੇ ਦੀਂਹਦੇ ਪੁੱਠੇ ਕਰਕੇ ਮੰਜੇ ਨੀਂ
ਲੇਲਨ ਦੇ ਕੁੜਤੇ ਪਜਾਮੇ ਪਾਏ ਕੁੱਲ ਜਵਾਨਾਂ ਦੇ
ਡਰ ਕੁੱਤੇ ਤੋਂ ਲੱਗੇ ਕੀ ਤੱਕਣੇ ਭੇੜ ਨੀਂ ਸਾਨ੍ਹਾਂ ਦੇ
ਮੈਸਜ ਮਸ਼ੂਕ ਨੂੰ ਘੱਲਣ ਕਰਾ ਰੀਚਾਰਜ ਬੀਹਾਂ ਦੇ
ਹੁੰਦੀਆਂ ਗੱਲਾਂ ਮੁਲਖ ਤਰੱਕੀ ਦੀਆਂ ਲੀਹਾਂ ਤੇ

ਟੀਕੇ ਟੱਲੇ , ਗੋਲੀ ਗੱਪਾ ਭੁੱਕੀ ਦਾ ਕਾਡ ਕੁੜੇ
ਘਰ ਕੱਢੀ ਦਾਰੂ ਖਿੱਚਣ ਲੀਬਰ ਲੈਂਦੇ ਸਾੜ ਕੁੜੇ
ਚੂਪੇ ਅੰਬਾਂ ਅਰਗੇ ਰੌਣਕ ਹੈਨੀ ਚਿਹਰਿਆਂ ਤੇ
ਨਿੱਕੇ ਵਿਰਾਸਤ ਭੁੱਲਗੇ ਹੁਣ ਰਹਿੰਦੇ ਡੇਰਿਆਂ ਤੇ
ਕਾਟੋ ਹੇਠਾਂ ਰੈਂਹਦੀ ਨਾ ਤਾਹਾਂ ਚੜ੍ਹੇ ਸ਼ਰੀਹਾਂ ਤੇ
ਹੁੰਦੀਆਂ ਗੱਲਾਂ ਮੁਲਖ ਤਰੱਕੀ ਦੀਆਂ ਲੀਹਾਂ ਤੇ

ਚੰਗੀ ਪੁੱਗਤ ਲੀਡਰਾਂ ਤਾਂਈ ਪਹੁੰਚ ਨੀਂ ਜੇਹੜੇ ਦੀ
ਹਵਾ ਲੱਤਾਂ ਬਿੱਚਦੀ ਟੱਪੇ ਮਸਾਂ ਮਾਰ ਲਫੇੜੇ ਦੀ
ਸ਼ੀਸ਼ਾ ਇਨਕਲਾਬੀ ਵਿਖਾ ਸਿਆਸਤ ਖਾਏ ਜਵਾਨੀ ਨੂੰ
ਮੋਟਰ ਆਲੀ ਚੀਜ਼ ਸਮਝਣ ਹਲੇ ਲੋਕ ਜ਼ਨਾਨੀ ਨੂੰ
ਪਏ ਖਿਲਾਰੇ ਮੂੰਹ ਅੱਡੋ ਅੱਡੀ ਘਰ ਦਿਆਂ ਜੀਆਂ ਦੇ
ਹੁੰਦੀਆਂ ਗੱਲਾਂ ਮੁਲਖ ਤਰੱਕੀ ਦੀਆਂ ਲੀਹਾਂ ਤੇ..........ਘੁੱਦਾ