Sunday, 30 September 2012

ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਗੱਲ ਤੋਰੀ ਸੀ ਬਾਬੇ ਨਾਨਕ ਨੇ ਜਾ ਉੱਪੜੀ ਫਿਰ ਤਲਵਾਰਾਂ ਤੇ
ਵਰਕੇ ਲਹੂ ਨਾ ਲਬੇੜਨ ਲਈ ਸਿਰ ਲੱਥਥੇ ਗਏ ਸਰਦਾਰਾਂ ਦੇ
ਸਮਿਆਂ ਨੇ ਵੀ ਹੱਦ ਕੀਤੀ ਸਬਰ ਪਰਖੇ ਤੱਤੀਆਂ ਤਵੀਆਂ ਨੇ
ਮੀਰੀ ਪੀਰੀ ਦੀ ਤਲਵਾਰ ਚੱਕੀ ਮੂੰਹ ਮੋੜੇ ਮਿੱਤਰਾ ਛਵੀਆਂ ਨੇ
ਲਾਟ ਬਣ ਖਬਰ ਲਾਹੌਰ ਪੁੱਜੀ ਕੱਖਾਂ ਵਿੱਚੋਂ ਅੰਗਿਆਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਆਦਤ ਹੈਨੀ ਕਰਜ਼ ਸਿਰ ਰੱਖਣੇ ਦੀ ਸੂਦ ਸਣੇ ਮੂਲ ਚੁਕਾਉਂਦੇ ਰਹੇ
ਕਿੱਸਾ ਪੜ੍ਹੀਂ ਸੁੱਖੇ ਮਹਿਤਾਬ ਆਲ਼ਾ ਕਿਮੇਂ ਰੰਘੜਾਂ ਦੇ ਸਿਰ

ਲਾਹੁੰਦੇ ਰਹੇ
ਉਦਾਹਰਨ ਐਮੇਂ ਨੀਂ ਬਣਦੀ ਯੋਧਿਆਂ ਦੀ ਬੜੇ ਮੁੱਲ ਸਿਰਾਂ ਦੇ ਪੈਂਦੇ ਰਹੇ
ਚਰਖੜੀਆਂ,ਆਰੇ ਸਾਡੇ ਖਿਡੌਣੇ ਬਣੇ ਮੋਮਨ ਕਾਫਰ ਸਾਨੂੰ ਕਹਿੰਦੇ ਰਹੇ
ਚਮਕੌਰ ਗੜ੍ਹੀ ਤੇ ਗੱਲ ਪੁੱਤ ਵੱਡਿਆਂ ਦੀ ਹੱਥੀਂ ਫੜ੍ਹ ਹਥਿਆਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਕੀ ਧਾਂਕ ਸੀ ਸਿੰਘ ਸੂਰਮੇ ਨਲੂਏ ਦੀ ਜਾ ਪੁੱਛੀਂ ਕਿਤੇ ਅਫਗਾਨੀਆਂ ਨੂੰ
ਮਰਦਾਂ ਬਰੌਬਰ ਆਪਣੀ ਪੁੱਜਤ ਹੈ "ਮਾਤਾ ਭਾਗੋ" ਦੱਸੇ ਜਨਾਨੀਆਂ ਨੂੰ
ਰੀਤ ਇੱਟ ਨਾਲ ਇੱਟ ਖੜਕਾਉਣੇ ਦੀ ਗੱਲ ਤਕੜੀ ਬੰਦੇ ਬਹਾਦਰ ਦੀ
ਜ਼ਿਕਰ ਛਿੜਦਾ ਕੁਰਬਾਨੀਆਂ ਦਾ ਮਿਸਾਲ ਹੈਨੀ "ਹਿੰਦ ਦੀ ਚਾਦਰ" ਦੀ
ਨੌਂ ਖੇਡਾਂ ਵਿੱਚ ਚੰਗਾ ਕਮਾ ਰਹੇ ਨੇ ਫੌਜਾ ਸਿੰਘ ਹੋਣੀਂ ਤੇਜ਼ ਤਰਾਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਲੰਮੇ ਪੈ ਰੇਲਾਂ ਜੇਹਨਾਂ ਰੋਕੀਆਂ ਸੀ ਜੇਹੜੇ ਜੰਡਾਂ ਨਾ ਪੁੱਠੇ ਸੜਦੇ ਰਹੇ
ਲਟ ਲਟ ਰੂੰ ਵਿੱਚ ਜਿਸਮ ਮੱਚੇ ਤੱਤੇ ਪਾਣੀਆਂ ਅੰਦਰ ਕੜ੍ਹਦੇ ਰਹੇ
ਪਿਛਲੀ ਉਮਰੇ ਜਰਨੈਲ ਬਣਕੇ ਪੱਤ ਹਰਮੰਦਰ ਦੀ ਬਚਾਉਂਦੇ ਰਹੇ
ਸੋਮਨਾਥ ਬੰਨੀਓਂ ਲੁੱਟਕੇ ਆਈਆਂ ਨੂੰ ਸਗੋਂ ਭੈਣ ਆਖ ਬੁਲਾਉਂਦੇ ਰਹੇ
ਪਾਈ ਵੰਗਾਰ ਸੀ ਜਦੋਂ ਬਸਾਖੀ ਨੂੰ ਸੀਸ ਪੰਜ ਤੇ ਸਿਰ ਹਜ਼ਾਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਜਮਾਂ ਦਿਲ ਤੇ ਜਦੋਂ ਆ ਵਾਰ ਕੀਤਾ ਕਤਲ ਹੋਏ ਚੜ੍ਹੀ ਜਵਾਨੀ ਦੇ
ਕਮਾਦਾਂ ,ਪੁਲਾਂ ਤੇ ਬਣੇ ਮੁਕਾਬਲੇ ਹਸਾਬ ਲੱਗਦੇ ਨਹੀਂ ਹੋਈ ਹਾਨੀ ਦੇ
ਕੀ ਵੈਦਿਆ ਤੇ ਕੀ ਇੰਦਰਾ ਸੀ ਬਸ ਗੱਲ ਗਲਾਂ ਵਿੱਚ ਸੜਦੇ ਟੈਰਾਂ ਦੀ
ਮਾਰਿਆ ਉਹਨ੍ਹਾਂ ਜੇਹਨਾਂ ਲਈ ਮਰਦੇ ਰਹੇ ਕਰਤੂਤ ਨਹੀਂ ਸੀ ਗੈਰਾਂ ਦੀ
ਨੌਂ ਨਾਲ ਖਾੜਕੂ ਲਾ "ਘੁੱਦਿਆ" ਚੋਬਰ ਬੁਲਟਾਂ ਤੇ ਹੋ ਸਵਾਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ.....ਘੁੱਦਾ

Sunday, 23 September 2012

ਛੂਹਣ ਛਲੀਕੀ ,ਦਾਵੀ ਦੁੱਕੜੇ


ਖੇਡਣੀ ਉਚ ਨੀਚ ਦੀ ਪਾਪੜੀ ਜਾਂ ਲੁਕਣ ਮਚੀਚੀਆਂ
ਪੁਗ ਕੇ ਦਾਵੀ ਸਿਰ ਪੈਂਦੀ ਕੰਧ ਬੰਨੀਂ ਹੋਕੇ ਅੱਖਾਂ ਮੀਚੀਆਂ
ਇੱਕ ਤੋਂ ਲੈਕੇ ਸੌ ਤੀਕਰ ਗਿਣਕੇ ਫਿਰ ਕੂਕ ਛੱਡਣੀ
ਢੂਈ 'ਚ ਲਾਉਣਾ ਥੱਪਾ ਨਾਲ ਜਚਾਕੇ ਗਾਲ੍ਹ ਕੱਢਣੀ
ਰਹੀਆਂ ਪੀਚੋ ਬੱਕਰੀ ਖੇਡਦੀਆਂ ਰਲਕੇ ਨਿਆਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

ਵਿਚਾਲੇ ਰੱਖਕੇ ਜੋੜੇ ਇੱਕ ਗੋਲ ਘਤੇਰਾ ਜਾ ਵਾਹਕੇ ਬਈ
ਚੱਪਲ ਚੱਕਣੀ ਚੁਸਤੀ ਨਾਲ ਪੂਰੀ ਜੁਗਤ ਬਣਾਕੇ ਬਈ
ਖੇਡ ਕਸੂਤੀ ਬਾਂਦਰ ਕਿੱਲਾ ਜੋੜਿਆਂ ਨਾ ਢੂਈਆਂ ਸੇਕਣੀਆਂ
ਐਤਬਾਰ ਨੂੰ ਰਲਕੇ ਲੜਾਈ ਆਲੀਆਂ ਫਿਲਮਾਂ ਵੇਖਣੀਆਂ
ਤਾਰਿਆਂ ਛਾਵੇਂ ਸੁਣਦੇ ਬਾਤਾਂ ਪਾਤਰ ਹੁੰਦੇ ਸੀ ਰਾਜੇ ਰਾਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

ਨਿੰਮ ਦੇ ਉੱਤੇ ਚੜ੍ਹਕੇ ਰਹੇ ਖੇਡਦੇ ਖੇਡ ਗਲਕਾਲ੍ਹੜ ਟੁੱਕ ਦੀ
ਛੱਡਕੇ ਲਮਕਾ ਪੜਦੇ ਨਾ ਡੰਡਾ ਟੁੱਕਣਾ ਨਾ ਸੀ ਮਿੱਤ ਮੁੱਕਦੀ
ਪਿੱਲ ਚੋਟ ,ਕਲੀ ਚੋਟਾ ਚਾਹੀਦੀਆਂ ਸੀ ਗੋਲੀਆਂ ਕੱਚ ਦੀਆਂ
ਸੀਪ, ਭਾਬੀ ਤਾਸ਼ ਅਰਗੀਆਂ ਸੀਗੀਆਂ ਖੇਡਾਂ ਸੱਥ ਦੀਆਂ
ਰੋਟੀ ਵੇਲੇ ਘਰੇ ਮੁੜਦੇ ਆਥਣੇ ਅੱਖ ਬਚਾਕੇ ਨਾਲ ਹਾਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

"ਘਰ ਕੇਹੜਾ ਬਾਬੇ ਨਾਨਕ ਦਾ" ਪੁੱਛਣਾ ਉੱਚੀ ਥਾਂ ਤੇ ਖੜ੍ਹਕੇ
ਜੂੜੇ ਇੱਕ ਦੂਜੇ ਦੇ ਹੱਥ ਵਿੱਚ ਹੁੰਦੇ ਨਿੱਕੀ ਗੱਲ ਤੋਂ ਲੜਕੇ
ਚੋਰ ਛਪਾਹੀ ਖੇਡਦਿਆਂ ਫੀਲਿੰਗ ਲੈਦੇਂ ਪੂਰੀ ਜਿਉਣੇ ਮੌੜ ਦੀ
ਡਿੱਗਕੇ ਮਾਰਦੇ ਚੀਕਾਂ ਤਾਂ ਐਨ ਮੌਕੇ ਤੇ ਆ ਬੇਬੇ ਬਹੁੜਦੀ
ਚੁੰਨੀ ਨਾ ਭਾਫ ਜੀ ਦੇਕੇ ਫੇਰ ਫੂਕਾਂ ਮਾਰਦੀਆਂ ਸੁਆਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

ਦਿਨ ਦਿਵਾਲੀ ਦੇ ਕਾਗਜ਼ ਤੇ ਧਰਕੇ ਸੂਬੀ ਬੰਬ ਚਲਾਉਂਦੇ ਰਹੇ
ਟੀਸੀ ਲਾਕੇ ਪਤੰਗ ਡੋਰ ਨਾਲ ਇੱਕ ਚਿੱਠੀ ਪਾਉਂਦੇ ਰਹੇ
ਦਿਨ ਲੋਹੜੀ ਦੇ ਰਲਕੇ ਰਹੇ ਚਿਣਦੇ ਗੀਹਰੇ ਪਾਥੀਆਂ ਦੇ
ਦੁੱਲੇ ਭੱਟੀ ਦੀ ਮਸ਼ਹੂਰ ਕਹਾਣੀ, ਰਲ ਗਾਉਂਦੇ ਸਾਥੀਆਂ ਦੇ
ਚੇਤਿਆਂ ਵਿੱਚ ਰਹਿਗੀਆਂ "ਘੁੱਦਿਆ" ਓਹੋ ਮੌਜਾਂ ਮਾਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ.....ਘੁੱਦਾ

ਮੂੰਹ ਨੇਹਰੇ ਜੇ


ਮੂੰਹ ਨੇਹਰੇ ਜੇ ਬੀਂਡਿਆਂ ਦੀ ਸੁਣਦੀ
ਡੂੰਘੀ ਜੀ ਚਿਰਰ ਚਿਰਰਰ
ਗੁਰੂ ਘਰ ਦੇ ਸਪੀਕਰ 'ਚੋਂ ਆਉਂਦੀ,
ਡੱਬੀਦਾਰ ਮੂਕੇ ਵਿੱਚਦੀ ਪੁਣਕੇ
ਕੰਨਾਂ ਤਾਂਈ ਜਾਂਦੀ ਰਹਿਰਾਸ ਦੀ ਬਾਣੀ
ਜਿੱਥੋਂ ਖੰਘੂਰਾ ਮਾਰ ਪਾਠੀ ਸਿੰਘ ਸ਼ੁਰੂ ਕਰਦਾ
"ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਿ ਨਾ ਹੋਈ"
ਜਿੱਥੇ ਡੇਰੇ ਦੇ ਸੰਘਣੇ ਬੋਹੜ ਆਥਣੇ ਜੇ ਡਰਾਉਣੀ ਚੁੱਪ ਬਣਦੇ ਨੇ
ਜਿੱਥੇ ਸੱਤ ਬਜੇ ਰਮਨ ਕੁਮਾਰ ਭਾਰੀ ਜੀ
'ਵਾਜ਼ 'ਚ ਖਬਰਾਂ ਸੁਣਾਉਂਦਾ
ਜਿੱਥੇ ਹਾਰੇ 'ਚ ਧੁਖਦੀਆਂ ਪਾਥੀਆਂ ਦਾ ਧੂੰਆਂ
ਹਵਾ ਨੂੰ ਜੱਫੀਆਂ ਪਾ 'ਤਾਹਾਂ ਚੜ੍ਹ ਜਾਂਦਾ
ਧੂੰਆਂ ਵੇਖ ਸਿਆਣੀ ਬੁੜੀ ਆਖਦੀ ਆ
"ਜੀਹਦੇ ਬੰਨੀਂ ਧੂੰਆਂ ਆਉਂਦਾ, ਉਹ ਸੱਸ ਨੂੰ ਪਿਆਰਾ ਹੁੰਦਾ"
ਜਿੱਥੇ ਸੀਰੀ ਦੇ ਸੈਕਲ ਦੇ ਹੈਂਡਲ ਨਾ ਰੋਟੀ ਬੰਨ੍ਹੀਂ ਹੁੰਦੀ ਆ
ਤੇ ਡਮਾਕ 'ਚ ਰਾਤ ਨੂੰ ਪਾਣੀ ਦੀ ਵਾਰੀ ਦਾ ਫਿਕਰ ਹੁੰਦਾ
ਜਿੱਥੇ ਮੋਨੋ ਪੀਕੇ ਮੁੱਕੇ ਪੁੱਤ ਨੂੰ ਚੇਤੇ ਕਰਕੇ
ਤਾਰਿਆਂ ਛਾਵੇਂ ਪਈ ਮਾਂ ਦੇ ਅੱਖਾਂ ਦੇ ਕੋਏਂ ਗਿੱਲੇ ਹੁੰਦੇ ਨੇ
ਜਿੱਥੇ ਨਿੱਕੇ ਜਵਾਕਾਂ ਨੂੰ "ਮਾਣੋ ਬਿੱਲੀ" ਦਾ ਡਰ ਦਿੱਤਾ ਜਾਂਦਾ
ਜਿੱਥੇ ਫੌਜੀ ਪੁੱਤ ਖਾਤਰ ਚਿੱਠੀ ਲਿਖਾਉਂਦੀ ਮਾਤਾ
ਸਾਰੇ ਟੱਬਰ ਦੇ ਹਜ਼ਾਰਾਂ ਦੁੱਖ ਸੁੱਖ ਗਿਣਾਕੇ
ਅੰਤ ਵਿੱਚ ਹੌਂਸਲੇ ਨਾਲ ਲਿਖਾਉਂਦੀ ਆ,
"ਬਾਕੀ ਸਭ ਸੁੱਖ ਸਾਂਦ ਆ ਪੁੱਤ"
ਓਥੇ ਕੱਲੇ ਕੁੜੀਆਂ ਉਧਾਲਣ ਆਲ਼ੇ ਮਿਰਜ਼ੇ ਈ ਪੈਦਾ ਨੀਂ ਹੁੰਦੇ
"ਦੰਬੂਖਾਂ" ਬੀਜਣ ਆਲੇ ਵੀ ਏਥੋਂ ਈ ਨਿਕਲਦੇ ਨੇ
ਜੇਹਨਾਂ ਦੀ ਫੋਟੋ ਨਾਲ ਲਿਖਿਆ ਹੁੰਦਾ
"ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨੁ ਕੇ ਹੇਤ,
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ"...ਘੁੱਦਾ

Saturday, 8 September 2012

ਫਿਕਰ ਕਰੀਂ ਨਾ ਯਾਰਾਂ ਦੀ


ਅੱਖ ਮੀਚ ਨਿਸ਼ਾਨਾ ਲਾਉਣਾ ਫੋੜਨੀ ਕੱਚ ਦੀ ਗੋਲੀ ਨੀਂ
ਨਮਾਂ ਚਿੱਟੇ ਰੰਗ ਦਾ ਕੁੜਤਾ ਜੁੱਤੀ ਪੱਕੀ ਸੋਲ੍ਹੀ ਨੀ
ਵੱਟਣਾ ਸਨ ਦਾ ਪਿੰਨਾ ਤੇ ਬਹਿ ਸੱਥ 'ਚ ਠਰਕਾਂ ਭੋਰਨੀਆਂ
ਹੱਦ ਨਾ ਪਿੰਡ ਦੀ ਟੱਪੇ ਪਰ ਗੱਲਾਂ ਕਨੇਡਿਓਂ ਤੋਰਨੀਆਂ
ਓਬਾਮੇ ਨੂੰ ਲਾਉਣਾ ਸੀਰੀ ਤੇ ਗੱਲ ਚੱਕਣੀ ਸਰਕਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਗਾਟੀ ਪਾਕੇ ਜ਼ਹਾਜ਼ ਸਿੱਟਣ ਦੀਆਂ ਨਜ਼ੈਜ਼ ਸੋਚਾਂ ਸੋਚਣੀਆਂ
ਫੇਲ੍ਹ ਸਨਸਕਰੀਨ ਕਰੀਮਾਂ ਜਦੋਂ ਝੋਨੇ ਦੀਆਂ ਵੱਟਾਂ ਪੋਚਣੀਆਂ
ਗੋਡਿਆਂ ਵਿੱਚ ਫਸਾਕੇ ਚੱਕਾ , ਹੈਂਡਲਾਂ ਨੂੰ ਸਿੱਧੇ ਕਰਦੇ ਰਹਿਣਾ ਨੀਂ
ਪਹਿਲੋਂ ਕੈਂਚੀ ਸੈਕਲ ਦੀ ਸਿੱਖਣੀ ਫੇਰ ਕਾਠੀ ਤੇ ਬਹਿਣਾ ਨੀਂ
ਖੋਲ੍ਹਿਆ ਦੁਪੈਹਰ ਦੀ ਰੋਟੀ ਦਾ ਪੋਣਾ ਵਾਸ਼ਨਾ ਖਿੱਲਰੇ 'ਚਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਕਿੱਲਤ ਮੀਂਹ ਦੀ ਜੰਤਾ ਕੱਠੀ ਕਰਕੇ ਗੁੱਡੀ ਫੂਕਣ ਜਾਣਾ ਨੀਂ
ਪਿੱਪਲ ਦੇ ਪੱਤੇ ਨਾ ਬਣਾਇਆ ਪੂੜਾ ਭਿਓਂ ਕੇ ਖੀਰ 'ਚ ਖਾਣਾ ਨੀਂ
ਦਾਤ ਨਾ ਚੀਰਨੀਆਂ ਸਰ੍ਹੋਂ ਦੀਆਂ ਗੰਦਲਾਂ ਤੇ ਅੱਗ ਡਾਹੁਣੀ ਲੱਕੜਾਂ ਦੀ
ਚਾਹ ਪੱਤੀ ਠੋਕ ਕੇ ਮਿੱਠਾ ਰੋਕ ਕੇ ਗੱਲ ਪੁਰਾਣੀ ਯੱਕੜਾਂ ਦੀ
ਚਾਚੇ ਫੌਜੀ ਤੋਂ ਸੁਨਣੀ ਕਹਾਣੀ ਫੌਜ 'ਚ ਮਾਰੀਆਂ ਮਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਪੱਗ ਕਦੇ ਕਦਾਈਂ ਬੰਨ੍ਹੀਦੀ ਜਦੋਂ ਛਿਮਾਹੀ ਸ਼ਹਿਰ ਨੂੰ ਜਾਈਦਾ
ਕਬੀਲਦਾਰੀ ਦਾ ਸੌਦਾ ਪੱਤਾ ਮਖਾ ਟਰੈਲੀ ਭਰ ਕੇ ਲਿਆਈਦਾ
"ਰਾਮ ਰਾਮ" ਜੀ ਕਹਿ ਹਰਾਨੀ ਨਾ ਲਾਲੇ ਦੇ ਏ.ਸੀ ਬੰਨੀਂ ਝਾਕੀਦਾ
ਬਿਨ੍ਹਾਂ ਕਾਪੀਓਂ ਮੰਗਮਾਂ ਮੋਟਰਸੈਕਲ ਡਰ ਬਰਦੀ ਖਾਕੀ ਦਾ
ਪਿੱਛੇ ਸੀਟ ਤੇ ਬੈਠਾ ਹੁੰਦਾ ਤਾਇਆ ਕਿੱਥੋਂ ਝਾਤੀ ਲੈਣੀ ਨਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਲੰਘਦੇ ਟੱਪਦੇ ਉਹ ਥੌਂ ਵੇਖੀਦਾ ਜਿੱਥੇ 'ਕੱਠੇ ਪੜ੍ਹਦੇ ਹੁੰਦੇ ਸੀ
ਜਵਾਕਾਂ ਆਲ਼ੀ ਮੱਤ ਸੀ ਓਦੋਂ ਟੌਫੀ ਪਿੱਛੇ ਵੀ ਲੜਦੇ ਹੁੰਦੇ ਸੀ
ਕਰਲਾ ਓੱਚੀਆਂ ਪੜ੍ਹਾਈਆਂ ਤੇਰੀ ਜਿੱਡੀ ਆਪਣੀ ਔਕਾਤ ਨਹੀਂ
ਤੈਨੂੰ ਚੇਤੇ ਕਦੇ ਆਪਾਂ ਕਰਿਆ ਨਾ ਟੱਪੀ ਏਮੇਂ ਦੀ ਕੋਈ ਰਾਤ ਨਹੀਂ
ਸੁਖਨੇ ਅੰਗੂ ਭੁੱਲਜੀਂ ਰੁੱਤ ਹੁਣ "ਘੁੱਦੇ" ਨਾ ਮਾਣੇ ਤਿਉਹਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ.....ਘੁੱਦਾ

ਜਵਾਨੀ ਦੇ ਦਿਨ ਚਾਰਾਂ ਨੂੰ


ਸਟੇਨਗੰਨ ਦੀ ਫੀਲਿੰਗ ਲੈਣੀ ਹੱਥੀਂ ਫੜ੍ਹਕੇ ਡਰਾਫਟਰ ਨੂੰ
"ਪੈਂਰੀ ਪੈਣਾਂ" ਕਹਿ ਬੁਲਾਉਣਾ ਲੰਘਦੇ ਟੱਪਦੇ ਮਾਹਟਰ ਨੂੰ
ਜਮਾਂ ਪਿਛਲੇ ਬੈਂਚ ਤੇ ਬਹਿ ਹੇਕਾਂ ਲਾ ਵਿਰਸੇ ਗਾਉਂਦੇ ਰਹੇ
ਬਸ ਪਿੱਛੇ ਜਾਲ ਨਾਲ ਲਮਕ ਕੇ ਜਦੋ ਕਾਲਜ ਆਉਂਦੇ ਰਹੇ
ਇੱਕੋ ਜਿੱਕੀਆਂ ਸੀ ਸਾਡੀਆਂ ਪੱਗਾਂ, ਜੰਤਾ ਪਛਾਣੇ ਸਰਦਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਪੰਜ ਕੱਕਿਆਂ ਦਾ ਪੂਰਾ ਸੀ ਤਰਸੇਮ ਜਮਾਤੀ ਪੰਜਗਰਾਂਈਆਂ ਤੋਂ
ਸਿੱਖ ਸਰਦਾਰ ਸੀ ਚੋਬਰ ਪਰ ਛੋਟਾ ਸੀ ਦੂਜੇ ਭਾਈਆਂ ਤੋਂ
ਸੈਦੇਕਿਆਂ ਤੋਂ ਕਬੀਲਦਾਰ ਜਾ "ਬਲਤੇਜ ਚਮਕੀਲਾ" ਆਉਦਾਂ ਸੀ
ਉਂ ਮੋਨਾ ਸੀ ਸਿਰ ਤੋਂ ਪਰ ਫਿਰ ਵੀ ਬਾਈ ਪੱਗ ਸਜਾਉਂਦਾ ਸੀ
ਖੇਮਕਰਨ ਤਾਂਈ ਸੀ ਜੀਹਦੇ ਯਾਰਾਨੇ ,ਪੁਗਾਉਂਦਾ ਰਿਹਾ ਕਰਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਹਾਜ਼ਰ ਜਵਾਬੀ ,ਤਕੜਾ ਜੁੱਸਾ, ਗੱਲ ਬੱਬਲ ਸਿਹੁੰ ਭਲਵਾਨ ਦੀ
ਪੱਗ ਪੋਚਮੀਂ, ਹੱਸਦਾ ਚਿਹਰਾ ਓਦੋਂ ਮੁੱਛ ਫੁੱਟਦੀ ਸੀ ਜਵਾਨ ਦੀ
ਜਿੰਮ ਜੁੰਮ ਦਾ ਸੀ ਸ਼ੌਕੀ "ਜੱਸਾ ਢਿੱਲੋਂ" ਇੱਕ ਬਰਨਾਲੇ ਬੰਨੀਂ ਦਾ
ਪੰਜਾ ਲਾਉਣ 'ਚ ਸੀਗਾ ਤਕੜਾ ਸਾਰੇ ਕਾਲਜ 'ਚ ਸੀ ਮੰਨੀ ਦਾ
ਸਾਦਿਕ ਬੰਨੀਂ ਗਾਟੀਆਂ ਪਾ ਗਿਆ ਸੀ ਲਾਂਭੇ ਕਰਕੇ ਯਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਗੱਲ ਕਰਨੀ ਰਹਿਗੀ ਸੀ ਗੁਰੂਹਰਸਹਾਏ ਆਲੇ "ਝੰਡੇ" ਘੋਰੀ ਦੀ
ਗੱਲ ਜਮਾਂ ਸਿਰੇ ਲਾਉਂਦਾ ਸੀ ਝੰਡਾ ਨਾ ਫੇਰ ਸੀ ਅੱਗੇ ਤੋਰੀ ਦੀ
ਖੰਘੂਰਾ ਮਾਰ "ਕਰਨ" ਕਲਾਸ 'ਚ ਵੜਦਾ ਤਾਂ ਵਜਦੀਆਂ ਕੂਕਾਂ ਸੀ
ਚੜ੍ਹਦੀ ਉਮਰੇ ਢਿੱਲਾ ਜਾ ਰਹਿੰਦਾ ਪੱਟੂ ਦੀਆਂ ਸੱਚਿਓਂ ਛੇ ਮਸ਼ੂਕਾਂ ਸੀ
ਜਮਾਂ ਭੋਲਾ ਸੀ, ਸ਼ਰੀਫ ਅੱਤ ਦਾ ਤਾਂਹੀ ਚੰਗਾ ਲੱਗਦਾ ਸੀ ਨਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਜਿਲ੍ਹਾ ਮੋਗਾ ਸੀ ਨੌਂ "ਗੱਗੂ ਢਿੱਲੋਂ" ਪਿੰਡ ਜੀਹਦਾ ਬੁਰਜ ਹਮੀਰ ਸੀ
ਘੋਨ ਮੋਨ ਜਾ ਸੀ ਸ਼ਕਲੋ ਖੰਡ ਦੀ ਬੋਰੀ ਅਰਗਾ ਗੁੰਦਮਾਂ ਸਰੀਰ ਸੀ
ਬਜ਼ੁਰਗ ਜੋੜੇ ਦੇ ਘਰ ਵਿੱਚ ਸੀ ਅਸੀਂ ਲਈ ਇੱਕ ਬੈਠਕ ਰਹਿਣੇ ਨੂੰ
ਟਿਫਨ "ਪ੍ਰੇਮ" ਦਾ, ਆਥਣੇ ਗੇੜਾ ਸ਼ੇੜਾ ਬਚਿਆ ਹੋਰ ਕੀ ਕਹਿਣੇ ਨੂੰ
ਸੱਤੇ ਅੱਠੇ ਜਣੇ ਰਲ ਫਿਲਮਾਂ ਦੇਂਹਦੇ ਅੰਦਰੋਂ ਭੇੜ ਕੇ ਬਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਕੁੱਲ੍ਹ,ਮਨਾਲੀ, ਸ਼ਿਮਲਾ, ਕੁਫਰੀ ਤੇ ਗੱਲ ਅਨੰਦਪੁਰ ਵਾਲੇ ਬਾਬੇ ਦੀ
ਪਹਾੜ ਘੁੰਮਕੇ ਆ ਖਾਂਦੇ ਫੇਰ ਦਾਲ ਜਗਰਾਓਂ "ਭਲਵਾਨ ਦੇ ਢਾਬੇ" ਦੀ
ਪੇਪਰ ਮੁੱਕਦੇ ਫਿਰ ਚਾਅ ਮਲ੍ਹਾਰ ਨਾਲ ਅੰਬਰਸਰ ਵੀ ਜਾਂਦੇ ਸੀ
ਤਰਨਤਾਰਨੋ ਹੋਕੇ ਆਥਣੇ ਜਾ ਲੰਗਰ ਹਰਮੰਦਰ ਸੈਹਬੋਂ ਖਾਂਦੇ ਸੀ
ਕੇਹੜਾ ਘੁਮਾਵੇ ਸੂਈਆਂ "ਘੁੱਦਿਆ" ਮੋੜ ਲਿਆਏ ਓਹ ਬਹਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ.....ਘੁੱਦਾ

ਫੌਜਣ


ਪਹੁ ਫੁੱਟੇ ਤੇ ਵਿਹੜੇ 'ਚੋਂ ਸਫੈਦਿਆਂ ਦੇ ਖਿੱਲਰੇ ਪੱਤੇ
ਸੁੰਭਰਿਆ ਕਰੇ , ਮੁੜ੍ਹਕਾ ਪੂੰਝਦੀ 'ਤਾਹਾਂ ਝਾਕਦੀ
ਤਾਂ ਚਾਅ ਚੜ੍ਹ ਜਾਂਦਾ ਜਨੌਰਾਂ ਦੀਆਂ 'ਡਾਰਾ ਵੇਖਕੇ
ਡਾਲੀ ਆਲੇ ਬਾਬੇ ਨੂੰ ਦੁੱਧ ਪਾ,
ਕਾਂ ਜੋਗੀ ਚੂਰੀ ਕੁੱਟਿਆ ਕਰੇ
ਕਦੇ ਕਦਾਈਂ ਡਾਕੀਏ ਦੇ ਸੈਕਲ ਦੀ ਟੱਲੀ ਖੜਕੇ
ਆਟਾ ਗੁੰਨ੍ਹਦੀ ਭੱਜਿਆ ਕਰੇ ਸਾਹੋ ਸਾਹ ਹੋਈ
ਪੁੱਠੇ ਹੱਥ ਨਾ ਜੁਲਫ ਸੂਤ ਕਰ, ਚਿੱਠੀ ਫੜ੍ਹਿਆ ਕਰੇ
ਬਲਦ ਗਲੋਂ ਜੋਤ ਲਾਹ , ਤੇਜੋ ਦੇ ਮੱਥੇ ਤੋਂ ਮੂਕੇ ਨਾ
ਆਟਾ ਪੂੰਝਦਾ ਛੁੱਟੀ ਆਇਆ ਫੌਜੀ
ਤੇ ਨਾਲੇ ਆਖਦਾ, "ਕਮਲੀਏ ਖਿਆਲ ਰੱਖਿਆ ਕਰ"
ਚਿੱਠੀ ਵੇਖ ਹਾਸੇ ਖੰਭ ਲਾ ਉੱਡਗੇ ਤੇਜੋ ਦੇ
"ਜੀ ਤੁਹਾਨੂੰ ਫੇਰ ਬੁਲਾ ਭੇਜਿਆ ਫੌਜ ਨੇ ਬਾਕੀ ਛੁੱਟੀ ਮੁਲਤਵੀ"
ਭਰੇ ਗੱਚ 'ਚੋਂ ਨਿਕਲੇ ਤੇਜੋ ਦੇ ਭਾਰੇ ਬੋਲ ਸੁਣ
ਉਹ ਮੁਸ਼ਕਰੀਏ ਹੱਸਿਆ ਤੇ ਕਹਿੰਦਾ
" ਭਾਗਵਾਨੇ ਨੌਕਰੀ ਕੀ ਤੇ ਨਖਰਾ ਕੀ"
ਕਾਲੇ ਵੱਡੇ ਟਰੰਕ ਨੂੰ ਚੱਕ ਫੇਰ ਚੜ੍ਹ ਗਿਆ ਫੌਜੀ
ਕੋਠੇ ਖੜ੍ਹੀ ਦੇਂਹਦੀ ਰਹੀ, ਜਿੱਥੋਂ ਤੀਕ ਦਿੱਸਿਆ
ਸ਼ਾਇਦ ਰਜਵਾਹੇ ਸੂਏ ਤੱਕ ਨਿਗ੍ਹਾਹ ਪਹੁੰਚਦੀ ਰਹੀ
ਅਣਮਨੇ ਮਨ ਨਾਂ ਕੋਠਿਓਂ ਉੱਤਰੀ
ਰੇਡੀਏ ਦੇ ਨਮੇਂ ਸੈੱਲ ਪਾ ਕਿੱਲੀ ਤੇ ਟੰਗ ਛੱਡਦੀ
ਆਥਣੇ ਹਰਮੰਦਰ ਸੈਹਬ ਦੀ ਗੁਰਬਾਣੀ ਪਿੱਛੋਂ
ਲੰਘਦੀ ਟੱਪਦੀ ਖਬਰਾਂ ਸੁਣ ਲੈਂਦੀ
ਭਖੀ ਜੰਗ, ਗੋਲੇ ਬਾਰੂਦ ਦੀਆਂ ਗੱਲਾਂ ਕਰਦਾ
ਤੇਜੋ ਨੂੰ ਅਨਾਂਊਸਰ ਵਿਓ ਅਰਗਾ ਲੱਗਦਾ
ਸੁਬਾ ਸ਼ਾਮ ਨਿਸ਼ਾਨ ਸਾਹਿਬ ਬੰਨੀਂ ਦੇਖ
ਸਿਰ ਕੱਜਕੇ ਨੇਮ ਨਾ ਮੱਥਾ, ਟੇਕ ਸੁਖ ਮੰਗਿਆ ਕਰੇ
ਫੇਰ ਡਾਕੀਏ ਦੇ ਸੈਕਲ ਦੀ ਟੱਲੀ ਖੜਕੀ
ਦਾਲ 'ਚੋਂ ਕੋਕੜੂ ਚੁਗਦੀ ਚੁਗਦੀ ਸੈਕਲ ਵੱਲ ਭੱਜੀ
ਤੇ ਕੰਬਦੀਆਂ ਉਂਗਲਾਂ ਨੇ ਚਿੱਠੀ ਫੜ੍ਹੀ
ਡਾਕੀਏ ਦੀ "ਨੀਵੀਂ ਝਾਕਣੀ " ਈ ਚਿੱਠੀ ਦੇ ਬੋਲ ਨਿਕਲੇ
ਹੱਥੋਂ ਥਾਲ ਛੁੱਟ ਦਾਲ ਭੁੰਜੇ ਖਿੱਲਰ ਗਈ
ਸਫੈਦਿਆਂ ਦੇ ਪੱਤੇ ਖਿਲਰਦੇ ਰਹੇ,
ਜਨੌਰ ਡਾਰਾਂ ਬੰਨ੍ਹ ਬੰਨ੍ਹ ਉੱਡਦੇ ਰਹੇ
ਨਿਸ਼ਾਨ ਸਾਹਿਬ ਝੂਲਦਾ ਰਿਹਾ
ਰੇਡੀਆ ਨਿੱਤ ਖਬਰਾਂ ਸੁਣਾਉਂਦਾ ਰਿਹਾ
ਕਿਤੇ ਡਾਕੀਏ ਦਾ ਸੈਕਲ ਨਾ ਆਇਆ
ਨੱਤ ਚਾਰ ਗੁਆਂਢਣਾਂ ਆ ਬੈਠਦੀਆਂ,
ਤੇਜੋ ਸਿਰ ਚਿੱਟੀ ਚੁੰਨੀ ਧਰ ਮੁੜ ਜਾਂਦੀਆਂ
ਪਰ ਕਿਸੇ ਐਂ ਨਾ ਆਖਿਆ
"ਕਮਲੀਏ ਖਿਆਲ ਰੱਖਿਆ ਕਰ"...ਘੁੱਦਾ

ਬਰਥਡੇ


ਤੇਰੇ ਬੰਨੀਂ ਬਰਥਡੇ ਮਨਾਉਣ ਦਾ ਰਵਾਜ
ਜਿੰਨੀਂ ਉਮਰ ਹੋਗੀ, ਉਨ੍ਹੀਆਂ ਮੋਮਬੱਤੀਆਂ ਬਾਲਣੀਆਂ
ਨਮੇਂ ਕੱਪੜੇ ਪਾਉਣੇ ਤੇ ਜੰਤਾ ਨੇ ਕਮੈਂਟ ਕਰਨੇ
"ਸੋ ਕਿਊਟ" "ਵਾਓਓ ਔਸਮ"
ਸਿਰ ਤੇ ਟੋਪੀਆਂ ਜੀਆਂ ਲੈਕੇ ਤਾੜੀਆਂ ਮਾਰ ਮਾਰ ਆਖਣਾ
"ਹੈਪੀ ਬਰੱਥਡੇ ਟੂ ਯੂ"
ਕੇਕਾਂ ਨਾ ਮੂੰਹ ਲਬੇੜਨੇ
ਬੁਲਬੁਲੇ ਫਲਾ ਫਲਾ ਛੱਡਣੇ
ਟੈਡੀ ਬੀਰਾਂ ਤੇ ਬਾਰਬੀ ਡੌਲ ਆਲੇ ਗਿਫਟ
ਮੈਨੂੰ ਕਹਿੰਦੀ, "ਕਦੇ ਤੇਰਾ ਬਰਥਡੇ ਨੀਂ ਮਨਾਇਆ"?
ਮਖਾ ਕੇਰਾਂ ਮਨਾਇਆ ਸੀ
ਕਹਿੰਦੀ ਫੇਰ ਤਾਂ ਖੂਬ ਇੰਜੁਆਏ ਕੀਤਾ ਹੋਣਾ
ਕੀ ਕੀਤਾ ਤੁਸੀਂ ਬਰਥਡੇ ਪਾਰਟੀ ਤੇ
ਮਖਾ ਅਖੰਡ ਪਾਠ ਕਰਾਇਆ ਸੀ ਕੇਰਾਂ
ਤਿੰਨੀ ਦਿਨੀਂ ਭੋਗ ਪਾਤਾ ,
ਜੰਤਾ ਨੂੰ ਜਲੇਬ ਖਵਾਤੇ
ਮਾਮੇ ਨੇ ਸਿਰ ਪਲੂਸ ਕੇ ਇੱਕ ਸੌ ਇੱਕ ਦਾ ਸ਼ਗਨ ਦੇਤਾ
ਤੇ ਨਾਲੇ ਨਾਨਕਿਆਂ ਨੇ ਨਾਭੀ ਪੱਗ ਦਿੱਤੀ ਸੀ
ਦਾਦੀ ਨੇ ਪੰਜ ਸੇਰ ਘਿਓ ਮਾਤਾ ਨੂੰ ਗਿਫਟ ਕਰਤਾ
ਸੁਨਿਆਰਿਆਂ ਨੂੰ ਤੜਾਗੀ ਪਵਾਈ ਦਾ ਸ਼ਗਨ ਦੇਤਾ ,
ਦਾਈ ਨੂੰ ਦੁੱਧ ਧਵਾਈ ਦਾ ਬੰਬਲਾਂ ਆਲਾ ਕੰਬਲ ਤੇ ਤੋਤੇਰੰਗਾ ਸੂਟ
ਰਾਜੇ ਸਿੱਖਾਂ ਨੂੰ ਨਿੰਮ ਬੰਨ੍ਹਾਈ ਦੀ ਪੰਜ ਕੱਪੜੀ ਨਾਲੇ ਮਣ ਦਾਣੇ
ਕਹਿੰਦੀ...."hmmm...plz change the topic"....ਘੁੱਦਾ