Saturday, 4 January 2014

ਅਜੋਕਾ ਲਾਟਰੀ ਬੰਪਰ

ਚਾਰ ਕ ਸਾਲ ਪਹਿਲਾਂ ਲਾਟਰੀ ਬੰਪਰ 'ਚ ਪੰਜਾਬ ਸਰਕਾਰ ਤਕਰੀਬਨ ਦਸ ਕ ਕਰੋੜ ਰੁਪਈਆ ਕੱਠਾ ਕਰਦੀ ਸੀ ਤੇ ਓਹਦੇ 'ਚੋਂ ਸਾਢੇ ਕ ਤਿੰਨ ਕਰੋੜ ਇਨਾਮਾਂ ਵਜੋਂ ਜੰਤਾ ਨੂੰ ਵਾਪਸ ਕਰਿਆ ਜਾਂਦਾ ਸੀ। ਬਾਕੀ ਮੁਨਾਫਾ ਲੋਕ ਭਲਾਈ ਖਾਤਰ ਸਰਕਾਰੀ ਖਜਾਨੇ 'ਚ। ਹੁਣ ਲਾਟਰੀ ਬੰਪਰ ਤੋਂ ਅੱਡ ਇੱਕ ਹੋਰ ਲਾਟਰੀ ਬੰਪਰ ਤੋਰਿਆ ਸਰਕਾਰ ਨੇ। ਪਿਛਲੇ ਦਿਨੀਂ ਫੂਡ ਅੰਨਸਪੈਕਟਰਾਂ ਦੀ ਭਰਤੀ ਖੋਲੀ ਸੀ। ਕੁੱਲ 461 ਪੋਸਟਾਂ ਖਾਤਰ ਪੰਜਾਬ ਦੇ ਅੱਡੀਆਂ ਚੱਕ ਚੱਕ ਭਰੀਆਂ ਫੀਸਾਂ ਨਾਲ ਗਰੈਜੂਏਟ ਹੋਏ ਅੰਦਾਜ਼ਨ ਪੌਣੇ ਕ ਚਾਰ ਲੱਖ ਬਚਾਰੇ ਕੈਂਡੀਡੇਟਾਂ ਨੇ ਏਹ ਪੋਸਟ ਖਾਤਰ ਅਪਲਾਈ ਕਰਿਆ ਸੀਗਾ। ਅੱਠ ਸੌ ਦਾ ਇੱਕ ਡਰਾਫਟ ਸੀ। ਸਾਡਾ ਮੈਥ ਬਾਹਲਾ ਵੀਕ ਆ, ਪੌਣੇ ਕ ਚਾਰ ਲੱਖ ਨੂੰ ਅੱਠ ਸੌ ਨਾ ਜ਼ਰਬ ਕਰਕੇ ਵੇਖੋ ਕਿੰਨਾ ਬਣਦਾ। ਸਾਡੇ ਪਿੰਡੋਂ ਕਈ ਗਏ ਸੀ । ਕਾਬਿਲੇ ਗੌਰ ਆ ਕਿ ਜਿੱਦੇਂ ਚੰਡੀਗੜ੍ਹ ਪੇਪਰ ਸੀ, ਓਦੇਂ ਬਠਿੰਡਿਓਂ ਚੰਡੀਗੜ੍ਹ ਨੂੰ ਸਿਰਫ ਓਰਬਿਟ ਬੱਸ ਈ ਗਈ ਆ, PRTC ਬੰਦ ਸੀਗੀਆਂ। ਚਲੋ ਛੱਡੋ ।
ਬਚਾਰੇ ਦਿਹਾੜੀਦਾਰ ਲੋਕਾਂ ਦੇ ਜਵਾਕਾਂ ਦੇ ਪੈਸੇ ਲੱਗੇ ਤਾਂ ਰਾਸ ਆਉਂਦੇ ਜੇ ਢੰਗ ਨਾ ਪੇਪਰ ਹੁੰਦਾ । ਪੇਪਰਲੀਕ ਸਮੇਤ ਹੋਰ ਘੁਟਾਲੇ ਵੀ ਸਾਹਮਣੇ ਆਗੇ ਨੇ। ਕੁੱਲ ਮਿਲਾਕੇ ਲਾਟਰੀ ਬੰਬਰ 'ਚੋਂ ਖਾਸੀ ਬਚਤ ਹੋਗੀ।
ਜੀਹਦੇ ਕਿਸੇ ਦਾ ਫੁੱਫੜ , ਮਾਸੜ ਵਲੈਤ ਨੇ, ਟੱਪਜੋ ਬਹਿ ਬਹਿ ਕੇ। ਐਥੇ ਤਾਂ ਆਹੀ ਕੰਮ ਰਹਿਣਗੇ, ਕਿਤੇ ਕਣਕ ਵੱਢਲੀ ਕਿਤੇ ਝੋਨਾ , ਕਦੇ ਪਾਣੀ ਲਾਤਾ ਬੋਰ ਚਲਾਕੇ ਤੇ ਕਦੇ ਰੇਹ ਪਾਤੀ। ਕਦੇ ਖੋਲੇ ਸੁੱਕ ਖਲਾਰ ਕੇ ਅੰਦਰ ਕਰਤੇ ਕਦੇ ਬਾਹਰ। ਬਿਜਲੀ ਦਰਾਂ ਫੇਰ ਚੱਕਤੀਆਂ । ਖੜਜੋ ਹਜੇ ਕੀ ਆ ਹੋਰ ਦੋ ਸਾਲਾਂ ਨੂੰ ਸਕੀ ਜਨਾਨੀ ਨਾ ਸੌਣ ਤੇ ਟੈਕਸ ਲੱਗੂ। ਹਿੱਲ ਗਿਆ ਸ਼ਿਸ਼ਟਮ।
ਨਾਲੇ ਕੰਧ ਤੇ ਹੈਪੀ ਬਰਥਡੇ ਲਿਖਣ ਆਲੇ ਮਿੱਤਰ ਪਿਆਰੇਆਂ ਦਾ ਧੰਨਵਾਦ.....ਘੁੱਦਾ

ਟੀ ਵੀ ਲੋਟ ਕਰਾਉਣ ਆਲੀ ਗੱਲ

ਪਿੰਡਾਂ 'ਚ ਸਾਰੇ ਘਰਾਂ ਦੀ ਅੱਡੋ ਅੱਡ ਅੱਲ ਪੈਂਦੀ ਹੁੰਦੀ ਆ। ਜਿਮੇਂ ਕੋਈ ਗੁੜਖਾਣੇ ਕੇ, ਡਲੇਮਾਰਾਂ ਦੇ, ਜਾਂ ਚਾਹਪੀਣੇ ਕੇ।
ਕੇਰਾਂ ਏਮੇਂ ਜਿਮੇਂ ਸਾਡੇ ਏਥੇ ਚੂਹੇ ਚਾਹਪੀਣੇ ਕੇ ਰੰਗੀਲ ਟੀਬੀ ਦੀਆਂ ਤਾਰਾਂ ਟੁੱਕਗੇ। ਟੀਬੀ ਵੀ ਦੂਜਾ ਸੀਗਾ ਜੇਹੜਾ ਵਿਚਾਲਓਂ ਬੈਂਕ ਦੇ ਕੈਂਚੀ ਗੇਟ ਅੰਗੂ ਦੋਹੀਂ ਪਾਸੀਂ ਖੁੱਲ੍ਹਦਾ ਹੁੰਦਾ।
ਰੰਗੀਲ ਟੀਵੀ ਚੱਲੇ ਚੱਲੇ ਸੀ, ਮਕੈਨਿਕਾਂ ਨੂੰ ਏਹਨਾਂ ਦਾ ਤਜਰਬਾ ਘੱਟ ਸੀ ਓਦੋਂ। ਚਾਹਪੀਣੇ ਕੇ ਜਵਾਕ ਬੇਬੇ ਅਰਗੀਆਂ ਦੀ ਸੁੱਥਣਾਂ ਖਿੱਚਦੇ ਫਿਰਨ , ਬੀਚਰੇ ਫਿਰਨ ਬੀ ਟੀਬੀ ਲੋਟ ਕਰਾਓ। ਹਾਰਕੇ ਪਸੂਆਂ ਨੂੰ ਗਤਾਵਾ ਕਰਕੇ ਚਾਹਪੀਣੇ ਨੇ ਜੱਫਾ ਭਰਕੇ ਟੀਵੀ ਸੈਕਲ ਦੀ ਪਿਛਲੀ ਕਾਠੀ ਤੇ ਧਰ ਲਿਆ। ਓਤੋਂ ਦੀ ਟੂਪ ਹੌਂਕਾ ਮਾਰਕੇ ਕਸਕੇ ਤੇ ਮੂਹਰੇ ਸੈਕਲ ਦੇ ਡੰਡੇ ਨਾਲ ਮੂੰਗੇ ਮਾਰਤੇ। ਸਾਥੋਂ ਅਗਲਾ ਪਿੰਡ ਆ ਨੰਦਗੜ। ਚਾਹਪੀਣੇ ਨੇ ਜੈਕੀ ਸ਼ਰਾਫ ਅੰਗੂ ਹੈਂਡਲ ਓਤੋਂ ਦੀ ਲੱਤ ਘੁਕਾ ਕੇ ਸੈਕਲ ਨੰਦਗੜ੍ਹ ਨੂੰ ਸਿੱਧਾ ਕਰਤਾ। ਗਾਹਾਂ ਜਾਂਦੇਆਂ ਨੂੰ ਜਰਦਾ ਜੁਰਦਾ ਲਾਕੇ ਮਕੈਨਿਕ ਗੱਡਾ ਡਈਆਂ ਤੇ ਕਰੀ ਪਿਆ। ਜਾਕੇ ਚਾਹਪੀਣੇ ਨੇ ਟੈਲੀਬੀਜ਼ਨ ਤਖਤਪੋਸ਼ ਤੇ ਧਰਤਾ । ਸਿਲਮੇ ਜਿੱਡਾ ਟੀਵੀ ਦੇਖ ਕੇ ਮਦਾਰੀ ਦੇ ਖੇਹਡੇ ਜਿੰਨਾ ਕੱਠ ਹੋਗਿਆ।
ਮਕੈਨਿਕ ਕੈਂਹਦਾ ਪਰਧਾਨ ਆਉਂਦੇ ਜੁੰਮੇ ਨੂੰ ਟੀ.ਬੀ ਲੈਜੀਂ , ਸੂਤ ਕਰਿਆ ਪਿਆ ਹੋਊ। ਨਿਆਣੇ ਦੀ ਲੱਤ ਜਿੱਡਾ ਪੇਚਕਸ ਫੜ੍ਹਕੇ ਮਕੈਨਿਕ ਨੇ ਟੀਬੀ ਅੱਡੋ ਅੱਡੀ ਸਾਰਾ ਖਿਲਾਰਕੇ 'ਚਾਰੀ ਅੰਬ ਅੰਗੂ ਤਖਤਪੋਸ਼ ਤੇ ਸੁੱਕਣੇ ਪਾਤਾ। ਦੂਏ ਤੀਏ ਦਿਨ ਜਦੋਂ ਮਕੈਨਕ ਟੀਵੀ ਕਸਣ ਲੱਗਾ , ਨਾ ਸੂਤ ਆਇਆ ਕੰਮ। ਖਾਸੀ ਮਗਜ ਖਪਾਈ ਮਗਰੋਂ ਜਦੋਂ ਨਾ ਲੋਟ ਆਇਆ ਕੰਮ ਤਾਂ ਹਾਨੀਸਾਰ ਨੂੰ ਮਕੈਨਿਕ ਨੇ ਸਾਰੇ ਨਟ ਕਾਬਲੇ ਬਹੁਕਰ ਨਾ ਸੁੰਭਰ ਕੇ ਟੀਬੀ ਖਲ ਆਲੀ ਬੋਰੀ 'ਚ ਪਾਤਾ । ਆਟੇ ਆਲੇ ਗੱਟੇ ਅੰਗੂ ਘੁੱਟ ਕੇ ਬੋਰੀ ਦਾ ਮੂੰਹ ਬੰਨ੍ਹਕੇ ਖੂੰਜੇ 'ਚ ਰੱਖਤੀ।
ਜੂਜੇ ਪਾਸੇ ਚਾਹਪੀਣੇ ਘਰੇ ਵਿਆਹ ਅਰਗਾ ਮਹੌਲ, ਜਵਾਕ ਸ਼ਕਤੀਮਾਨ ਅੰਗੂ ਘੁਕਦੇ ਫਿਰਨ ਬੀ ਅੱਜ ਟੀਬੀ ਲੋਟ ਹੋਕੇ ਆਊ । ਆਅਅ ਕੀ ਜਦੋਂ ਚਾਹਪੀਣਾ ਟੀਬੀ ਚੱਕਣ ਗਿਆ, ਮਕੈਨਿਕ ਨੇ ਕੱਟੇ ਅੰਗੂ ਬੋਰੀ ਚਾਕੇ ਸੈਕਲ ਤੇ ਧਰ ਤੀ। ਪਿੱਛੋਂ ਬੋਲ ਮਾਰਕੇ ਮਕੈਨਿਕ ਕੈਂਹਦਾ ਪਰਧਾਨ ਬੋਰੀ ਫੜਾਜੀਂ ਝਾੜਕੇ। ਐਹੇ ਜੇ ਹੁੰਦੇ ਆ ਪਿੰਡਾਂ ਆਲੇ ਮਕੈਨਿਕ.....ਘੁੱਦਾ

ਦੋਫਾੜ ਕੌਮ

ਗੁਰੂ ਅਰਜਨ ਦੇਵ ਹੋਣਾਂ ਨੂੰ ਵਿਰਸੇ 'ਚ ਗੁਰਆਈ ਮਿਲੀ ਤਾਂ ਪਿਰਥੀ ਚੰਦ ਸਮੇਤ ਦੂਜੇ ਪਰਧਾਨ ਗੁਰੂ ਸਾਬ ਖਲਾਫ ਭੜਾਸ ਕੱਢਣ ਲਾਗੇ । ਟੱਬਰ ਪਾਟ ਗਿਆ। ਗੁਰੂ ਹਰਕਰਿਸ਼ਨ ਹੋਣਾਂ ਨੂੰ ਗੁਰਿਆਈ ਮਿਲੀ ਫੇਰ ਡਾਂਗ ਸੋਟਾ ਖੜਕਣ ਆਲੀ ਗੱਲ ਹੋਈ। ਕਾਟੋ ਕਲੇਸ ਫੇਰ ਪਿਆ।
ਜੰਗਾਂ ਯੁੱਧਾਂ ਸਮੇਂ ਪੰਥ ਫੇਰ ਪਾਟਾ ਤੇ ਚਾਲੀ ਸਿੰਘ ਬੇਦਾਵਾ ਲਿਖ ਘਰਾਂ ਨੂੰ ਸਿੱਧੇ ਹੋਗੇ। ਗੁਰਦਾਸ ਨੰਗਲ ਦੀ ਕੱਚੀ ਗੜ੍ਹੀ 'ਚ ਬੰਦਾ ਸਿੰਘ ਬਹਾਦਰ ਸਮੇਂ ਵੀ ਸਿੱਖ ਆਪੋ 'ਚ ਦੋਫਾੜ ਹੋਏ । ਨਨਕਾਣਾ ਸਾਹਬ ਮੋਰਚੇ ਸਮੇਂ ਪੰਥ ਫੇਰ ਪਾਟਾ ਤੇ ਮਹੰਤਾਂ ਨੇ ਦੂਜੇ ਸਿੱਖਾਂ ਦਾ ਕਤਲ ਕਰਤਾ। ਜੈਤੋ ਮੋਰਚੇ ਸਮੇਂ ਵੀ ਆਵਦੇ ਈ ਝੋਲੀ ਚੁੱਕਾਂ ਕੌਮ ਦਾ ਨਸ਼ਕਾਨ ਕਰਾਇਆ। ਏਮੇਂ ਜਿਮੇਂ ਜੇ ਕਿਤੇ ਤੇਜਾ ਤੇ ਲਾਲ ਸਿਹੁੰ ਐਂਗਲੋਂ ਜੰਗਾਂ ਸਮੇਂ ਗੱਦਾਰੀ ਨਾ ਕਰਦੇ ਤਾਂ ਜੰਗਨਾਮੇ 'ਚ ਸ਼ਾਹ ਮੁਹੰਮਦ ਨੂੰ "ਫੌਜਾਂ ਜਿੱਤ ਕ ਅੰਤ ਨੂੰ ਹਾਰੀਆਂ ਨੇ" ਕਦੇ ਨਾ ਲਿਖਣਾ ਪੈਂਦਾ। ਹੁਣ ਕਦੇ ਸਿੱਖ ਸਪੋਕਸਮੈਨ ਅਖਬਾਰ ਦੇ ਮੁੱਦੇ ਤੇ ਆਪਸ' ਜੁੰਡੋ ਜੁੰਡੀ ਹੁੰਦੇ ਨੇ ਤੇ ਕਿਤੇ ਦਸਮ ਗਰੰਥ ਦੇ ਮੁੱਦੇ ਤੇ। । ਛਪਦੀਆਂ ਸਿੱਖ ਮੈਗਜ਼ੀਨਾਂ ਦੇ ਸੰਪਾਦਕ ਆਪਸ 'ਚ ਲਫੜੋ ਲਫੜੀ ਹੁੰਦੇ ਨੇ।
ਕਿੱਡੀ ਸ਼ਪੱਸ਼ਟ ਗੱਲ ਆ, ਸ਼ੁਰੂ ਤੋਂ ਲੈਕੇ ਹੁਣ ਤਾਂਈ ਕੌਮ ਨੇ ਘਰੇਲੂ ਲੜਾਈਆਂ ਕਰਕੇ ਈ ਆਵਦਾ ਜਲੂਸ ਕਢਾਇਆ।
ਹੁਣ ਭੁੱਖ ਹੜਤਾਲੀਏ ਸਿੰਘ ਗੁਰਬਖਸ਼ ਸਿੰਘ ਨੂੰ ਆਹੀ ਡੱਕੇ ਬਏ ਸਿੱਖ ਬਿਦਬਾਨ ਨਿੰਦੀ ਜਾਂਦੇ ਨੇ। ਲੋਗੜ ਨਾ ਭਰੀ ਨਿੱਘੀ ਰਜਾਈ 'ਚ ਬਹਿਕੇ ਪੱਟਾਂ ਤੇ ਲੈਪਟੋਪ ਧਰਕੇ ਸਟੇਟਸ ਪਾਉਣਾ ਬਾਹਲਾ ਸੌਖਾ ਪਰ ਪਿੱਤਾ ਠਾਰਦੀ ਠੰਢ 'ਚ ਭੁੱਖਾ ਬਹਿਕੇ ਹਾਕਮਾਂ ਦੀ ਅੱਖ 'ਚ ਰੜਕਣਾ ਹਰਿੱਕ ਦੇ ਵੱਸ ਦੀ ਗੱਲ ਨੀਂ।
ਭੁੱਖ ਹੜਤਾਲ ਕਰਕੇ ਜੇ ਸਭ ਕੁਝ ਨਹੀਂ ਮਿਲਿਆ ਤਾਂ ਸ਼ਪੱਸ਼ਟ ਆ ਸਭ ਕੁਝ ਪਹਿਲਾਂ ਵਰਗਾ ਰਿਹਾ ਵੀ ਨਹੀਂ। ਸੇਰ 'ਚੋਂ ਪੂਣੀ ਹੀ ਸਹੀ ਪਰ ਕਿਸੇ ਕੱਤੀ ਤਾਂ ਸਹੀ.....ਘੁੱਦਾ

ਦਾਤਣ ਆਲਾ ਬੰਦਾ

ਪਰਾਰ ਦੀ ਗੱਲ ਆ ਆਹੀ ਦਸੰਬਰ ਦਾ ਛੇਕੜਲਾ ਜਾ ਪੱਖ ਸੀਗਾ , ਨਮਾਂ ਸਾਲ ਚੜ੍ਹਦਾ ਜਾ ਫਿਰਦਾ ਸੀ।
ਤਾਏ ਨੂੰ ਦੂਜੇ ਪਿੰਡ ਦੇ ਸਰਪੰਚ ਤਾਂਈਂ ਕੰਮ ਸੀ। ਮੋਹਰ ਮੂਹਰ ਲਵਾਉਣੀ ਸੀ ਕਿਤੇ । ਤਾਏ ਨੇ ਸਾਡੇਆਲੇ ਨਿੱਕੇ ਗਰਨੈਬ ਨੂੰ ਘੱਲਤਾ ਭਰਾਵਾ।
ਸਾਡੇ ਆਲੇ ਨਿੱਕੇ ਨੂੰ ਬਥੇਰਾ ਸਿਓਨਾ ਚਾਂਦੀ ਚਬਨਪਰਾਸ਼ ਚਾਰਿਆ ਫੇਰ ਵੀ ਸਹੁਰਾ ਕੇਜਰੀਵਾਲ ਅੰਗੂ ਠੰਢ ਵੱਧ ਮੰਨਦਾ, ਗੁਲੂਬੰਦ ਜਾ ਵਲੇ੍ਹਟ ਕੇ ਰੱਖਦਾ ਏਹੇ ਧੌਣ ਦਾਲੇ। ਊਂ ਤਾਂ ਕਿਤੇ ਹੱਥ ਨੀਂ ਲਾਉਣ ਦਿੱਤਾ ਓਦੇਂ ਤਾਏ ਨੇ ਮੋਟਰਸ਼ੈਕਲ ਦੇਤਾ ਏਹਨੂੰ। ਸਾਡੇਆਲਾ ਦੂਏ ਪਿੰਡ ਜਾਵੜਿਆ ਭਰਾਵਾ।
ਪਿੰਡ ਵੜਦਿਆਂ ਈ ਇੱਕ ਧੂੰਈਂ ਦਾਲੇ ਬੈਠਾ ਬਾਬਾ ਟੱਕਰ ਗਿਆ। ਬਾਬਾ ਨਾਏ ਤਾਂ ਵਾਰੋ ਵਾਰੀ ਜੋੜੇ ਲਾਹ ਲਾਹ ਪੈਰ ਸੇਕੀ ਜਾਏ ਨਾਏ ਸ਼ਟਾਟਰ ਦੇ ਤੇਲ ਅਰਗੀ ਚਾਹ ਪੀ ਜਾਏ। ਨਿੱਕਾ ਮੋਟਰਸ਼ੈਕਲ ਠੱਲ੍ਹਕੇ ਕੈਂਹਦਾ ,"ਬਾਬਾ ਸਰਪੈਂਚ ਘਰੇ ਜਾਣਾ ਜਰ"।
ਪੱਗ ਸੂਤ ਕਰਕੇ ਬਾਬਾ ਕਹਿੰਦਾ, "ਨਿੱਕਿਆ ਟਰਾਂਸਫਾਰਮ ਕੋਲੋਂ ਮੋੜ ਮੁੜਕੇ ਪਹਿਲਾਂ ਘਰ ਸਰਪੰਚ ਕਾ ਈ ਆ ਨਾਲੇ ਇੱਕ ਲੱਤ ਤੇ ਖੜ੍ਹਕੇ ਦਾਤਣ ਜੀ ਕਰੀ ਜਾਂਦੇਂ ਬੰਦੇ ਦੀ ਫੋਟੋ ਬਣੀ ਵਈ ਆ ਗੇਟ ਤੇ"। ਸਾਡੇਆਲਾ ਸ਼ਸ਼ੋਪੰਜ 'ਚ ਪੈ ਗਿਆ ਬੀ ਏਹੇ ਜੀ ਕੇਹੜੀ ਫੋਟੋ ਛਾਪਤੀ । ਨਿੱਕੇ ਨੇ ਜਦੋਂ ਮੋੜ ਮੁੜਕੇ ਸਰਪੈਂਚ ਦਾ ਗੇਟ ਵੇਖਿਆ ਓਥੇ ਕ੍ਰਿਸ਼ਨ ਭਗਬਾਨ ਦੀ ਫੋਟੋ ਬਣੀ ਵਈ ਜੇਹੜਾ ਇੱਕ ਲੱਤ ਤੇ ਖੜ੍ਹਕੇ ਮੁਰਲੀ ਬਜਾਉਦਾ ਹੁੰਦਾ। ਸਾਡੇ ਆਲਾ ਮੋਟਰਸ਼ੈਕਲ ਦਾ ਸਟੈਂਡ ਲਾਕੇ ਲਿਟਦਾ ਫਿਰੇ । ਐਹੇ ਜੇ ਹੁੰਦੇ ਆ ਪਿੰਡਾਂ ਆਲ਼ੇ......ਘੁੱਦਾ

ਐਸਾ ਬੱਸ ਦੀ ਮੈਂ ਬਾਰੀ 'ਚੋਂ ਪੰਜਾਬ ਵੇਖਿਆ

ਜਿੰਨੀ ਵਾਰੀ ਵੀ ਹਾਂ ਲੰਘੇ ਸਰਹੰਦ ਕੋਲਦੀ
ਸਾਂਭੀ ਬੈਠੀ ਹਾਂ ਮੈਂ ਅਣਖਾਂ ਦੀਵਾਰ ਬੋਲਦੀ
ਠੰਡੇ ਬੁਰਜ਼ 'ਚ ਜਿਓਣ ਦਾ ਖਵਾਬ ਵੇਖਿਆ
ਐਸਾ ਬੱਸ ਦੀ ਮੈਂ ਬਾਰੀ 'ਚੋਂ ਪੰਜਾਬ ਵੇਖਿਆ

ਵੱਗ ਪਾਲੀਆਂ ਨੇ ਹੱਕੇ ਧੂੜ ਪਹੇਆਂ ਤੇ ਉੱਡੇ
ਚੀਨੇ ਛੱਤਰੀ ਤੇ ਬੈਠੇ ਬਣੇ ਕੁੱਕੜਾਂ ਲਈ ਖੁੱਡੇ
ਜੱਟ ਬੋਹਲ ਉੱਤੇ ਬੈਠਾ ਬਣਿਆ ਨਵਾਬ ਵੇਖਿਆ
ਐਸਾ ਬੱਸ ਦੀ .............

ਨਦੀ ਸਰਸਾ ਵਿਛੋੜੇ ਫੇਰ ਕਿੱਥੇ ਹੋੋਣੇ ਮੇਲੇ
ਹੱਥੀਂ ਮਾਰੇ ਹੀਰਾਂ ਰਾਂਝੇ ਕਿੱਥੋਂ ਛੱਡਣੇ ਸੀ ਬੇਲੇ
ਡੋਬ ਇਸ਼ਕ ਹਕੀਕੀ ਰੋਂਦਾ ਸੀ ਝਨਾਬ ਵੇਖਿਆ
ਐਸਾ ਬੱਸ ਦੀ ਮੈ...........

ਚਿੱਟਾ ਪਾਕਿ ਵੱਲੋਂ ਆਵੇ ਹੋਕੇ ਪੈਕਟਾਂ 'ਚ ਬੰਦ
ਪਾਤੇ ਘਰਾਂ 'ਚ ਕਲੇਸ ਵੇਹੜੇ ਉੱਸਰਜੇ ਕੰਧ
ਵਾੜ ਥੋਹਰਾਂ ਦੀ 'ਚ ਘਿਰਿਆ ਗੁਲਾਬ ਵੇਖਿਆ
ਐਸਾ ਬੱਸ ਦੀ ਮੈਂ ....................

ਵੇਹਲ ਸਿਵਿਆਂ 'ਚ ਹੈਨੀ ਸਮੇਂ ਐਸੇ ਸਨ ਆਏ
ਦਿੱਲੀ ਚਰਗੀ ਜਵਾਨੀ ਸੀ ਮੁਕਾਬਲੇ ਬਣਾਏ
ਮਾਮੂਲੀ ਜਾ ਸਿਪਾਹੀ ਬਣਦਾ ਜਨਾਬ ਵੇਖਿਆ
ਐਸਾ ਬੱਸ ਦੀ ਮੈਂ.................

ਧੀ ਸਭਨਾਂ ਤੋਂ ਉੱਤੇ ਬਾਣੀ ਵਿੱਚ ਵਡਿਆਈ
ਲੋਕ ਬਦਨੀਤ ਹੋਗੇ ਫਿਰੇ ਹਵਸੀ ਲੋਕਾਈ
ਡੁੱਲ੍ਹਾ ਕੁੜੀਆਂ ਦੇ ਚੇਹਰੇ ਤੇ ਤੇਜ਼ਾਬ ਵੇਖਿਆ
ਐਸਾ ਬੱਸ ਦੀ ਮੈਂ ਬਾਰੀ 'ਚੋਂ ਪੰਜਾਬ ਵੇਖਿਆ.....ਘੁੱਦਾ

ਛੰਦ ਲਿਖਣੇ ਨਾ ਆਏ ਰਜਬਲੀ ਨਾਲਦੇ

ਕਣਕ ਤੇ ਜ਼ੀਰੀ ਨਮੀ ਵਿੱਚ ਫਲਦੇ
ਛੋਲੀਆ ਗਵਾਰਾ ਦੋਹੇਂ ਔੜ ਭਾਲਦੇ
ਕੀ ਫੂਕਣੀ ਔਲਾਦ ਜੇਹੜੀ ਸਾਂਭ ਸਕੇ ਨਾ
ਅੰਤ ਤੱਕ ਮਾਪੇ ਨੇ ਜ਼ਫਰ ਜਾਲਦੇ
ਠਾਣਿਆਂ ਕਚੈਹਰੀਆਂ ਨੂੰ ਕੌਣ ਸੁੰਭਰੇ
ਹੁੰਦੇ ਨਾ ਜੇ ਰੌਲੇ ਕਦੇ ਵੱਟ ਖਾਲਦੇ
ਖਾਨਦਾਨੀ ਸੱਥ 'ਚ ਨਾ ਗਾਲ੍ਹ ਕੱਢਦੇ
ਸਿਆਣੇ ਪੈਂਚ ਝਗੜਾ ਹਮੇਸ਼ਾ ਟਾਲਦੇ
ਢੰਗ ਸਿੱਖੇ ਦੁਨੀਆਂ ਦੇ ਛੋਟੀ ਉਮਰੇ
ਬਾਗੀ ਨੇ ਵਡਾਰੂ ਹੁੰਦੇ ਜੇਹੜੇ ਬਾਲ ਦੇ
ਭਾਜੀ ਭਾਊ ਮਿੱਠੇ ਬੋਲ ਕੁੱਲ ਮਾਝੇ ਦੇ
ਰਲੌਟੇ ਲੋਕ ਡਿੱਠੇ ਨੇ ਇਹ ਕਮਾਲ ਦੇ
'ਘੁੱਦੇ' ਮੱਤ ਨਿੱਕੀ ਕੋਸ਼ਿਸ਼ ਬਥੇਰੀ ਕਰਦੇ
ਛੰਦ ਲਿਖਣੇ ਨਾ ਆਏ ਰਜਬਲੀ ਨਾਲਦੇ

ਪਰਤਿਆਈਆਂ ਬੀਆਂ ਗੱਲਾਂ ...ਨਮੇਂ ਸਾਲ 'ਚ ਨਿਊ ਵਰਜ਼ਨ

ਪਰਤਿਆਈਆਂ ਬੀਆਂ ਗੱਲਾਂ ...ਨਮੇਂ ਸਾਲ 'ਚ ਨਿਊ ਵਰਜ਼ਨ

1. ਅਖਬਾਰਾਂ , ਟੀਬੀਆਂ ਤੇ ਜਦੋਂ ਕਿਤੇ ਮੰਤਰੀਆਂ ਦੀ ਰੁੱਖ ਲਾਉਂਦਿਆਂ ਦੀ ਫੋਟੋ ਆਉਂਦੀ ਆ ਉਦੋਂ ਗੌਰ ਨਾ ਵੇਖਿਓ ਫਲਾਫੇ ਆਲੇ ਬੂਝੇ ਨੂੰ ਊਂਈ ਦਸ ਜਾਣੇ ਹੱਥ ਪਾਈ ਖੜੇ ਹੁੰਦੇ ਆ ਫੋਟੋ ਖਿਚਾਉਣ ਖਾਤਰ। ਸ਼ੋਸ਼ੇਬਾਜੀ ਬਾਹਲੀ ਕਰਦਾ ਮੁਲਖ
2.ਪਿੰਡਾਂ 'ਚ ਜੇਹੜੇ ਦੋ ਸਕੇ ਭਰਾ ਹੁੰਦੇ ਨੇ ਉਹਨ੍ਹਾਂ 'ਚੋਂ ਨਿੱਕੇ ਭਾਈ ਨੂੰ ਵੀ ਵੱਡੇ ਭਰਾ ਦਾ ਨੌਂ ਲੈਕੇ ਈ ਬੁਲਾਇਆ ਜਾਂਦਾ, ਪਰਤਿਆਇਆ ਬਾ ਪੱਕਾ।
3 ਪਿੰਡ ਆਲੀ ਬੱਸ ਦੀ ਮੂਹਰਲੀ ਤੇ ਪਿਛਲੀ ਤਾਕੀ 'ਚੋਂ ਉੱਤਰਕੇ ਬੰਦੇ ਇੱਕ ਦੂਜੇ ਨੂੰ ਆਹੀ ਸਵਾਲ ਕਰਨਗੇ,"ਪਰਧਾਨ ਕਿਥੋਂ ਆਇਆ"? ਬੰਦਾ ਪੁੱਛੇ ਬੀ ਤੇਰੇ ਨਾਲ ਤਾਂ ਉੱਤਰਿਆਂ ਬੱਸ 'ਚੋਂ ਹੋਰ ਮਿਨੀਬੱਗੋਂ ਆਇਆ ।
4. ਟੀ ਬੀ ਤੇ ਜਦੋਂ ਕਿਸੇ ਗੀਤ 'ਚ ਕੁੜੀਆਂ ਦੋ ਕ ਲੀੜੇ ਪਾਕੇ ਨੱਚਦੀਆਂ ਤਾਂ ਪਿੰਡਾਂ ਆਲੀਆਂ ਬੁੜ੍ਹੀਆਂ ਸੋਬਤੀ ਆਹੀ ਗੱਲ ਕੈਂਹਦੀਆ ," ਲੈ ਕੁੜੇ ਆਹ ਵੀ ਕਿਸੇ ਦੀਆਂ ਕੁੜੀਆਂ ਈ ਆ"
5 ਆਪਣੇ ਮੁਲਖ 'ਚ ਬੇਵਿਸ਼ਵਾਸੀ ਬਾਹਲੀ ਆ। ਜਦੋਂ ਕਿਤੇ ਕੋਈ ਕਹਿਦੇ ਬੀ ਪਰਧਾਨ ਦਸ ਵਜੇ ਪਹੁੰਚ ਜਿਓ ਟੈਮ ਤੇ ਤਾਂ ਆਪਣਾ ਮੁਲਖ ਆਹੀ ਸੋਚਦਾ," ਕੋਈ ਨਾ ਠਹਿਰ ਕੇ ਚੱਲਾਂਗੇ ਦਸ ਵਜੇ ਦਾ ਤਾਂ ਕਿਹਾ ਈ ਆ ਸਾਢੇ ਦਸ ਤਾਂ ਹੋ ਈ ਜਾਣਗੇ ਰਾਮ ਨਾਲ"
6.ਪਿੰਡਾਂ ਆਲੇ ਜਦੋਂ ਕਦੇ ਰੋਡ ਐਕਸੀਡੈਂਟ ਦੀ ਗੱਲ ਸੁਣਾਉਂਦੇ ਹੁੰਦੇ ਆ,ਓਦੋਂ ਆਹ ਗੱਲ ਲਾਜ਼ਮੀ ਆਖਣਗੇ ,"ਪਰਧਾਨ ਸੱਟ ਤਾਂ ਫਲਾਣੇ ਦੇ ਬੱਜੀ ਸੀ ਬੱਠਲ ਖੂਨ ਦਾ ਡੁੱਲ੍ਹ ਗਿਆ । ਬੱਠਲ ਨਾਲ ਖੂਨ ਖੌਣੀਂ ਕਿਮੇਂ ਮਿਣ ਲੈਂਦੇ ਆ ਸਹੁਰੇ।....ਘੁੱਦਾ