Saturday 4 January 2014

ਦੋਫਾੜ ਕੌਮ

ਗੁਰੂ ਅਰਜਨ ਦੇਵ ਹੋਣਾਂ ਨੂੰ ਵਿਰਸੇ 'ਚ ਗੁਰਆਈ ਮਿਲੀ ਤਾਂ ਪਿਰਥੀ ਚੰਦ ਸਮੇਤ ਦੂਜੇ ਪਰਧਾਨ ਗੁਰੂ ਸਾਬ ਖਲਾਫ ਭੜਾਸ ਕੱਢਣ ਲਾਗੇ । ਟੱਬਰ ਪਾਟ ਗਿਆ। ਗੁਰੂ ਹਰਕਰਿਸ਼ਨ ਹੋਣਾਂ ਨੂੰ ਗੁਰਿਆਈ ਮਿਲੀ ਫੇਰ ਡਾਂਗ ਸੋਟਾ ਖੜਕਣ ਆਲੀ ਗੱਲ ਹੋਈ। ਕਾਟੋ ਕਲੇਸ ਫੇਰ ਪਿਆ।
ਜੰਗਾਂ ਯੁੱਧਾਂ ਸਮੇਂ ਪੰਥ ਫੇਰ ਪਾਟਾ ਤੇ ਚਾਲੀ ਸਿੰਘ ਬੇਦਾਵਾ ਲਿਖ ਘਰਾਂ ਨੂੰ ਸਿੱਧੇ ਹੋਗੇ। ਗੁਰਦਾਸ ਨੰਗਲ ਦੀ ਕੱਚੀ ਗੜ੍ਹੀ 'ਚ ਬੰਦਾ ਸਿੰਘ ਬਹਾਦਰ ਸਮੇਂ ਵੀ ਸਿੱਖ ਆਪੋ 'ਚ ਦੋਫਾੜ ਹੋਏ । ਨਨਕਾਣਾ ਸਾਹਬ ਮੋਰਚੇ ਸਮੇਂ ਪੰਥ ਫੇਰ ਪਾਟਾ ਤੇ ਮਹੰਤਾਂ ਨੇ ਦੂਜੇ ਸਿੱਖਾਂ ਦਾ ਕਤਲ ਕਰਤਾ। ਜੈਤੋ ਮੋਰਚੇ ਸਮੇਂ ਵੀ ਆਵਦੇ ਈ ਝੋਲੀ ਚੁੱਕਾਂ ਕੌਮ ਦਾ ਨਸ਼ਕਾਨ ਕਰਾਇਆ। ਏਮੇਂ ਜਿਮੇਂ ਜੇ ਕਿਤੇ ਤੇਜਾ ਤੇ ਲਾਲ ਸਿਹੁੰ ਐਂਗਲੋਂ ਜੰਗਾਂ ਸਮੇਂ ਗੱਦਾਰੀ ਨਾ ਕਰਦੇ ਤਾਂ ਜੰਗਨਾਮੇ 'ਚ ਸ਼ਾਹ ਮੁਹੰਮਦ ਨੂੰ "ਫੌਜਾਂ ਜਿੱਤ ਕ ਅੰਤ ਨੂੰ ਹਾਰੀਆਂ ਨੇ" ਕਦੇ ਨਾ ਲਿਖਣਾ ਪੈਂਦਾ। ਹੁਣ ਕਦੇ ਸਿੱਖ ਸਪੋਕਸਮੈਨ ਅਖਬਾਰ ਦੇ ਮੁੱਦੇ ਤੇ ਆਪਸ' ਜੁੰਡੋ ਜੁੰਡੀ ਹੁੰਦੇ ਨੇ ਤੇ ਕਿਤੇ ਦਸਮ ਗਰੰਥ ਦੇ ਮੁੱਦੇ ਤੇ। । ਛਪਦੀਆਂ ਸਿੱਖ ਮੈਗਜ਼ੀਨਾਂ ਦੇ ਸੰਪਾਦਕ ਆਪਸ 'ਚ ਲਫੜੋ ਲਫੜੀ ਹੁੰਦੇ ਨੇ।
ਕਿੱਡੀ ਸ਼ਪੱਸ਼ਟ ਗੱਲ ਆ, ਸ਼ੁਰੂ ਤੋਂ ਲੈਕੇ ਹੁਣ ਤਾਂਈ ਕੌਮ ਨੇ ਘਰੇਲੂ ਲੜਾਈਆਂ ਕਰਕੇ ਈ ਆਵਦਾ ਜਲੂਸ ਕਢਾਇਆ।
ਹੁਣ ਭੁੱਖ ਹੜਤਾਲੀਏ ਸਿੰਘ ਗੁਰਬਖਸ਼ ਸਿੰਘ ਨੂੰ ਆਹੀ ਡੱਕੇ ਬਏ ਸਿੱਖ ਬਿਦਬਾਨ ਨਿੰਦੀ ਜਾਂਦੇ ਨੇ। ਲੋਗੜ ਨਾ ਭਰੀ ਨਿੱਘੀ ਰਜਾਈ 'ਚ ਬਹਿਕੇ ਪੱਟਾਂ ਤੇ ਲੈਪਟੋਪ ਧਰਕੇ ਸਟੇਟਸ ਪਾਉਣਾ ਬਾਹਲਾ ਸੌਖਾ ਪਰ ਪਿੱਤਾ ਠਾਰਦੀ ਠੰਢ 'ਚ ਭੁੱਖਾ ਬਹਿਕੇ ਹਾਕਮਾਂ ਦੀ ਅੱਖ 'ਚ ਰੜਕਣਾ ਹਰਿੱਕ ਦੇ ਵੱਸ ਦੀ ਗੱਲ ਨੀਂ।
ਭੁੱਖ ਹੜਤਾਲ ਕਰਕੇ ਜੇ ਸਭ ਕੁਝ ਨਹੀਂ ਮਿਲਿਆ ਤਾਂ ਸ਼ਪੱਸ਼ਟ ਆ ਸਭ ਕੁਝ ਪਹਿਲਾਂ ਵਰਗਾ ਰਿਹਾ ਵੀ ਨਹੀਂ। ਸੇਰ 'ਚੋਂ ਪੂਣੀ ਹੀ ਸਹੀ ਪਰ ਕਿਸੇ ਕੱਤੀ ਤਾਂ ਸਹੀ.....ਘੁੱਦਾ

No comments:

Post a Comment