Saturday 4 January 2014

ਐਸਾ ਬੱਸ ਦੀ ਮੈਂ ਬਾਰੀ 'ਚੋਂ ਪੰਜਾਬ ਵੇਖਿਆ

ਜਿੰਨੀ ਵਾਰੀ ਵੀ ਹਾਂ ਲੰਘੇ ਸਰਹੰਦ ਕੋਲਦੀ
ਸਾਂਭੀ ਬੈਠੀ ਹਾਂ ਮੈਂ ਅਣਖਾਂ ਦੀਵਾਰ ਬੋਲਦੀ
ਠੰਡੇ ਬੁਰਜ਼ 'ਚ ਜਿਓਣ ਦਾ ਖਵਾਬ ਵੇਖਿਆ
ਐਸਾ ਬੱਸ ਦੀ ਮੈਂ ਬਾਰੀ 'ਚੋਂ ਪੰਜਾਬ ਵੇਖਿਆ

ਵੱਗ ਪਾਲੀਆਂ ਨੇ ਹੱਕੇ ਧੂੜ ਪਹੇਆਂ ਤੇ ਉੱਡੇ
ਚੀਨੇ ਛੱਤਰੀ ਤੇ ਬੈਠੇ ਬਣੇ ਕੁੱਕੜਾਂ ਲਈ ਖੁੱਡੇ
ਜੱਟ ਬੋਹਲ ਉੱਤੇ ਬੈਠਾ ਬਣਿਆ ਨਵਾਬ ਵੇਖਿਆ
ਐਸਾ ਬੱਸ ਦੀ .............

ਨਦੀ ਸਰਸਾ ਵਿਛੋੜੇ ਫੇਰ ਕਿੱਥੇ ਹੋੋਣੇ ਮੇਲੇ
ਹੱਥੀਂ ਮਾਰੇ ਹੀਰਾਂ ਰਾਂਝੇ ਕਿੱਥੋਂ ਛੱਡਣੇ ਸੀ ਬੇਲੇ
ਡੋਬ ਇਸ਼ਕ ਹਕੀਕੀ ਰੋਂਦਾ ਸੀ ਝਨਾਬ ਵੇਖਿਆ
ਐਸਾ ਬੱਸ ਦੀ ਮੈ...........

ਚਿੱਟਾ ਪਾਕਿ ਵੱਲੋਂ ਆਵੇ ਹੋਕੇ ਪੈਕਟਾਂ 'ਚ ਬੰਦ
ਪਾਤੇ ਘਰਾਂ 'ਚ ਕਲੇਸ ਵੇਹੜੇ ਉੱਸਰਜੇ ਕੰਧ
ਵਾੜ ਥੋਹਰਾਂ ਦੀ 'ਚ ਘਿਰਿਆ ਗੁਲਾਬ ਵੇਖਿਆ
ਐਸਾ ਬੱਸ ਦੀ ਮੈਂ ....................

ਵੇਹਲ ਸਿਵਿਆਂ 'ਚ ਹੈਨੀ ਸਮੇਂ ਐਸੇ ਸਨ ਆਏ
ਦਿੱਲੀ ਚਰਗੀ ਜਵਾਨੀ ਸੀ ਮੁਕਾਬਲੇ ਬਣਾਏ
ਮਾਮੂਲੀ ਜਾ ਸਿਪਾਹੀ ਬਣਦਾ ਜਨਾਬ ਵੇਖਿਆ
ਐਸਾ ਬੱਸ ਦੀ ਮੈਂ.................

ਧੀ ਸਭਨਾਂ ਤੋਂ ਉੱਤੇ ਬਾਣੀ ਵਿੱਚ ਵਡਿਆਈ
ਲੋਕ ਬਦਨੀਤ ਹੋਗੇ ਫਿਰੇ ਹਵਸੀ ਲੋਕਾਈ
ਡੁੱਲ੍ਹਾ ਕੁੜੀਆਂ ਦੇ ਚੇਹਰੇ ਤੇ ਤੇਜ਼ਾਬ ਵੇਖਿਆ
ਐਸਾ ਬੱਸ ਦੀ ਮੈਂ ਬਾਰੀ 'ਚੋਂ ਪੰਜਾਬ ਵੇਖਿਆ.....ਘੁੱਦਾ

No comments:

Post a Comment