Saturday 4 January 2014

ਟੀ ਵੀ ਲੋਟ ਕਰਾਉਣ ਆਲੀ ਗੱਲ

ਪਿੰਡਾਂ 'ਚ ਸਾਰੇ ਘਰਾਂ ਦੀ ਅੱਡੋ ਅੱਡ ਅੱਲ ਪੈਂਦੀ ਹੁੰਦੀ ਆ। ਜਿਮੇਂ ਕੋਈ ਗੁੜਖਾਣੇ ਕੇ, ਡਲੇਮਾਰਾਂ ਦੇ, ਜਾਂ ਚਾਹਪੀਣੇ ਕੇ।
ਕੇਰਾਂ ਏਮੇਂ ਜਿਮੇਂ ਸਾਡੇ ਏਥੇ ਚੂਹੇ ਚਾਹਪੀਣੇ ਕੇ ਰੰਗੀਲ ਟੀਬੀ ਦੀਆਂ ਤਾਰਾਂ ਟੁੱਕਗੇ। ਟੀਬੀ ਵੀ ਦੂਜਾ ਸੀਗਾ ਜੇਹੜਾ ਵਿਚਾਲਓਂ ਬੈਂਕ ਦੇ ਕੈਂਚੀ ਗੇਟ ਅੰਗੂ ਦੋਹੀਂ ਪਾਸੀਂ ਖੁੱਲ੍ਹਦਾ ਹੁੰਦਾ।
ਰੰਗੀਲ ਟੀਵੀ ਚੱਲੇ ਚੱਲੇ ਸੀ, ਮਕੈਨਿਕਾਂ ਨੂੰ ਏਹਨਾਂ ਦਾ ਤਜਰਬਾ ਘੱਟ ਸੀ ਓਦੋਂ। ਚਾਹਪੀਣੇ ਕੇ ਜਵਾਕ ਬੇਬੇ ਅਰਗੀਆਂ ਦੀ ਸੁੱਥਣਾਂ ਖਿੱਚਦੇ ਫਿਰਨ , ਬੀਚਰੇ ਫਿਰਨ ਬੀ ਟੀਬੀ ਲੋਟ ਕਰਾਓ। ਹਾਰਕੇ ਪਸੂਆਂ ਨੂੰ ਗਤਾਵਾ ਕਰਕੇ ਚਾਹਪੀਣੇ ਨੇ ਜੱਫਾ ਭਰਕੇ ਟੀਵੀ ਸੈਕਲ ਦੀ ਪਿਛਲੀ ਕਾਠੀ ਤੇ ਧਰ ਲਿਆ। ਓਤੋਂ ਦੀ ਟੂਪ ਹੌਂਕਾ ਮਾਰਕੇ ਕਸਕੇ ਤੇ ਮੂਹਰੇ ਸੈਕਲ ਦੇ ਡੰਡੇ ਨਾਲ ਮੂੰਗੇ ਮਾਰਤੇ। ਸਾਥੋਂ ਅਗਲਾ ਪਿੰਡ ਆ ਨੰਦਗੜ। ਚਾਹਪੀਣੇ ਨੇ ਜੈਕੀ ਸ਼ਰਾਫ ਅੰਗੂ ਹੈਂਡਲ ਓਤੋਂ ਦੀ ਲੱਤ ਘੁਕਾ ਕੇ ਸੈਕਲ ਨੰਦਗੜ੍ਹ ਨੂੰ ਸਿੱਧਾ ਕਰਤਾ। ਗਾਹਾਂ ਜਾਂਦੇਆਂ ਨੂੰ ਜਰਦਾ ਜੁਰਦਾ ਲਾਕੇ ਮਕੈਨਿਕ ਗੱਡਾ ਡਈਆਂ ਤੇ ਕਰੀ ਪਿਆ। ਜਾਕੇ ਚਾਹਪੀਣੇ ਨੇ ਟੈਲੀਬੀਜ਼ਨ ਤਖਤਪੋਸ਼ ਤੇ ਧਰਤਾ । ਸਿਲਮੇ ਜਿੱਡਾ ਟੀਵੀ ਦੇਖ ਕੇ ਮਦਾਰੀ ਦੇ ਖੇਹਡੇ ਜਿੰਨਾ ਕੱਠ ਹੋਗਿਆ।
ਮਕੈਨਿਕ ਕੈਂਹਦਾ ਪਰਧਾਨ ਆਉਂਦੇ ਜੁੰਮੇ ਨੂੰ ਟੀ.ਬੀ ਲੈਜੀਂ , ਸੂਤ ਕਰਿਆ ਪਿਆ ਹੋਊ। ਨਿਆਣੇ ਦੀ ਲੱਤ ਜਿੱਡਾ ਪੇਚਕਸ ਫੜ੍ਹਕੇ ਮਕੈਨਿਕ ਨੇ ਟੀਬੀ ਅੱਡੋ ਅੱਡੀ ਸਾਰਾ ਖਿਲਾਰਕੇ 'ਚਾਰੀ ਅੰਬ ਅੰਗੂ ਤਖਤਪੋਸ਼ ਤੇ ਸੁੱਕਣੇ ਪਾਤਾ। ਦੂਏ ਤੀਏ ਦਿਨ ਜਦੋਂ ਮਕੈਨਕ ਟੀਵੀ ਕਸਣ ਲੱਗਾ , ਨਾ ਸੂਤ ਆਇਆ ਕੰਮ। ਖਾਸੀ ਮਗਜ ਖਪਾਈ ਮਗਰੋਂ ਜਦੋਂ ਨਾ ਲੋਟ ਆਇਆ ਕੰਮ ਤਾਂ ਹਾਨੀਸਾਰ ਨੂੰ ਮਕੈਨਿਕ ਨੇ ਸਾਰੇ ਨਟ ਕਾਬਲੇ ਬਹੁਕਰ ਨਾ ਸੁੰਭਰ ਕੇ ਟੀਬੀ ਖਲ ਆਲੀ ਬੋਰੀ 'ਚ ਪਾਤਾ । ਆਟੇ ਆਲੇ ਗੱਟੇ ਅੰਗੂ ਘੁੱਟ ਕੇ ਬੋਰੀ ਦਾ ਮੂੰਹ ਬੰਨ੍ਹਕੇ ਖੂੰਜੇ 'ਚ ਰੱਖਤੀ।
ਜੂਜੇ ਪਾਸੇ ਚਾਹਪੀਣੇ ਘਰੇ ਵਿਆਹ ਅਰਗਾ ਮਹੌਲ, ਜਵਾਕ ਸ਼ਕਤੀਮਾਨ ਅੰਗੂ ਘੁਕਦੇ ਫਿਰਨ ਬੀ ਅੱਜ ਟੀਬੀ ਲੋਟ ਹੋਕੇ ਆਊ । ਆਅਅ ਕੀ ਜਦੋਂ ਚਾਹਪੀਣਾ ਟੀਬੀ ਚੱਕਣ ਗਿਆ, ਮਕੈਨਿਕ ਨੇ ਕੱਟੇ ਅੰਗੂ ਬੋਰੀ ਚਾਕੇ ਸੈਕਲ ਤੇ ਧਰ ਤੀ। ਪਿੱਛੋਂ ਬੋਲ ਮਾਰਕੇ ਮਕੈਨਿਕ ਕੈਂਹਦਾ ਪਰਧਾਨ ਬੋਰੀ ਫੜਾਜੀਂ ਝਾੜਕੇ। ਐਹੇ ਜੇ ਹੁੰਦੇ ਆ ਪਿੰਡਾਂ ਆਲੇ ਮਕੈਨਿਕ.....ਘੁੱਦਾ

No comments:

Post a Comment