Thursday 30 January 2014

ਅਸਲ ਪੰਜਾਬੀ

ਥੋੜ੍ਹੇ ਕ ਦਿਨ ਪੈਹਲਾਂ ਚਾਣਚੱਕ ਢਿੱਲ ਮੱਠ ਹੋਣ ਕਰਕੇ ਤਾਏ ਨੂੰ ਫਰੀਦਕੋਟ ਦੇ ਹਸਪਤਾਲ 'ਚ ਦਾਖਲ ਕਰਵਾਇਆ ਵਾ ਸੀ। ਤਾਏ ਦੇ ਨਾਲ ਲੱਗਮੇਂ ਬੈੱਡ ਤੇ ਮਾਨਸਾ ਜਿਲ੍ਹੇ ਦੇ ਪਿੰਡ ਬੱਪੀਆਣੇ ਦੀ ਇੱਕ ਸੱਤਰਾਂ ਬਹੱਤਰਾਂ ਸਾਲਾਂ ਨੂੰ ਉੱਪੜੀ ਇੱਕ ਬੇਬੇ ਦਾਖਲ ਸੀ।
ਬੇਬੇ ਦੇ ਦੱਸਣ ਮੁਤਾਬਕ ਉਹਦਾ ਬੁਰਛੇ ਜਿੱਡਾ ਜਵਾਨ ਪੁੱਤ ਚੜ੍ਹਦੀ ਜਵਾਨੀ ਕੈਂਸਰ ਦੀ ਬਿਮਾਰੀ ਕਰਕੇ ਫਤਹਿ ਬੁਲਾ ਗਿਆ ਸੀ।
ਬੇਬੇ ਆਪ ਵੀ ਹੁਣ ਛਾਤੀ ਦੇ ਕੈਂਸਰ ਕਰਕੇ ਹਸਪਤਾਲ ਦਾਖਲ ਸੀ।
ਬੇਬੇ ਸਰੀਰ ਦੀ ਬੋਝਲ ਸੀ, ਤਾਂ ਕਰਕੇ ਅਸੀਂ ਉੱਠਣ ਬੈਠਣ 'ਚ ਹੱਥ ਭੜੱਥੀ ਪਵਾ ਦੇਂਦੇ । ਚਾਰ ਲਾਵਾਂ ਲੈਣ ਆਲਾ ਬਾਬਾ ਵੀ ਬੇਬੇ ਕੋਲ ਬੈਠਾ ਦਿਨ ਰਾਤ ਬੇਬੇ ਦੀਆਂ ਲੱਤਾਂ ਨੱਪਕੇ ਸੇਵਾ ਕਰਦਾ ਰਿਹਾ। ਬਾਬੇ ਦੀਆਂ ਅੱਖਾਂ ਦੀ ਡੂੰਘੀ ਝੀਥ ਵੱਡੀ ਕਬੀਲਦਾਰੀ ਦਾ ਬੋਝ ਦਰਸਾਉਂਦੀ ਸੀ। ਪੜਦੇ ਜੇ ਨਾਲ ਬਾਬਾ ਬਿੰਦੇ ਝੱਟੇ ਗੇਰੂਏ ਰੰਗੀ ਪੱਗ ਦੇ ਲੜ ਨਾ ਅੱਖਾਂ ਪੂੰਝ ਕੇ ਜਾਅਲੀ ਜੀ ਹਾਸੀ ਖਿਲਾਰ ਛੱਡਦਾ। ਮੈਂ ਆਉਣ ਲੱਗਿਆਂ ਬੈੱਡ ਕੋਲ ਜਾਕੇ ਬੇਬੇ ਨੂੰ ਹੱਥਜੁੜਮੀਂ ਸਸਰੀਕਾਲ ਬੁਲਾਕੇ ਸਿਆਣੇ ਜੇ ਲਹਿਜ਼ੇ 'ਚ ਆਖਿਆ ," ਬੇਬੇ ਹੌਸਲਾਂ ਰੱਖੀ ਮਾਅਰਾਜ ਭਲੀ ਕਰੂ"
ਮੇਰਾ ਮੋਢਾ ਪਲੂਸ ਕੇ ਬੇਬੇ ਨੇ ਤਾਹਾਂ ਨੂੰ ਝਾਕਕੇ ਆਖਿਆ ਕੋਈ ਨਾ ਪੁੱਤ ,"ਲੀਲੀ ਛੱਤ ਆਲਾ ਮੇਹਰ ਕਰੂਗਾ, ਓਸੇ ਨੂੰ ਫਿਕਰ ਆ"
ਹਸਪਤਾਲ ਦੇ ਲੈਂਟਰ ਆਲੀ ਛੱਤ ਵਿੱਚਦੀ ਬੇਬੇ ਨੂੰ ਖੌਣੀ ਕੇਹੜਾ ਬਾਬਾ ਦਿਸਦਾ ਸੀ ਜੇਹੜਾ ਮੰਜੇ ਤੇ ਪਈ ਨੂੰ ਵੀ ਅਨਰਜ਼ੀ ਬਖਸ਼ਦਾ ਸੀ।
ਗੀਤਾਂ ਫਿਲਮਾਂ ਆਲੇ ਖੌਣੀ ਕੇਹੜੇ ਜੱਟਵਾਦ ਜਾਂ ਪੰਜਾਬੀਪੁਣੇ ਦੀਆਂ ਫੜ੍ਹਾਂ ਮਾਰਦੇ ਨੇ ਜਰ, ਅਸਲ ਪੰਜਾਬ ਤਾਂ ਏਹਨਾਂ ਲੋਕਾਂ 'ਚ ਈ ਆ। ਹਜ਼ਾਰਾਂ ਦੁੱਖ ਦੇਖਕੇ ਵੀ 'ਤੇਰਾ ਭਾਣਾ ਮੀਠਾ ਲਾਗੇ ' ਕਹਿਕੇ ਰੱਬ ਨੂੰ ਵੀ ਕੱਚਾ ਜਾ ਕਰ ਦੇਂਦੇ ਨੇ ....ਜਿਓਦੇਂ ਰਹਿਣ ਬਾਬੇ.....ਘੁੱਦਾ

No comments:

Post a Comment