Thursday, 12 April 2012

ਭੂਸ਼ਾ

ਐਨਕਾਂ ਵਾਲਿਆਂ ਨੂੰ ਬੜਾ ਫਿਕਰ ਹੁੰਦਾ ਸ਼ੇਅਰ ਬਜ਼ਾਰ ਦੇ ਉਤਰਾਅ ਚੜ੍ਹਾਅ ਦਾ
ਪੈਂਟ ਤੇ ਲੱਗੀ ਬੈਲਟ ਸੂਤ ਕਰਦੇ ਕਰਦੇ ਉਤਾਂਹ ਨੂੰ ਮੂੰਹ ਕਰਕੇ
ਸਿੱਕੇ ਦਾ ਉਛਾਲ ਵੇਖਦੇ ਨੇ
ਤੇ ਕਦੇ ਖੁਸ਼ ਤੇ ਕਦੇ ਤਪਕੇ ਘਰੇ ਮੁੜਦੇ ਨੇ
ਪਰ ਪਾਸ਼ੇ ਦੇ ਭਰਾ ਭੂਸ਼ੇ ਨੂੰ ਇਹੋ ਜਾ ਫਿਕਰ ਤਾਂ ਨਹੀਂ ਹੁੰਦਾ
ਪਰ ਸੂਣ ਆਲੀ ਮੱਝ ਦੇ ਕੱਟਰੂ ਦੀ ਬੂਥ ਮੁੜਨ ਦਾ ਫਿਕਰ ਜ਼ਰੂਰ ਹੁੰਦਾ
ਤੇ ਸੈਕਲ ਭਜਾਉਦਾ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਜਾ ਪੈਰ ਫੜ੍ਹਦਾ
ਵੋਟਾਂ ਵੇਲੇ ਤੀਜੀ ਧਿਰ ਦੇ ਜਿੱਤਣ ਜਾ ਹਰਨ ਦੀ ਵੀ ਕਲਪਨਾ ਨਹੀਂ ਹੁੰਦੀ
ਨੰਬਰਦਾਰ ਘਰੇ ਆਕੇ ਪੁੱਛਦਾ, "ਭੂਸ਼ਿਆ ਫਿਰ ਵੋਟ ਕੀਹਨੂੰ ਪਾਉਣੀਂ ਆ"
ਬੈਠਣ ਖਾਤਰ ਮੰਜਾ ਡਾਹੁੰਦਾ ਭੂਸ਼ਾ ਬੋਲਦਾ, "ਜੀਹਨੂੰ ਕਹਿਦੋਗੇ ਪਾਦਾਂਗੇ ਬੋਟ"
ਚਲ ਫਿਰ ਓਤਲੀ ਸੁੱਚ ਦੱਬ ਦਿਓ, ਕਰਲਾਂਗੇ ਥੋਡੇ ਨਾਲ
"ਕਰਲਾਂਗੇ ਥੋਡੇ ਨਾਲ" ਸੁਣ ਭੂਸ਼ੇ ਕਾ ਟੱਬਰ ਓਤਲਾ ਬਟਣ ਦੱਬ ਆਉਦਾਂ
ਚੋਣ ਮੈਨੀਫੇਸਟੋ ਦਾ ਪਤਾ ਨੀਂ ਹੁੰਦਾ ਬਾਈ ਭੂਸ਼ੇ ਨੂੰ
ਪਰ ਵੇਖੋ ਵੇਖੋ ਕਣਕ ਦਾਲ ਲੈਣ ਖਾਤਰ ਖਾਲੀ ਗੱਟਾ ਚੱਕ ਡੀਪੂ ਤੇ ਜਾ ਪਹੁੰਚਦਾ
ਤੇ ਉਹ ਦਾਲ ਵੀ ਅੱਗੇ ਕਿਸੇ ਨੂੰ ਵੇਚ , ਅੰਬ ਦੇ 'ਚਾਰ ਨਾਲ ਘਸਾ ਘਸਾ ਰੋਟੀ ਖਾਂਦਾ
ਵਾਢੀ ਦਾ ਸ਼ੀਜ਼ਨ ਚੱਲਣਤੇ ਪੜਛੱਤੇ ਤੋਂ ਦਾਤੀ ਲਾਹ ਖੇਤ ਨੂੰ ਹੋ ਤੁਰਦਾ
ਤੇ ਭੁੱਕੀ ਦਾ ਕਾਟ ਲਾ
ਜਿਦ ਜਿਦ ਕੇ ਪਾਤਾਂ ਮੂਹਰੇ ਲਾਉਦਾਂ
ਆਥਣੇ ਠੇਕੇ ਤੋਂ ਪਊਆ ਫੜ੍ਹ ਨਲਕੇ ਕੋਲੇ ਖੜ੍ਹ ਸੁੱਕਾ ਈ ਖਿੱਚ ਜਾਂਦਾ ਤੇ
ਫਿਰ ਨਲਕੇ ਦੀ ਨਾਲੀ ਮੂਹਰੇ ਹੱਥ ਰੱਖ , ਦੋ ਕੁ ਪੰਪ ਮਾਰ ਕੇ ਓਤੋਂ ਦੀ ਪਾਣੀ ਪੀਂਦਾ
'ਨਪੜ੍ਹ ਹੋਣ ਕਰਕੇ ਭੂਸ਼ਾ ਪਊਏ ਤੇ ਲਿਖੇ ਅੱਖਰ ਨੀਂ ਪੜ੍ਹਦਾ
"ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ"...ਅੰਮ੍ਰਿਤ ਪਾਲ ਘੁੱਦਾ

Monday, 9 April 2012

'ਖਬਾਰ

ਪਾਹੜਿਆ 'ਖਬਾਰ ਸੁਣਾ ਖਾਂ ਪੜ੍ਹਕੇ , ਕੀ ਕਹਿੰਦਾ
ਸੁਣੌਣਾਂ ਤਾਇਆ
ਤਾਇਆ ਸੁਣ ਫਿਰ
"ਸਰਹੱਦ ਤੇ ਗੋਲੀਬਾਰੀ 'ਚ ਤਿੰਨ ਪਾਕਿ ਸੈਨਿਕ ਢੇਰ ਤੇ ਇੱਕ ਜਵਾਨ ਸ਼ਹੀਦ"
ਆਹੋ ਪੁੱਤ ਪਾਕਿਸਤਾਨ ਦੀ ਅਖਬਾਰ ਆਲੇ ਲਿਖ ਦੇਣਗੇ
"ਤਿੰਨ ਜਵਾਨ ਸ਼ਹੀਦ ਤੇ ਇਕ ਭਾਰਤੀ ਫੌਜੀ ਮਰਿਆ"
ਜੰਮਣ ਆਲੀਆਂ ਨੂੰ ਪੁੱਛੋ ਭੈਣਦੇਣਿਓਂ ਤੁਸੀਂ ਤਾਂ ਸ਼ਹੀਦ ਕਹਿਕੇ ਪਾਸੇ ਹੋਜੋਂਗੇ
ਤਾਇਆ ਅਗਲੀ ਖਬਰ ਸੁਣ ਫਿਰ
"ਕਰਜ਼ਈ ਕਿਸਾਨ ਵੱਲੋਂ ਸਲਫਾਸ ਖਾਕੇ ਖੁਦਕੁਸ਼ੀ" ਸਮਾਣੇ ਦੀ ਆ ਖਬਰ ਤਾਇਆ
ਪੁੱਤ ਹੈਹੋ ਜੀ ਖਬਰ ਨਾਂ ਸੁਣਾਇਆ ਕਰ
ਇਹ ਤਾਂ ਆਮ ਜੀ ਗੱਲ ਆ ਹੋਰ ਸੁਣਾ
"ਤਰਨਤਾਰਨ ਪੁਲਸ ਵੱਲੋਂ ਵੀਹ ਕਰੋੜ ਅੰਤਰਰਾਸ਼ਟਰੀ ਮੁੱਲ ਦੀ ਹੈਰੋਇਨ ਬਰਾਮਦ"
ਪੁੱਤ ਇਹ ਵੀ ਫੁੱਦੂ ਖਬਰ ਆ
ਕਿਤੇ ਇਹ ਖਬਰ ਆਈ ਆ ਬੀ ਕਿਸੇ ਸਮਗਲਰ ਨੂੰ ਸਜ਼ਾ ਹੋਈ ਹੋਵੇ
ਜਾਂ ਦੱਸਿਆ ਬੀ ਫੜ੍ਹਿਆ ਨਸ਼ਾ ਪੱਤਾ ਕਿੱਥੇ ਖੁਰਦ ਬੁਰਦ ਕਰਦੇ ਆ
"ਮੁੰਬਈ ਹਮਲਿਆਂ ਦੇ ਦੋਸ਼ੀ ਕਸਾਬ ਦੀ ਵਿਆਹ ਕਰਾਉਣ ਦੀ ਉਮਰ"
ਓ ਥੋਡੀ ਭੈਣ ਨੂੰ, ਆਵਦੀ ਕੁੜੀ ਦਾ ਸਾਕ ਕਰਦੋ ਪ੍ਰਾਹੁਣੇ ਨੂੰ
ਸੌ ਬੰਦਾ ਮਰਾਕੇ ਰਿਸਤਾ ਭਾਲਦੇ ਫਿਰਦੇ ਆ,,ਫਿਟੇਮੂੰਹ ਥੋਡੇ
ਪੁੱਤ ਕੋਈ ਰਾਜੋਆਣੇ ਦੀ ਖਬਰ ਨੀਂ ਆਈ
ਨਾਂ ਤਾਇਆ ਅੱਜ ਤਾਂ ਕੋਈ ਖਬਰ ਨੀਂ ਉਹਦੀ
ਹਾਹੋ ਜਿਦ੍ਹੇਂ ਸੁਪਰੀਟ ਕੋਰਟ ਨੇ ਦਬਾਰੇ ਫਾਹੇ ਲਾਉਣ ਨੂੰ ਕਹਿਤਾ ਉਦੇਂ
ਸਾਰੀਆਂ ਪਾਲਟੀਆਂ ਖੱਡਾਂ ਚੋਂ ਮੂੰਹ ਕੱਢ ਲੈਣਗੀਆਂ ਡੱਡੂਆਂ ਅੰਗੂ
ਪੁੱਤ ਤੂੰ ਦੂਜੇ ਪਾਸਿਉਂ ਖਬਰਾਂ ਪੜ੍ਹੀ ਜਾਣਾ, ਮੇਰੇ ਆਲ਼ੇ ਪਾਸੇ ਆਹ ਫੋਟਮਾਂ ਜੀਆਂ ਦਿਸੀ ਜਾਂਦੀਆਂ
ਤਾਇਆ ਏਥੇ ਕੋਈ ਖਬਰ ਨੀਂ ਇਹ ਤਾਂ ਐਕਟਰਨੀਆਂ ਈ ਆ
ਅੱਛਾ ਅੱਛਾ, ਐਂਮੇਂ ਤਿੰਨ ਰੁਪਈਏ ਗਾਲਤੇ 'ਖਬਾਰ ਤੇ ਚੌੜ ਚੌੜ 'ਚ
ਲਿਆ ਧੂੰਈ ਪਾਕੇ ਅੱਗ ਸੇਕੀਏ......ਅੰਮ੍ਰਿਤ ਪਾਲ ਘੁੱਦਾ

ਫੂਲ ਸਿਓਂ

ਕੱਲ੍ਹ ਆਥਣੇ ਘਰੇ ਆਇਆ ਤਾਂ ਪਤਾ ਲੱਗਿਆ ਸਾਡਾ ਗਵਾਂਢੀ ਫੂਲਾ ਸੁਨਿਆਰਾ ਚੱਲ ਵਸਿਆ।
ਜਾਤ ਦਾ ਸੁਨਿਆਰਾ ਸੀ ਪਰ ਉਂ ਵਿਚਾਰਾ ਸੈਕਲਾਂ ਨੂੰ ਪੈਂਚਰ ਲਾਉਦਾ ਸੀ ਜਵਾਨੀ ਵੇਲੇ ਭੁੱਕੀ ਵੇਚਕੇ ਗੁਜ਼ਾਰਾ ਕਰਦਾ ਰਿਹਾ
ਘਰ ਮੂਹਰੇ ਥੜ੍ਹੇ ਤੇ ਬੈਠਾ ਰਹਿੰਦਾ
ਲੰਘਦੇ ਟੱਪਦੇ ਉਹਨੂੰ ਪੁੱਛੀਦਾ
ਹੋਰ ਬਾਈ ਕੀ ਹਾਲ ਆ
ਠੀਕ ਆ ਸ਼ੇਰਾ, ਸਾਲਾ ਦਮਾ ਜਾ ਨੀਂ ਹਟਦਾ ਖੰਘ ਖੁੰਘ ਜੀ ਵੀ ਲੱਗੀ ਰਹਿੰਦੀ ਆ
ਫੂਲ਼ ਸਿਓ ਇਕ ਵਾਰੀ "ਠੀਕ ਆ" ਕਹਿਕੇ ਸਾਰੀਆਂ ਬਿਮਾਰੀਆਂ ਗਿਣਾਂ ਦਿੰਦਾ।
ਅੱਜ ਸਸਕਾਰ ਸੀ ਫੂਲ਼ ਸਿਉਂ ਦਾ। ਗਰੀਬ ਸੀ ਫੂਲਾ , ਜ਼ਮੀਨ ਜ਼ਮੂਨ ਜਮ੍ਹਾਂ ਈ ਹੈਨੀ ਤੇ ਉਹਦਾ ਮੁੰਡਾ ਮੰਦਰ ਦਿਹਾੜੀਦਾਰ ਬੰਦਾ।
ਸ਼ੈਦ ਤਾਂ ਕਰਕੇ ਬਾਈ ਫੂਲੇ ਦੇ ਸਸਕਾਰ ਤੇ ਮਸਾਂ ਤੀਹ ਕੁ ਬੰਦੇ ਗਏ ਸੀ।
ਸਿਵਿਆਂ 'ਚ ਫੂਲੇ ਨੂੰ ਲਾਂਬੂ ਲਾਤਾ ਪਰ ਕਿਸੇ ਰਿਸ਼ਤੇਦਾਰ ਮੂੰਹੋਂ ਫੂਲ਼ੇ ਦੀ ਗੱਲ ਨੀਂ ਸੁਣੀ। ਸਿਵਿਆਂ 'ਚ ਮੀਂਹ ਕਣੀ ਤੋਂ ਸ਼ੈੱਡ ਹੈਗਾ, ਵੱਡਾ ਬਰਾਂਡਾ, ਚਾਰਦੀਵਾਰੀ ਕੀਤੀ ਵਈ, ਤੇ ਛਾਂਦਾਰ ਦਰੱਖਤ ਵੀ ਹੈਗੇ ਨੇ ।ਇਕ ਗੰਜਾ ਜਾ , ਵਧੇ ਜੇ ਢਿੱਡ ਆਲਾ ਫੂਲੇ ਦਾ ਰਿਸ਼ਤੇਦਾਰ ਸਾਨੂੰ ਬੋਲਦਾ ਕਹਿੰਦਾ ਥੋਡਾ ਵਾਹਵਾ ਵੱਡਾ ਪਿੰਡ ਆ, ਸਿਵਿਆਂ ਦੀ ਸਫਾਈ ਕਰੋ । ਦੂਜਾ ਬੋਲਦਾ ਟਰੈਲੀਆਂ ਲਾਕੇ ਭਰਤ ਵੀ ਪਾਉਣ ਆਲੀ ਆ। ਇੱਕ ਕਹਿੰਦਾ ਪਾਣੀ ਦਾ ਇੰਤਜ਼ਾਮ ਹੈਨੀ ਇੱਥੇ। ਵਿਹਲਾ ਮੁਲਖ ਟੀਕਾ ਟਿੱਪਣੀ ਕਰੀ ਜਾਏ। ਅਸੀਂ ਦੱਸਿਆ ਬੀ ਪਾਣੀ ਆਲੀ ਟੈਂਕੀ ਹੈਗੀ ਆ ਜੀ ਪਰ ਕੋਈ ਟੂਟੀਆਂ ਲਾਹ ਕੇ ਲੈ ਗਿਆ।
ਓਹੀ ਗੰਜਾ ਜਾ ਬੰਦਾ ਫਿਰ ਬੋਲਦਾ ਕਹਿੰਦਾ ਚੌਂਕੀਦਾਰ ਵੀ ਚਾਹੀਦਾ ਸਿਵਿਆਂ 'ਚ। ਅਸੀਂ ਨਾਲੇ ਤਾਂ ਪਾਣੀ ਪਿਆਈ ਜਾਈਏ ਓਹਨ੍ਹਾਂ ਨੂੰ ਨਾਲੇ ਉਹਨ੍ਹਾਂ ਦੀ ਟੀਕਾ ਟਿੱਪਣੀ ਸੁਣੀਏ। ਫਿਰ ਕਹਿੰਦੇ ਜੀ ਫੁੱਲ ਸ਼ਨੀਵਾਰ ਨੂੰ ਚੁਗੀਏ ਕੋਈ ਆਖੇ ਕੱਲ੍ਹ ਨੂੰ। ਫੇਰ ਭੋਗ ਦੀ ਚਰਚਾ। ਕੋਈ ਮਬੈਲ ਤੇ ਬਿਜ਼ੀ। ਮੁੱਕਦੀ ਗੱਲ ਫੂਲ਼ੇ ਦੀ ਤਾਂ ਕਿਸੇ ਨੇ ਗੱਲ ਈ ਨੀਂ ਕੀਤੀ।
ਮੁੜਨ ਲੱਗਿਆਂ ਅੱਖਾਂ ਪੂੰਝ ਫੂਲੇ ਦੇ ਮੁੰਡੇ ਨੇ ਕੁੜਤੇ ਦੀ ਉੱਤਲੀ ਜੇਬ ਚੋਂ ਬੀੜੀਆਂ ਦਾ ਮੰਡਲ ਕੱਢਿਆ ਤੇ ਸੀਖ ਬਾਲਕੇ ਦੋਨਾਂ ਹੱਥਾਂ ਨਾਲ ਹਵਾ ਤੋਂ ਓਟ ਕਰਕੇ ਬੀੜੀ ਲਾਕੇ ਸੜਕ ਤੇ ਜ਼ੋਰ ਦੀ ਪੈਰ ਮਾਰਕੇ ਚੱਪਲਾਂ ਝਾੜੀਆਂ ਤੇ ਸਾਰੇ ਜਣੇ ਗੁਰਦੁਆਰੇ ਆਗੇ....ਘੁੱਦਾ

ਚੌਰਾਸੀ ਲੱਖ

ਪਿੰਡੋਂ ਦੂਰ ਪੁਰਾਣੀ ਕੱਸੀ ਕੋਲੇ ਬੱਕਰੀਆਂ ਚਾਰਦਾ ਬਾਜ਼ੀਗਰਾਂ ਦਾ ਮੁੰਡਾ
ਰੇਤੇ ਨਾਲ ਰਗੜ ਰਗੜ ਲਿਸ਼ਕਣ ਲਾ ਦਿੰਦਾ ਚਾਹ ਆਲ਼ੀ ਪਤੀਲੀ
ਸਾਲੀ ਏਨੀ ਚਮਕ ਤਾਂ VIM BAR ਨਾਲ ਵੀ ਨੀਂ ਆਉਦੀ
ਬੱਸ 'ਚ ਭੀਖ ਮੰਗਦੀ ਆ ਕੁੜੀ
ਲੋਕਾਂ ਦੀ ਝੋਲੀ 'ਚ ਕਾਰਡ ਜਾ ਰੱਖ ਦਿੰਦੀ ਆ
"ਗਰੀਬ ਦੀ ਫਰਿਆਦ ਸੁਣੋ, ਇਹ ਬੱਚੇ ਦਾ ਕੋਈ ਵਾਰਸ ਨਹੀਂ ਇਹਦੀ ਮਦਦ ਕਰੋ"
ਡਰੈਵਰ ਬੱਸ ਸਟਾਟ ਕਰਦਾ ਤਾਂ ਕੁੜੀ ਦਵਾ ਦਵ
ਕਾਰਡ ਕੱਠੇ ਕਰ ਅੱਡੇ 'ਚ ਵੜੀ ਹੋਰ ਬੱਸ ਵੱਲ ਭੱਜਦੀ ਆ
ਚੰਗੇ ਜੱਫੇ ਲਾਉਦਾ ਸੀ ਸ਼ੂਕਾ ਪਤੰਦਰ ਫਲੈਂਗ ਕੈਂਚੀ ਮਾਰਦਾ ਸੀ
ਬਾਪੂ ਦੇ ਛਿੱਤਰਾਂ ਤੋਂ ਡਰਦੇ ਸ਼ੂਕੇ ਨੇ ਖੇਡਣ ਦਾ ਖਿਆਲ ਛੱਡ
ਭੱਠੇ ਤੇ ਜਾ ਸੈਂਚੇ 'ਚ ਮਿੱਟੀ ਪਾਈ
ਤੇ ਇੱਟਾਂ ਤੇ ਸੇਠ ਦੇ ਮੁੰਡੇ ਦੇ ਦਾ ਨਾਂ ਉਕਾਰਨ "R M"ਲੱਗਾ
ਕਹਿੰਦੇ ਦੋ ਕਰੋੜ ਮਿਲਿਆ ਕਬੱਡੀ ਪਲੇਅਰਾਂ ਨੂੰ
ਪਰ ਹੁਣ ਸ਼ੂਕੇ ਨੂੰ ਕੋਈ ਫਰਕ ਨੀਂ ਪੈਂਦਾ
ਅੱਡੇ 'ਚ ਫਲ ਵੇਚਦਾ ਰੋਟੀ ਖਾਤਰ ਕਬੀਲਦਾਰ ਜਾ ਬੰਦਾ
ਆਵਦੇ ਜਵਾਕ ਦੇ ਕੰਨ ਤੇ ਮਾਰਦਾ
ਅਗਲਾ ਸਿਔ ਨੂੰ ਹੱਥ ਨੀਂ ਲਾਉਣ ਦਿੰਦਾ
ਆਹੋ ਬਈ ਜੇ ਆਵਦੇ ਜਵਾਕ ਈ ਫਲ ਖਾਗੇ ਲੋਕਾਂ ਨੂੰ ਕੀ ਵੇਚੂ
ਯੁਵਰਾਜ ਦਾ ਇਲਾਜ ਕਹਿੰਦੇ 'ਮਰੀਕਾ 'ਚ ਚੱਲਦਾ
ਆਹੋ ਸੱਚ ਸੁਖਬੀਰ ਦੀ ਮਾਤਾ ਦਾ ਵੀ ਵਲੈਤੋਂ ਈ ਇਲਾਜ ਹੋਇਆ ਸੀ
ਮਤਲਬ ਇਹਨ੍ਹਾਂ ਨੂੰ ਭਾਰਤ ਦੇ "ਏਮਜ਼" ਅਰਗੇ ਹਸਪਤਾਲਾਂ ਤੇ ਯਕੀਨ ਨੀਂ
ਪੰਜਾਬ ਦੇ ਹਜ਼ਾਰਾਂ ਪਿੰਡ
ਹਜ਼ਾਰਾਂ ਸਰਕਾਰੀ ਤੇ ਕੋਨਵੈਂਟ ਸਕੂਲ਼
ਪਰ ਭਗਤ ਸਿੰਘ ਦੀ ਸੋਚ ਆਲੇ ਮਨਪ੍ਰੀਤ ਦਾ ਮੁੰਡਾ ਵਲੈਤ ਪੜ੍ਹਦਾ ਕਹਿੰਦੇ
ਮਤਲਬ ਇਹਨ੍ਹਾਂ ਨੂੰ ਆਵਦੇ ਈ ਖੋਲ੍ਹੇ ਸਕੂਲਾਂ ਤੇ ਯਕੀਨ ਨੀਂ
ਇੱਕ ਬਾਬਾ ਕਹਿੰਦਾ ਅਖੇ ਚੌਰਾਸੀ ਲੱਖ ਜੂਨਾਂ ਭੋਗਕੇ ਮਿਲਿਆ ਮਨੁੱਖੀ ਜਾਮਾ
ਇਹਨੂੰ ਦੱਸ ਦਿਓ ਸਾਨੂੰ ਚੌਰਾਸੀ ਲੱਖ ਤੋਂ ਡਰ ਨੀਂ ਲੱਗਦਾ
ਥੋਡਾ ਆਹੀ ਮਨੁੱਖਾ ਜਨਮ ਕੱਟਣਾ ਔਖਾ..............ਅੰਮ੍ਰਿਤ ਪਾਲ ਘੁੱਦਾ

ਪੁਰਾਣੀ ਸ਼ਾਮ

ਸੋਮਵਾਰ ਦੀ ਸ਼ਾਮ
ਕਾਲੇ ਰੰਗ ਦੇ ਵੱਡੇ ਟੈਮਪੀਸ ਤੇ ਸੁਨਹਿਰੀ ਸੂਈਆਂ ਸੱਤ ਵਜਾ ਦਿੰਦੀਆਂ ਸ਼ੈਦ ਬੇਬੇ ਦੇ ਦਾਜ 'ਚ ਆਇਆ ਸੀ ਇਹ ਟੈਮਪੀਸ
ਤੇ ਟੀ.ਵੀ ਤੇ ਡਾਕਖਾਨੇ ਦੀ ਮਸ਼ੂਰੀ ਆਉਦੀਂ
"ਛੋਟੀ ਛੋਟੀ ਬਚਤ ਵੱਡੀ ਵੱਡੀ ਕਮਾਈ ਡਾਕਖਾਨਿਆਂ ਵਿੱਚ ਮਿਲੇ ਮੇਰੇ ਭਾਈ"
ਦੋ ਮੋਟੇ ਜੇ ਬੰਦੇ ਆਵਦੇ ਢਿੱਡ ਭੜਾਉਦੇਂ ਤੇ ਉੱਤੋਂ ਨੋਟਾਂ ਦਾ ਮੀਂਹ ਵਰ੍ਹਦਾ
ਫਿਰ ਲਿਖਿਆ ਜਾਂਦਾ
"ਖਬਰਾਂ ਥੋੜ੍ਹੀ ਦੇਰ ਬਾਅਦ"
ਦੂਰਦਰਸ਼ਨ ਦਾ ਚਿੰਨ੍ਹ ਡਿਸਪਲੇ ਹੁੰਦਾ
ਤੇ ਖੱਬਿਓਂ ਸੱਜੇ ਪਾਸੇ ਨੂੰ "ਖਬਰਾਂ" ਲਿਖਿਆ ਤੁਰਦਾ
ਤੇ ਸ਼ਪੈਸ਼ਲ ਟਿਉਨ ਵੱਜਦੀ ਤੇ ਟੀ.ਵੀ ਤੋਂ ਪਾਸੇ ਬੈਠੇ ਬਾਪੂ ਜੀ ਹੁਣਾਂ ਨੂੰ ਵੀ ਪਤਾ ਲੱਗ ਜਾਂਦਾ ਬੀ ਖਬਰਾਂ ਚੱਲਪੀਆਂ
ਤੀਰਥ ਸਿੰਘ ਢਿੱਲੋਂ ਬੋਲਦਾ
"ਖਬਰਾਂ ਦੇ ਏਸ ਬੁਲਿਟਨ ਵਿੱਚ ਤੁਹਾਡਾ ਸੁਆਗਤ ਹੈ, ਪੇਸ਼ ਨੇ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ"
"ਤੇ ਹੁਣ ਖਬਰਾਂ ਵਿਸਥਾਰ ਨਾਲ"
ਖਬਰਾਂ ਤੋਂ ਬਾਅਦ ਗੁੱਲੀ ਡੰਡੇ ਆਲੀ ਸਪਰੇਅ ਦੀ ਮਸ਼ੂਹਰੀ ਆਉਦੀਂ ਤੇ
ਲਿਖਿਆ ਆ ਜਾਂਦਾ
"ਅਗਲਾ ਪ੍ਰੋਗਰਾਮ ਲਿਸ਼ਕਾਰਾ"
ਬੇਬੇ ਹੁਣੀਂ ਵੇਲੇ ਨਾਲ ਰੋਟੀ ਟੁੱਕ ਕਰ ਲੈਂਦੀਆਂ ਤੇ ਚੁੱਲ੍ਹੇ ਦੀ ਮੱਠੀ ਜੀ ਅੱਗ ਤੇ ਦੁੱਧ ਕੜ੍ਹਨਾ ਰੱਖ ਦਿੰਦੀਆਂ
ਬਿੰਦਰਖੀਏ ਦੀ ਗੀਤ ਦੀ ਤਰਜ਼ ਵੱਜਦੀ ਤਾਂ ਪਤਾ ਲੱਗ ਜਾਂਦਾ ਲਿਸ਼ਕਾਰਾ ਚੱਲ ਪਿਆ
"ਜਲੰਧਰ ਦੂਰਦਰਸ਼ਨ ਵੇਖ ਰਿਹਾ ਸਾਰੇ ਦੋਸਤਾਂ ਦਾ ਹਾਰਦਿਕ ਸਵਾਗਤ, ਮੈਂ ਸਤਿੰਦਰ ਸੱਤੀ ਲੈਕੇ ਹਾਜ਼ਿਰ ਹਾਂ
ਤੁਹਾਡਾ ਪਸੰਦੀਦਾ ਪ੍ਰੋਗਰਾਮ ਲਿਸ਼ਕਾਰਾ".......ਅੰਮ੍ਰਿਤ ਘੁੱਦਾ

Wednesday, 4 April 2012

ਮੁਲਖ

ਭੁੱਲਰਾਂ ਦਾ ਜਵਾਨ ਪੁੱਤ ਖੂਹ ਤੇ ਲਮਕੀ ਜਾਂਦਾ ਕਹਿੰਦੇ
ਸਹੁਰਿਆਂ ਦੀ ਵਿਆਹ ਵੇਲੇ ਦਿੱਤੀ ਪੱਗ ਗਲ 'ਚ ਪਈ ਵਈ
ਲੱਤਾਂ ਵਿਚਾਲਿਓ ਦੀਂਹਦਾ ਡੁੱਬਦਾ ਸੂਰਜ
ਕਿਸੇ ਨੇ ਚੁੱਲ੍ਹੇ ਅੱਗ ਨੀਂ ਪਾਈ ਪਿੰਡ 'ਚ
ਸੱਚ ਜਾਣਿਓ ਉਹਨੂੰ ਵੇਖ ਕਵਿਤਾ ਪੌੜੀਆਂ ਉੱਤਰਦੀ ਆ
ਟਾਇਟਲਰ ਤੇ ਸੱਜਣ ਕੁਮਾਰ ਟੀਵੀ ਤੇ ਵੇਂਹਦੇ ਨੇ ਰਾਜੋਆਣੇ ਦਾ ਫਾਂਸੀ ਮਾਮਲਾ
ਕਹਿੰਦੇ ਵਾਈਟ ਹਾਊਸ 'ਚ ਲਾਈਵ ਚੱਲਿਆ ਲਾਦੇਨ ਦੀ ਮੌਤ ਦਾ ਟੈਲੀਕਾਸਟ
ਆਹੋ ਟੋਪੀਆਂ 'ਚ ਕੈਮਰੇ
ਸੈਂਸ ਦੀ ਗੱਲ ਆ ਬਈ
ਬੀ. ਟੈੱਕ ਪਾਸ ਆ ਕਹਿੰਦੇ ਲੰਬੜਾਂ ਦੀ ਨਮੀਂ ਬਹੂ
ਆਉਦਿਆਂ ਈ ਖੇਤ ਲੈਗੇ ਬਾਬੇ ਦੀ ਮਟੀ ਤੇ ਮੱਥਾ ਟਿਕਾਉਣ
ਕੱਚੀ ਲੱਸੀ ਡੋਲ੍ਹ, ਤੇ ਦੋ ਲੱਡੂ ਰੱਖ ਮੱਥਾ ਟੇਕਿਆ
ਆਉਦਿਆਂ ਨੇ ਮੁੜ ਕੇ ਵੇਖਿਆ ਮਟੀ 'ਚ ਸਿਰ ਫਸਾਈ ਖਲੋਤਾ ਸੀ ਕੁੱਤਾ
ਨਾਲੇ ਪੂਛ ਹਿਲਾਈ ਜਾਏ
ਕੁੜੀਆਂ ਬਾਡੀਗਾਰਡ ਰੱਖਣ ਆਲਾ ਬਾਈ
ਆਹੋ ਗੱਦਾਫੀ
ਕਹਿੰਦੇ ਪੁਲੀ 'ਚੋਂ ਕੱਢ ਕੇ ਮਾਰਿਆ
ਕੁਰਾਨ ਦੀ ਅਧੂਰੀ ਸਤਰ ਛੱਡਾਤੀ ਅਗਲਿਆਂ ਨੇ
ਕਹਿੰਦੇ 148 ਸ਼ੀਆ ਮਾਰੇ ਸੀ ਬੀ ਮੈਂ ਸੁੰਨੀ ਆ ਤੇ ਇਹ ਸ਼ੀਆ ਕਾਹਤੋਂ ਆ
ਦਾਹੜੀ ਜੀ ਆਲਾ , ਅਦਾਲਤ ਚ ਵੀ ਬਾਹਲਾ ਬੋਲਦਾ ਸੀ
ਆਹੋ ਇਰਾਕ ਆਲਾ ਸੱਦਾਮ ਹਸੈਨ
ਬਾਬਰੀ ਮਸਜਿਦ ਸੁਣੀ ਆ ਕਹਿੰਦੇ
ਪੜਦਾਦਿਆਂ ਵੇਲੇ ਦਾ ਰੌਲਾ
ਪੜਪੋਤਰੇ ਡਾਂਗੋ ਡਾਂਗੀ , ਮੁਸ਼ਕਿਲ ਆ ਕੰਮ
ਸੰਤਾਲੀ ਵੇਲੇ ਰੌਲਾ ਸੀ ਕਹਿੰਦੇ
ਆਹੋ ਕਸ਼ਮੀਰ ਹਮਾਰਾ ਹੈ
ਮੁਸ਼ਕਿਲ ਆ ਨਹੀਂ ਨਿੱਬੜਦਾ
ਸੰਤਾਲੀ ਵੇਲੇ ਮਾਸਟਰ ਤਾਰਾ ਸਿੰਘ ਨੇ ਰੋਕਤਾ ਕਹਿੰਦੇ
ਖਾਲਿਸਤਾਨ ਮਿਲਦਾ ਸੀ , ਅਖੇ ਹਿੰਦੁਸਤਾਨ ਬੀ ਤੋ ਹਮਾਰਾ ਹੈ
ਹੁਣ ਫਿਰ
ਮੁਸ਼ਕਿਲ ਆ ਗੱਲ
ਖਾੜਕੂਆਂ ਵੰਗੂ ਮਾਰੇ ਆ ਕਹਿੰਦੇ ਆਦਿਵਾਸੀ ਮੁਕਾਬਲੇ ਬਣਾ ਬਣਾ
ਬੁੜੀਆਂ ਕੋਲ ਵੀ ਸੰਤਾਲੀਆਂ ਆ ਕਹਿੰਦੇ
ਮਾਰਦੋ ਸਾਲਿਆਂ ਨੂੰ ਜੇ ਹੱਕ ਮੰਗਦੇ ਆ ਤਾਂ
ਮੁਸ਼ਕਿਲ ਆ ਮਸਲਾ
ਜਨਾਬ ਆਹ ਨਾਨਾਵਤੀ ਕਮਿਸ਼ਨ ਆਲੀ ਰਿਪੋਟ ਤਾਂ ਵੇਖਲੋ
ਛੱਡ ਯਰ ਸਿੱਖਾਂ ਨੂੰ ਕੀ ਆ
ਸਲਮਾਨ ਖਾਨ ਨੇ ਹਿਰਨ ਮਾਰਿਆ ਸੀ
ਉਹ ਕੇਸ ਕੱਢ , ਪੁੱਠਾ ਲਮਕਾਈਏ ਸਾਲੇ ਨੂੰ.......ਅੰਮ੍ਰਿਤ ਪਾਲ ਘੁੱਦਾ

ਖਾੜਕੂ

ਸੁਣਿਆ ਦਰਸ਼ਨ ਕਰਨ ਜਾਂਦੇ ਸੀ ਮੁੰਡੇ
ਟੁੱਟੇ ਭੱਜੇ ਢਹਿ ਢੇਰੀ ਕੀਤੇ ਅਕਾਲ ਤਖਤ ਦੇ
ਝਬਾਲ ਆਲੀ ਸੜਕ ਤੇ ਘੇਰਲੇ ਬਾਬੇ ਬੁੱਢੇ ਨੇੜੇ
ਟੋਪੀਆਂ ਆਲੇ ਸੀ.ਆਰ.ਪੀ.ਐੱਫ ਦੇ ਜਵਾਨਾਂ ਨੇ
"ਸਾਲੇ ਦਰਸ਼ਨ ਕਰਨੇ ਕੇ, ਰੋਕੋ ਇਨ ਸਰਦਾਰੋਂ ਕੋ"
ਮੂਧੇ ਪਾਲੇ ਸੜਕ ਤੇ, ਚੰਗੀ ਪਰੇਡ ਕੀਤੀ
ਪੱਗਾਂ ਨਾਲ ਹੱਥ ਬੰਨ੍ਹਤੇ ਪਿੱਛੇ ਨੂੰ ਕਰਕੇ
ਫੇਰ ਬਾਈ
ਫੇਰ ਕੀ ਹੋਣਾ ਸੀ ਮੁੰਡਿਆਂ ਨੇ ਸੋਚਿਆ ਏਹੋ ਜੀ ਕੁੱਤੇਖਾਣੀ ਨੀਂ ਕਰਾਈਦੀ ਸਾਥੋਂ
ਸੰਤਾਲੀਆਂ ਚੱਕਲੀਆਂ ਅਗਲਿਆ ਨੇ
ਹਥਿਆਰ ਕੀਹਨੇ ਚਕਾਏ ਮੁੰਡਿਆਂ ਨੂੰ?
ਸ਼ੈਦ ਸਰਕਾਰ ਨੇ ਈ ਚਕਾਏ ਸੀ
ਕਹਿੰਦੇ ਨੌਂ ਮਹੀਨੇ ਢਿੱਡ 'ਚ ਪਲਦਾ ਜਵਾਕ
ਉੱਚੇ ਨੀਵੇਂ ਚੜ੍ਹਨ ਉੱਤਰਨ ਦਾ ਖਿਆਲ ਰੱਖੀਦਾ ਬਹੂ ਦਾ
ਫਿਰ ਖਾਣ ਪੀਣ ਦਾ ਪ੍ਰਹੇਜ਼, ਠੰਢੇ ਤੱਤੇ ਦਾ
ਤੇ ਪੀੜਾਂ ਝੱਲ ਝੱਲ ਜੰਮੇ ਹਜ਼ਾਰਾਂ ਮੁੰਡੇ ਮਾਰਤੇ
ਤੇ ਫਿਰ ,"ਜਲਾਦੋ ਸਾਲੋਂ ਕੋ ਲਾਵਾਰਿਸ ਹੈ ਸਭੀਂ ਲਾਸ਼ੇ"
ਸੱਜ ਵਿਆਹੀਆਂ ਨੇ ਚੂੜ੍ਹੇ ਭੰਨੇ ਕਹਿੰਦੇ
ਪ੍ਰਾਹੁਣਿਆਂ ਦੀਆਂ ਅਰਥੀਆਂ ਨਾਲ ਮਾਰ ਮਾਰ
ਮੰਜਿਆਂ ਦੀਆਂ ਬਾਹੀਆਂ ਨਾਲ ਚਾਦਰ ਬੰਨ੍ਹ ਬਣਾਈ ਝੱਲੀ 'ਚ ਪਏ ਜਵਾਕ
ਚੀਕਾਂ ਈ ਮਾਰਦੇ ਰਹਿਗੇ, ਮਾਰਦੋ ਸਾਲਿਆ ਖਾੜਕੂਆਂ ਨੂੰ
ਤੇ ਜਿਹੜੇ ਬਾਕੀ ਬਚਗੇ ਉਹ ਵਾਰਦਾਤਾਂ ਕਰਦੇ ਰਹੇ
ਦਿਨੇਂ ਕਮਾਦਾਂ 'ਚ , ਰਾਂਤੀ ਐਕਸ਼ਨ
ਸ਼ਲਟ ਦੇ ਕਾਲਰ ਜਾਂ ਜੇਬ 'ਚ ਸਾਇਆਨਾਈਡ ਦਾ ਕੈਪਸੂਲ਼ ਪਾਕੇ
ਸਰਕਾਰ ਨੇ ਫਿਰ ਡਮਾਕ ਲੜਾਇਆ
"ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ"
ਤੇ "ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ"
ਲਿਖਣ ਤੇ ਗਾਉਣ ਆਲਾ ਠੋਕਤਾ
ਪੁਲਿਸ ਆਲੇ ਈ ਖਾੜਕੂ ਬਣਾਤੇ
ਘਰਾਂ 'ਚ ਲੁੱਟਾਂ ਖੋਹਾਂ, ਚੁੰਨੀਆਂ ਪਾੜਤੀਆਂ, ਰੇਲ ਬਣਾਤੀ ਜਨਤਾ ਦੀ
ਤੇ ਨਾਂ ਲਾਤਾ ਖਾੜਕੂਆਂ ਦਾ
ਲੋਕਾਂ ਦੀ ਹਮੈਤ ਤੋੜਤੀ , ਜਿੱਤਗੀ ਸਰਕਾਰ
ਸਕੂਲ਼ ਦੀ ਪ੍ਰੇਅਰ 'ਚ ਮੁਕਾਬਲਿਆਂ 'ਚ ਠੋਕੇ ਖਾੜਕੂਆਂ ਦੇ ਜਵਾਕ
ਇਹੀ ਗਾਉਦੇ ਨੇ ਕਹਿੰਦੇ
"ਭਾਰਤ ਭਾਗ ਵਿਧਾਤਾ,
ਜਯ ਹੇ ਜਯ ਹੇ ਜਯ ਹੇ
ਜਯ ਜਯ ਜਯ ਜਯ ਹੇ".......ਅੰਮ੍ਰਿਤ ਪਾਲ ਘੁੱਦਾ