Friday, 14 July 2017

ਪੋਇਟਰੀ

ਤੈਨੂੰ ਪਤਾ ਹੁਣ ਸਾਡੇਆਲਾ ਨਿੱਕਾ ਗਰਨੈਬ ਫੇਸਬੁੱਕ ਤੇ ਕਵੀ ਬਣਿਆ ਵਾ, ਗਰਦ ਠਾਈ ਆਉੰਦਾ ਪੋਸਟਾੰ ਪਾਸਟਾੰ ਦੀ। ਏਹਨੂੰ ਛੋਟੇ ਹੁੰਦਿਓੰ ਈ ਸ਼ੌਕ ਆ ਕਵੀਪੁਣੇ ਦਾ।
ਮੈਨੂੰ ਮੇਦ ਆ ਸੱਤਮੀੰ ਖੌਣੀ ਅੱਠਵੀੰ 'ਚ ਸੀਗਾ ਏਹੇ ਤੇ ਏਹਦੇ ਸਕੂਲ 'ਚ ਕਵੀ ਦਰਬਾਰ ਹੋ ਗਿਆ ਕਿਤੇ। ਲੁੱਦੇਆਣੇ ਜਲੰਧਰ ਕੰਨੀਓ ਕਵੀ ਆਏ ਵਏ। ਫੁੱਲ ਜ਼ਬਦਰ ਕੰਮ। ਗਜ਼ਲਾੰ, ਕਵਤਾ, ਸ਼ੇਅਰ ਸ਼ੱਪੇ। ਸਾਡੇਆਲੇ ਅਰਗੇ ਮਗਰ ਬੈਠੇ। ਸਮਝ ਤਾੰ ਏਹਨੂੰ ਕਿਹੜੀ ਆਉਣੀ ਸੀ, ਜਦੋੰ ਮੂਹਰਲੇ ਤਾੜੀ ਮਾਰਿਆ , ਮਗਰੇ ਏਹ ਲੇਹ ਕੱਢਦਿਆ ਕਰਨ। 
ਸਾਡੇਆਲੇ ਦੇ ਜਚਗੀ ਗੱਲ ਬੀ ਆਹ ਸੌਦਾ ਲੋਟ ਆ ਜਰ।
ਹਾੰ ਕੀ ਘਰੇ ਜਾਕੇ ਸਾਡੇਆਲਾ ਤਾੰ ਚੁਬਾਰੇ ਤੇ ਕਿਓੰ ਨਾ ਚੜ੍ਹਗਿਆ। ਬਾਰ ਬੂਰ ਡਾਕੇ ਪੈੱਨ ਕਾਪੀ ਚੱਕਲੀ। ਮਾਤਾ ਹੋਰੀੰ ਬਿੜਕਾੰ ਲੈਣ ਵੇ ਛੋਹਰ ਕੀ ਕਰਦਾ? ਏਹ ਆਖੇ ਪੋਇਟਰੀ ਕਰਦਾੰ ਪੋਇਟਰੀ। ਟੱਬਰ ਨੇ ਪੈੱਨ ਕਾਪੀ ਦੇਖਕੇ ਅਣਦਈਆ ਜਾ ਲਾਲਿਆ ਬੀ ਪੜ੍ਹਾਈ ਨੂੰ ਪੋਇਟਰੀ ਕਹਿੰਦਾ ਕਿਤੇ। ਨਿੱਤ ਸਕੂਲੋੰ ਮੁੜਕੇ ਸਾਡੇਆਲਾ ਠੂਅ ਚਬਾਰੇ 'ਚ ਵੱਜਿਆ ਕਰੇ। ਖੌਣੀ ਕਿੱਥੋੰ ,ਕਿੱਥੋੰ ਨਾ ਸਣੇ ਰਬਿੰਦਰ ਨਾਥ ਕਈ ਹੋਰ ਤਕੜੇ ਲੇਖਕਾੰ ਦੀਆੰ ਫੋਟਮਾੰ  ਲਿਆਕੇ ਕੰਧਾੰ ਤੇ ਚੇਪਤੀਆੰ। ਮਾਤਾ ਅਰਗੀਆੰ ਤੜਕੇ ਆਥਣੇ ਫੋਟਮਾੰ ਨੂੰ ਧੁਫ ਕਰਜਿਆ ਕਰਨ ਬੀ ਖੌਣੀ ਏਹ ਵੀ ਬਾਬੇ ਆ। ਏਹਨੂੰ ਬੰਦੇ ਮਾਤਰਮ ਤਾੰ ਆਖਣਾ ਨਾ ਆਇਆ ਕਰੇ, ਏਹ ਕਿਹਾ ਕਰੇ ਬੰਦੇ ਮਾਰਤੇ, ਬੰਦੇ ਮਾਰਤੇ। ਤਾਇਆ ਕਹਿੰਦਾ ਭੈਣ ਮਰਾਵੇ ਤੇਰੀ ਪੋਇਟਰੀ ਤੂੰ ਊੰ ਨਾ ਪਰਚਾ ਕਰਾਦੀੰ ਕਿਤੇ। ਸਾਡੇਆਲਾ ਪੌਣ ਆਲਿਆ ਅੰਗੂ ਵਾਲ ਖੋਲ੍ਹਕੇ ਪੈੱਨ ਕਾਪੀ ਚੱਕ ਲਿਆ ਕਰੇ। ਮਾਤਾ ਅਰਗੀਆੰ ਡਰਨ ਅਖੇ ਏਹਦੇ 'ਚ ਖੇਤਪਾਲ ਦਾ ਪਹਿਰਾ ਲੱਗਦਾ। ਤਾਇਆ ਆਖਿਆ ਕਰੇ ਆਜਾ ਨਿੱਕਿਆ ਕੱਖ ਮਾਰਨ ਚੱਲੀਏ। ਏਹ ਮੂਹਰੋੰ ਆਖਿਆ ਕਰੇ ਪੋਇਟਰੀ ਕਰਦਾੰ ਪੋਇਟਰੀ। ਨੰਗਲ ਆਲੇ ਗੱਗ ਅੰਗੂ ਸਾਡੇਆਲੇ ਨੇ ਵਰੋਲਾ ਬਣਾਤਾ ਲਿਖਣ ਲੁਖਣ ਆਲਾ।
ਹਾੰਅਅ ਕੀ ਤੇਰੇ ਆਲੀ ਗੱਲ ਓਧਰੋ ਕੱਤੀ ਮਾਰਚ ਆਗੀ, ਸਕੂਲੋੰ ਰਿਜ਼ਲਟ ਆਓਣਾ ਸੀ ਏਹਦਾ। ਸਕੂਟਰ ਤੇ ਬਹਾਕੇ ਤਾਇਆ ਸਕੂਲ ਲੈ ਗਿਆ ਏਹਨੂੰ। ਤਾਇਆ ਢਿੱਡੋੰ ਖੁਸ਼ ਬੀ ਐੰਰਕੀ ਨਿੱਕਾ ਪੜ੍ਹਿਆ ਬਹੁਤ ਆ। ਪਹਿਲ ਲੰਬਰ ਤੇ ਨਾ ਸਹੀ ਦੁੱਗ ਤਾੰ ਆਊ ਆਊ। ਨਾਲਦੇ ਪਿੰਡ ਦੇ ਮਾਸਟਰ ਨੇ ਮੈਸ੍ਹਾੰ ਦੇ ਵਪਾਰੀ ਅੰਨੂ ਸੈਨਤ ਮਾਰਕੇ ਤਾਏ ਨੂੰ ਸੈੜ ਤੇ ਸੱਦਲਿਆ। ਕਹਿੰਦਾ ਦਰਸ਼ਨਾ ਥੋਡਾ ਮੁੰਡਾ ਰਹਿ ਗਿਆ ਐੰਰਕੀ, ਫੇਲ੍ਹ ਆ ਸ਼ਿਸ਼ਟਮ। 
ਸਾਡੇਆਲਾ ਕੱਛਾੰ 'ਚ ਹੱਥ ਦਈ ਖੜ੍ਹਾ ਜਿਮੇੰ ਸਮਾਨ ਨਾਲ ਆਇਆ ਹੁੰਦਾ। ਤਾਏ ਨੇ ਬਿਰਿਆਕੇ ਜੇ ਏਹਨੂੰ ਸਕੂਟਰ ਮੂਹਰੇ ਖੜ੍ਹਾ ਲਿਆ । ਘਰੇ ਜਾਕੇ ਆਵਦੇ ਜਣੀੰ ਸਾਡੇਆਲਾ ਭੱਜਦਾ ਸੀ । ਤਾਏ ਨੇ ਬਾਜੀ ਜੰਡ ਅੰਗੂ ਮੁਰਚਾ ਫੜ੍ਹ ਲਿਆ। ਚੁਬਾਰੇ 'ਚ ਜਾਕੇ ਤਾਏ ਨੇ ਸਾਡੇਆਲਾ ਸਿੱਟ ਲਿਆ। ਐੰ ਖੜਕਾਟ ਪਵੇ ਜਿਮੇੰ ਟੀਨ ਤੇ ਗੜ੍ਹੇ ਪੈੰਦੇ ਆ। ਥੱਲਿਓੰ ਤਾਈ ਅਰਗੀਆੰ ਚਬਾਰੇ ਕੰਨੀੰ ਮੂੰਹ ਕਰਨ ਪੁੱਛੀ ਜਾਣ ਅਖੇ ਆਹ ਖੜਕਾਟ ਕਾਹਦਾ ਪੈੰਦਾ। ਤਾਇਆ ਕਹਿੰਦਾ ਕੁਸ ਨੀੰ ਪੋਇਟਰੀ ਕਰਦੇ ਆੰ ਪੋਇਟਰੀ.....ਘੁੱਦਾ

Monday, 2 January 2017

ਸੰਦੂਕ ਪੇਟੀਆੰ

'ਲਵ ਪੰਜਾਬ' ਫਿਲਮ ਦਾ ਡਾਇਲੌਗ ਆ ,"ਬੰਦਿਆੰ ਦੀਆੰ ਜ਼ਮੀਨਾੰ ਜਾਇਦਾਦਾੰ ਹੁੰਦੀਆੰ ਤੇ ਬੁੜ੍ਹੀਆੰ ਦੇ ਜੈਦਾਤ ਸੰਦੂਕ ਟਰੰਕ ਹੁੰਦੇ ਨੇ।
ਗੱਲ ਸੌ ਪਰਸੈੰਟ ਸਹੀ ਆ। ਸ਼ੁਰੂ ਤੋੰ ਦੇੰਹਣੇ ਆੰ ਬੀਬੀ ਅਰਗੀਆੰ ਪੇਟੀਆੰ ਸੰਦੂਖਾੰ ਦਾ ਬੜਾ ਮੋਹ ਕਰਦੀਆੰ ਨੇ। ਦਾਦੀ ਦੇ ਦਾਜ 'ਚ ਭਿੱਖੀਵਿੰਡ ਆਲਿਆੰ ਨੇ ਸੰਦੂਖ ਦਿੱਤਾ ਸੀ। ਪਿੱਤਲ ਦੇ ਕੋਕ ਲੱਗੇ ਬਏ ।ਜਿੰਦਾ ਕੁੰਡਾ ਲਾਕੇ, ਰੰਗ ਰੁੰਗ ਮਾਰਕੇ ਚਿਲਕਾ ਕੇ ਰੱਖਣਾ। ਬੀਬੀ ਹੋਣੀ ਪੇਟੀ ਖੋਲ੍ਹਕੇ ਢੱਕਣ ਖੁੱਲ੍ਹਾ ਰੱਖਣ ਖਾਤਰ ਡਾੰਗ ਦੀ ਡੇਸ ਜੀ ਲਾ ਦੇਦੀਆੰ। ਰਜਾਈਆੰ, ਗਦੈਲਿਆੰ, ਦਰੀਆੰ, ਖੇਸਾੰ ਦਾ ਬੜਾ ਸ਼ੌਕ ਹੁੰਦਾ। ਨਾਲੇ ਵਿੱਚ ਚਾਰ ਪੰਜ ਪਿੱਤਲ ਦੇ ਥਾਲ, ਛੰਨੇ, ਪਿੱਤਲ ਦੀ ਪਰਾੰਤ,ਕੌਲੀਆੰ ਪਈਆੰ ਹੁੰਦੀਆੰ। ਜਦੋੰ ਪੇਟੀ ਖੁੱਲ੍ਹੇ ਬੇਬੇ ਦਾ ਆਹੀ ਲੈਕਚਰ ਹੁੰਦਾ,"ਆਹ ਪਰਾੰਤ ਮੇਰੇ ਫਲਾਣੇ ਮਾਮੇ ਨੇ ਦਿੱਤੀ ਸੀ, ਆਹ ਭਾੰਡੇ ਫਲਾਣਿਆੰ ਨੇ ਢੋਏ ਸੀ ਮੇਰੇ ਦਾਜ 'ਚ। 
ਜਦੋੰ ਚਿੱਤ ਕਰੇ ਓਦੇੰ ਬੇਬੇ ਆਖੂ," ਅੱਜ ਧੁੱਪ ਕਰੜੀ ਆ , ਲੀੜੇਆੰ ਨੂੰ ਧੁੱਪ ਨਾ ਲਵਾਦੀਏ?"
ਫੇਰ ਵਿਹੜੇ 'ਚ ਮੰਜੇ ਡਾਹਕੇ ਬੇਬੇ  ਬਿਸਤਰੇ ਖੋਲ੍ਹੂ ," ਆ ਦਰੀਆੰ ਅਸੀੰ ਆਪ ਉਣੀਆੰ ਸੀ, ਫਲਾਣਾ ਨਮੂਨਾ ਫਲਾਣੀ ਨੇ ਪਾਇਆ" । ਬਥੇਰੀਆੰ ਪੱਖੀਆੰ ਨੂੰ ਝਾਲਰਾੰ ਲਾਈਆੰ, ਕਰੋਸ਼ੀਏ ਕਰੇ, ਹੁਣ ਤਾੰ ਨਪੁੱਤੇ ਦੀ ਨਿਗਾਹ ਨੀੰ ਕੰਮ ਕਰਦੀ, ਓਦੋੰ ਬਥੇਰਾ ਬੁਣ ਲੈੰਦੀਆੰ ਸਾੰ"।
ਜੇ ਬੇਬੇ ਦੀ ਗੈਰਮੌਜੂਦਗੀ 'ਚ ਪੇਟੀ ਖੋਲ੍ਹਕੇ ਕੋਈ ਲੀੜਾ ਕੱਢ ਲਈਏ ਤਾੰ ਬੇਬੇ ਨੂੰ ਸੰਸਾ ਹੁੰਦਾ," ਵੇ ਚੱਜ ਨਾਲ ਢੱਕਣ ਬੰਦ ਕਰਤਾ ਸੀ, ਕਿਤੇ ਚੂਹਾ ਚਾਹਾ ਨਾ ਵੜਜੇ, ਮਰਕੇ ਬਣਦੇ ਆ ਲੀੜੇ। 
ਨਿੱਕੇ ਹੁੰਦੇ ਜੇ ਕਿਸੇ ਰਜਾਈ ਗਦੈਲੇ ਤੇ ਦੁੱਧ ਬਾਧ ਡੁੱਲ੍ਹ ਜਾੰਦਾ ਤਾੰ ਬੇਬੇ ਦੀ ਪੱਕੀ ਗਾਲ੍ਹ ਹੁੰਦੀ," ਜਦੋੰ ਆਗੀਆੰ ਓਦੋੰ ਆਵਦੀਆੰ ਰੰਨਾੰ ਦੀਆੰ ਪੇਟੀਆੰ 'ਚੋੰ ਕੱਢਿਓ ਲੀੜੇ, ਫੇਰ ਵੇਖੂੰ"
ਦੋ ਦਿਨ ਕਿਤੇ ਬਾਹਰ ਜਾਣਾ ਹੋਵੇ ਬੀਬੀ ਆਖੂ ਪੇਟੀਆੰ ਆਲੇ ਅੰਦਰ ਨੂੰ ਤਾਲਾ ਜ਼ਰੂਰ ਲਾਦਿਓ। ਐਹੇ ਜੇ ਪਿਆਰ ਆ ਏਹਨਾੰ ਦੇ।
ਪਹਿਲੋ ਪਹਿਲ ਜਦੋੰ ਦਾਦੀ ਤੇ ਨਾਨੀ ਕੁੜਮਣੀਆੰ ਕੁੜਮਣੀਆੰ ਕੱਠੀਆੰ ਹੁੰਦੀਆੰ ਦੇ ਤੇਰੇ ਦੀ ਲੈ ਤੇਰੇ ਦੀ, ਚਰਖੇ ਦੀ ਬੜੀ ਰੇਲ ਬਣਾਓੰਦੀਆੰ। ਸਾਰਜੀਨ ਵਿੱਚਦੀ ਕਪਾਹ ਟਪਾਕੇ ਕੱਤਣ ਦੇ ਬੱਤ ਹੋ ਜਾੰਦੀ। ਨਾਏ ਬੁੜ੍ਹੀਆੰ ਗਲੀਆੰ 'ਚ ਕਾਨੇ ਗੱਡਕੇ ਸੂਤ ਜਾ ਲੈਕੇ ਤੁਰੀਆੰ ਫਿਰਦੀਆੰ। ਹਾੜ੍ਹ ਜੇਠ ਦੀਆੰ ਦੁਪਹਿਰਾੰ 'ਚ ਤਾੜ ਤਾੜ ਖੱਡੀ ਬੁਣਦੀਆੰ। ਫੇਰ  ਦਰਵਾਜ਼ੇ 'ਚ ਬਹਿਕੇ ਗੋਡੇ ਤੇ ਖੇਸ ਧਰਕੇ ਬੰਬਲ ਵੱਟੀ ਜਾੰਦੀਆੰ। ਫਰਨ ਫਰਨ ਹਵਾ ਲੱਗਦੀ ਦਰਵਾਜ਼ਿਆੰ 'ਚ। ਗੱਲ ਲੰਮੀ ਬੱਗਗੀ.....ਐਨੀਵੇਅ ਜ਼ਿੰਦਾਬਾਦ ਬੀਬੀਆੰ......ਘੁੱਦਾ

ਬਾਪੂ

ਸਮਾੰ ਆਵਦੀ ਤੋਰ ਤੁਰਦਾ ਰਹਿੰਦਾ। ਬਾਪੂ ਹੋਣਾੰ ਨੇ ਆਥਣੇ ਕੰਮਾੰ ਕਾਰਾੰ ਤੋੰ ਵਿਹਲੇ ਹੋਕੇ ਲੀੜੇ ਬਦਲਣੇ।ਤੇੜ ਕਛਿਹਰਾ, ਗਾਤਰਾ ਤੇ ਕੇਸਾੰ 'ਚ ਕੰਘਾ ਹੋਣਾ। ਮੈਨੂੰ ਕਿਹਾ ਕਰਨਾ ਆ ਪੁੱਤ ਓਏ ਢੂਈ ਤੇ ਖੁਰਕ ਕਰ। ਖੱਦਰ ਦੇ ਗਲਾਸ ਦੇ ਕੰਢਿਆੰ ਨਾਲ ਮੈੰ ਖੁਰਕ ਕਰਨ ਲੱਗ ਜਾਣਾ।ਬਾਪੂ ਹੋਣਾੰ ਨੇ ਬਟੂਆ ਕੱਢਕੇ ਫਰੋਲਾ ਫਰਾਲੀ ਕਰਨੀ। ਥੱਬਾ ਪਰਚੀਆੰ ਵਿੱਚੇ ਪੈਸੇ। ਮੈਨੂੰ ਲੱਗਦਾ ਬੀ ਬਟੂਏ 'ਚ ਸਿਰਫ ਪੈਸੇ ਹੋਣੇ ਚਾਹੀਦੇ ਆ, ਪਰਚੀਆੰ ਦਾ ਕੀ ਕੰਮ।
ਹੁਣ ਆਪ ਕਬੀਲਦਾਰ ਹੋਗੇ। ਬਟੂਏ 'ਚ ਪੈਸੇ ਹੋਣ ਨਾ ਹੋਣ ਪਰ ਪਰਚੀਆੰ ਬਾਹਲੀਆੰ ਹੁੰਦੀਆੰ। 
ਬਾਪੂ ਹੋਣਾੰ ਨੂੰ ਗੁਜ਼ਰਿਆੰ ਕੱਲ੍ਹ ਪੂਰੇ ਛੇ ਸਾਲ ਹੋਗੇ। ਓਹ ਘਾਟਾੰ ਕਦੇ ਪੂਰੀਆੰ ਨੀੰ ਹੁੰਦੀਆੰ। ਢੀਠ ਹੋਕੇ ਜਿਓਣ ਆਲਾ ਕੰਮ ਜਾ ਹੁੰਦਾ। ਜਦੋੰ ਮੌਸਮ ਜਾ ਬਦਲਦਾ ਹੁੰਦਾ ਗਰਮੀ ਠੰਢ ਹੋਣ ਲੱਗਦੀ ਆ ਤਾੰ ਬੀਬੀ ਕਹਿੰਦੀ ਹੁੰਦੀ ਆ,"ਰੁੱਤੜੀਆੰ ਮੁੜ ਆਗੀਆੰ ਮੋਏ ਨਾ ਆਏ ਜੱਗ"। ਪੁਰਾਣੇ ਭਾੰਡਿਆੰ ਤੋੰ ਲਾਕੇ ਪੀਹਣ ਦੇ ਗੱਟਿਆੰ ਤੀਕ ਓਹਨਾੰ ਦਾ ਨੌੰ ਲਿਖਿਆ ਜਾੰਦਾ। ਚਲ ਕਾਹਨੂੰ ਲੰਮੀ ਗੱਲ ਕਰਨੀ ਆ। ਕਿਸੇ ਦੀ ਹਮਦਰਦੀ ਲੈਣ ਖਾਤਰ ਆਹ ਸਟੇਟਸ ਨਹੀੰ ਲਿਖਿਆ ਗਿਆ, ਚਿੱਤ ਦੀ ਭੜਾਸ ਸੀ ਬੱਸ ਐਥੇ ਕੱਢਲੀ.....ਘੁੱਦਾ

Monday, 12 December 2016

ਅੰਦਰਲੀ ਗੱਲ

ਹੋਰ ਗੱਲ ਕਰਦਾੰ ਅੱਜ। ਆਪਣੇ ਅੰਦਰਲੀ। ਸਾਰਿਆੰ ਦੀ ਗੱਲ। ਸ਼ਰਮ, ਹਯਾ, ਮਜ਼ਬੂਰੀਆੰ। ਜੇਰੇ ਨਾਲ ਪੜ੍ਹੀੰ। ਫੀਲਿੰਗ ਨਾੰ ਛਕੀ ਬੀ ਲੱਚਰ ਲਿਖਿਆ ਬਾ।
2014 ਦੇ ਅਖੀਰਲੇ ਹਫਤੇ ਮੇਰੇ ਤਾਏ ਦਾ ਪੁੱਤ ਮਨੀਲਾ ਚਲਾ ਗਿਆ। ਦਿੱਲੀ ਤੋੰ ਮਨੀਲਾ ਵਾਇਆ ਸਿੰਗਾਪੁਰ।ਕੋਈ ਕਾਰਨ ਬਣਿਆ 2015 ਦੇ ਪਹਿਲੇ ਹਫਤੇ ਮੁੜ ਆਇਆ। ਸਿਧ ਪੱਧਰਾ ਵਾਹੀਵਾਣ ਜੱਟ ਸਾਡੇਆਲਾ। ਮੈਨੂੰ ਕਹਿੰਦਾ ਸਿੰਗਾਪੁਰ ਦੇ ਏਅਰਪੋਰਟ ਤੇ ਕੁੜੀ ਟੱਕਰੀ ਸੀ। ਕਹਿੰਦੀ ਹੋਟਲ 'ਚ ਆਜਾ ਸੌ ਡਾਲਰ ਦੇਦੇ। ਮਖਾ ਝੂਠ ਆ,ਤੈਨੂੰ ਓਹਦੀ ਭਾਸ਼ਾ ਨਈੰ ਸਮਝ ਆ ਸਕਦੀ। ਕਹਿੰਦਾ,"ਲੈ, ਓਹ ਕਿਹੜਾ ਬਾਹਰਲੀ ਸੀ, ਪੰਜਾਬਣ ਕੁੜੀ ਸੀ। ਸਿੰਗਾਪੁਰ ਦਾ ਹਵਾਈ ਅੱਡਾ ਤੇ ਪੰਜਾਬ ਦੀ ਕੁੜੀ। ਆਪਣੇ ਹਾਲਾਤ ਦੇਖ, ਮਜ਼ਬੂਰੀ ਸਮਝ।
ਦੂਜੀ ਗੱਲ। ਮੈੰ ਤੇ ਬੀਤ ਬਠਿੰਡਿਓੰ ਦਿੱਲੀ ਨੂੰ ਜਾ ਰਹੇ ਸੀ ਟਰੇਨ ਤੇ। ਸਾਡੇਆਲੇ ਡੱਬੇ 'ਚ ਪੰਜ ਛੀ ਮੁੰਡੇ ਬੈਠੇ ਸਾਡੇ ਨੇੜਲੇ ਪਿੰਡਾੰ ਦੇ। ਅਸੀੰ ਪੁੱਛਿਆ ਬਾਈ,"ਕੀ ਕੰਮ ਚੱਲੇ ਓੰ?" ਦੰਦ ਕੱਢ ਲਿਆ ਕਰਨ। ਗੱਲ ਚੌੜ ਪਾ ਲਿਆ ਕਰਨ। ਇੱਕ ਲੰਗਾ ਸੀ। ਓਹਨੇ ਦੱਸਿਆ ਕਹਿੰਦਾ,"ਅਸੀੰ ਮਹੀਨੇ ਕ ਬਾਅਦ ਦਿੱਲੀ ਦੀ ਜੀ ਬੀ ਰੋਡ ਤੇ ਜਾਕੇ ਆਓਣੇ ਆੰ,ਬੁੱਲ੍ਹੇ ਲੁੱਟ ਆਈਦੇ ਆ।" ਮੰਡੀਰ ਦਾ ਸ਼ੁਗਲਸ਼ੱਟਾ ਦੇਖ। 
ਦੇਹ ਵਪਾਰ, ਜਬਰ ਜ਼ਿਨਾਹ, ਵਿਆਹ ਦੇ ਲਾਰੇ ,  ਅਖਬਾਰ ਡੱਟੇ ਪਏ ਨੇ। ਕਿਸੇ ਮੁੰਡੇ ਨੂੰ ਪੁੱਛ, ਪੂਰਾ ਤਿੜ੍ਹ ਕੇ ਦੱਸੂ," ਮੈੰ ਤਾੰ ਪਰਧਾਨ ਤੀਹ ਪੈੰਤੀ ਕੁੜੀਆੰ ਟਪਾਤੀਆੰ"। ਆਵਦੇ ਵਿਆਹ ਵੇਲੇ ਕੁੜੀ ਦੇ ਕਰੈਕਟਰ ਦੀਆੰ ਬਿੜਕਾੰ ਲੈੰਦੇ ਫਿਰਣਗੇ।
ਕੂਲੀ ਜੀ ਉਮਰ ਦੇ ਮੁੰਡੇ ਗੋਲੀ ਗਪਟਾ ਖਾਕੇ ਮੂੰਹ ਵਲ੍ਹੇਟਕੇ, ਸ਼ਹਿਰ ਬਗ ਜਾੰਦੇ ਨੇ ਤੇ ਦੋ ਢਾਈ ਘੈੰਟਿਆੰ ਬਾਅਦ ਬੱਕਲਕੱਤੇ ਜੇ ਹੋਕੇ ਮੁੜ ਆਉੰਦੇ ਆ। ਹੁੰਦੇ ਧੁੰਨੀ 'ਚ ਧਾਰ ਮਾਰਨ ਆਲੇ ਈ ਆ।
ਕਈ ਏਹੇ ਜੇ ਵੀ ਹੁੰਦੇ ਆ ਵਿਆਹ ਤੋੰ ਅਗਲੇ ਦਿਨ ਟੱਬਰ ਦੇ ਜੀਆੰ ਨਾਲ ਅੱਖ ਵੀ ਨੀੰ ਮਿਲਾਉੰਦੇ। ਤੜਕੇ ਉੱਠਣ ਸਾਰ ਕਮਰੇ 'ਚੋੰ ਲੋਈ ਦਾ ਮੜਾਸਾ ਮਾਰਕੇ ਐੰ ਬਾਹਰ ਨਿੱਕਲਦੇ ਆ ਜਿਮੇੰ ਫੇਰੇਦੇਣਾ ਏ ਟੀ ਐੱਮ ਭੰਨਿਆ ਹੁੰਦਾ ਤੇ ਸਿੱਧਾ ਜਾਕੇ ਖੁਰਣੀਆੰ 'ਚ ਹੱਥ ਮਾਰਨ ਲੱਗ ਪੈੰਦੇ ਨੇ। 
ਏਹਨਾੰ ਬੰਦਿਆੰ ਲਈ ਵਿਆਹ ਮਾਇਨੇ ਰੱਖਦਾ।
ਮੁਲਖ ਨੇ ਤਰੱਕੀ ਠੈੰਗਣ ਕਰਨੀ ਆ, ਹਜੇ ਏਹੀ ਕੁਛ ਨੀੰ ਨਿੱਕਲਿਆ ਦਿਮਾਗਾੰ 'ਚੋੰ। ਬਲਦੇਵ ਸਿੰਘ ਦਾ ਨਾਵਲ ਪੜ੍ਹਿਓ 'ਗੰਧਲੇ ਪਾਣੀ'। ਪਤਾ ਲੱਗੂ ਪੰਜਾਬ ਕਿੱਥੇ ਜੇ ਖੜ੍ਹਾ..... ਘੁੱਦਾ

ਜੰਗੀ ਆਸਾਰ

ਨਾਨਕਿਆੰ ਸਮੇਤ ਸਾਡੇ ਕਈ ਰਿਸ਼ਤੇਦਾਰ ਬਾਡਰ ਏਰੀਏ 'ਚ ਬੈਠੇ ਨੇ। ਹੁਣੇ ਗੱਲ ਹੋਈ, ਸਾਰਿਆੰ ਨੂੰ ਇਲਾਕਾ ਖਾਲੀ ਕਰਨ ਨੂੰ ਕਹਿਤਾ। 
ਇੱਕ ਟੈਮ ਮੰਜਾ ਚੱਕਕੇ ਅੰਦਰ ਬਾਹਰ ਕਰਨ ਦੀ ਘੌਲ ਹੋ ਜਾੰਦੀ ਆ ਤੇ ਐਡੇ ਐਡੇ ਘਰਾੰ ਦਾ ਸਮਾਨ ਯਕਦਮ ਕਿੱਥੇ ਚੱਕਿਆ ਜਾੰਦਾ। 
ਓਹੀ ਗੱਲ ਢੁਕਦੀ ਆ,"ਪੰਜਾਬ ਦੇ ਜੰਮਿਆੰ ਨੂੰ ਨਿੱਤ ਮੁਹਿੰਮਾੰ"। 
ਸਰਬੰਸਦਾਨੀ ਦੋੰਹਾੰ ਮੁਲਕਾੰ ਦੇ ਲੋਕਾੰ ਨੂੰ ਚੜ੍ਹਦੀਆੰ ਕਲਾ 'ਚ ਰੱਖੇ। ਪਾਕਿਸਤਾਨ ਤਾੰ ਹੁਣ ਵੀ ਪੰਜਾਬ ਦਾ ਵੀਰ ਈ ਆ। ਘਟੀਆ ਸਿਆਸਤਾੰ ਤੇ ਹਿੰਦੂਇਜ਼ਮ ਦੇ ਮਨ ਦੀ ਖਵਾਹਿਸ਼ ਪੂਰੀ ਹੋਣ ਲੱਗੀ ਆ....ਪੰਜਾਬ ਜ਼ਿੰਦਾਬਾਦ

ਬੀਬੀ ਅਰਗੀਆੰ

ਕਈ ਆਰੀ ਬੀਬੀ ਅਰਗੀਆੰ ਬਹੁਤ ਸਿਰਾ ਲਾੳਂਦੀਆੰ ਨੇ। ਅੱਜ ਦੁਪਹਿਰੇ ਬੀਬੀ ਹੋਣੀੰ ਪਿੰਡ 'ਚ ਕਿਸੇ ਮਰਗ ਆਲੇ ਘਰੇ ਬਹਿਣ ਗਈਆੰ ਸੀ।
ਆਕੇ ਬੀਬੀ ਮੈਨੂੰ ਕਹਿੰਦੀ ਅਖੇ,"ਸੱਥਰ ਤੇ ਬੁੜ੍ਹੀਆੰ ਗੱਲਾੰ ਕਰਦੀਆੰ ਸੀ ਬੀ ਬਾਦਲ ਕਹਿੰਦਾ ਲੜਾਈ ਤਾੰ ਲੱਗੂ ਗੀ ਪਰ ਹੁਣ ਪਹਿਲਾੰ ਲੋਕਾੰ ਨੂੰ ਝੋਨਾ ਝੂਨਾ ਵੱਢ ਲੈਣਦੇ ਫੇਰ ਲੜਾੰਗੇ। ਅਹੇ ਜੀਆੰ ਅਕਾਸ਼ਬਾਣੀਆੰ ਚੱਲਦੀਆੰ ਪਿੰਡਾੰ 'ਚ

ਜੰਗ

ਮੇਰੀ ਸੂਈ ਹਜੇ ਜੰਗ ਤੇ ਈ ਅੜੀ ਬਈ ਆ। ਮਸਲਾ ਏਹ ਨਹੀੰ ਕਿ ਜੰਗ ਟਲ ਰਹੀ ਆ, ਗਲਤੀਆੰ ਕਿੱਥੇ ਕਿੱਥੇ ਨੇ ਉਹ ਵਿਚਾਰੋ। ਸਿਆਸਤ ਉੱਤਲੇ ਲੈਵਲ ਦੀ ਗੱਲ ਆ, ਮੈੰ ਆਪਣੀ ਗੱਲ ਕਰਦਾੰ।
ਕਾਲਜ ਸਮੇੰ ਅਸੀੰ ਵਾਹਗਾ ਬਾਰਡਰ ਦੀ ਰੀਟਰੀਟ ਦੇਖੀ ਸੀ। ਉਦੋੰ ਬਾਅਦ ਵੀ ਗਏ। ਭਾਰਤੀ ਮੁਲਖ ਬੜੀ ਹੁਰਲ ਹੁਰਲ ਕਰਦਾ ਓਥੇ। "ਭਾਰਤ ਮਾਤਾ ਕੀ ਜੈ" ਕਹਿੰਦਿਆੰ ਮੂੰਹੋੰ ਜਰਦਾ ਮੱਲੋ ਮੱਲੀ ਡਿੱਗ ਪੈੰਦਾ। ਬਹੁਤ ਘੱਟ ਪੰਜਾਬੀ ਲੋਕ ਓਥੇ ਜਾੰਦੇ ਨੇ, ਮੋਸਟਲੀ ਨੌਨ ਪੰਜਾਬੀ ਹੁੰਦੇ ਨੇ। ਲਲਕਰੇ ਮਾਰੇ ਜਾੰਦੇ ਨੇ, ਹੁੜੀ ਉਏ। ਮੁਲਖ ਲਟੋਪੀੰਘ ਹੁੰਦਾ। ਕੁੱਕੜ ਭੜਾਕੇ ਨੂੰ ਕਾਗਜ਼ ਤੇ ਧਰਕੇ ਚਲਾਉਣ ਆਲਿਆੰ ਨੂੰ ਵੀ ਫੇਰੇਦੇਣੀ ਅਲੈਹਦੀ ਦੇਸ਼ਭਗਤੀ ਚੜ੍ਹਦੀ ਆ। ਦੂਜੇ ਪਾਸੇ ਪਾਕਿਸਤਾਨ ਦੇ ਥੋੜ੍ਹੇ ਜੇ ਲੋਕ ਠਰੰਮੇ ਨਾਲ ਦੇਖਦੇ ਨੇ। ਅਸਲ 'ਚ ਰੀਟਰੀਟ ਸਰਮਨੀ 'ਚ ਦੂਜੇ ਮੁਲਖ ਨੂੰ ਚਿੜ੍ਹਾਇਆ ਈ ਜਾੰਦਾ। 
ਅਗਲੀ ਗੱਲ। ਸਟੇਟਸ ਪਾਏ ਜਾ ਰਹੇ ਨੇ। ਅਖੇ ਜੇ ਭਾਰਤ ਪਾਕਿਸਤਾਨ ਬੰਨੀੰ ਮੂੰਹ ਕਰਕੇ ਮੂਤ ਕਰਦੇ ਤਾੰ ਓਧਰ ਹੜ੍ਹ ਆ ਜਾਣਗੇ। ਅਖੇ ਜਿੰਨੀ ਪਾਕਿ ਦੀ ਜਨ ਸੰਖਿਆ ਓਨੇ ਤਾੰ ਭਾਰਤੀ ਜੀਓ ਦੀ ਸਿੰਮ ਲੈਣ ਖਾਤਰ ਲੈਨ 'ਚ ਲੱਗੇ ਬਏ ਨੇ। ਨਾ ਇਹ ਬੜੀ ਭੱਦਰਕਾਰੀ ਆ। 
ਮੁਲਖ ਛੋਟਾ ਹੋਵੇ ਜਾੰ ਵੱਡਾ ਸੈਲਫ ਰਸਪੈਕਟ ਸ਼ੁੱਡ ਬੀ ਦੇਅਰ।
ਸਾਰੇ ਪਾਕੀ ਚੰਗੇ ਨਹੀੰ ਤੇ ਸਾਰੀ ਭਾਰਤੀ ਵੀ ਚੰਗੇ ਨਹੀੰ। 
ਚੰਨ ਤਾਰੇ ਆਲੇ ਹਰੇ ਝੰਡੇ ਨੂੰ ਸਾੜਕੇ ਤੁਸੀੰ ਦੇਸ਼ਭਗਤ ਨਹੀੰ ਬਨਣ ਲੱਗੇ। ਸਾਲੀ ਕਤੀਹੜ।
ਬੰਦਿਆੰ ਅੰਗੂ ਰਹੋ, ਤਾਕਤ ਨੂੰ ਅੰਡਰ ਅਸਟੀਮੇਟ ਨਾ ਕਰੋ। ਜੇ ਓਹ ਨਾ ਬਚੇ ਤਾੰ ਅੱਧਾ ਭਾਰਤ ਵੀ ਨਈੰ ਬਚਦਾ।ਅਗਲੇ ਪਾਥੀਆੰ ਅੰਗੂ ਪੱਥਕੇ ਘਰ ਘਰ ਪਰਮਾਣੂ ਧਰੀ ਬੈਠੇ ਆ। ਏਹ ਦੇਵ ਦਰਸ਼ਨ ਧੂਫ ਬੱਤੀ ਨਹੀੰ ਬੀ ਸਮਿੱਲਾੰ ਆਉਣਗੀਆੰ। ਹੀਰੋਸ਼ੀਮਾੰ ਨਾਗਾਸਕੀ ਨੂੰ ਗੂਗਲ ਕਰੋ। ਯੱਦੇ ਲਾਡ ਦੇ.....ਘੁੱਦਾ