Monday 2 January 2017

ਸੰਦੂਕ ਪੇਟੀਆੰ

'ਲਵ ਪੰਜਾਬ' ਫਿਲਮ ਦਾ ਡਾਇਲੌਗ ਆ ,"ਬੰਦਿਆੰ ਦੀਆੰ ਜ਼ਮੀਨਾੰ ਜਾਇਦਾਦਾੰ ਹੁੰਦੀਆੰ ਤੇ ਬੁੜ੍ਹੀਆੰ ਦੇ ਜੈਦਾਤ ਸੰਦੂਕ ਟਰੰਕ ਹੁੰਦੇ ਨੇ।
ਗੱਲ ਸੌ ਪਰਸੈੰਟ ਸਹੀ ਆ। ਸ਼ੁਰੂ ਤੋੰ ਦੇੰਹਣੇ ਆੰ ਬੀਬੀ ਅਰਗੀਆੰ ਪੇਟੀਆੰ ਸੰਦੂਖਾੰ ਦਾ ਬੜਾ ਮੋਹ ਕਰਦੀਆੰ ਨੇ। ਦਾਦੀ ਦੇ ਦਾਜ 'ਚ ਭਿੱਖੀਵਿੰਡ ਆਲਿਆੰ ਨੇ ਸੰਦੂਖ ਦਿੱਤਾ ਸੀ। ਪਿੱਤਲ ਦੇ ਕੋਕ ਲੱਗੇ ਬਏ ।ਜਿੰਦਾ ਕੁੰਡਾ ਲਾਕੇ, ਰੰਗ ਰੁੰਗ ਮਾਰਕੇ ਚਿਲਕਾ ਕੇ ਰੱਖਣਾ। ਬੀਬੀ ਹੋਣੀ ਪੇਟੀ ਖੋਲ੍ਹਕੇ ਢੱਕਣ ਖੁੱਲ੍ਹਾ ਰੱਖਣ ਖਾਤਰ ਡਾੰਗ ਦੀ ਡੇਸ ਜੀ ਲਾ ਦੇਦੀਆੰ। ਰਜਾਈਆੰ, ਗਦੈਲਿਆੰ, ਦਰੀਆੰ, ਖੇਸਾੰ ਦਾ ਬੜਾ ਸ਼ੌਕ ਹੁੰਦਾ। ਨਾਲੇ ਵਿੱਚ ਚਾਰ ਪੰਜ ਪਿੱਤਲ ਦੇ ਥਾਲ, ਛੰਨੇ, ਪਿੱਤਲ ਦੀ ਪਰਾੰਤ,ਕੌਲੀਆੰ ਪਈਆੰ ਹੁੰਦੀਆੰ। ਜਦੋੰ ਪੇਟੀ ਖੁੱਲ੍ਹੇ ਬੇਬੇ ਦਾ ਆਹੀ ਲੈਕਚਰ ਹੁੰਦਾ,"ਆਹ ਪਰਾੰਤ ਮੇਰੇ ਫਲਾਣੇ ਮਾਮੇ ਨੇ ਦਿੱਤੀ ਸੀ, ਆਹ ਭਾੰਡੇ ਫਲਾਣਿਆੰ ਨੇ ਢੋਏ ਸੀ ਮੇਰੇ ਦਾਜ 'ਚ। 
ਜਦੋੰ ਚਿੱਤ ਕਰੇ ਓਦੇੰ ਬੇਬੇ ਆਖੂ," ਅੱਜ ਧੁੱਪ ਕਰੜੀ ਆ , ਲੀੜੇਆੰ ਨੂੰ ਧੁੱਪ ਨਾ ਲਵਾਦੀਏ?"
ਫੇਰ ਵਿਹੜੇ 'ਚ ਮੰਜੇ ਡਾਹਕੇ ਬੇਬੇ  ਬਿਸਤਰੇ ਖੋਲ੍ਹੂ ," ਆ ਦਰੀਆੰ ਅਸੀੰ ਆਪ ਉਣੀਆੰ ਸੀ, ਫਲਾਣਾ ਨਮੂਨਾ ਫਲਾਣੀ ਨੇ ਪਾਇਆ" । ਬਥੇਰੀਆੰ ਪੱਖੀਆੰ ਨੂੰ ਝਾਲਰਾੰ ਲਾਈਆੰ, ਕਰੋਸ਼ੀਏ ਕਰੇ, ਹੁਣ ਤਾੰ ਨਪੁੱਤੇ ਦੀ ਨਿਗਾਹ ਨੀੰ ਕੰਮ ਕਰਦੀ, ਓਦੋੰ ਬਥੇਰਾ ਬੁਣ ਲੈੰਦੀਆੰ ਸਾੰ"।
ਜੇ ਬੇਬੇ ਦੀ ਗੈਰਮੌਜੂਦਗੀ 'ਚ ਪੇਟੀ ਖੋਲ੍ਹਕੇ ਕੋਈ ਲੀੜਾ ਕੱਢ ਲਈਏ ਤਾੰ ਬੇਬੇ ਨੂੰ ਸੰਸਾ ਹੁੰਦਾ," ਵੇ ਚੱਜ ਨਾਲ ਢੱਕਣ ਬੰਦ ਕਰਤਾ ਸੀ, ਕਿਤੇ ਚੂਹਾ ਚਾਹਾ ਨਾ ਵੜਜੇ, ਮਰਕੇ ਬਣਦੇ ਆ ਲੀੜੇ। 
ਨਿੱਕੇ ਹੁੰਦੇ ਜੇ ਕਿਸੇ ਰਜਾਈ ਗਦੈਲੇ ਤੇ ਦੁੱਧ ਬਾਧ ਡੁੱਲ੍ਹ ਜਾੰਦਾ ਤਾੰ ਬੇਬੇ ਦੀ ਪੱਕੀ ਗਾਲ੍ਹ ਹੁੰਦੀ," ਜਦੋੰ ਆਗੀਆੰ ਓਦੋੰ ਆਵਦੀਆੰ ਰੰਨਾੰ ਦੀਆੰ ਪੇਟੀਆੰ 'ਚੋੰ ਕੱਢਿਓ ਲੀੜੇ, ਫੇਰ ਵੇਖੂੰ"
ਦੋ ਦਿਨ ਕਿਤੇ ਬਾਹਰ ਜਾਣਾ ਹੋਵੇ ਬੀਬੀ ਆਖੂ ਪੇਟੀਆੰ ਆਲੇ ਅੰਦਰ ਨੂੰ ਤਾਲਾ ਜ਼ਰੂਰ ਲਾਦਿਓ। ਐਹੇ ਜੇ ਪਿਆਰ ਆ ਏਹਨਾੰ ਦੇ।
ਪਹਿਲੋ ਪਹਿਲ ਜਦੋੰ ਦਾਦੀ ਤੇ ਨਾਨੀ ਕੁੜਮਣੀਆੰ ਕੁੜਮਣੀਆੰ ਕੱਠੀਆੰ ਹੁੰਦੀਆੰ ਦੇ ਤੇਰੇ ਦੀ ਲੈ ਤੇਰੇ ਦੀ, ਚਰਖੇ ਦੀ ਬੜੀ ਰੇਲ ਬਣਾਓੰਦੀਆੰ। ਸਾਰਜੀਨ ਵਿੱਚਦੀ ਕਪਾਹ ਟਪਾਕੇ ਕੱਤਣ ਦੇ ਬੱਤ ਹੋ ਜਾੰਦੀ। ਨਾਏ ਬੁੜ੍ਹੀਆੰ ਗਲੀਆੰ 'ਚ ਕਾਨੇ ਗੱਡਕੇ ਸੂਤ ਜਾ ਲੈਕੇ ਤੁਰੀਆੰ ਫਿਰਦੀਆੰ। ਹਾੜ੍ਹ ਜੇਠ ਦੀਆੰ ਦੁਪਹਿਰਾੰ 'ਚ ਤਾੜ ਤਾੜ ਖੱਡੀ ਬੁਣਦੀਆੰ। ਫੇਰ  ਦਰਵਾਜ਼ੇ 'ਚ ਬਹਿਕੇ ਗੋਡੇ ਤੇ ਖੇਸ ਧਰਕੇ ਬੰਬਲ ਵੱਟੀ ਜਾੰਦੀਆੰ। ਫਰਨ ਫਰਨ ਹਵਾ ਲੱਗਦੀ ਦਰਵਾਜ਼ਿਆੰ 'ਚ। ਗੱਲ ਲੰਮੀ ਬੱਗਗੀ.....ਐਨੀਵੇਅ ਜ਼ਿੰਦਾਬਾਦ ਬੀਬੀਆੰ......ਘੁੱਦਾ

No comments:

Post a Comment