Wednesday, 17 October 2018

ਸੱਥਾਂ

ਹਰੇਕ ਪਿੰਡ ਦੀ ਸੱਥ ‘ਚ ਚਾਰ ਪੰਜ ਬੰਦੇ ਪੱਕੇ ਬੈਠੇ ਹੁੰਦੇ ਨੇ। ਬਿਨ੍ਹਾਂ ਨਾਗਾ ਪਾਏ ਚੱਤੋਪੈਰ ਹਾਜ਼ਰ। ਤੜਕੇ ਆਓਣਾ, ਛਿਟੀ ਜਾੰ ਘਸੀ ਬਹੁਕਰ ਨਾਲ ਥੜ੍ਹਾ ਸੁੰਭਰਨਾ। ਪਾਣੀ ਦਾ ਤੌੜਾ ਭਰਨਾ, ਅੰਗਰੇਜ਼ੀ ਦਾਰੂ ਦੀ ਬੋਤਲ ਨਾਲ ਮਿਲੀ ਤਾਸ਼ ਤਰਾਸ਼ਕੇ ਹੋਰਾਂ ਨੂੰ ਉਡੀਕਣਾ।
ਲੰਘਦੇ ਟੱਪਦੇ ਹਰੇਕ ਬੰਦੇ ਨੂੰ ਵਾਚਣਾ, ਵਿਅੰਗ ਕਰਨਾ, ਹਾਲ ਪੁੱਛਣਾ,ਨੀਰਾ ਲਈ ਆਓਂਦੇ ਬੰਦਾ ਨੂੰ ਬੇਵਜ੍ਹਾ ਕਹਿਣਾ‘“ ਵੱਢ ਲਿਆਇਆ ਨੀਰਾ ਸੰਦੇਹਾਂ ਈ, ਤੇਲ ਪੈਣ ਲਾਗੀ ਹੁਣ” ,ਮੁਫ਼ਤ ਸਲਾਹਾਂ ਦੇਣੀਆਂ, ਬਿੜਕਾਂ ਭੰਨਣੀਆਂ। ਅੱਡੇ ਤੇ ਬੱਸੋਂ ਉੱਤਰੀ ਸਵਾਰੀ ਦੇਖਕੇ ਦੱਸ ਦਿੰਦੇ ਆ,” ਇਹ ਦੇਕਾਂ ਜੰਟੇ ਦਾ ਸਾਂਢੂ ਆ ਦੋਦੇ ਆਲਾ, ਇਹ ਕਿਮੇਂ ਆਇਆ ਹੋਇਆ”। ਬੇਮਤਲਬ ਫਿਕਰ।
ਮੰਨਲਾ ਤਿੰਨ ਚਾਰ ਮੁੰਡੇ ਹੱਥ ‘ਚ ਪਰਚੀਆਂ ਪੈੱਨ ਲੈਕੇ ਸੱਥ ਕੋਲੋੰ ਟੱਪ ਜਾਣ ਤਾਂ ਚਰਚਾ ਛਿੜਦੀ ਆ।
ਪਹਿਲਾ ਬੋਲਦਾ,” ਓਹ ਆਹ ਕਿਹੜੇ ਕਿਹੜੇ ਸੀ?”
ਦੂਜਾ ਬੋਲਦਾ,” ਆਹ ਪੈਲਾ ਤਾਂ ਜਾਗਰ ਦਾ ਪੋਤਾ ਲੱਗਦਾ, ਖੜਮੇਂ ਜੇ ਵਾਲਾਂ ਆਲਾ, ਲੀਲੀ ਜੀ ਪੰਟ ਆਲਾ ਮਿੰਦਰੀ ਕਾ ਛੋਹਰ ਆ ਨਸੇ ਪੱਤੇ ਜੇ ਕਰਦਾ ਕੰਜਰਦਾ, ਤੀਜਾ ਜੱਗੂ ਬੰਬਰ ਦਾ ਭਤੀਜਾ ਹੱਡਾਂ ਪੈਰਾਂ ਦਾ ਖੁੱਲ੍ਹਾ ਖੈਰ, ਹਾਅ ਜੂਜੇ ਦਾ ਨੀਂ ਪਤਾ ਲੱਗਦਾ।
ਤੀਜਾ ਬੋਲਦਾ,” ਟੂਰਨਾ ਟਾਰਨਾਮੈਂਟ ਕਰਾਓਣ ਨੂੰ ਫਿਰਦੇ ਆ ਤਾਂ ਪਰਚੀਆਂ ਪੁਰਚੀਆਂ ਕੱਟਦੇ ਫਿਰਦੇ ਆ”
ਚੌਥਾ ਫੇਰ ਜਮਾਂ ਗੱਲ ਸਿਰੇ ਲਾਕੇ ਛੱਡਦਾ,” ਆ ਕਰਾਈ ਖੜ੍ਹੇ ਆ ਟੂਰਨਾਮੈਂਟ ਪੈਸੇ ਖਾਣੇ ਆ ਬੱਸ ਖਾ ਲੈਣਗੇ”

ਪਰਤਿਆਈਆਂ ਵਈਆਂ ਗੱਲਾਂ

ਪਰਤਿਆਈਆਂ ਵਈਆਂ ਗੱਲਾਂ
1. ਸਾਰਾ ਮੁਲਖ ਹੁਣ ਦੋ ਦੋ ਨੰਬਰ ਰੱਖਦਾ। ਮੇਰੇ ਤੇਰੇ ਅਰਗੇ ਕੋਲ ਇੱਕ ਨੰਬਰ ਸੇਵ ਹੁੰਦਾ ਫੇਰ ਦੂਜੇ ਤੋਂ ਫ਼ੋਨ ਕਰਨਗੇ। ਜੇ ਸੋਬਤ ਪੁੱਛੀਏ ਕੌਣ ਬੋਲਦਾਂ। ਅੱਗੋਂ ਆਹੀ ਜਵਾਬ ਮਿਲਦਾ,” ਹਾਂ ਬਾਈ ਤੂੰ ਕਿੱਥੇ ਪਛਾਣਦਾਂ ਹੁਣ , ਨੰਬਰ ਡਿਲੀਟ ਕਰਤਾ ਕਿ”
2. ਜਦੋਂ ਦੋ ਯਾਰ ਬੇਲੀ ਬੈਠੇ ਹੋਣਗੇ...ਸੀਰੀਅਸ ਗੱਲਾਂ ਕਰਦੇ ਨੇ, ਮੋਸਟਲੀ ਫਿਊਚਰ ਬਾਬਤ। ਤੇ ਜਦੋਂ ਦੋ ਤੋਂ ਵੱਧ ਫੇਰ ਕਿਸੇ ਇੱਕ ਤੇ ਸੂਈ ਧਰਕੇ ਹਾਸਾ ਠੱਠਾ ਚੱਲਦਾ
3. ਓਦੋਂ ਬਹੁਤ ਔਖਾ ਲੱਗਦਾ ਜਦੋਂ ਮਾਤਾ ਹੋਣੀਂ ਕਿਸੇ ਰਿਸ਼ਤੇਦਾਰ ਨਾਲ ਫੂਨ ਤੇ ਗੱਲ ਕਰਦੇ ਹੋਣ ਤੇ ਧੱਕੇ ਨਾਲ ਥੋਡੇ ਕੰਨ ਨੂੰ ਫੋਨ ਲਾਕੇ ਆਖੇ “ ਲੈ ਵੇ ਆਵਦੇ ਫਲਾਣੇ ਫੁੱਫੜ ਨਾਲ ਗੱਲ ਕਰ “ 
4. ਜਦੋਂ ਘਰੇ ਚਾਰ ਰਿਸ਼ਤੇਦਾਰ ਆਏ ਹੋਣ ਤੇ ਜਿਹੜਾ ਬੰਦਾ ਚਾਹ ਪੀਕੇ ਪਹਿਲਾਂ ਬਾਹਰ ਜਾਵੜੇ ਬਸ਼ੱਕ ਪਿੱਛੇ ਜਾਕੇ ਦੇਖਲੋ ਜਰਦਾ ਲਾੳਂਦਾ ਹੋਊਗਾ
5. ਜਦੋਂ ਪਹਿਲੀ ਆਰੀ ਰਿਪੋਰਟ ‘ਚ ਸ਼ੂਗਰ ਆਓਂਦੀ ਆ ਬੀਬੀ ਹੋਣੀਂ ਬੜਾ ਪਰਹੇਜ਼ ਰੱਖਦੀਆਂ। ਫਿੱਕੀ ਚਾਹ ਰਪੀਟ ਚੱਲਦੀ ਆ ਤੇ ਜਦੋਂ ਸ਼ੂਗਰ ਦੋ ਤਿੰਨ ਸਾਲ ਪੁਰਾਣਾ ਹੋਜੇ ਫੇਰ ਨਾਲੇ ਤਾਂ ਗੁਲਾਬ-ਜਾਮਨਾਂ ਨੂੰ ਧਨੇਸੜੀ ਦਈ ਜਾਣਗੀਆਂ ਨਾਲੇ ਕਹਿਣਗੀਆਂ,” ਕੋਈ ਨਾ ਵੇ ਖਾਂਦੇ ਪੀਂਦੇ ਮਰੀ ਜਾਈਏ ਮਰਜੀਏ, ਖਾਣਾ ਮਰਨਾ ਵੀ ਆ ਕੁਛ
6. ਜਿਵੇਂ ਆਪਣੇ ਲੋਕ ਦਾਰੂ ਨੂੰ ਨਸ਼ਾ ਨਹੀਂ ਮੰਨਦੇ ਓਵੇਂ ਜੱਟ ਬੂਟ ਵੀ ਲਿਮਟਾਂ ਨੂੰ ਕਰਜ਼ਾ ਨਹੀਂ ਮੰਨਦੇ। । ਘੁਕਾਕੇ ਗੜੱਪ ਦਿਨੇ ਚੱਕ ਲੈਂਦੇ ਜਿਵੇਂ ਜਮਾਂ ਕਰਾਏ ਹੁੰਦੇ ਆ

ਬਰਗਾੜੀ ੭ ਅਕਤੂਬਰ

ਘੁੱਦਾ ਸਿੰਘ
ਵਿਆਹਾਂ ‘ਚ ਸਟੇਜਾਂ ਸਾਹਮਣੇ ਟਿਕੇ ਗੋਲ ਮੇਜ਼ਾਂ ਦੁਆਲੇ, ਮਰਗਾਂ ਦੇ ਸੱਥਰਾਂ ਤੇ, ਸੱਥਾਂ ਤੇ ,ਭੋਗਾਂ ਤੇ ,ਫ਼ਰਦ ਕੇਂਦਰਾਂ ਦੀਆਂ ਐਲੂਮੀਨੀਅਮ ਕੁਰਸੀਆਂ ਤੇ , ਮਤਲਬ ਹਰ ਜਗ੍ਹਾ ਸਿਆਸਤ ਦੀ ਗੱਲ ਛਿੜਦੀ ਆ ਤੇ ਉੱਠਣ ਲੱਗਾ ਇੱਕ ਅੱਧਾ ਬੰਦਾ ਇਹੀ ਸਿੱਟਾ ਕੱਢਦਾ,” ਇਹ ਮੇਰੇ ਸਾਲੇ ਅੰਦਰੋਂ ਤਾਂ ਇੱਕ ਈ ਆ ਬੱਸ ਆਪਾਂ ਨੂੰ ਡਹਾ ਡਹਾ ਮਾਰੀ ਜਾਂਦੇ ਆ”। ਨਾਲੇ ਚੰਗਾ ਭਲਾ ਆਪਾਂ ਨੂੰ ਪਤਾ ਬੀ ਕੈਪਟਨ ਬਾਦਲ ਇੱਕ ਨੇ ਫੇਰ ਵੀ ਸਾਡਾ ਮੁਲਖ ਕੋਡਾ ਹੋਇਆ ਫਿਰਦਾ ਏਹਨ੍ਹਾਂ ਮੂਹਰੇ। ਜਦੋਂ ਵੋਟਾਂ ਕਰਕੇ ਪਾਟੇ ਦੋ ਘਰਾਂ ‘ਚ ਹਲ ਸਹਾਗੇ ਦੀ ਸਾਂਝ ਦੁਬਾਰੇ ਪੈਣ ਲੱਗਦੀ ਆ ਓਦੋਂ ਨੂੰ ਫਿਰ ਵੋਟਾਂ ਆ ਖੜ੍ਹਦੀਆਂ। 
ਕੱਲ੍ਹ ਨੂੰ ਦੋ ਥਾਂਈਂ ਰੈਲੀਆਂ। ਚਿੱਟੇ ਬਗਲੇ ਥੋਨੂੰ ਖਿੱਚਣਗੇ। ਦੋ ਨੰਬਰ ‘ਚ ਬਣਾਏ ਆਟੇ ਦਾਲ ਦੇ ਕਾਰਡਾਂ ਤੇ ਮੁਫ਼ਤ ਮਿਲੇ ਚੁੱਲ੍ਹੇ ਸਿਲੰਡਰਾਂ ਦੀ ਕਾਣੋ ਨਾ ਝੱਲਿਓ। ਓਹੀ ਬੱਸਾਂ ਹੋਣਗੀਆਂ । ਬੱਸਾਂ ਦੀਆਂ ਸੀਟਾਂ ਥੱਲੇ ਪਏ ਸੋਫੀਆ ਸੰਤਰਾ ਦੇ ਓਹੀ ਡੱਬੇ ਹੋਣਗੇ ਜਿਨ੍ਹਾਂ ਨੂੰ ਥੋਡੇ ਪਿਓ ਦਾਦੇ ਪੀਂਦੇ ਰਹੇ ਤੇ ਗੰਦ ਲੀਡਰਾਂ ਨੂੰ ਕਾਮਯਾਬ ਕਰਕੇ ਪੰਜਾਬ ਉਜਾੜੇ ਦਾ ਕਾਰਨ ਬਣੇ। ਸਟੇਜਾਂ ਤੇ ਮੂੰਹ ਪਿੱਛੇ ਨੂੰ ਕਰ ਖਿੱਚੀਆਂ ਫੋਟਮਾਂ ਨਾਲ ਸੜਿਆ ਬਿਆਨ ਅੱਠ ਤਰੀਕ ਦੇ ਅਖ਼ਬਾਰਾਂ ਤੇ ਛਪੂ,” ਬਾਦਲਾਂ ਨੇ ਕੈਪਟਨ ਨੂੰ ਲਾਏ ਰਗੜੇ ਜਾਂ ਆੜੇ ਹੱਥੀਂ ਲਿਆ”। 
ਇੱਕ ਹੋਰ ਇਕੱਠ ਹੋਣਾਂ ਕੱਲ੍ਹ ਨੂੰ। ਓਹਦੇ ਬਾਰੇ ਕਹਿਣ ਦੀ ਲੋੜ ਨਹੀਂ। ਓਥੇ ਜਾਣਾ ਆਪਣਾ ਫਰਜ਼ ਆ। ਖੁਆਰ ਹੋਏ ਸਭ ਮਿਲੇਂਗੇ......ਘੁੱਦਾ

ਬਰਗਾੜੀ ਮੋਰਚਾ

ਲੀਡਰਾਂ ਨੂੰ ‘ਸਟਾਰਡਮ’ ਆਲਾ ਫੀਲ ਅਸੀਂ ਦੇਣੇਂ ਆਂ। ਨਜ਼ੈਜ਼ ਸਸਰੀਕਾਲਾਂ, ਸੈਲਫੀਆਂ ਲੈ, ਪਾਲਸ਼ਾ ਮਾਰਨੋੰ ਨਹੀਂ ਟਲਦੇ। ਕੱਲ੍ਹ ਜਦੋਂ ਕੋਟਕਪੂਰੇ ਮੰਡੀ ‘ਚ ਕੈਂਟਰ ਤੇ ਖਹਿਰਾ ਤੇ ਬੈਂਸ ਚੜ੍ਹੇ ਲੋਕਾਂ ਤੋਂ ਮੱਲੋ ਮੱਲੀ ਚੀਕਾਂ ਕੂਕਾਂ ਵੱਜੀਆਂ। ਬੇਸ਼ੱਕ ਖਹਿਰਾ ਵਾਰ ਵਾਰ ਕਹਿੰਦਾ ਰਿਹਾ ਕਿ ਇਹ ‘ਕੱਠ ਸਿਆਸੀ ਨਹੀਂ ਪਰ ਫੇਰ ਵੀ ਕਹਿੰਦਾ ਰਿਹਾ,”ਹੁਣ ਸਾਡੇ ਫਲਾਣੇ ਐੱਮ ਐੱਲ ਏ ਸਾਬ੍ਹ ਸੰਬੋਧਨ ਕਰਨਗੇ ਹੁਣ ਫਲਾਣੇ ਕਰਨਗੇ”। ਇਓਂ ਲੱਗੇ ਜਿਵੇਂ ਆਮ ਆਦਮੀ ਦੀ ਰੈਲੀ ਤੇ ਆਏ ਹੋਈਏ। ਸਿਆਸਤ ਬਾਰੇ ਬਹੁਤੀ ਮੱਤ ਨਹੀਂ ਪਰ ਐਨਾ ਕ ਪਤਾ ਕਿ ਖਾਲਸੇ ਦੀ ਸਟੇਜ ਤੇ ਸਾਬਤ ਸੂਰਤ ਸਿੰਘ ਹੀ ਸੋਹਣੇ ਲੱਗਣਗੇ।

ਵਿਚਾਰਾਂ ਦੇ ਲੱਖ ਵਖਰੇਵੇਂ ਹੋਣ, ਲੱਖ ਗੁੱਸੇ ਗਿਲੇ ਹੋਣ ਪਰ ਓਹਨ੍ਹਾਂ ਸਾਰੇ ਬਾਬਿਆਂ ਦਾ ਬਰਗਾੜੀ ਮੋਰਚੇ ਤੇ ਆਓਣਾ  ਬਣਦਾ  ਸੀ ਜਿਹੜੇ ਦੀਵਾਨਾਂ ਨੂੰ ਅਖਾੜਿਆਂ ਅੰਗੂ ਵੇਚਦੇ ਫਿਰਦੇ ਨੇ। ਸਿੱਖ ਸੰਗਤ ਦੇ ਪੈਸੇ ਤੇ ਜ਼ਹਾਜ਼ਾਂ ਦੀਆਂ ਸੀਟਾਂ ਤੇ ਬੌਕੇ ਮਾਰਦੇ ਵਿਦੇਸ਼ਾਂ ਨੂੰ ਉੱਡ ਜਾਂਦੇ ਆ। ਰਹੋ ਵਿਚਾਰ।

ਨਾਲੇ ਨਿੱਕੀ ਜੀ ਸਲਾਹ ਸੁੱਖੇ ਤੱਕ ਦਿਓ ਵੀ ਮਿੱਠਿਆ ਹੁਣ ਦੋਂਹ ਚੌਂਹ ਸਾਲਾਂ ਤੱਕ ਭਾਸ਼ਣ ਹਿੰਦੀ ‘ਚ ਦੇਣਾ ਸਿੱਖਲਾ ਕਿਓੰਕਿ ਏਹਦੇ ਮੂਹਰੇ ਬਹੁਤੇ ਬਿਹਾਰੀਏ ਈ ਹੁੰਦੇ ਆ।

ਸੱਚੇ ਪਾਤਸ਼ਾਹ ਦੇ ਪਿਆਰ ਦੇ ਬੱਝੇ ਲੋਕ ਆਪ ਮੁਹਾਰੇ ਹੜ੍ਹ ਵੰਗੂ ਬਰਗਾੜੀ ਪੁੱਜੇ।ਜਿੰਨਾ ਕ ਕੱਠ ਪਟਿਆਲੇ ਸੀਗਾ ਐਨੇ ਕ ਤਾਂ ਏਥੇ ਬੱਸਾਂ, ਟਰੱਕਾਂ ,ਕਾਰਾਂ ਦੇ ਡਰੈਵਰ ਈ ਹੋਣਗੇ।ਪੰਜਾਬ ਗੁਰਾਂ ਦੇ ਨਾਂ ਤੇ ਈ ਵੱਸਿਆ ਤੇ ਵੱਸਦਾ ਰਹਿਣਾਂ। ਚੜ੍ਹਦੀ ਕਲਾ।

Friday, 14 July 2017

ਪੋਇਟਰੀ

ਤੈਨੂੰ ਪਤਾ ਹੁਣ ਸਾਡੇਆਲਾ ਨਿੱਕਾ ਗਰਨੈਬ ਫੇਸਬੁੱਕ ਤੇ ਕਵੀ ਬਣਿਆ ਵਾ, ਗਰਦ ਠਾਈ ਆਉੰਦਾ ਪੋਸਟਾੰ ਪਾਸਟਾੰ ਦੀ। ਏਹਨੂੰ ਛੋਟੇ ਹੁੰਦਿਓੰ ਈ ਸ਼ੌਕ ਆ ਕਵੀਪੁਣੇ ਦਾ।
ਮੈਨੂੰ ਮੇਦ ਆ ਸੱਤਮੀੰ ਖੌਣੀ ਅੱਠਵੀੰ 'ਚ ਸੀਗਾ ਏਹੇ ਤੇ ਏਹਦੇ ਸਕੂਲ 'ਚ ਕਵੀ ਦਰਬਾਰ ਹੋ ਗਿਆ ਕਿਤੇ। ਲੁੱਦੇਆਣੇ ਜਲੰਧਰ ਕੰਨੀਓ ਕਵੀ ਆਏ ਵਏ। ਫੁੱਲ ਜ਼ਬਦਰ ਕੰਮ। ਗਜ਼ਲਾੰ, ਕਵਤਾ, ਸ਼ੇਅਰ ਸ਼ੱਪੇ। ਸਾਡੇਆਲੇ ਅਰਗੇ ਮਗਰ ਬੈਠੇ। ਸਮਝ ਤਾੰ ਏਹਨੂੰ ਕਿਹੜੀ ਆਉਣੀ ਸੀ, ਜਦੋੰ ਮੂਹਰਲੇ ਤਾੜੀ ਮਾਰਿਆ , ਮਗਰੇ ਏਹ ਲੇਹ ਕੱਢਦਿਆ ਕਰਨ। 
ਸਾਡੇਆਲੇ ਦੇ ਜਚਗੀ ਗੱਲ ਬੀ ਆਹ ਸੌਦਾ ਲੋਟ ਆ ਜਰ।
ਹਾੰ ਕੀ ਘਰੇ ਜਾਕੇ ਸਾਡੇਆਲਾ ਤਾੰ ਚੁਬਾਰੇ ਤੇ ਕਿਓੰ ਨਾ ਚੜ੍ਹਗਿਆ। ਬਾਰ ਬੂਰ ਡਾਕੇ ਪੈੱਨ ਕਾਪੀ ਚੱਕਲੀ। ਮਾਤਾ ਹੋਰੀੰ ਬਿੜਕਾੰ ਲੈਣ ਵੇ ਛੋਹਰ ਕੀ ਕਰਦਾ? ਏਹ ਆਖੇ ਪੋਇਟਰੀ ਕਰਦਾੰ ਪੋਇਟਰੀ। ਟੱਬਰ ਨੇ ਪੈੱਨ ਕਾਪੀ ਦੇਖਕੇ ਅਣਦਈਆ ਜਾ ਲਾਲਿਆ ਬੀ ਪੜ੍ਹਾਈ ਨੂੰ ਪੋਇਟਰੀ ਕਹਿੰਦਾ ਕਿਤੇ। ਨਿੱਤ ਸਕੂਲੋੰ ਮੁੜਕੇ ਸਾਡੇਆਲਾ ਠੂਅ ਚਬਾਰੇ 'ਚ ਵੱਜਿਆ ਕਰੇ। ਖੌਣੀ ਕਿੱਥੋੰ ,ਕਿੱਥੋੰ ਨਾ ਸਣੇ ਰਬਿੰਦਰ ਨਾਥ ਕਈ ਹੋਰ ਤਕੜੇ ਲੇਖਕਾੰ ਦੀਆੰ ਫੋਟਮਾੰ  ਲਿਆਕੇ ਕੰਧਾੰ ਤੇ ਚੇਪਤੀਆੰ। ਮਾਤਾ ਅਰਗੀਆੰ ਤੜਕੇ ਆਥਣੇ ਫੋਟਮਾੰ ਨੂੰ ਧੁਫ ਕਰਜਿਆ ਕਰਨ ਬੀ ਖੌਣੀ ਏਹ ਵੀ ਬਾਬੇ ਆ। ਏਹਨੂੰ ਬੰਦੇ ਮਾਤਰਮ ਤਾੰ ਆਖਣਾ ਨਾ ਆਇਆ ਕਰੇ, ਏਹ ਕਿਹਾ ਕਰੇ ਬੰਦੇ ਮਾਰਤੇ, ਬੰਦੇ ਮਾਰਤੇ। ਤਾਇਆ ਕਹਿੰਦਾ ਭੈਣ ਮਰਾਵੇ ਤੇਰੀ ਪੋਇਟਰੀ ਤੂੰ ਊੰ ਨਾ ਪਰਚਾ ਕਰਾਦੀੰ ਕਿਤੇ। ਸਾਡੇਆਲਾ ਪੌਣ ਆਲਿਆ ਅੰਗੂ ਵਾਲ ਖੋਲ੍ਹਕੇ ਪੈੱਨ ਕਾਪੀ ਚੱਕ ਲਿਆ ਕਰੇ। ਮਾਤਾ ਅਰਗੀਆੰ ਡਰਨ ਅਖੇ ਏਹਦੇ 'ਚ ਖੇਤਪਾਲ ਦਾ ਪਹਿਰਾ ਲੱਗਦਾ। ਤਾਇਆ ਆਖਿਆ ਕਰੇ ਆਜਾ ਨਿੱਕਿਆ ਕੱਖ ਮਾਰਨ ਚੱਲੀਏ। ਏਹ ਮੂਹਰੋੰ ਆਖਿਆ ਕਰੇ ਪੋਇਟਰੀ ਕਰਦਾੰ ਪੋਇਟਰੀ। ਨੰਗਲ ਆਲੇ ਗੱਗ ਅੰਗੂ ਸਾਡੇਆਲੇ ਨੇ ਵਰੋਲਾ ਬਣਾਤਾ ਲਿਖਣ ਲੁਖਣ ਆਲਾ।
ਹਾੰਅਅ ਕੀ ਤੇਰੇ ਆਲੀ ਗੱਲ ਓਧਰੋ ਕੱਤੀ ਮਾਰਚ ਆਗੀ, ਸਕੂਲੋੰ ਰਿਜ਼ਲਟ ਆਓਣਾ ਸੀ ਏਹਦਾ। ਸਕੂਟਰ ਤੇ ਬਹਾਕੇ ਤਾਇਆ ਸਕੂਲ ਲੈ ਗਿਆ ਏਹਨੂੰ। ਤਾਇਆ ਢਿੱਡੋੰ ਖੁਸ਼ ਬੀ ਐੰਰਕੀ ਨਿੱਕਾ ਪੜ੍ਹਿਆ ਬਹੁਤ ਆ। ਪਹਿਲ ਲੰਬਰ ਤੇ ਨਾ ਸਹੀ ਦੁੱਗ ਤਾੰ ਆਊ ਆਊ। ਨਾਲਦੇ ਪਿੰਡ ਦੇ ਮਾਸਟਰ ਨੇ ਮੈਸ੍ਹਾੰ ਦੇ ਵਪਾਰੀ ਅੰਨੂ ਸੈਨਤ ਮਾਰਕੇ ਤਾਏ ਨੂੰ ਸੈੜ ਤੇ ਸੱਦਲਿਆ। ਕਹਿੰਦਾ ਦਰਸ਼ਨਾ ਥੋਡਾ ਮੁੰਡਾ ਰਹਿ ਗਿਆ ਐੰਰਕੀ, ਫੇਲ੍ਹ ਆ ਸ਼ਿਸ਼ਟਮ। 
ਸਾਡੇਆਲਾ ਕੱਛਾੰ 'ਚ ਹੱਥ ਦਈ ਖੜ੍ਹਾ ਜਿਮੇੰ ਸਮਾਨ ਨਾਲ ਆਇਆ ਹੁੰਦਾ। ਤਾਏ ਨੇ ਬਿਰਿਆਕੇ ਜੇ ਏਹਨੂੰ ਸਕੂਟਰ ਮੂਹਰੇ ਖੜ੍ਹਾ ਲਿਆ । ਘਰੇ ਜਾਕੇ ਆਵਦੇ ਜਣੀੰ ਸਾਡੇਆਲਾ ਭੱਜਦਾ ਸੀ । ਤਾਏ ਨੇ ਬਾਜੀ ਜੰਡ ਅੰਗੂ ਮੁਰਚਾ ਫੜ੍ਹ ਲਿਆ। ਚੁਬਾਰੇ 'ਚ ਜਾਕੇ ਤਾਏ ਨੇ ਸਾਡੇਆਲਾ ਸਿੱਟ ਲਿਆ। ਐੰ ਖੜਕਾਟ ਪਵੇ ਜਿਮੇੰ ਟੀਨ ਤੇ ਗੜ੍ਹੇ ਪੈੰਦੇ ਆ। ਥੱਲਿਓੰ ਤਾਈ ਅਰਗੀਆੰ ਚਬਾਰੇ ਕੰਨੀੰ ਮੂੰਹ ਕਰਨ ਪੁੱਛੀ ਜਾਣ ਅਖੇ ਆਹ ਖੜਕਾਟ ਕਾਹਦਾ ਪੈੰਦਾ। ਤਾਇਆ ਕਹਿੰਦਾ ਕੁਸ ਨੀੰ ਪੋਇਟਰੀ ਕਰਦੇ ਆੰ ਪੋਇਟਰੀ.....ਘੁੱਦਾ

Monday, 2 January 2017

ਸੰਦੂਕ ਪੇਟੀਆੰ

'ਲਵ ਪੰਜਾਬ' ਫਿਲਮ ਦਾ ਡਾਇਲੌਗ ਆ ,"ਬੰਦਿਆੰ ਦੀਆੰ ਜ਼ਮੀਨਾੰ ਜਾਇਦਾਦਾੰ ਹੁੰਦੀਆੰ ਤੇ ਬੁੜ੍ਹੀਆੰ ਦੇ ਜੈਦਾਤ ਸੰਦੂਕ ਟਰੰਕ ਹੁੰਦੇ ਨੇ।
ਗੱਲ ਸੌ ਪਰਸੈੰਟ ਸਹੀ ਆ। ਸ਼ੁਰੂ ਤੋੰ ਦੇੰਹਣੇ ਆੰ ਬੀਬੀ ਅਰਗੀਆੰ ਪੇਟੀਆੰ ਸੰਦੂਖਾੰ ਦਾ ਬੜਾ ਮੋਹ ਕਰਦੀਆੰ ਨੇ। ਦਾਦੀ ਦੇ ਦਾਜ 'ਚ ਭਿੱਖੀਵਿੰਡ ਆਲਿਆੰ ਨੇ ਸੰਦੂਖ ਦਿੱਤਾ ਸੀ। ਪਿੱਤਲ ਦੇ ਕੋਕ ਲੱਗੇ ਬਏ ।ਜਿੰਦਾ ਕੁੰਡਾ ਲਾਕੇ, ਰੰਗ ਰੁੰਗ ਮਾਰਕੇ ਚਿਲਕਾ ਕੇ ਰੱਖਣਾ। ਬੀਬੀ ਹੋਣੀ ਪੇਟੀ ਖੋਲ੍ਹਕੇ ਢੱਕਣ ਖੁੱਲ੍ਹਾ ਰੱਖਣ ਖਾਤਰ ਡਾੰਗ ਦੀ ਡੇਸ ਜੀ ਲਾ ਦੇਦੀਆੰ। ਰਜਾਈਆੰ, ਗਦੈਲਿਆੰ, ਦਰੀਆੰ, ਖੇਸਾੰ ਦਾ ਬੜਾ ਸ਼ੌਕ ਹੁੰਦਾ। ਨਾਲੇ ਵਿੱਚ ਚਾਰ ਪੰਜ ਪਿੱਤਲ ਦੇ ਥਾਲ, ਛੰਨੇ, ਪਿੱਤਲ ਦੀ ਪਰਾੰਤ,ਕੌਲੀਆੰ ਪਈਆੰ ਹੁੰਦੀਆੰ। ਜਦੋੰ ਪੇਟੀ ਖੁੱਲ੍ਹੇ ਬੇਬੇ ਦਾ ਆਹੀ ਲੈਕਚਰ ਹੁੰਦਾ,"ਆਹ ਪਰਾੰਤ ਮੇਰੇ ਫਲਾਣੇ ਮਾਮੇ ਨੇ ਦਿੱਤੀ ਸੀ, ਆਹ ਭਾੰਡੇ ਫਲਾਣਿਆੰ ਨੇ ਢੋਏ ਸੀ ਮੇਰੇ ਦਾਜ 'ਚ। 
ਜਦੋੰ ਚਿੱਤ ਕਰੇ ਓਦੇੰ ਬੇਬੇ ਆਖੂ," ਅੱਜ ਧੁੱਪ ਕਰੜੀ ਆ , ਲੀੜੇਆੰ ਨੂੰ ਧੁੱਪ ਨਾ ਲਵਾਦੀਏ?"
ਫੇਰ ਵਿਹੜੇ 'ਚ ਮੰਜੇ ਡਾਹਕੇ ਬੇਬੇ  ਬਿਸਤਰੇ ਖੋਲ੍ਹੂ ," ਆ ਦਰੀਆੰ ਅਸੀੰ ਆਪ ਉਣੀਆੰ ਸੀ, ਫਲਾਣਾ ਨਮੂਨਾ ਫਲਾਣੀ ਨੇ ਪਾਇਆ" । ਬਥੇਰੀਆੰ ਪੱਖੀਆੰ ਨੂੰ ਝਾਲਰਾੰ ਲਾਈਆੰ, ਕਰੋਸ਼ੀਏ ਕਰੇ, ਹੁਣ ਤਾੰ ਨਪੁੱਤੇ ਦੀ ਨਿਗਾਹ ਨੀੰ ਕੰਮ ਕਰਦੀ, ਓਦੋੰ ਬਥੇਰਾ ਬੁਣ ਲੈੰਦੀਆੰ ਸਾੰ"।
ਜੇ ਬੇਬੇ ਦੀ ਗੈਰਮੌਜੂਦਗੀ 'ਚ ਪੇਟੀ ਖੋਲ੍ਹਕੇ ਕੋਈ ਲੀੜਾ ਕੱਢ ਲਈਏ ਤਾੰ ਬੇਬੇ ਨੂੰ ਸੰਸਾ ਹੁੰਦਾ," ਵੇ ਚੱਜ ਨਾਲ ਢੱਕਣ ਬੰਦ ਕਰਤਾ ਸੀ, ਕਿਤੇ ਚੂਹਾ ਚਾਹਾ ਨਾ ਵੜਜੇ, ਮਰਕੇ ਬਣਦੇ ਆ ਲੀੜੇ। 
ਨਿੱਕੇ ਹੁੰਦੇ ਜੇ ਕਿਸੇ ਰਜਾਈ ਗਦੈਲੇ ਤੇ ਦੁੱਧ ਬਾਧ ਡੁੱਲ੍ਹ ਜਾੰਦਾ ਤਾੰ ਬੇਬੇ ਦੀ ਪੱਕੀ ਗਾਲ੍ਹ ਹੁੰਦੀ," ਜਦੋੰ ਆਗੀਆੰ ਓਦੋੰ ਆਵਦੀਆੰ ਰੰਨਾੰ ਦੀਆੰ ਪੇਟੀਆੰ 'ਚੋੰ ਕੱਢਿਓ ਲੀੜੇ, ਫੇਰ ਵੇਖੂੰ"
ਦੋ ਦਿਨ ਕਿਤੇ ਬਾਹਰ ਜਾਣਾ ਹੋਵੇ ਬੀਬੀ ਆਖੂ ਪੇਟੀਆੰ ਆਲੇ ਅੰਦਰ ਨੂੰ ਤਾਲਾ ਜ਼ਰੂਰ ਲਾਦਿਓ। ਐਹੇ ਜੇ ਪਿਆਰ ਆ ਏਹਨਾੰ ਦੇ।
ਪਹਿਲੋ ਪਹਿਲ ਜਦੋੰ ਦਾਦੀ ਤੇ ਨਾਨੀ ਕੁੜਮਣੀਆੰ ਕੁੜਮਣੀਆੰ ਕੱਠੀਆੰ ਹੁੰਦੀਆੰ ਦੇ ਤੇਰੇ ਦੀ ਲੈ ਤੇਰੇ ਦੀ, ਚਰਖੇ ਦੀ ਬੜੀ ਰੇਲ ਬਣਾਓੰਦੀਆੰ। ਸਾਰਜੀਨ ਵਿੱਚਦੀ ਕਪਾਹ ਟਪਾਕੇ ਕੱਤਣ ਦੇ ਬੱਤ ਹੋ ਜਾੰਦੀ। ਨਾਏ ਬੁੜ੍ਹੀਆੰ ਗਲੀਆੰ 'ਚ ਕਾਨੇ ਗੱਡਕੇ ਸੂਤ ਜਾ ਲੈਕੇ ਤੁਰੀਆੰ ਫਿਰਦੀਆੰ। ਹਾੜ੍ਹ ਜੇਠ ਦੀਆੰ ਦੁਪਹਿਰਾੰ 'ਚ ਤਾੜ ਤਾੜ ਖੱਡੀ ਬੁਣਦੀਆੰ। ਫੇਰ  ਦਰਵਾਜ਼ੇ 'ਚ ਬਹਿਕੇ ਗੋਡੇ ਤੇ ਖੇਸ ਧਰਕੇ ਬੰਬਲ ਵੱਟੀ ਜਾੰਦੀਆੰ। ਫਰਨ ਫਰਨ ਹਵਾ ਲੱਗਦੀ ਦਰਵਾਜ਼ਿਆੰ 'ਚ। ਗੱਲ ਲੰਮੀ ਬੱਗਗੀ.....ਐਨੀਵੇਅ ਜ਼ਿੰਦਾਬਾਦ ਬੀਬੀਆੰ......ਘੁੱਦਾ

ਬਾਪੂ

ਸਮਾੰ ਆਵਦੀ ਤੋਰ ਤੁਰਦਾ ਰਹਿੰਦਾ। ਬਾਪੂ ਹੋਣਾੰ ਨੇ ਆਥਣੇ ਕੰਮਾੰ ਕਾਰਾੰ ਤੋੰ ਵਿਹਲੇ ਹੋਕੇ ਲੀੜੇ ਬਦਲਣੇ।ਤੇੜ ਕਛਿਹਰਾ, ਗਾਤਰਾ ਤੇ ਕੇਸਾੰ 'ਚ ਕੰਘਾ ਹੋਣਾ। ਮੈਨੂੰ ਕਿਹਾ ਕਰਨਾ ਆ ਪੁੱਤ ਓਏ ਢੂਈ ਤੇ ਖੁਰਕ ਕਰ। ਖੱਦਰ ਦੇ ਗਲਾਸ ਦੇ ਕੰਢਿਆੰ ਨਾਲ ਮੈੰ ਖੁਰਕ ਕਰਨ ਲੱਗ ਜਾਣਾ।ਬਾਪੂ ਹੋਣਾੰ ਨੇ ਬਟੂਆ ਕੱਢਕੇ ਫਰੋਲਾ ਫਰਾਲੀ ਕਰਨੀ। ਥੱਬਾ ਪਰਚੀਆੰ ਵਿੱਚੇ ਪੈਸੇ। ਮੈਨੂੰ ਲੱਗਦਾ ਬੀ ਬਟੂਏ 'ਚ ਸਿਰਫ ਪੈਸੇ ਹੋਣੇ ਚਾਹੀਦੇ ਆ, ਪਰਚੀਆੰ ਦਾ ਕੀ ਕੰਮ।
ਹੁਣ ਆਪ ਕਬੀਲਦਾਰ ਹੋਗੇ। ਬਟੂਏ 'ਚ ਪੈਸੇ ਹੋਣ ਨਾ ਹੋਣ ਪਰ ਪਰਚੀਆੰ ਬਾਹਲੀਆੰ ਹੁੰਦੀਆੰ। 
ਬਾਪੂ ਹੋਣਾੰ ਨੂੰ ਗੁਜ਼ਰਿਆੰ ਕੱਲ੍ਹ ਪੂਰੇ ਛੇ ਸਾਲ ਹੋਗੇ। ਓਹ ਘਾਟਾੰ ਕਦੇ ਪੂਰੀਆੰ ਨੀੰ ਹੁੰਦੀਆੰ। ਢੀਠ ਹੋਕੇ ਜਿਓਣ ਆਲਾ ਕੰਮ ਜਾ ਹੁੰਦਾ। ਜਦੋੰ ਮੌਸਮ ਜਾ ਬਦਲਦਾ ਹੁੰਦਾ ਗਰਮੀ ਠੰਢ ਹੋਣ ਲੱਗਦੀ ਆ ਤਾੰ ਬੀਬੀ ਕਹਿੰਦੀ ਹੁੰਦੀ ਆ,"ਰੁੱਤੜੀਆੰ ਮੁੜ ਆਗੀਆੰ ਮੋਏ ਨਾ ਆਏ ਜੱਗ"। ਪੁਰਾਣੇ ਭਾੰਡਿਆੰ ਤੋੰ ਲਾਕੇ ਪੀਹਣ ਦੇ ਗੱਟਿਆੰ ਤੀਕ ਓਹਨਾੰ ਦਾ ਨੌੰ ਲਿਖਿਆ ਜਾੰਦਾ। ਚਲ ਕਾਹਨੂੰ ਲੰਮੀ ਗੱਲ ਕਰਨੀ ਆ। ਕਿਸੇ ਦੀ ਹਮਦਰਦੀ ਲੈਣ ਖਾਤਰ ਆਹ ਸਟੇਟਸ ਨਹੀੰ ਲਿਖਿਆ ਗਿਆ, ਚਿੱਤ ਦੀ ਭੜਾਸ ਸੀ ਬੱਸ ਐਥੇ ਕੱਢਲੀ.....ਘੁੱਦਾ