Sunday, 19 July 2015

ਜਿਓਣਾ ਝੂਠ

ਸ਼ੁਰੂ ਤੋਂ ਵੱਡਿਆੰ ਮੂੰਹੋੰ ਸੁਣਦੇ ਆਓਣੇਂ ਆ ਅਖੇ ,'ਮਰਨਾ ਸੱਚ ਤੇ ਜਿਓਣਾ ਝੂਠ'। ਕੋਈ ਪਤਾ ਨਹੀੰ ਲੱਗਦਾ ਕਦੋੰ ਤੁਰਿਆ ਫਿਰਦਾ ਚੰਗਾ ਭਲਾ ਬੰਦਾ ਖ਼ਿਰਲ ਹੋ ਜਾਂਦਾ। ਜਦੋਂ ਕਿਸੇ ਮੁਰਦੇ ਨੂੰ ਸਿੜ੍ਹੀ ਤੋਂ ਲਾਹਕੇ ਲੱਕੜਾੰ ਤੇ ਪਾਉਦੇੰ ਵੇਖੀਦਾ ਤਾਂ ਕਰਨੈਲ ਸਿੰਘ ਪਾਰਸ ਹੋਣਾੰ ਦੀ ਲਿਖੀ ਗੱਲ ਚੇਤੇ ਆਉਦੀਂ ਆ ,"ਵਿੱਚ ਗਦੈਲੇ ਦੇ ਰਹੀ ਚੁਭਦੀ ਰੜਕ ਵੜੇਵੇਂ ਦੀ, ਸੇਜਾੰ ਤੈਨੂੰ ਗੋਹੇ ਲੱਕੜਾੰ ਦੀ ਵਿਛਾਉਣੀ।"
ਜਦੋਂ ਚਾਰ ਕੁ ਕਾਨਿਆੰ ਨੂੰ ਅੱਗ ਲਾਕੇ ਪੁੱਤ ਜਾਂ ਭਰਾ ਦੇ ਹੱਥ ਫੜ੍ਹਾਕੇ ਆਖਿਆ ਜਾਦਾਂ,"ਸ਼ੇਰਾ ਹੌਂਸਲੇ ਨਾਲ ਚਿਖਾ ਉੱਤੋਂ ਦੀ ਗੇੜਾ ਦੇਦੇ ਤਕੜਾ ਹੋਕੇ"ਤਾੰ ਓਦੋਂ ਓਹਦਾ ਦਿਲ ਪੁੱਛਿਆੰ ਈ ਜਾਣੀਂਦਾ। ਰੋਦੇਂ ਜੀਅ ਨੂੰ ਕੋਈ ਵੱਡਾ ਬੰਦਾ ਕਲਾਵੇ 'ਚ ਲੈਕੇ ਧੀਰ ਬੰਨ੍ਹਾਓਂਦਾ," ਓਹਤਾ ਵੈਰੀ ਜਰਮਿਆ ਸੀ ਪੁੱਤ ਆਪਣਾ, ਥੋੜ੍ਹੀ ਲਿਖਾਕੇ ਆਇਆ ਸੀ"।
ਕੋਲ ਪੈਰਾੰ ਭਾਰ ਬੈਠਾ, ਦੰਦਾੰ 'ਚ ਡੱਕਾ ਮਾਰਦਾ ਕੋਈ ਬੰਦਾ ਗੱਲ ਨੂੰ ਅੱਗੇ ਤੋਰਦਾ,"ਹੈੰ ਜਾਗਰਾ ਆਂਹਦੇ ਆ ਬੀ ਲੇਖ ਵਿਓਮਾਤਾ ਲਿਖਦੀ ਆ, ਫਲਾਣੇ ਦੇ ਫੁੱਲ ਚੁਗਦੇ ਸੀ ਤੇ ਖੋਪੜੀ ਤੇ ਓਮੇਂ ਜਿਮੇੰ ਅੱਖਰ ਲਿਖੇ ਬਏ ਸੀ। ਆਪਾਂ ਨੂੰ ਤਾਂ ਖੈਰ ਪੜ੍ਹਨੇ ਨੀਂ ਆਉਂਦੇ।"
ਕਿਤੇ ਵੀਹ ਸਾਲ ਪਹਿਲਾਂ ਹੋਏ ਵਿਆਹ ਦੀ ਮੂਵੀ ਦੇਖਕੇ ਪਤਾ ਲੱਗਦਾ ਬੀ ਅੱਧਿਓਂ ਜ਼ਿਆਦਾ ਜੀਅ ਹਵਾ ਹੋ ਗਏ ਨੇ। ਹੱਸ ਖੇਡਕੇ ਸਮਾੰ ਟਪਾਓ ਜਿੰਨਾ ਟਪਦਾ ,ਏਹਨਾਂ ਲੜਾਈਆਂ 'ਚ ਕੀ ਪਿਆ । ਖੌਣੀ ਕਿਹੜੇ ਵੇਲੇ ਬੰਦਾ 'ਹੈ' ਤੋੰ 'ਸੀ' ਹੋਜੇ.......ਘੁੱਦਾ

ਦੱਸਿਓ

ਸਰਸਾ ਤੋੰ ਖਿਦਰਾਣੇ ਤਾਂਈ 
ਕਿੰਨਾ ਬਣਦਾ ਪੰਧ ਦੱਸਿਓ
ਵਿੱਚ ਵਿਚਾਲੇ ਪੁੱਤ ਖੜ੍ਹੇ ਸੀ
ਕਿੰਨੀ ਉੱਚੀ ਕੰਧ ਦੱਸਿਓ
ਕਿਸ ਸੰਨ ਵਿੱਚ ਆਣ ਬੰਦੇ ਨੇ
ਖੜਕਾਈ ਸੀ ਸਰਹੰਦ ਦੱਸਿਓ
ਸ਼ਹਿਰ ਸੁਨਾਮ ਦਾ ਨਾਲ ਲੰਡਨ ਦੇ
ਕੀ ਬਣਿਆ ਸਨਬੰਧ ਦੱਸਿਓ
ਨਨਕਾਣਾ ਕਦੋੰ ਅਜ਼ਾਦ ਹੋਇਆ ਸੀ
ਲਛਮਣ ਸਿੰਘ ਤੇ ਜੰਡ ਦੱਸਿਓ
ਕੀ ਹੰਕਾਰ ਕੀ ਮਾਅਫੀ ਹੁੰਦੀ
ਓਹੀ ਸੱਤਾ ਤੇ ਬਲਵੰਡ ਦੱਸਿਓ
ਤੱਤੀ ਤਵੀ ਦਾ ਸੇਕ ਕਿੰਨਾ ਸੀ
ਠੰਡੇ ਬੁਰਜ ਦੀ ਠੰਡ ਦੱਸਿਓ
ਕਦੋਂ ਆਰਤੀ ਗਾਈ ਬਾਬੇ ਨੇ
ਜਪੁਜੀ, ਜਾਪੁ, ਅਨੰਦ ਦੱਸਿਓ
ਕਾਹਤੋਂ ਸੂਰਮੇ ਲਹਾਈ ਖੋਪਰੀ
ਕਿਵੇਂ ਕਟੀਂਦੇ ਬੰਦ ਦੱਸਿਓ
ਕੀਹਨੇ ਨੀਲਾ ਤਾਰਾ ਚਾੜ੍ਹਿਆ
ਕਿਹੜੇ ਸੀ ਰਜ਼ਾਮੰਦ ਦੱਸਿਓ
ਘੁੱਦਿਆ ਕਾਹਤੋਂ ਕੌਮ ਸਾਡੀ ਤੇ
ਕਰੀਚਣ ਲੋਕੀਂ ਦੰਦ ਦੱਸਿਓ
ਕਿੰਨੇ ਪੁੱਤ ਕਮਾਦੋਂ ਲੱਭੇ
ਹਾਲੇ ਕਿੰਨੇ ਨਜ਼ਰਬੰਦ ਦੱਸਿਓ

Monday, 6 July 2015

ਦਮੂੰਹਾਂ ਮੁਲਖ

ਫੇਸਬੁੱਕ ਤੇ ਸਭ ਤੋਂ ਵੱਧ ਸ਼ੋਸ਼ੇਬਾਜੀ ਹੁੰਦੀ ਆ। ਏਥੇ ਹਰਿੱਕ ਈ ਚੌਧਰੀ ਆ ਤੇ ਹਰਿੱਕ ਈ ਵਿਦਵਾਨ ਆ। ਤੂੰ ਮੈਂ ਸਾਰੇ ਈ। ਜਿੰਨੇ ਚੰਗੇ ਤੇ ਸਿਆਣੇ ਆਪਾਂ ਏਥੇ ਬਣਦੇ ਆਂ ਅਸਲ ਜ਼ਿੰਦਗੀ 'ਚ ਏਹਤੋਂ ਉਲਟ ਹੁੰਨੇਂ ਆਂ। 
ਏਥੇ ਮੁਲਖ ਗਜ਼ਲਾਂ ਗੀਤ ਲਿਖਦਾ ਬੀ ਬਹੁੜੀ ਓਏ ਦਾਜ ਲਾਹਨਤ ਆ, ਦਾਜ ਛੱਡੋ। ਪਰ ਅਸਲ 'ਚ ਜਿੱਦੇਂ ਆਵਦਾ ਵਿਆਹ ਹੁੰਦਾ ਓਦੇਂ ਫਿੱਗੋ ਤੇ ਫੁਲਕਾਰੀ ਤਾਣਕੇ ਫੁਲਕਾਰੀ ਦੀਆਂ ਚੁੰਡਾੰ ਤਾਕੀਆਂ 'ਚ 'ੜਾਈਆਂ ਬੀਆੰ ਹੁੰਦੀਆਂ। ਓਹ ਕਿਮੇਂ ਦਾਜ ਨੀਂ। 
ਏਥੇ ਮੁਲਖ ਕੇਰਾਂ ਈ ਗਰੀਬ ਪੱਖੀ ਬਣਿਆ ਰਹਿੰਦਾ ਪਰ ਵਿਆਹਾਂ 'ਚ ਲਾਹਣ ਪੀਕੇ ਡਾਸਰਾੰ ਉੱਤੋਂ ਦੇ ਨੋਟ ਤੜਾ ਤੜਾ ਸਿੱਟੀ ਜਾਣਗੇ ਪਰ ਆਥਣੇ ਰੋਟੀਆੰ ਆਲੀਆੰ ਬੀਬੀਆੰ ਨੂੰ ਪੈਸੇ ਦੇਣ ਵੇਲੇ ਮੁਲਖ ਤਿਰੜ ਫਿਰੜ ਕਰਦਾ। ਰਿਸ਼ਵਤਖੋਰੀਆੰ ਸਾਥੋੰ ਸ਼ੁਰੂ ਹੁੰਦੀਆੰ। ਜੇ ਕੋਈ ਸਰਕਾਰੀ ਕੰਮ ਪੈਸੇ ਦਿੱਤੇ ਬਿਨ੍ਹਾੰ ਹੋਜੇ ਤਾੰ ਪਾਸੇ ਹੋਕੇ ਆਪ ਈ ਪੁੱਛ ਲੈੰਦੇ ਆ," ਹੋਰ ਅਪਸਰੋ ਥੋਨੂੰ ਚਾਹ ਪਾਣੀ ਕਰਦੀਏ ਕੋਈ"। ਜਵਾਕ ਨੂੰ ਚੰਗੇ ਕਾਲਜ 'ਚ ਦਾਖਲਾ ਨਾ ਮਿਲੇ ਤਾਂ ਨਾਏ ਸ਼ਿਫਾਰਸ਼ ਲਵਾਈ ਜਾਂਦੀ ਆ ਨਾਏ ਵੱਧ ਚੜ੍ਹਕੇ ਵੱਢੀ ਦਿੱਤੀ ਜਾਂਦੀ ਆ। ਘਰੇ ਜ਼ਨਾਨੀ ਭਮਾਂ ਬਾਬੇ ਦੀ ਮਟੀ ਤੇ ਕਵੰਜਾ ਦਾ ਬਦਾਨਾ ਸੁੱਖੀ ਬੈਠੀ ਹੋਵੇ ਪਰ ਘਰਆਲਾ ਫੇਸਬੁੱਕ ਤੇ ਕਵਾਚਨ ਮਾਰਕ ਪਾਕੇ ਧਰਮਾੰ ਦੇ ਸਵਾਲ ਪੁੱਛੀ ਜਾਦਾਂ ਹੁੰਦਾ। 
ਏਥੇ ਹਰਿੱਕ ਈ ਸਮਾਜ ਸੁਧਾਰਕ ਤੇ ਲੋਕ ਸੇਵੀ ਬਣਦਾ ਪਰ ਊੰ ਅਸਲ 'ਚ ਮਹਿੰ ਨਵੇਂ ਦੁੱਧ ਕਰਾਕੇ ਝੋਟੇ ਨੂੰ ਸੇਰ ਦਾਣਾ ਵੀ ਨੀਂ ਚਾਰਦੇ ਸਗਮਾੰ ਫੌਹੜਾ ਮਾਰਕੇ ਘਰੋੰ ਕੱਢਕੇ ਬਾਰ ਦੀ ਸੱਬਲ ਲਾ ਦੇਂਦੇੰ ਆਂ।
ਏਥੇ ਕਾਨੂੰਨ ਨੂੰ ਮਾੜਾ ਕਿਹਾ ਜਾਦਾਂ ਪਰ ਆਪ ਟਰੈਫਿਕ ਲੈਟ ਜੰਪ ਕਰਨੋਂ ਨੀਂ ਹਟਦੇ ਨਾਲੇ ਦੋਹੇਂ ਪਾਸੇ ਦੇਖਕੇ ਘੱਪ ਦਿਨੇ ਫਾਟਕ ਹੇਠੋਂ ਮੋਟਰਸੈਕਲ ਕੱਢ ਦੇਣੇੰ ਆਂ। ਕਿਮੇੰ ਓਦੋਂ ਨੀਂ ਕਨੂੰਨ ਟੁੱਟਦੇ ਕਿ। ਦਮੂੰਹਾਂ ਮੁਲਖ....ਘੁੱਦਾ

ਨਿੱਗਰ ਤੇ ਨਿੱਘਰ

ਸਿਆਣਿਆਂ ਦੀ ਕਹੌਤ ਆ ਅਖੇ ਜਦੋਂ ਨਿੱਕੇ ਭਾਂਡੇ 'ਚ ਦਾਣੇ ਵੱਧ ਪੈ ਜਾਣ ਤਾਂ ਡੁੱਲ੍ਹਣ ਲੱਗ ਜਾਂਦੇ ਨੇ, ਸੰਭਦੇ
ਨਈਂ। ਠੀਕ ਏਹੀ ਗੱਲ ਸਾਡੇ ਮੁਲਖ ਤੇ ਲਾਗੂ ਹੁੰਦੀ ਆ। ਗਿਆਰਾਂ ਸੌ ਮਬੈਲ ਤੇ ਸੱਪ ਆਲੀਆਂ ਗੇਮਾਂ ਖੇਡਣ ਆਲੇ ਮੁਲਖ ਦੇ ਹੱਥਾਂ 'ਚ ਅੰਡਰਾਇਡ ਫੋਨ ਆ ਗੇ । ਪਰ ਲੱਛਣ ਹਜੇ ਵੀ ਓਹੀ ਨੇ। ਦਸ ਸਾਲ ਪੁਰਾਣੇ ਮੈਸਜ ਭੇਜੀ  ਜਾਣਗੇ। 
"ਅਖੇ ਯੇ ਮੈਸਜ ਫਲਾਣੀ ਮਾਤਾ ਸੇ ਚਲਾ ਹੈ, ਇਤਨੇ ਲੋਗੋਂ ਕੋ ਭੇਜੋਗੇ ਤੋ ਅਗਜ਼ਾਮ ਮੇਂ ਅੱਛਾ ਹੋਗਾ"। ਵਾਹਯਾਤ ਗੱਲਾਂ। ਕਿਤੇ ਸੜਕੀ ਹਾਦਸੇ 'ਚ ਕਿਸੇ ਦਾ ਸਾਰਾ ਟੱਬਰ  ਮਰਿਆ ਵਾ ਹੁੰਦਾ ਤੇ ਮੁਲਖ ਨੂੰ ਫੋਟੋਗਰਾਫੀ ਦਾ ਚਾਅ ਚੜ੍ਹ ਜਾਂਦਾ। ਨੁੱਚੜਦੇ ਖੂਨ ਦੀਆਂ ਸੱਜਰੀਆਂ ਫੋਟਵਾੰ ਖਿੱਚ ਖਿੱਚ ਸਿੱਟੀ ਜਾਣਗੇ।ਕਈ ਘਰੇ ਬੈਠੇ ਈ ਮੈਸਜ ਕਰੀ ਜਾਣਗੇ ਅਕੇ ਫਲਾਣੇ ਹਸਪਤਾਲ 'ਚ ਖੂਨ ਚਾਹੀਦਾ, ਭੱਜਲੋ। ਬੰਦਾ ਪੁੱਛੇ ਤੁਸੀੰ ਆਪ ਕਿਓੰ ਨੀਂ ਦੇਦੇੰ ਖੂਨ ਜਾਕੇ। ਨਾਏ ਰਾਹ ਜਾਂਦੇ ਬੰਦੇ ਨੂੰ ਵੀ ਜੇ ਆਖੀਏ ਕਿ ਖੂਨ ਚਾਹੀਦਾ ਤਾੰ ਓਹ ਵੀ ਜਵਾਬ ਨੀੰ ਦੇਦਾਂ। ਖੂਨ ਬਠਿੰਡੇ ਚਾਹੀਦਾ ਹੁੰਦਾ ਮੈਸਜ ਪਠਾਨਕੋਟ ਭੇਜੀ ਜਾਣਗੇ।
 ਜਾਂਂ ਹੋਰ ਰਬਾਜ ਚੱਲਿਆ ਵੱਟਸਐਪ ਤੇ। "ਯੇਹ ਲੜਕੀ ਕੀ ਫੋਟੋ ਤੀਨ ਗਰੂਪੋਂ ਮੇਂ ਭੇਜੋ, ਇਸਕੇ ਲੀੜੇ ਲਹਿ ਜਾਏਗੇਂ"।
ਧਿੱਗ ਜਿਓਣਾ ਏਹੇ ਜੇ ਲੋਕਾਂ ਦਾ। ਦੁਰ ਫਿਟੇਮੂੰਹ ਵੀ ਛੋਟਾ ਲਫ਼ਜ਼ ਆ ਏਹਨਾਂ ਲਈ। ਏਹੀ ਫਰਕ ਹੁੰਦਾ ਨਿੱਗਰ ਤੇ ਨਿੱਘਰ ਸੋਚਣੀ ਦਾ। ਐਨਾ ਉਜੱਡਪੁਣਾ ਵੀ ਕੀ ਆਖ। ਜੇ ਟਕਨੌਲਜੀ ਬਣਾਓਣੀ ਨਹੀਂ ਆਓਦੀ ਤਾਂ ਘੱਟੋ ਘੱਟ ਵਰਤਣੀ ਤਾਂ ਸਿੱਖੋ ਜਰ। ...ਘੁੱਦਾ

Friday, 26 June 2015

ਪੰਜਾਬੀ

ਪੰਜਾਬੀ

ਕਿਸ ਜਗ੍ਹਾ ਤੇ ਪੈਂਦਾ ਣਾਣਾ ਕਿੱਥੇ ਲੱਗਦਾ ਨੰਨਾ
ਕਿੱਥੇ ਬਾਪੂ ਲਾਈਏ ਡੰਡੀ ਕਿੱਥੇ ਲਾਈਏ ਕੰਨਾ
ਕਿੱਥੇ ਲਾਉਂਦੇ ਅੱਧਕ ਬਾਪੂ ਕੀਹਨੂੰ ਕਹਿਣ ਦੁਲਾਵਾਂ
ਕਿੱਥੇ ਵਰਤਾਂ ਛੱਛਾ ਕਿਓੰ ਸੱਸੇ ਪੈਰ ਬਿੰਦੀ ਲਾਵਾਂ
ਦੱਸ ਖਾਂ ਬਾਪੂ ਕਾਹਤੋਂ ਊੜੇ ਨਾਲ ਸਿਹਾਰੀ ਰੁੱਸੀ
ਗੈਰ ਬੋਲੀ ਦੀ ਚੱਲੇ ਚੌਧਰ ਕਿਓਂ ਪੰਜਾਬੀ ਖੁੱਸੀ
ਹਾਹਾ ਨਾਲੇ ਰਾਰਾ ਦੋਹੇਂ ਦੱਸ ਕਾਹਤੋਂ ਪੈਰੀਂ ਪੈਂਦੇ
ਊੜੇ ਦਾ ਮੂੰਹ ਖੁੱਲ੍ਹਾ ਕਨੌੜੇ ਦੂਰ ਈੜੀ ਤੋਂ ਰਹਿੰਦੇ
ਕਿੱਥੇ ਲੱਗੇ ਟਿੱਪੀ ਬਾਪੂ ਕਿੱਥੇ ਲਾਈਏ ਬਿੰਦੀ
ਕਾਹਤੋਂ ਲੋਕੀਂ ਛੱਡਗੇ ਬਾਪੂ ਤੇਰੀ ਬੋਲੀ ਸ਼ਿੰਦੀ
ਪੰਜਾਬੀ ਵੀ ਪੜ੍ਹਲੀਂ ਨਿੱਕਿਆ ਹੋਰ ਛੱਡਕੇ ਮੁੱਦੇ
ਮਾੰ ਬੋਲੀ ਦੀਆਂ ਗੁੱਝੀਆਂ ਗੱਲਾਂ ਤੂੰ ਕੀ ਜਾਣੇਂ ਘੁੱਦੇ

ਧਰਮਪ੍ਰੀਤ

ਗਾਇਕਾਂ ਕਲਾਕਾਰਾਂ ਨਾਲ ਲੋਕਾਂ ਦੀ ਖਾਸ ਸਾਂਝ ਹੁੰਦੀ ਆ। ਤੇ ਜਦੋਂ ਕੋਈ ਕਲਾਕਾਰ ਦੋਹੇਂ ਹੱਥ ਜੋੜ ਦੁਨੀਆਂ ਨੂੰ ਫਤਹਿ ਬੁਲਾ ਜਾਂਦਾ ਤਾਂ ਦੁੱਖ ਵੀ ਲਾਜ਼ਮੀ ਹੁੰਦਾ। ਸਕੂਲ ਨੂੰ  ਜਾਂਂਦੀਆੰ ਮਿੰਨੀਆਂ ਦੇ ਛਣਕਦੇ ਸਪੀਕਰਾਂ 'ਚੋੰ ਧਰਮਪ੍ਰੀਤ ਨੂੰ ਬਥੇਰਾ ਸੁਣਦੇ ਰਹੇ ਆਂ। ਸਾਡੇ ਪਿੰਡੋੰ ਖੂਹਆਲਿਆੰ ਦੇ ਘਰਾੰ 'ਚੋੰ ਮੇਰੇ ਖਾਸ ਯਾਰ ਬੀਤ ਦਾ ਵੱਡਾ ਭਰਾ ਸ਼ੇਰਾ ਧਰਮਪ੍ਰੀਤ ਦਾ ਡੰਡੋਤੀਆ ਫੈਨ ਰਿਹਾ। ਨਿੱਕੇ ਹੁੰਦੇ ਦੇਂਹਦੇ ਸੀ , ਸ਼ੇਰੇ ਘਰੇ ਕਮਰੇ ਦੀਆੰ ਟੀਪ ਕਰੀਆੰ ਕੰਧਾਂ ਤੇ ਧਰਮਪ੍ਰੀਤ ਦੀਆਂ ਕੈਸਟਾੰ ਦੇ ਪੋਸਟਰ ਲੱਗੇ ਵਏ ਹੁੰਦੇ ਸੀ। ਲੱਕੜ ਦੇ ਫੱਟਾੰ ਆਲੀ 'ਲਮਾਰੀ ਦੇ ਵਚਾਲੜਲੇ ਰਖਣੇ 'ਚ ਰੱਖੀਆੰ ਧਰਮਪ੍ਰੀਤ ਦੀਆੰ ਕੈਸਟਾਂ ਸ਼ੇਰੇ ਦਾ ਖ਼ਜ਼ਾਨਾ ਰਿਹਾ। ਰੀਲ੍ਹਾਂ ਦੇ ਧਾਗੇ ਤੇ ਉੱਕਰੇ ਗੀਤ ਟਕਨੋਲਜੀ ਨਾਲ ਚਿੱਪਾੰ 'ਚ ਭਰੇ ਗਏ ਤਾਂ ਸਾਰੀਆੰ ਕੈਸਟਾਂ ਸੁੰਗੜ ਕੇ ਸ਼ੇਰੇ ਦੇ ਫੂਨ 'ਚ ਭਰੀਆਂ ਗਈਆਂ ।
ਸ਼ੇਰਾ ਬਿਜਲੀ ਦਾ ਮਕੈਨਿਕ ਆ ਤੇ ਮੋਟਰਾੰ ਮੂਟਰਾੰ ਵੀ ਬੰਨ੍ਹਦਾ।ਜਦੋੰ ਕਦੋੰ ਦੇਖੀਏ ਓਹਦੇ ਫੋਨ ਤੇ ਧਰਮਪ੍ਰੀਤ ਈ ਵੱਜਦਾ ਸੁਣਿਆ। ਜਿੱਦੇਂ ਆਹ ਗੱਲ ਹੋਈ ਸੀ ਓਦੇੰ ਆਥਣੇ ਸ਼ੇਰਾ ਟੱਕਰਿਆ ਤੇ ਮੈੰ ਕਿਹਾ ,"ਸ਼ੇਰਿਆ ਮਾੜੀ ਗੱਲ ਹੋਈ ਜਰ"। ਸੱਚਿਓਂ ਸ਼ੇਰਾ ਅੱਖਾੰ ਭਰਕੇ ਪੈਰੀੰ ਭਾਰ ਬਹਿ ਕੇ ਨਕਲੀ ਜਾ ਹੱਸਕੇ ਬੋਲਿਆ,"ਨਹੀੰ ਜਰ ਅੰਬਰਤੇ ਐਂਮੇ ਗੱਪ ਮਾਰਦੇ ਆ ਜਰ"।ਪਰ ਸਹੁਰਾ ਸੱਚ ਨੂੰ ਮੰਨਣਾ ਪੈੰਦਾ।
ਬਣਦਾ ਸਰਦਾ ਹਿੱਸਾ ਪਾਕੇ ਧਰਮਪ੍ਰੀਤ ਵੀ ਬਾਗਿਆ।
ਮਹਾਰਾਜ ਅੱਗੇ ਸੁੱਖ ਰੱਖੇ , ਕਿਸੇ ਦੇ ਚਿੱਤ 'ਚ ਐਹੇ ਜਾ ਮਾੜਾ ਖਿਆਲ ਨਾ ਉੱਠੇ.....ਘੁੱਦਾ

ਲਾਲਬਾਈ ਦੇ ਕਵੀਸ਼ਰ

ਸਾਡੇ ਨੇੜਲੇ ਪਿੰਡ ਲਾਲਬਾਈ ਦੇ ਕਵੀਸ਼ਰ ਬਾਈ ਹਰਦੇਵ ਅਰਗਿਆਂ ਦਾ ਜਥਾ। ਸ਼ੁਰੂਆਂ ਤੋੰ ਏਹਨਾਂ ਕਵੀਸ਼ਰਾਂ ਨੂੰ ਸੁਣਦੇ ਆਉਂਣੇ ਆਂ। ਐਂ ਸਮਝ ਬੀ ਏਹਨਾਂ ਦੀਆਂ ਗਾਈਆੰ ਕਵੀਸ਼ਰੀਆਂ ਲਗਭਗ ਜ਼ੁਬਾਨੀ ਚੇਤੇ ਹੋਈਆਂ ਵਈਆਂ। ਸਤਿਕਾਰਯੋਗ ਬਾਬੂ ਰਜਬ ਅਲੀ ਖਾਂ ਤੇ ਸੂਬੇਦਾਰ ਹੰਸ ਸਿੰਘ ਬਰਾੜ ਦੀਆਂ ਲਿਖਤਾੰ ਨੂੰ ਏਸ ਜਥੇ ਨੇ ਸਿਰੇ ਤਰੀਕੇ ਨਾਲ ਪੇਸ਼ ਕੀਤਾ। 
ਜਦੋਂ ਲਾਲਬਾਈ ਆਲੇ ਜਥੇ ਦਾ ਬੋਲ ਕੰਨੀਂ ਪੈਂਦਾ ਤਾਂ ਬਾਬੇ ਕੰਨਾਂ ਤੋਂ ਪੱਗ 'ਤਾਹਾਂ ਕਰਕੇ ਜਕ ਨਾਲ ਬਹਿ ਜਾਂਦੇ ਨੇ।
ਯੂ-ਟਿਊਬ ਤੋਂ ਲਾਕੇ ਟਰੱਕਾੰ ਤੀਕ ਕਵੀਸ਼ਰੀ ਦੇ ਸ਼ੌਕੀਨ ਏਹਨਾਂ ਨੂੰ ਸੁਣਦੇ ਨੇ। ਪੰਜਾਬ ਦੀ ਰੂਹ ਨੇ ਏਹ ਕਵੀਸ਼ਰ। 
ਟੀਬੀ ਦੀ ਐਂਟਰਵਿਊ ਤੇ ਲੁੱਕ ਜੀ ਪਾਉਣ ਆਲੇ ਬੂਟ ਪਾਕੇ , ਟੇਢੀ ਜੀ ਟੋਪੀ ਆਲਾ ਗੈਕ ਨਹੁੰਦਰ ਮਾਰਕੇ ਆਖੂ ,"ਅਸੀਂ ਪੰਜਾਬੀ ਬਿਰਸੇ ਦੀ ਸੇਵਾ ਕਰਦੇ ਆਂ"। ਓਹਨਾਂ ਨੂੰ ਆਹ ਫੋਟੂ ਦਿਖਾਕੇ ਦੱਸਿਓ ਬੀ ਫੇਰੇ ਦੇਣਿਓ ਤੁਸੀੰ ਨਹੀਂ, ਆਹ ਨੇ ਅਸਲੀ ਸੇਵਾਦਾਰ। ਜੁੱਗੋ ਜੁੱਗ ਜਿਓਂਦੇ ਰਹਿਣ ਪੰਜਾਬੀ ਬੋਲੀ ਦੇ ਲੰਬੜਦਾਰ.....ਘੁੱਦਾ