Sunday, 9 February 2014

ਨਿੱਕੇ ਦਾ ਨੌਨ- ਮੈਡੀਕਲ

ਸਾਡੇ ਪਿੰਡ 'ਚ ਅੱਬਲ ਮੇਂ ਤਾਂ ਮੁਲਖ ਦਸਮੀਂ 'ਚ ਈ ਰਟੈਰਮੈਂਟ ਲੈ ਜਾਂਦਾ ਜਾਂ ਬਿੱਚ ਬਿੱਚ ਕਈ ਬਾਹਲਾ ਜੋਰ ਮਾਰਕੇ ਅਾਰਟਸ ਨਾਲ ਬਾਰ੍ਹਮੀਂ ਕਰਗੇ ।
ਸਾਡੇ ਆਲਾ ਨਿੱਕਾ ਗਰਨੈਬ ਬੋਰੜ ਦੀ ਦਸਮੀਂ 'ਚ ਖਾਸੇ ਨੰਬਰ ਕੁਟ ਗਿਆ ਭਰਾਵਾ। ਸਾਡੇ ਫੁੱਫੜ ਅਰਗਿਆਂ ਨੇ ਤਾਏ ਨੂੰ ਸਲਾਹ ਦੇਤੀ ਬੀ "ਪਰਧਾਨ ਨਿੱਕਾ ਹਸ਼ਿਆਰ ਆ, ਨੌਨ ਮੈਡੀਕਲ ਰਖਾਦੇ ਗਿਆਰਮੀਂ ਬਾਰਮੀਂ 'ਚ"। ਚੱਕ ਚਕਾ ਕੇ ਨਿੱਕੇ ਦਾ ਨੌਨ ਮੈਡੀਕਲ 'ਚ ਦਾਖਲਾ ਭਰਾਤਾ ਤਾਏ ਅਰਗੇਆਂ ਨੇ। ਸਾਰੇ ਪਿੰਡ 'ਚ ਫੁੱਲ ਚਰਚਾ। ਸ਼ੈਹਰੋਂ ਕਤਾਬਾਂ ਲੈਤੀਆਂ ਸਾਡੇਆਲੇ ਨੂੰ ਨੌਂਨ ਮੈਡੀਕਲ ਦੀਆਂ। ਪਸੇਰੀ ਪਸੇਰੀ ਪੱਕੇ ਦੀ ਕਿਤਾਬ। ਭੂਗੋਲ ਪੜ੍ਹਨ ਆਲੀ ਜੰਤਾ ਨੇ ਪੈਹਲੀ ਆਰੀ ਫਿਜਿਕਸ, ਕਮੈਸਟਰੀ ਦਾ ਨਾਂ ਸੁਣਿਆ ਸੀਗਾ। ਨਿੱਕਾ ਸਕੂਲੋਂ ਆਕੇ ਮੰਜੇ ਤੇ ਲੱਤਾਂ ਪਸਾਰ ਕੇ ਝੋਲਾ ਖੋਲ੍ਹ ਕੇ ਪੜ੍ਹਨ ਬਹਿ ਜਿਆ ਕਰੇ। ਤਾਏ ਅਰਗੇ ਕੰਮ ਨੂੰ ਆਖਿਆ ਕਰਨ ਤਾਂ ਨਿੱਕਾ ਰੋਜ਼ ਈ ਅੱਗੋਂ ਕਹਿ ਦਿਆ ਕਰੇ, "ਨਹੀਂ ਤਾਇਆ ਨਮੈਰੀਕਲ ਕੱਢਣੇ ਆ"।
ਸਾਰੇ ਪਿੰਡ ਨੂੰ ਹਮਦਰਦੀ ਬੀ ਨਮੈਰੀਕਲ ਫਸਗੇ , ਹੁਣ ਨੀਂ ਨਿੱਕਲਦੇ। ਮੁਲਖ ਪਤਾ ਲੈਣ ਆਇਆ ਕਰੇ । ਇੱਕ ਦਿਨ ਤਾਇਆ ਕਹਿੰਦਾ ਨਿੱਕਿਆ ਨੀਰਾ ਕੁਤਰਨਾ, ਇੰਜਣ 'ਚ ਪਾਣੀ ਪਾਦੇ। ਨਿੱਕਾ ਕਹਿੰਦਾ ਨਹੀਂ ਤਾਇਆ "ਨਮੈਰੀਕਲ ਕੱਢਣੇ ਆ" । ਤਾਏ ਨੂੰ ਹਰਖ ਚੜ੍ਹ ਗਿਆ। ਟ੍ਰੈਕਟਰ ਬੈਕ ਕਰਕੇ ਨਿੱਕੇ ਦੇ ਮੰਜੇ ਨਾਲ ਲਾਲਿਆ। ਸੀਰੀ ਸਾਡਾ ਸੁਹਾਗੇ ਆਲੇ ਸੰਗਲ ਚੱਕੀ ਆਬੇ। ਤਾਇਆ ਕਹਿੰਦਾ ਨਿੱਕਿਆ ਪਾ ਟੋਚਣ ਖਿੱਚਕੇ ਨਮੈਰੀਕਲ ਕੱਢ ਦੇਨੇਂ ਆ, ਬਹੁਤ ਠਿੱਠ ਕੀਤਾ। ਆਅਅ ਕੀ ਦੋ ਸਿਆਣੇ ਬੰਦਿਆ ਨੇ ਤਾਏ ਨੂੰ ਸਮਝਾਇਆ ਬੀ ਸਵਾਲਾਂ ਨੂੰ ਨਮੈਰੀਕਲ ਕਹਿੰਦਾ ਏਹਤਾ। ਤਾਏ ਨੂੰ ਪਾਣੀ ਪੂਣੀ ਪਿਆ ਕੇ ਠੰਢਾ ਕਰਿਆ ਹਾਰਕੇ। ਸਾਡੇ ਆਲਾ ਸਲਫਿਊਰਕ ਐਸਡ ਦੇ ਫਾਰਮੂਲੇ ਅਰਗਾ ਮੂੰਹ ਕਰੀ ਖੜ੍ਹਾ ਸੈੜ ਤੇ। ਐਹੇ ਜੇ ਹੁੰਦੇ ਆ ਪਿੰਡਾਂ ਆਲ਼ੇ.....ਘੁੱਦਾ

ਬਾਜ਼ਾਂ ਆਲੇ ਨੇ

ਕਸ਼ਮੀਰ ਵੱਲੋਂ ਆਕੇ ਪੰਡਤ ਕਹਿੰਦੇ
ਬਚਾਲਾ ਬਾਬਾ ਹੁਣ ਕੋਈ ਵਾਹ ਨਈਂ
ਦਿੱਲੀ ਬੰਨੀਂ ਹੱਥੀਂ ਬਾਪ ਤੋਰਤਾ
ਕਹਿੰਦਾ ਹੈਗਾ ਮੈਂ ਕੋਈ ਪਰਵਾਹ ਨਈਂ
ਖੜਕਦੀਆਂ 'ਚ ਅੰਦਰ ਨੀਂ ਵੜਿਆ
ਖੰਡੇ ਖੜਕਾਏ ਸੀ ਖੰਡੇ
ਅੱਜ ਕੱਲ੍ਹ ਕਈ ਬਾਬੇ ਵੇਖੇ ਆ
ਪੀਂਦੇ ਨੇ ਹੋਟਲਾਂ ਤੇ ਠੰਢੇ
ਮੈਂ ਕਹਿੰਦਾ ਲੱਖ ਵਾਰੀ ਉੱਜੜਾਂ
ਪਰ ਜਿਓਦਾਂ ਚਾਹੀਦਾ ਪੰਥ
ਮੜ੍ਹੀਆਂ ਤੇ ਕਿਓਂ ਮੱਥੇ ਟੇਕੇ ਦੁਨੀਆਂ
ਛੱਡਕੇ ਹੁਣ ਗੁਰੂ ਗ੍ਰੰਥ
ਔਰੰਗਜ਼ੇਬ ਆਸ਼ੇ ਅੰਗੂ ਸੀ ਕੰਬਦਾ
ਪੜ੍ਹਕੇ ਜਫਰਨਾਮੇਆਂ ਨੂੰ
ਕਿੱਥੇ ਆ ਅਨੰਦਪੁਰ, ਕਿੱਥੇ ਆ ਪਟਨਾ
ਦੁਨੀਆਂ ਤਾਂਹੀ ਪੁੱਛੇ ਸਿਰਨਾਵੇਆਂ ਨੂੰ
ਚਿਲਮਾਂ ਨੀਂ ਪੀਤੀਆਂ , ਸਿਰ ਨਈਂ ਘੁੰਮਾਇਆ
'ਘੁੱਦਿਆ' ਹੋਕੇ ਨਸ਼ੇ 'ਚ ਧੁੱਤ
ਭਗਵੇਂ ਪਾਕੇ ਸੂਟੇ ਨਹੀਂ ਲਾਏ
ਬਾਜ਼ਾਂ ਆਲੇ ਨੇ ਪੁੱਤ ਵਾਰੇ ਸੀ ਪੁੱਤ

ਚਾਹ

ਸਿਆਣੇ ਦੱਸਦੇ ਨੇ ਬੀ ਅੰਗਰੇਜ਼ ਚੀਨੀ ਦੇ ਕੱਪ 'ਚ ਦੋ ਕ ਘੁੱਟਾਂ ਚਾਹ ਕੁਸ ਸੋਚਣ ਵੇਲੇ ਪੀਂਦੇ ਹੁੰਦੇ ਸੀਗੇ । ਚਾਹ ਪੀਣ ਵੇਲੇ ਵਾਹਵਾ ਪੀਨਕ ਜੀ ਲੱਗ ਜਾਂਦੀ ਆ। ਸੰਤਾਲੀ 'ਚ ਅੰਗਰੇਜ਼ ਬੱਗਗੇ।
ਓਦੋਂ ਬਾਅਦ ਸਾਡੇ ਮੁਲਖ ਨੇ ਚਾਹ ਪੀਣ ਖਾਤਰ ਬੱਠਲਾਂ ਬੱਠਲਾਂ ਜਿੱਡੇ ਕੌਲੇ ਚੱਕਲੇ। ਪੈਰ ਦੀ ਦਾਬ ਦੇਕੇ ਛਿਟੀਆਂ ਦਾ ਲੱਕ ਤੋੜਕੇ ਰੁੱਗ ਜਾ ਬਣਾਕੇ ਚੁੱਲ੍ਹੇ ਡਾਹ ਦੇਂਦੇ ਨੇ। ਅੱਗ ਬਾਲਕੇ ਪਤੀਲੇ 'ਚ ਦੋ ਸੇਰ ਪਾਣੀ ਕਾੜ੍ਹਕੇ ਅੱਧ ਪਾ ਪੱਕੀ ਪੱਤੀ ਠੋਕਕੇ ਵਿੱਚੇ ਪਾਈਆ ਪੱਕਾ ਗੁੜ ਪਾ ਦੇਂਦੇ ਨੇ ਕੜ੍ਹਦੇ ਪਾਣੀ 'ਚ। ਤੋਕੜ ਮਹਿੰ ਦਾ ਅੱਠ ਜ਼ੀਰੋ ਫੈਟ ਆਲਾ ਦੁੱਧ ਪਾਕੇ ਆਖਣਗੇ ਬਣਗੀ ਚਾਹ।
ਪਿੰਡਾਂ 'ਚ ਚਾਹ ਦਾ ਬੱਝਮਾਂ ਟੈਮ ਹੁੰਦਾ ਤੜਕੇ ਪੰਜ ਵਜੇ, ਫੇਰ ਰੋਟੀ ਮਗਰੋਂ ਗਿਆਰਾਂ ਆਲੀ ਚਾਹ ਫੇਰ ਦੋ ਆਲੀ, ਫੇਰ ਆਥਣੇ ਪੰਜ ਕ ਬਜੇ। ਜੇਹੜੇ ਮੇਰੇ ਅਰਗੇ ਦੀ ਘਰੇ ਪੁੱਛ ਪੜਤਾਲ ਨੀਂ ਹੁੰਦੀ ਉਹ ਬਾਰ 'ਚ ਖੜ੍ਹਾ ਨੰਘਦੇ ਟੱਪਦੇ ਨੂੰ ਦੂਰੋਂ ਈ ਬਾਂਹ ਖੜ੍ਹੀ ਕਰਕੇ ਪੁੱਛਦਾ," ਹੋਰ ਪਰਧਾਨ ਆਜਾ ਚਾਹ ਪਿਆਈਏ।
ਘਰੇ ਭਮਾਂ ਪਾਈਆ ਦੁੱਧ ਨਾ ਹੋਵੇ, ਪਰ ਆਪਣੇ ਲੋਕਾਂ ਦੀ ਖੁੱਲ੍ਹਦਿਲੀ ਆ। ਅੱਗੋਂ ਕੋਲ ਦੀ ਨੰਘਣ ਆਲਾ ਵੀ ਜਵਾਬ ਨਾਲ ਅਸੀਸ ਦੇਂਦਾ ," ਬੱਸ ਪਰਧਾਨ ਚਾਹ ਨੂੰ ਕੀ ਆ, ਮਾਅਰਾਜ ਬਾਹਲਾ ਦੇਵੇ"
ਭਮਾਂ ਕਿਸੇ ਦੇ ਸੱਥਰ ਵਿਛਿਆ ਹੋਵੇ, ਭਮਾਂ ਵਿਆਹ ਖੁਸ਼ੀ ਹੋਵੇ, ਆਉਣ ਆਲੇ ਹਰਿੱਕ ਬੰਦੇ ਨੂੰ ਪਹਿਲਾਂ ਆਉਣ ਸਾਰ ਚਾਹ ਲਾਜ਼ਮੀ ਪਿਆਈ ਜਾਂਦੀ ਆ।
ਘਰੇ ਮਿਲਣ ਆਏ ਬੰਦੇ ਨੂੰ ਜਿੰਨਾ ਚਿਰ ਚਾਹ ਨਾ ਪਿਆਈ ਜਵੇ, ਓਨਾਂ ਚਿਰ ਇਓ ਈਂ ਲੱਗਦਾ ਬੀ ਨਹੀਂ ਸੇਵਾ ਨੀਂ ਹੋਈ।
ਹੁਣ ਚਾਹ ਦੀ ਸੌਕਣ ਕੌਫੀ ਆਗੀ ਭਾਵੇਂ ਪਰ ਫਿਰ ਵੀ ਅੰਗਰੇਜ਼ਾਂ ਦੀ ਕਾਢ "ਚਾਹ" ਕੱਲੀ ਪੀਣ ਆਲੀ ਚੀਜ਼ ਈ ਨਹੀਂ, ਲੋਕਾਂ ਦਾ ਜੋੜਨ ਦਾ ਜਰੀਆ ਬਣੀ ਵਈ ਆ ਹੁਣ..ਗੌਰ ਕਰਿਓ....ਘੁੱਦਾ

Thursday, 30 January 2014

ਨਾਨਕਾ ਪਿੰਡ ਤੇ ਮੇਰੀ ਬੇਬੇ

ਸ਼ਹਿਰ ਫਿਰੋਜ਼ਪੁਰ ਤੇ ਪੈਲੇ ਪਾਸੇ ਦਰਿਆ ਸਤਲੁਜ ਦੇ ਕੰਢੇ ਚਿੜੀ ਦੇ ਪੌਂਚੇ ਜਿੱਡਾ ਸਾਡੇ ਨਾਨਕਿਆਂ ਦਾ ਪਿੰਡ ਵਸਿਆ ਵਾ।
ਨਿੱਕੇ ਹੁੰਦੇ ਸਾਡੀ ਬੀਬੀ ਅਰਗੀਆਂ ਬੇੜੇ 'ਚ ਬਹਿਕੇ ਲਾਲ ਬਹਾਦਰ ਸ਼ਾਸ਼ਤਰੀ ਟੈਪ ਫੀਲਿੰਗ ਲੈਕੇ ਦਰਿਆ ਪਾਰ ਕਰਕੇ ਸਕੂਲੇ ਜਾਇਆ ਕਰਨ। ਪੰਜਮੀਂ ਤੱਕ ਦੇ ਓਸ ਸਕੂਲ ਵਿੱਚ ਇੱਕੋ ਮਾਸਟਰ ਸੀਗਾ। ਜਦੋਂ ਬੀਬੀ ਹੋਣੀਂ ਚੌਥੀ ਪਾਸ ਕਰਕੇ ਪੰਜਮੀਂ 'ਚ ਹੋਏ ਓਦੋਂ ਈ ਮਾਸਟਰ ਕੰਜਦਾ ਬਹਿਕ ਤੋਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ। ਏਸ ਕਾਰਨ ਸਕੂਲ ਦੇ ਗੇਟ ਤੇ ਕਤੂਰੇ ਜਿੱਡਾ ਜਿੰਦਾ ਲਾਗਿਆ ਤੇ ਬੇਬੇ ਹੋਣੀਂ ਪੰਜਮੀਂ ਦੀ ਉਚੇਰੀ ਵਿੱਦਿਆ ਪ੍ਰਾਪਤ ਨਾ ਕਰ ਸਕੇ। ਕਰੋਸ਼ੀਆ , ਸਬਾਟਰ ਬੁਨਣੇ, ਅੱਡੋ ਅੱਡ ਜ਼ਡੈਨ ਪਾਕੇ ਮੰਜੇ ਉਨਣੇ, ਖੇਸਾਂ ਦੇ ਬੰਬਲ ਵੱਟਣੇ ਬੇਬੇ ਦੇ ਲੈਹਦੇ ਜੇ ਸ਼ੌਕ ਨੇ। ਵੈਣ, ਕੀਰਨੇ, ਘੋੜੀਆਂ, ਸੁਹਾਗ ਦੀਆਂ ਖੌਣੀ ਕਿੰਨੀਆਂ ਸੀਡੀਆਂ ਬੀਬੀ ਦੇ ਦਮਾਗ 'ਚ ਭਰੀਆਂ ਵਈਆਂ ਨੇ।
ਖੋਆ ਮਾਰਨਾ, ਕਮਰਕੱਸ, ਗੂੰਦ, ਖਸਖਸ ਪਾਕੇ ਪੰਜੀਰੀ ਬਣਾਉਣੀ, ਪਿੰਨੀਆਂ , ਸੇਵੀਆਂ ਹੋਰ ਐਹੇ ਜੀਆਂ ਚੀਜ਼ਾਂ ਬਨਾਉਣ ਵੇਲੇ ਗਮਾਂਢੀ ਵੀ ਮੇਰੀ ਬੀਬੀ ਤੋਂ ਸਲਾਹ ਲੈਂਦੇ ਨੇ। ਪੇਂਡੂ ਬਿਰਤੀ ਹੋਣ ਕਰਕੇ ਸਾਡੀ ਬੀਬੀ ਨਮੇਂ ਚੱਲੇ ਕਲਚਰ ਤੋਂ ਅਣਜਾਣ ਈ ਸਮਝ।
ਪਰਾਰ ਦੀ ਗੱਲ ਆ। ਬੀਬੀ ਹੋਣੀਂ ਕਿਤੇ ਪੈਲਸ 'ਚ ਵਿਆਹ ਤੇ ਗਏ ਤੇ ਆਕੇ ਮੈਨੂੰ ਕੈਂਹਦੇ ਅਖੇ ,"ਪੈਲਸ 'ਚ ਮੁੰਡੇ ਮੋੜ ਘੋੜ ਕੇ ਇੱਕੋ ਗੀਤ ਈ ਲਵਾਈ ਗਏ ਬੀ ਕੁੱਤੀ ਚੂੰ ਚੂੰ ਕਰਦੀ ਆ, ਫਿਟੇਮੂੰਹ ਗੀਤ ਦੇ"। ਹਾਰਕੇ ਅਸੀਂ ਦੱਸਿਆ ਬੀ ਬੇਬੇ ਕੁੁੱਤੀ ਨੀਂ ਅਗਲੇ ਜੁੱਤੀ ਚੂੰ ਚੂੰ ਕਰਦੀ ਕਹਿੰਦੇ ਆ। ਹਾਸੀ ਨੀਂ ਜਮਾਂ ਸੱਚੀ ਘਟਨਾ ਏਹੇ....ਘੁੱਦਾ

ਨਿੱਕੇ ਦਾ ਰਿਜ਼ਲਟ

ਛੇ-ਸੱਤ ਸਾਲ ਹੋਗੇ ਗੱਲ ਨੂੰ ਕੇਰਾਂ ਏਮੇਂ ਜਿਮੇਂ ਸਾਡੇ ਆਲੇ ਨਿੱਕੇ ਗਰਨੈਬ ਦਾ ਦਸਮੀਂ ਦਾ ਰਿਜ਼ਲਟ ਆਉਣ ਆਲਾ ਸੀ। ਸਾਡੇ ਆਲਾ ਤੜਕੇ ਸੰਦੇਹਾਂ ਈ ਨਾਹ ਧੋ ਕੇ ਫੌਜੀਆਂ ਦੀ ਜੀਪ ਅੰਗੂ ਲਿਸ਼ਕਿਆ ਫਿਰੇ। ਜਾਕੇ ਤਾਏ ਨੂੰ ਕੈਂਹਦਾ,"ਤਾਇਆ ਰਿਜ਼ਲਟ ਲੈ ਕੇ ਆਉਣਾ ਅੱਜ"।
ਤਾਏ ਨੇ ਗੁਰਦਆਰੇ ਬੰਨੀਂ ਹੱਥ ਜੋੜਕੇ ਨੇਹਚਾ ਨਾਲ ਸੁੱਖ ਸੁਖਲੀ ਬੀ," ਬਾਬਾ ਨਾਨਕਾ ਰਕਾੜ ਤੋੜਦੇ ,ਐਂਰਕੀਂ ਨਿੱਕੇ ਨੂੰ ਦਸਮੀਂ ਟਪਾਦੇ"। ਪਹਿਲਾਂ ਸਾਡੇ ਟੱਬਰ 'ਚੋਂ ਸਾਰੇ ਅੱਠਮੀਂ 'ਚ ਈ ਪੈਨਸ਼ਨ ਪਾਗੇ ਸੀਗੇ। ਆਅਅ ਕੀ ਡੂਢ ਕ ਬਜੇ ਗਰਨੈਬ ਸੂੰਹ ਆਕੇ ਕੈਂਹਦਾ ਤਾਇਆ ਜਰ ਦਸਮੀਂ 'ਚੋਂ ਕੰਪਾਟਮੈਂਟ ਆਗੀ।
ਐਡਾ ਭਾਰਾ ਲਫਜ਼ ਸੁਣਕੇ ਸਾਡਾ ਸਾਰਾ ਟੱਬਰ ਚਾਅ ਨਾਲ ਕੋਠੇ ਜਿੱਡਾ ਹੋ ਹੋ ਬੁੜ੍ਹਕੇ ਬੀ ਪਾਸ ਤਾਂ ਜਣਾ ਖਣਾ ਈ ਹੋਈ ਜਾਂਦਾ ਕੰਪਾਟਮੈਂਟ ਤਾਂ ਉਹਤੋਂ ਵੀ ਉੱਤੋਂ ਦੀ ਹੋਊ ਕਿਤੇ। ਤਾਏ ਨੂੰ ਐਂ ਸੀਗਾ ਬੀ ਜੇ ਦਸਮੀਂ ਪਾਸ ਸਿੱਧੇ ਫੌਜੀ ਲੱਗਦੇ ਨੇ ਤਾਂ ਫੇਰ ਕੰਪਾਟਮੈਂਟ ਆਲਾ ਤਾਂ ਸਿੱਧਾ ਕਰਨਲ ਲੱਗਾ ਲੈ। ਤਾਏ ਅਰਗੇ ਲੀਜ਼ੀ ਬੀਜ਼ੀ ਦੇ ਕੁੜਤੇ ਪਜਾਮੇ ਪਾਕੇ ਨਾਲ ਫਾੜੀਆਂ ਆਲੀ ਪੱਗ ਬੰਨ੍ਹਕੇ ਗੁਰਦਆਰੇ ਜਾਵੜੇ ਸੁੱਖ ਦੇਣ। ਰਾਹ 'ਚੋਂ ਤਾਏ ਅਰਗੇਆਂ ਨੇ ਹੱਟ ਤੋਂ ਪਸੇਰੀ ਪੱਕੇ ਲੱਡੂ ਫੜ੍ਹਲੇ ।
ਜੇਹੜਾ ਰਾਹ 'ਚ ਟੱਕਰੇ ਨਾਏ ਤਾਂ ਤਾਏ ਅਰਗੇ ਲੱਡੂ ਵੰਡਦੇ ਫਿਰਨ ਨਾਏ ਦੱਸੀਂ ਜਾਣ ਬੀ ਨਿੱਕੇ ਦੀ ਕੰਪਾਟਮੈਂਟ ਆਗੀ। ਸਾਰੇ ਪਿੰਡ ਨੂੰ ਲੋਹੜੇਆਂ ਦਾ ਚਾਅ ਭਰਾਵਾ। ਆਥਣੇ ਘਰੇ ਆਕੇ ਤਾਏ ਨੇ ਨਿੱਕੇ ਨੂੰ ਸੋਬਤ ਈ ਪੁੱਛ ਲਿਆ ਬੀ ਕੰਪਾਟਮੈਂਟ ਕੀ ਹੁੰਦੀ ਆ ਓਏ?
ਨਿੱਕਾ ਚਿੱਤ ਜਾ ਕਰੜਾ ਕਰਕੇ ਕੈਂਹਦਾ," ਤਾਇਆ ਜਰ ਦੋ ਪੇਪਰਾਂ 'ਚੋਂ ਰਹਿ ਗਿਆ"। ਤਾਏ ਨੇ ਬੋਚ ਕੇ ਜੇ ਖੱਬੇ ਪੈਰ ਦਾ ਜੋੜਾ ਲਾਹ ਲਿਆ। ਆਅਅ ਕੀ ਫਿਰ ਬਠਿੰਡੇ ਜੰਕਸ਼ਨ ਦੀਆਂ ਰੇਲਾਂ ਅੰਗੂ ਪਾਂ ਪਾਂ ਈ ਸੁਣੇ ਸਾਡੇ ਆਲੇ ਦੀ.....ਪੁੱਛਲੋ ਭਮਾਂ ਏਹਨੂੰ....ਘੁੱਦਾ

ਨਗਰ ਕੀਰਤਨ....ਵਿਚਲੀ ਗੱਲ

ਆਹ ਦਿਨਾਂ 'ਚ ਪਿੰਡਾਂ ਸ਼ੈਹਰਾਂ 'ਚ ਨੱਗਰ ਕੀਰਤਨ ਬਾਹਲੇ ਹੁੰਦੇ ਨੇ। ਏਹਨਾਂ ਨਗਰ ਕੀਰਤਨਾਂ 'ਚ ਚੱਲਦੇ ਸੂਬੀ ਬੰਬ ਭੜਾਕੇ, ਲੋੜੋਂ ਵੱਧ ਪੱਕਦੇ ਲੰਗਰ, ਟਰੈਫਿਕ ਦੀ ਡਿੱਕਤਦਾਰੀ ਦੇ ਅਸੀਂ ਵੀ ਖਿਲਾਫ ਆਂ।
ਪਰ ਕਈ ਫੇਸਬੁਕੀਏ ਬੁੱਧੀਜੀਵੀ ਆਵਦੇ ਆਪ ਨੂੰ ਬਾਹਲਾ ਸਿਆਣਾ ਸਿੱਧ ਕਰਨ ਖਾਤਰ ਨਗਰ ਕੀਰਤਨਾਂ ਦੇ ਖਿਲਾਫ ਡੇਢ ਡੇਢ ਫੁੱਟ ਦੇ ਲੇਖ ਲਿਖਕੇ ਫੇਸਬੁੱਕ ਤੇ ਪਾ ਰਹੇ ਨੇ।
ਗੌਰ ਕਰਿਓ ਜਦੋਂ ਆਪਣੇ ਅਰਗੇ ਦਾ ਜਨਮਦਿਨ ਹੁੰਦਾ ਓਦੋਂ ਗੰਢੇ ਚੀਰਣ ਆਲੀ ਸੜੀ ਜੀ ਕਰਦ ਨਾ ਬੇਹਾ ਜਾ ਕੇਕ ਕੱਟਕੇ ਚਾਰ ਕ ਜਣੇ ਤਾੜੀਆਂ ਮਾਰਕੇ ਸੈੜ ਤੇ ਹੋ ਜਾਂਦੇ ਨੇ।
ਕੁੱਲ ਦੁਨੀਆਂ ਤੇ ਗੋਬਿੰਦ ਸਿੰਘ ਹੋਣਾਂ ਦੇ ਜਨਮ ਦਿਨ ਤਾਂਹੀ ਮਨਾਏ ਜਾਂਦੇ ਨੇ ਕਿਓਕੇਂ ਉਹਨ੍ਹਾਂ ਨਿੱਜ ਤੋਂ ਉੱਤੇ ਉੱਠਕੇ ਲੋਕਾਂ ਖਾਤਰ ਵੀ ਕੁੱਝ ਕਰਿਆ ਸੀ।
ਅਗਲੀ ਗੱਲ ਦੀਵਾਲੀ ਵੇਲੇ ਘਰਾਂ ਦੀ ਸਫਾਈ ਕਰੀ ਜਾਂਦੀ ਆ ਫੇਰ ਕੇਹੜਾ ਲੱਛਮੀ ਮਾਤਾ ਆਕੇ ਕੁੜਤੇ ਦੀ ਉੱਤਲੀ ਜੇਬ 'ਚ ਹਜ਼ਾਰ ਹਜ਼ਾਰ ਦੇ ਨੋਟ ਪਾ ਜਾਂਦੀ ਆ । ਏਮੇਂ ਜਿਮੇਂ ਨੱਗਰ ਕੀਰਤਨਾਂ ਦੇ ਪੱਜ ਨਾ ਮੁਲਖ ਘੱਟੋ ਘੱਟ ਪਿੰਡ ਦੀਆਂ ਗਲੀਆਂ ਨਾਲੀਆਂ ਤਾਂ ਸਾਫ ਕਰ ਲੈਂਦਾ, ਊਂ ਦੱਸੋਂ ਕੇਹੜਾ ਕਰਦਾ ? ਬਾਕੀ ਸਿਰੇ ਜਾਤਾਂ ਪਾਤਾਂ ਤੋਂ ਪਾਸੇ ਹੋਕੇ ਮੁਲਖ ਕੱਠਾ ਹੋਕੇ ਤੁਰਦਾ, ਲੜੇ ਘਰ ਬਹਾਨੇ ਨਾਲ ਫੇਰ ਕੱਠੇ ਹੁੰਦੇ ਨੇ। ਘੁਕਣ ਆਲੀਆਂ ਕੁਰਸੀਆਂ ਤੇ ਬਹਿਕੇ ਸਟੇਟਸ ਲਿਖਣ ਆਲੇਆਂ ਨੂੰ ਸਨੇਹਾ ਲਾਇਓ ਕਦੇ ਪਿੰਡਾਂ 'ਚ ਆਕੇ ਮਹੌਲ ਦੇਖਣ। ਬਾਕੀ ਸਿਰੇ ਬਾਜ਼ਾਂ ਆਲੇ ਬਾਈ ਦੇ ਗੁਰਪੁਰਬ ਦੀਆਂ ਸਾਰੇਆਂ ਨੂੰ ਮੁਬਾਰਕਾਂ....ਘੁੱਦਾ

ਬੇਬੇ ਮਾਰ ਚੌਂਕੜਾ ਬਹਿਗੀ -- ਟੂ

ਨਿਗਾਹ ਮਾਰ ਚੁਫੇਰੇ ਤੇ ਤਣੇ ਕੌਮ ਤੇ ਬੱਦਲ ਕਾਲੇ
ਕਿੱਥੋਂ ਸਿੰਘ ਛੁਡਾਲਾਂਗੇ ਸਾਡੇ ਤਖਤ ਗੁਲਾਮ ਨੇ ਹਾਲੇ
ਸੁਣਿਆ ਵਿੱਚ ਪਟਨੇ ਦੇ ਪੱਗ ਜਥੇਦਾਰ ਦੀ ਲਹਿਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਨਮੀਂ ਆਪ ਪਾਰਟੀ ਨੇ ਦਿੱਲੀ ਵਿੱਚ ਬੂਥ ਲਵਾਤੀ
ਸ਼ੀਲਾ ਦੀਕਸ਼ਿਤ ਦੀ ਚੱਕ ਕੁਰਸੀ ਖੂੰਜੇ ਡਾਹਤੀ
ਕਰ ਵਰਤੋਂ ਪੰਜੇ ਦੀ ਬਹੁਕਰ ਫੁੱਲ ਸੁੰਭਰ ਕੇ ਲੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਮਿਲੀਭੁਗਤ ਸਿਆਸਤ ਦੀ ਭਲਵਾਨ ਦੱਸਦਾ ਭੋਲਾ
ਫੜ੍ਹ ਤੱਕੜੀ ਨਾਨਕ ਦੀ ਤੁਰਿਆ ਫਿਰੇ ਠੱਗਾਂ ਦਾ ਟੋਲਾ
ਕੁੱਲ ਵਿਕੇ ਮੀਡੀਏ ਦੀ ਜ਼ਮੀਰ ਵੀ ਕੋਕੋ ਲੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਬੜਾ ਟੋਕਿਆ ਲੋਕਾਂ ਨੇ ਨਾ ਹਟਿਆ ਲਿਖਣੋਂ 'ਘੁੱਦਾ'
ਡੱਕੇ ਪੱਤਰਕਾਰਾਂ ਨੂੰ ਲੱਭਿਆ ਦੇਵਯਾਨੀ ਦਾ ਮੁੱਦਾ
ਹੁਣ ਛੱਡਦੇ ਨਹੀਂ ਬੀਬਾ ਤੂੰ ਅਮਰੀਕਾ ਦੇ ਵੱਸ ਪੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ