Monday, 25 November 2013

ਜੇ ਨਾ ਫਾਂਸੀਆਂ ਚੜ੍ਹੇ ਹੁੰਦੇ

ਦੱਸ ਚੇਤੇ ਕੌਣ ਕਰਦਾ ਛੋਟੇ ਪੁੱਤਰਾਂ ਨੂੰ
ਹਿੱਕ ਤਾਣ ਜੇ ਨਾ ਨੀਹਾਂ ਵਿੱਚ ਖੜ੍ਹੇ ਹੁੰਦੇ
ਮਾਫ ਕਰਦਾ ਕੌਣ ਬੇਦਾਵਾ ਦੇਣ ਵਾਲੇਆਂ ਨੂੰ
ਜੇ ਮੂਹਰੇ ਹੋਕੇ ਨਾ ਖਿਦਰਾਣੇ ਆਣ ਲੜੇ ਹੁੰਦੇ
ਕੀਹਨੇ ਕਰਨੀ ਸੀ ਗੱਲ ਮਤੀ ਦਾਸ ਤੇਰੀ
ਜੇ ਪਿੰਡੇ ਵਲੇ੍ਹਟੀ ਰੂੰ ਵਿੱਚ ਨਾ ਸੜੇ ਹੁੰਦੇ
ਗੱਲ ਛਿੜਦੀ ਸ਼ਹਿਬਾਜ ਸੁਬੇਗ ਦੀ ਤਾਂਹੀਓ
ਜੇਹੜੇ ਚਰਖੜੀਆਂ ਉੱਤੇ ਵੀ ਚੜ੍ਹੇ ਹੁੰਦੇ
ਕਾਲੇ ਕੇਸ ਸਫੈਦੀ ਛੇਤੀ ਫੜ੍ਹਦੇ ਨਾ
ਗਦਰੀ ਕਾਲੇ ਪਾਣੀਆਂ ਜੇ ਨਾ ਵੜੇ ਹੁੰਦੇ
ਗੱਲ ਲੰਡਨ ਤਾਂਈ ਹੁੰਦੀ ਉਹਨ੍ਹਾਂ ਸ਼ੇਰਾਂ ਦੀ
ਲੁਕਾਏ ਕਿਤਾਬਾਂ 'ਚ ਪਸਤੌਲ ਫੜ੍ਹੇ ਹੁੰਦੇ
ਘੁੱਦੇ ਕੌਣ ਕਰਦਾ ਚੇਤੇ ਭਗਤ ਸਰਾਭੇਆਂ ਨੂੰ
ਚੜ੍ਹਦੀ ਜਵਾਨੀ ਜੇ ਨਾ ਫਾਂਸੀਆਂ ਚੜ੍ਹੇ ਹੁੰਦੇ

ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਜੋੜ ਪਾਥੀਆਂ ਦਾ ਗੂਣਾ, ਮੈਂ ਲਾਈ ਬੈਠੀ ਧੂਣਾ
ਚੁੱਲ੍ਹੇ ਦੁੱਧ ਕੜ੍ਹਦਾ
ਕੁਝ ਡਰਦੀ ਨਾ ਕੈਂਹਦੀ, ਨਿਗਾਹ ਬੂਹੇ ਵੱਲ ਰਹਿੰਦੀ
ਕੌਣ ਆਣ ਵੜਦਾ
ਵਗੇ ਪੁਰੇ ਵੱਲੋਂ ਬੁੱਲ੍ਹਾ, ਬਾਰ ਯਕਦਮ ਖੁੱਲ੍ਹਾ
ਜਿੰਦ ਸੂਲੀ ਟੰਗ ਗੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਸੁਤਾ ਤੇਰੇ ਵੱਲ ਰਹੇ, ਧੂੜ ਉੱਡ ਰਹੀ ਪਹੇ
ਡਾਕੀਏ ਦੀ ਪੈੜਚਾਲ ਸੁਣਦੀ
ਵਾਲ ਅਣਵਾਹੇ ਖੁੱਲ੍ਹੇ, ਚਾਹ ਹੱਥ ਉੱਤੇ ਡੁੱਲ੍ਹੇ
ਸੀ ਜਦੋਂ ਚਾਹ ਪੁਣਦੀ
ਸ਼ਰੀਕਣੀ ਕੋਈ ਆਈ, ਚਿੱਠੀ ਹੱਥ 'ਚ ਹਲਾਈ
ਨਾਲੇ ਉਹ ਓਪਰੀ ਜੀ ਖੰਘ ਖੰਘਗੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਰੁੱਗ ਮੈਦੇ ਦੇ ਕੋਈ ਲਾਵੇ, ਇੱਕ ਘੋੜੀ ਨੂੰ ਘੁਕਾਵੇ
ਸੇਵੀਆਂ ਮੈਂ ਪਾਵਾਂ ਸੁੱਕਣੇ
ਫੁੱਲ ਧਰੇਕਾਂ ਉੱਤੋਂ ਕਿਰੇ, ਵੇਹੜੇ ਬਹੁਕਰ ਨਾ ਫਿਰੇ
ਖੌਣੀ ਕਦੋਂ ਕੰਮ ਮੁੱਕਣੇ
ਨੀ ਕਪਾਹ ਮੈਂ ਪਿੰਜਾਈ, ਆਪੇ ਭਰਦੀ ਰਜਾਈ
ਹੱਥੀਂ ਆਪ ਹੀ ਨਗੰਦ ਦੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਕੱਢਾਂ ਆਥਣੇ ਜੇ ਧਾਰਾਂ, ਹੋਰ ਕੰਮ ਨੇ ਹਜ਼ਾਰਾਂ
ਹੱਥ ਕੋਈ ਨਾ ਵਟਾਵੇ
ਨਿੱਤ ਗੁਰੂ ਘਰੇ ਜਾਵਾਂ, ਇੱਕੋ ਮੰਨਤ ਮਨਾਵਾਂ
ਬਾਬਾ ਨਾਨਕ ਮਿਲਾਵੇ
ਵੇਖ ਟੀਪ ਕੰਧ ਬੰਨੀਂ, ਦੰਦਾਂ ਚੱਬ ਦਿੱਤੀ ਕੰਨੀਂ
ਫੋਟੋ ਤੇਰੀ ਵੇਖ ਸੰਗ ਗੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ......ਘੁੱਦਾ

ਚੌਦਾਂ ਨਵੰਬਰ

ਬੇਬੇ ਅਰਗੀਆਂ ਦੁਨੀਆਂ ਤੇ ਸਭ ਕਾਸੇ ਤੋਂ ਸਰਬੋਤਮ ਹੁੰਦੀਆਂ ਨੇ । ਜਵਾਕ ਜੱਲੇ ਉਮਰ , ਅਹੁਦੇ ਜਾਂ ਕੱਦ ਕਾਠ ਦੇ ਕਿੱਡੇ ਮਰਜ਼ੀ ਹੋਣ, ਏਹਨਾਂ ਖਾਤਰ ਨਿਆਣੇ ਈ ਹੁੰਦੇ ਨੇ। ਹੈਨਾਂ ਗੱਲਾਂ ਕਰਕੇ ਈ ਮਾਣਕ ਸਮੇਤ ਕਈ ਸਿਰਕੱਢ ਕਲਾਕਾਰਾਂ ਬੇਬੇ ਹੋਣਾਂ ਤੇ ਬੜਾ ਜਚਕੇ ਗਾਇਆ ।
ਆਦਰ - ਸਤਕਾਰ ਵਜੋਂ ਈ ਦੇਸ਼, ਬੋਲੀ, ਖੇਡਾਂ ਮੂਹਰੇ ਮਾਂ ਸ਼ਬਦ ਲਾਕੇ ਵਡਿਆਇਆ ਜਾਂਦਾ। ਜਿਮੇਂ ਮਾ- ਬੋਲੀ, ਮਾਂ - ਖੇਡ ਜਾਂ ਮਾਤ ਭੂਮੀ ਕਿਹਾ ਜਾਂਦਾ। ਹਰਿੱਕ ਬੰਦਾ ਚੰਗੀ ਮਾੜੀ ਗੱਲ ਪਹਿਲੋਂ ਮਾਤਾ ਅਰਗੀਆਂ ਨਾ ਸ਼ੇਅਰ ਕਰਦਾ ਤੇ ਬੇਬੇ ਹੋਣੀਂ ਸਹਿ -ਸਭੈਹਕੀ ਸਭ ਸੰਭਾਲਣ ਦੀ ਸਮਰੱਥਾ ਰੱਖਦੀਆਂ ਨੇ।
ਐਸ ਸਭ ਕਾਸੇ ਦਾ ਦੂਜਾ ਪੱਖ ਬਾਪੂ ਅਰਗੇ ਹੁੰਦੇ ਨੇ। ਬਾਪੂ ਹੋਣਾਂ ਦੀ ਬਹੁਤ ਵੱਡੀ ਝੇਪ ਹੁੰਦੀ ਆ ਜਵਾਕਾਂ ਨੂੰ। ਜਿਮੇਂ ਬਾਪੂ ਦੇ ਡਰ ਨਾ ਤੜਕੇ ਮੂੰਹ ਨੇਹਰੇ ਉੱਠਕੇ ਪੀਨਕ ਲਾ ਭੜਾਈ ਕਰਨੀ। ਆਥਣੇ ਦਾਵੀ - ਦੁੱਕਣੇ ਖੇਡ ਕੇ ਚੋਰਿਓਂ ਘਰ ਦੀ ਪਿਛਲੀ ਕੰਧ ਟੱਪਕੇ ਘਰੇ ਆਉਣਾ ਬੀ ਕਿਤੇ ਅੱਗੋਂ ਸਰੋਪੇ ਨਾ ਪੈਣ।
ਏਸੇ ਕਰਕੇ ਅਡੋਲਫ ਹਿਟਲਰ ਨੇ ਆਵਦੀ ਸਵੈ ਜੀਵਨੀ 'ਚ motherland ਦੀ ਥਾਂ fatherland ਲਿਖਿਆ ਸਾਰੇ ਕਿਤੇ ।
ਰੱਬ ਦਾ ਪਤਾ ਨੀਂ ਹੈਗਾ ਕਿ ਨਹੀਂ । ਪਰ ਬੇਬੇ - ਬਾਪੂ ਹੋਣੀਂ ਸਭ ਤੋਂ ਉੱਤੋਂ ਹੁੰਦੇ ਨੇ। ਅੱਜ ਮੇਰੇ ਬਾਪੂ ਹੋਣਾਂ ਦਾ ਜਨਮ ਦਿਨ ਆ....ਘੁੱਦਾ

ਕਿਸੇ ਕੰਮ ਨਾਂ

ਸੱਪ ਜ਼ਹਿਰ ਬਿਨਾਂ , ਪੈਲੀ ਨਹਿਰ ਬਿਨਾਂ
ਤੇ ਅਮਲੀ ਲਹਿਰ ਬਿਨਾਂ ਕਿਸੇ ਕੰਮ ਨਾਂ
ਰਾਜਾ ਵਜ਼ੀਰੀ ਬਿਨਾਂ, ਜਾਪਾ ਪੰਜੀਰੀ ਬਿਨਾਂ
ਤੇ ਜੱਟ ਸੀਰੀ ਬਿਨਾਂ ਕਿਸੇ ਕੰਮ ਨਾਂ
ਸਾਕ ਇਤਬਾਰ ਬਿਨਾਂ, ਘੋੜਾ ਸਵਾਰ ਬਿਨਾ
ਤੇ ਫੌਜੀ ਹਥਿਆਰ ਬਿਨਾਂ ਕਿਸੇ ਕੰਮ ਨਾਂ
ਪਿੰਡ ਸੱਥ ਬਿਨਾਂ , ਵਹੁਟੀ ਨੱਥ ਬਿਨਾਂ
ਤੇ ਰਾਜਾ ਰੱਥ ਬਿਨਾਂ ਕਿਸੇ ਕੰਮ ਨਾਂ
ਸਾਉਣ ਤੀਆਂ ਬਿਨਾਂ, ਮਾਪੇ ਧੀਆਂ ਬਿਨਾਂ
ਤੇ ਝੋਨਾ ਮੀਹਾਂ ਬਿਨਾਂ ਕਿਸੇ ਕੰਮ ਨਾਂ
ਗਰੀਬ ਢਾਰੇ ਬਿਨਾਂ, ਨੇਤਾ ਲਾਰੇ ਬਿਨਾਂ
ਤੇ ਛੜਾ ਚੁਬਾਰੇ ਬਿਨਾਂ ਕਿਸੇ ਕੰਮ ਨਾਂ
ਭਲਵਾਨ ਘਿਓ ਬਿਨਾਂ, ਪੁੱਤ ਪਿਓ ਬਿਨਾਂ
ਤੇ ਹਿਮਾਚਲ ਸਿਓ ਬਿਨਾਂ ਕਿਸੇ ਕੰਮ ਨਾਂ
ਅਥਲੀਟ ਭਾਜ ਬਿਨਾਂ, ਕੁਮੈਂਟੇਟਰ ਵਾਜ਼ ਬਿਨਾਂ
ਤੇ ਕਲਾਕਾਰ ਸਾਜ਼ ਬਿਨਾਂ ਕਿਸੇ ਕੰਮ ਨਾਂ
ਕਵਾਰੀ ਪੱਤ ਬਿਨਾਂ, ਗੁਰੂ ਮੱਤ ਬਿਨਾਂ
ਤੇ ਭੇਡੂ ਜੱਤ ਬਿਨਾਂ ਕਿਸੇ ਕੰਮ ਨਾਂ
ਖੇਤ ਪਹੀ ਬਿਨਾਂ, ਕਿਸਾਨ ਕਹੀ ਬਿਨਾਂ
ਤੇ ਘੁੱਦੇ ਸ਼ਾਹ ਵਹੀ ਬਿਨਾਂ ਕਿਸੇ ਕੰਮ ਨਾਂ

ਸੀਰੇ ਆਲੀ ਗੱਲ

ਸਾਡੇ ਏਥੇ ਬਾਹਲਾ ਮੁਲਖ ਅੱਠ ਅੱਠ ਜਮਾਤਾਂ ਕਰਕੇ ਟੈਮ ਨਾ ਈ ਸਕੂਲੋਂ ਰਟੈਰਮੈਂਟ ਲੈ ਕੇ ਖੇਤੀਬਾੜੀਆਂ 'ਚ ਲੱਗ ਜਾਂਦਾ।
ਆਥਣੇ ਸ਼ਗਮਲਾਂ ਦੀ ਸਬਜ਼ੀ ਨਾਲ ਅੱਠ ਅੱਠ ਰੋਟੀਆਂ ਪਾੜਕੇ ਅੱਠ ਕ ਵਜੇ ਸੱਥ 'ਚ ਆ ਜਾਂਦੇ ਆ। ਘਸਮੈਲੀਆਂ ਜੀਆਂ ਲੋਈਆਂ ਦੀਆਂ ਬੁੱਕਲਾਂ ਮਾਰਕੇ ਗੱਲਾਂ ਸੁਣਾ ਸੁਣਾ ਬੱਖਲ ਕੱਠੇ ਕਰਾ ਦੇਂਦੇ ਆ ਕੰਜਦੇ। ਪਰਸੋਂ ਇੱਕ ਨੇ ਗੱਲ ਸੁਣਾਈ।
ਕਹਿੰਦਾ ਕੇਰਾਂ ਏਮੇਂ ਜਿਮੇਂ ਆਹੀ ਕੱਤੇ ਮੱਘਰ ਦੇ ਠੰਢੇ ਤੱਤੇ ਜੇ ਦਿਨ ਸੀਗੇ। ਕਿਸੇ ਦਾ ਜਵਾਈ ਪਹਿਲੀ ਆਰੀ ਆਵਦੇ ਸਹੁਰੀ ਬਾਗਿਆ।
ਸਹੁਰਿਆਂ ਘਰੇ ਵਾਹਵਾ ਕੱਠ ਬੀ ਪ੍ਰਾਹੁਣਾ ਪਹਿਲੀ ਆਰੀ ਆਉਣਾ। ਮੇਚ, ਕੁਰਸੀਆਂ , ਸੋਫੇ ਪੂਰਾ ਫੁੱਲ ਮਹੌਲ। ਜਵਾਈ ਨੇ ਜਾਕੇ ਸੱਸ ਸਹੁਰੇ ਦੇ ਗੋਡੇ ਹੱਥ ਲਾਤੇ ਤੇ ਬਾਕੀਆਂ ਨੂੰ ਚਲਾਮੀਂ ਜੀ ਸਸਰੀਕਾਲ ਬਲਾਕੇ ਭੁੰਜੇ ਬਹਿ ਗਿਆ । ਸੱਸ ਕੈਂਹਦੀ ਪੁੱਤ 'ਤਾਹਾਂ ਸੋਫੇ ਤੇ ਬਹਿਜਾ ਭੁੰਜੇ ਕਾਹਨੂੰ ਬਹਿਣਾ। ਪ੍ਰਾਹੁਣਾ ਕਹਿੰਦਾ ਨਹੀਂ ਮਾਤਾ ਸੋਫੇਆਂ ਤੇ ਤਾਂ ਗਰੀਬ ਨੰਗ ਲੋਕ ਬਹਿੰਦੇ ਆ ,ਬੱਡੇ ਘਰਾਂ ਦੇ ਕਾਕੇ ਤਾਂ ਭੁੰਜੇ ਜ਼ਮੀਨ ਤੇ ਈ ਬਹਿਣਗੇ। ਟੱਬਰ ਦੇ ਪੈਰ ਨਿਕਲਗੇ ਬੀ ਆਹ ਕੇਹੜੇ ਨਾਭੇ ਆਲੇ ਰਾਜੇ ਦਾ ਭਤਰੀਆ ਆ ਗਿਆ। ਸੱਸ ਕਹਿੰਦੀ ਪੁੱਤ ਸੋਫੇਆਂ ਤੇ ਗਰੀਬ ਬਹਿਣ ਆਲੀ ਗੱਲ ਸਮਝ ਨੀਂ ਆਈ, ਬੀ ਕੀ ਗਲਾਰੀ ਆ । ਪ੍ਰਾਹੁਣਾ ਕਹਿੰਦਾ ਮਾਤਾ ਸੋਫਾ ਪੱਚੀ ਹਜ਼ਾਰ ਦਾ , ਜ਼ਮੀਨ ਦੋ ਲੱਖ ਨੂੰ ਮਰਲਾ ਹੋਇਆ ਪਿਆ । ਟੱਬਰ ਬੱਖੀਆਂ ਫੜ੍ਹਕੇ ਕੰਧਾਂ ਨਾ ਵੱਜਦਾ ਫਿਰੇ....ਘੁੱਦਾ

ਥਾਵਾਂ ਦੀ ਮਹੱਤਤਾ

ਬਠਿੰਡੇ ਜਿੱਡਾ ਟੇਸ਼ਨ ਹੈਨੀ
ਖੰਨੇ ਜੈਸੀ ਮੰਡੀ
ਫਿਰੋਜ਼ਪੁਰ ਜੇਹੀ ਪੈਲੀ ਹੈਨੀ
ਸੰਤਾਲੀ ਜੈਸੀ ਵੰਡੀ
ਹਿਮਾਚਲ ਅਰਗੀ ਸ਼ਾਤੀ ਹੈਨੀ
ਦਿੱਲੀ ਬਾਹਲੀ ਭੀੜ
ਲੁੱਦੇਆਣੇ ਟਰੈਫਿਕ ਬਾਹਲਾ
ਮਾਨਸਾ ਬੰਨੀਂ ਸੀੜ੍ਹ
ਤਲਵੰਡੀ ਸੰਦ ਖੇਤੀ ਦੇ ਬਣਦੇ
ਭਗਤੇ ਬਨਣ ਹੜੰਬੇ
ਮੁਕਸਰ ਜੁੱਤੀ ਚੰਗੀ ਮਿਲਦੀ
ਫਰੀਦਕੋਟ ਮੇਲੇ ਤੇ ਟੰਬੇ
ਅੰਬਰਸਰ 'ਚ ਸਿੱਖੀ ਬਾਹਲੀ
ਤੇਲੰਗਾਨਾ ਵੱਲ ਫਸਾਦ
ਰਾਜਸਥਾਨ 'ਚ ਊਠ ਸੁਣੀਂਦੇ
ਯੂ. ਪੀ ਬਾਹਲੇ ਕਮਾਦ
ਪਟਿਆਲੇ ਵਿੱਚ ਹਰਿਆਲੀ ਵਾਹਵਾ
ਕੇਰਲ ਬਾਹਲੀ ਪੜ੍ਹਾਈ
ਅਸਾਮ 'ਚ ਚਾਹ ਦੀ ਖੇਤੀ ਕਰਦੇ
ਕਸ਼ਮੀਰ 'ਚ ਨਿੱਤ ਲੜਾਈ
ਗੋਆ ਵਿੱਚ ਰਮਣੀਕ ਨੇ ਥਾਵਾਂ
ਬੰਬੇ ਰਹਿਣ ਸਟਾਰ
ਵਿੱਚ ਗੁਜਰਾਤ ਦੇ ਸੈਰਗਾਹਾਂ ਨੇ
ਦੱਖਣ ਵਿੱਚ ਪਠਾਰ
ਦਿਸਪੁਰ ਮੀਟ ਕੁੱਤੇ ਦਾ ਵਿਕਦਾ
ਛੱਤੀਸਗੜ੍ਹ 'ਚ ਹੋਣ ਧਮਾਕੇ
ਮਥਰਾ ਦੇ ਵਿੱਚ ਮੰਦਰ ਬਾਹਲੇ
ਮਲਮਲ ਮਿਲਦੀ ਢਾਕੇ
ਉਤਰਾਖੰਡ 'ਚ ਪਰਬਤ ਖੁਰਦੇ
ਸੀ ਆਈ ਮੁਸੀਬਤ ਡਾਹਢੀ
ਖੇਤੀ ਵਿੱਚ ਹੁਣ ਹਰਿਆਣਾ ਮੂਹਰੇ
'ਘੁੱਦਿਆ' ਪੰਜਾਬ ਹੋਗਿਆ ਫਾਡੀ

ਨਿਹੰਗ ਸਿੰਘਾਂ ਦੇ ਬੋਲੇ...ਹੰਸ ਸਿੰਘ ਬਰਾੜ ਦੀ ਰਚਨਾ

ਮਲੋਟ ਬੰਨੀਂ ਪੈਂਦੇ ਪਿੰਡ ਮਾਹਣੀਖੇੜੇ ਦੇ ਵਸਨੀਕ ਸੂਬੇਦਾਰ ਹੰਸ ਸਿੰਘ ਬਰਾੜ ਦੀ ਸਰਬੋਤਮ ਲਿਖਤ । ਨਿਹੰਗ ਸਿੰਘਾਂ ਦੇ ਬੋਲੇ। ਸੁਣ ਸੁਣ ਕੇ ਟਾਈਪ ਕਰੀ ਆ, ਗਹੁ ਨਾਲ । ਲੰਮੀ ਜ਼ਰੂਰ ਆ ਪੜ੍ਹਿਆ ਲਾਜ਼ਮੀ । ਜਿੱਥੇ ਕਿਸੇ ਦਾ ਸੂਤ ਲੱਗੇ ਸੇਵ ਕਰਕੇ ਰੱਖਿਓ। ਧੰਨਵਾਦ।

ਬੋਲੇ ਨਿਹੰਗਾਂ ਸਿੰਘਾਂ ਦੇ ਸੁਣ ਸੁਣ ਲਵੋ ਅਨੰਦ
ਸ਼ਾਇਰੀ ਹੰਸ ਬਰਾੜ ਦੀ ਮਿੱਠੇ ਮਿਸ਼ਰਿਓ ਛੰਦ
ਜਦੋਂ ਫੌਜ ਜੰਗ 'ਚ ਟੱਕਰ ਲੈਂਦੀ ਆ
ਬੋਲੀ ਆਪੋ ਆਪਣੀ ਬਣਾਉਣੀ ਪੈਂਦੀ ਆ
ਅਜੀਬ ਗੱਲ ਰਲਦੀ ਕਿਸੇ ਦੇ ਸੱਗੇ ਨਾ
ਐਸਾ ਟੱਪਾ ਬੋਲਣਾ ਸਮਝ ਲੱਗੇ ਨਾ
ਡਰ ਭੱਜ ਜਾਂਦੇ ਖਾਨ ਵਾਲੇ ਹਿੰਗਾਂ ਦੇ
ਸੁਣੋ ਕੋਡ ਵਾਰਡ ਨਿਹੰਗ ਸਿੰਘਾਂ ਦੇ
ਅੱਖੀਆਂ ਨੂੰ ਨੇਤਰ ਕਮਰ ਤਿੱਕ ਨੂੰ
ਸਵਾ ਲੱਖ ਆਖਦੇ ਸਿਰਫ ਇੱਕ ਨੂੰ
ਦਿਆਲ ਕੌਰ ਕੜਛੀ ਵਸਾਵਾ ਤਵੇ ਨੂੰ
ਭੁਝੰਗੀ ਕਹਿ ਬੁਲਾਉਂਦੇ ਆ ਜਵਾਨ ਲਵੇ ਨੂੰ
ਚਰਨਦਾਸੀ ਆਖਣ ਜੁੱਤੀ ਜਾਂ ਜੋੜੇ ਨੂੰ
ਘੋੜੀ ਨੂੰ ਅਰਕਣਾ ਅਰਕ ਘੋੜੇ ਨੂੰ
ਬੋਲੇ ਨੂੰ ਚੁਬਾਰੇ ਚੜ੍ਹਿਆ ਆਖ ਛੱਡਿਆ
ਸੁਰਗਾਦਵਾਰੀ ਜੀਹਦਾ ਨੱਕ ਵੱਢਿਆ
ਤਬਦੀਨ ਕੁੱਤਾ ਤੇ ਪੰਡਤ ਗੌੜ ਜੀ
ਜੂੰਆਂ ਜੇ ਲੜਨ ਹੁੰਦੀ ਘੋੜ ਦੌੜ ਜੀ
ਪੈਜੇ ਕਦੇ ਪੁੱਠੀ ਜੇ ਪੁਸ਼ਾਕ ਪਾਉਣੀ ਆ
ਉਹਨੂੰ ਕਹਿੰਦੇ ਕੀਤੀ ਤਬਦੀਲ ਛਾਉਣੀ ਆ
ਦਾਤਣ ਨੂੰ ਮੁੱਖ ਮੰਜਣ ਅਲਾਪਦੇ
ਵਿਗੜੇ ਵਏ ਯਾਰ ਨਾ ਏਹ ਸਕੇ ਬਾਪ ਦੇ
ਸਾਉਣ ਤਾਂਈ ਕਹਿੰਦੇ ਇੰਗ ਤੇ ਵੜਿੰਗ ਹੈ
ਆਉਂਦੇ ਨਾਂਹੀ ਸੂਤ ਹੁੰਦੇ ਜੇ ਤੜਿੰਗ ਹੈ
ਗੱਡੇ ਨੂੰ ਜ਼ਹਾਜ਼ ਰੇਲ ਤਾਂਈ ਭੂਤਨੀ
ਚਾਦਰੇ ਨੂੰ ਤੰਬਾ ਜਾਂਘੀਏ ਨੂੰ ਸੂਤਣੀ
ਕਾਰ ਤਾਂਈ ਰੰਡੀ ਸਾਇਕਲ ਨੂੰ ਚਰਖਾਞ
ਮੁੜ੍ਹਕੇ ਆਏ ਨੂੰ ਕਹਿੰਦੇ ਆਗੀ ਵਰਖਾ
ਭੋਇੰ ਸੂਰ ਗੋਗਲੂ ਤੇ ਮੂਲੀ ਸੂਰੀ ਆ
ਆਲੂਆਂ ਨੂੰ ਆਂਡੇ ਗੱਲਬਾਤ ਪੂਰੀ ਆ
ਦਾਤੀ ਬਘਿਆੜੀ ਤੇ ਖੁਰਪੇ ਨੂੰ ਸ਼ੇਤਰਾ
ਕਾਣੇ ਨੂੰ ਕਹਿਣ ਸਵਾ ਲੱਖ ਨੇਤਰਾ
ਗੂੰਗੇ ਨੂੰ ਕਵੀਸ਼ਰ ਸੁਚੱਲ ਡੁੱਡੇ ਨੂੰ
ਗਧਾ ਠਾਣੇਦਾਰ ਜਵਾਨ ਬੁੱਢੇ ਨੂੰ
ਜਾਣਾ ਹੋਵੇ ਬਾਹਰ ਜੇ ਜੰਗਲ ਬਾਜੀ ਨੂੰ
ਕਹਿਣ ਦੇਣ ਚੱਲੇ ਆ ਰਸਦ ਕਾਜ਼ੀ ਨੂੰ
ਮਾਰਕੇ ਭੰਨਣ ਜੇ ਕਿਸੇ ਦਾ ਗਾਟਾ ਜੀ
ਉਹਨੂੰ ਕਹਿੰਦੇ ਗਰਮ ਛਕਾਤਾ ਚਾਹਟਾ ਜੀ
ਪਤਾਲਪੁਰੀ ਕਹਿੰਦੇ ਆ ਨਰੋਈ ਕਹੀ ਨੂੰ
ਸ਼ੀਸ਼ ਮਹਿਲ ਕਹਿਣ ਸਾਰੀ ਛੱਤ ਢਹੀ ਨੂੰ
ਬਾਹਲੀ ਫੌਜ ਵੇਖ ਆਪ ਜੇ ਡਰਨ ਤਾਂ
ਉਹਨੂੰ ਕਹਿੰਦੇ ਖਾਲਸਾ ਹੋ ਗਿਆ ਹਰਨ ਤਾਂ
ਗੂੜ੍ਹੀ ਨੀਂਦ ਸੌਣਾ ਜੱਗ ਨੂੰ ਵਿਸਾਰਨਾ
ਅਨਹਦ ਸ਼ਬਦ ਘਰਾੜੇ ਮਾਰਨਾ
ਹੰਕਾਰਿਆ ਹੋਇਆ ਆਖਣ ਕਛਿਹਰੇ ਪਾਟੇ ਨੂੰ
ਕਹਿੰਦੇ ਕੁੰਭਕਰਨ ਨਰੋਏ ਬਾਟੇ ਨੂੰ
ਅਕਾਸ਼ਪਰੀ ਬੱਕਰੀ 'ਚ ਟੰਗਾ ਬੱਕਰਾ
ਭੇਡ ਤਾਂਈ ਪਰੀ ਤੇ ਦਿਓਤ ਛੱਤਰਾ
ਅਕਾਸ਼ ਦੀਵੇ ਕਹਿੰਦੇ ਸੂਰਜ ਤੇ ਚੰਦ ਨੂੰ
ਸਿਆਣਾ ਸੋਥਾ ਕਹਿੰਦੇ ਆ ਅਕਲਮੰਦ ਨੂੰ
ਆਕੀ ਹੋਇਆ ਕਹਿੰਦੇ ਜੇਹੜਾ ਜੇਲ੍ਹ ਜਾਵੜਿਆ
ਆਕੜਭੰਨ ਆਗਿਆ ਬੁਖਾਰ ਜੇ ਚੜ੍ਹਿਆ
ਐਰਾਪਾਤਾ ਝੋਟਾ ਮਹਿਖਾਸੁਰ ਸਾਨ੍ਹ ਨੂੰ
ਮੁਸਲਾ ਤੁਰਕ ਕਹਿੰਦੇ ਆ ਪਠਾਣ ਨੂੰ
ਮਿਰਚਾਂ ਲੜਾਕੀਆਂ ਨਿਸ਼ਾਨ ਝੰਡੇ ਨੂੰ
ਲੂਣ ਨੂੰ ਸਰਬਰਸ ਰੂਪਾ ਗੰਢੇ ਨੂੰ
ਚਾਲੇ ਪਾ ਗਿਆ ਕਹਿੰਦੇ ਮਰ ਮੁੱਕ ਪੈਣ ਨੂੰ
ਆਹਦੇ ਆ ਚੰਨਣ ਕੁਰ ਲਾਲਟੈਣ ਨੂੰ
ਮੁੱਠੀ ਚਾਪੀ ਕਹਿਣ ਕੁੱਟਕੇ ਪਿੰਜਣ ਨੂੰ
ਤੇਜਾ ਸਿੰਘ ਕਹਿੰਦੇ ਰੇਲ ਦੇ ਇੰਜਣ ਨੂੰ
ਜਦੋਂ ਮੁੱਕ ਜਾਂਦੀ ਖਾਣ ਦੀ ਰਸਦ ਜੀ
ਓਦੋਂ ਕਹਿੰਦੇ ਹੋਗਿਆ ਲੰਗਰ ਮਸਤ ਜੀ
ਘਰ ਘਰ ਮੰਗ ਗਲੀ ਗਲੀ ਗਾਹੀ ਆ
ਅੱਜ ਕਹਿਣ ਕੀਤੀ ਖੂਬ ਉਗਰਾਹੀ ਆ
ਸੱਜਣ ਕਕੈਣ ਚੋਰ ਡਾਕੂ ਠੱਗ ਨੂੰ
ਹਜ਼ੂਰੀਆ ਰੁਮਾਲਾ ਦਸਤਾਰ ਪੱਗ ਨੂੰ
ਇੰਦਰ ਰਾਣੀ ਕਹਿੰਦੇ ਆ ਸ਼ਰਦ ਪਾਉਣ ਨੂੰ
ਮੁਹੰਮਦੀ ਗੁਸਲ ਕਹਿਣ ਨੰਗਾ ਨਹਾਉਣ ਨੂੰ
ਰੂਪ ਕੌਰ ਕਣਕ ਬਦਾਮ ਛੋਲੇਆਂ ਨੂੰ
ਲਾਚੀਦਾਣਾ ਬਾਜਰਾ ਪਛਾਣੋਂ ਬੋਲੇਆਂ ਨੂੰ
ਸਣ ਦੀ ਸੂਬੀ ਨੂੰ ਨਾਲਾ ਕਹਿਣ ਰੇਸ਼ਮੀ
ਸਾਧਣੀ ਨੂੰ ਆਖਣ ਗਿੱਦੜ ਭੇਸਮੀਂ
ਗਿੱਦੜਰੰਗਾ ਆਖਣ ਉਦਾਸੀ ਸਾਧ ਨੂੰ
ਬਰਮਰਸ ਕਹਿਕੇ ਚੂਪਣ ਕਮਾਦ ਨੂੰ
ਮਾਰੂ ਗੌਣ ਕਹਿਣ ਰੋਣ ਤੇ ਪਿੱਟਣ ਨੂੰ
ਟੀਟ ਬਹੁਟੀ ਕਹਿੰਦੇ ਟਿੱਬੇ ਦੀ ਟਿੱਟਣ ਨੂੰ
ਖਧੀ ਨੀਲ ਬਰਫੀ ਬਿੱਲੀ ਨੂੰ ਮਲਕਾ
ਲੂੰਬੜ ਨੂੰ ਕਹਿੰਦੇ ਆ ਵਕੀਲ ਝੱਲ ਕਾ
ਘੱਗਰੇ ਦਾ ਨਾਮ ਧੂੜਕੋਟ ਲੈਂਦੇ ਆ
ਸੁੱਥਣ ਨੂੰ ਰਫਲ ਦੁਨਾਲੀ ਕਹਿੰਦੇ ਆ
ਜਦੋਂ ਆਉਂਦੀ ਆਟਾ ਪੀਸਣੇ ਦੀ ਵਾਰੀ ਆ
ਅੱਜ ਕਹਿਣ ਕੀਤੀ ਫਿਰਨੀ ਦੀ ਸਵਾਰੀ ਆ
ਮੱਛੀ ਜਲ ਤੋਰੀ ਭੇਜੀ ਆਗੀ ਹਰ ਦੀ
ਪਸ ਤੋਂ ਬਣਾਲੀ ਆ ਸਿੰਘਾਂ ਨੇ ਕਰਦੀ
ਰਹਿੰਦੀ ਜੀਹਨੂੰ ਪੀਕੇ ਤੇ ਟਿਕਾਣੇ ਮੱਤ ਨੀਂ
ਆਖਦੇ ਸ਼ਰਾਬ ਤਾਂਈ ਪੰਜ ਰਤਨੀਂ
ਹੋਲਾਂ ਨੂੰ ਅਲੈਚੀਆਂ ਸਮੁੰਦ ਸ਼ੀਰ ਨੂੰ
ਕੁਣਕਾ ਕੜਾਹ ਨੂੰ ਤਸ਼ਮਾਹੀ ਖੀਰ ਨੂੰ
ਹਜ਼ਾਰ ਮੇਖੀ ਆਖਣ ਫਟੀ ਵਈ ਜੁੱਲੀ ਨੂੰ
ਟੱਪ ਨੂੰ ਮਹੱਲ ਦਰਵਾਜ਼ਾ ਕੁੱਲੀ ਨੂੰ
ਬਸ ਹਰਦੇਵ ਸਿੰਹਾਂ ਮੁਕਾਦੇ ਛੇੜੇ ਨੂੰ
ਨਹੀਂ ਮੁੱਕਣ ਵਾਲਾ ਛੇੜ ਲਿਆ ਤੂੰ ਜੇਹੜੇ ਨੂੰ
ਬਾਬੂ , ਮਾਘੀ ਚੰਦ ਲਿਖ ਲਿਖ ਥੱਕਗੇ
ਬੋਲੇ ਨਾ ਮੁੱਕਣ ਸੂਬੇਦਾਰ ਥੱਕਗੇ