Wednesday, 28 September 2011

ਬੁੱਤ ਦੇ ਬੋਲ...ਭਗਤ ਸਿੰਘ

ਠੀਕ ਹੈ ਮੇਰੇ ਲਈ ਤੁਹਾਡੇ ਸ਼ਹਿਰ ਦਾ ਇਹ ਚੌਂਕ,
ਇੱਥੋਂ ਮੈਂ ਤੱਕਦਾ ਰਹਿਣਾ, ਬੰਦੇ ਦਾ ਨਹੀਂ, ਬੱਤੀਆਂ ਦਾ ਕਹਿਣਾ ਮੰਨਦੀ,
ਸੜਕਾਂ 'ਤੇ ਉਲਝੀ ਹੋਈ ਜਿੰਦਗੀ ,
ਨਾਲੇ ਤੱਕਦਾ ਹਾਂ ਚੌਂਕ ਤੇ ਧਰਨਾ ਦੇਣ ਆਏ,
ਕਿਸਾਨਾਂ , ਕੰਮੀਆਂ ਤੇ ਬੇਰੁਜ਼ਗਾਰਾਂ 'ਤੇ ਉੱਲਰੀਆਂ ਸਰਕਾਰੀ ਡਾਗਾਂ....

ਮੈਂ ਤੱਕਦਾ ਰਹਿਣਾ ਸਾਹਮਣੇ ਢਾਬੇ ਤੇ ਭਾਡੇਂ ਮਾਂਜਦੇ ਬੱਚੇ ਨੂੰ ,
ਜੋ ਤੁਹਾਡੇ 'ਬਾਲ-ਮਜ਼ਦੂਰੀ' ਵਿਰੋਧੀ ਨਾਅਰੇ ਨੂੰ ਚਿੜ੍ਹਾਂਉਦਾ ਰਹਿੰਦੈ,
ਮੇਰੇ ਖੱਬੇ ਪਾਸੇ 'ਬਿਰਧ ਆਸ਼ਰਮ' ਉਸਾਰ ਰਹੇ ਨੇ ਕੱਝ ਲੋਕ,
ਇਹ 'ਲੋਕ ਸੇਵਾ' ਹੈ ਜਾਂ ਮਾਪਿਆਂ ਦੀ ਸੇਵਾ ਤੋਂ ਖਿਸਕਣ ਦਾ ਉਪਰਾਲਾ?
ਇੱਥੋਂ ਮੈਂ ਤੱਕਦਾ ਰਹਿਣੈਂ ਇੱਕ ਸੁੰਨ ਸਾਨ ਹਸਪਤਾਲ,
ਜਿੱਥੇ ਬਹੁਤ ਸੋਹਣਾ ਲਿਖਿਆ "ਭਰੂਣ ਹੱਤਿਆ ਪਾਪ ਹੈ"
ਪਰ ਸ਼ਾਮ ਢਲਣ ਤੋਂ ਬਾਅਦ ਉੱਥੇ ਬਹੁਤ ਚਹਿਲ ਪਹਿਲ ਹੁੰਦੀ ਹੈ,
ਹਨੇਰੇ ਕਰਕੇ ਮੈਨੂੰ ਉਸਦਾ ਕਾਰਨ  ਪਤਾ ਨਹੀਂ ਲੱਗਦਾ....

ਕੁਝ ਲੋਕ 'ਠੇਕੇ' ਤੋਂ ਰੱਜਕੇ ਆ ਡਿੱਗਦੇ ਨੇ ਮੇਰੇ ਬੁੱਤ ਕੋਲ,
ਤੇ ਜੋ 'ਰੱਜਕੇ' ਰੱਜ ਚੁੱਕੇ ਨੇ, ਉਹ ਨਸ਼ਾ ਛੁਡਾਊ ਕੇਂਦਰ ਦਾ ਰਾਹ ਮੱਲਦੇ ਨੇ,
ਇਸਨੂੰ ਮੈਂ ਸਰਕਾਰ ਦੀ ਹੈਵਾਨਗੀ ਆਖਾਂ ਕਿ ਦਿਆਨਗੀ?
ਇੱਥੇ ਕੋਈ ਨਹੀਂ ਮੇਰੀ ਮਾਨਾਂ ਵਾਲੀ ਵਰਗੀ,
ਬਹੁਤੀਆਂ ਦੇ ਕੱਪੜੇ ਮੇਰੀ ਕੇਸਰੀ ਪੱਗ ਦੇ ਛੱਡੇ ਲੜ ਤੋਂ ਵੀ ਘੱਟ ਹੁੰਦੇ ਨੇ ...

ਕਿਸੇ ਨੇ ਨਹੀਂ ਪੜੀ 'ਲੈਨਿਨ' ਦੀ ਉਹ ਅਧੂਰੀ ਸਤਰ,
ਜੋ ਮੈਂ ਫਾਂਸੀ ਤੋਂ ਕੁਝ ਮਿੰਟ ਪਹਿਲਾਂ ਛੱਡ ਗਿਆ ਸੀ,
ਮੇਰੇ ਸੁਪਨਿਆਂ ਦਾ ਕਤਲ ਕਰਕੇ ਨਾ ਚਿੜ੍ਹਾਉ
ਮੈਨੂੰ 'ਇਨਕਲਾਬ' ਦੇ ਨਾਅਰੇ ਸੁਣਾਕੇ,
ਜਾਉ 'ਤਾਰ ਆਉ ਮੇਰੇ ਬੁੱਤ ਨੂੰ ਸਤਲੁਜ ਦੇ ਪਾਣੀ ਵਿੱਚ...

 ਪਰ ਕੱਲ੍ਹ ਨੂੰ ਮੇਰੇ ਜਨਮ ਦਿਨ ਤੇ ,
ਮੇਰੇ ਹੋਰ ਨਵੇਂ ਬੁੱਤ ਤੋਂ ਉਤਾਰ ਦੇਣਗੇ ਪਰਦਾ,
ਤੁਹਾਡੇ ਨਿਪੁੰਸਕ ਲੋਕਤੰਤਰ ਦੇ ਆਗੂ,
 ਮੇਰੇ ਬੁੱਤ ਤੋਂ ਪਰਦਾ ਹਟਾਉਣ ਵਾਲਿਆਂ ਦੇ
 ਚਿਹਰੇ ਦਾ ਪਰਦਾ ਹਟਣ ਦਾ ਮੈਨੂੰ ਇੰਤਜ਼ਾਰ ਰਹੇਗਾ........ਭਗਤ ਸਿੰਘ.

Wrttn By----ਅੰਮ੍ਰਿਤ ਪਾਲ ਸਿੰਘ

Friday, 23 September 2011

ਅਣਗੌਲੇ ਸੱਚ

ਕਦੇ ਸ਼ਾਮਾਂ ਢਲਣ ਵੇਲੇ, ਸਫੈਦਿਆਂ ਵਿੱਚਕਾਰੋਂ  ਡੁੱਬਦੇ ਸੂਰਜ ਨੂੰ ਵੇਖੀਂ,
ਸ਼ਾਇਦ ਤੇਰਾ ਅਤੀਤ ਕੁਝ ਪਲ ਲਈ ਤੇਰਾ ਵਰਤਮਾਨ ਹੋ ਨਿੱਬੜੇ....

ਤੈਨੂੰ ਯਾਦ ਆਏਗਾ ਜਿੰਦਗੀ ਦਾ ਸਵੇਰਾ,
ਜਦ ਤੂੰ ਨਿੱਕਾ ਹੁੰਦਾ, ਹਾਣੀਆਂ ਨਾਲ ਲੁਕਣ-ਮੀਟੀ ਖੇਡਦਾ,
'ਥੱਪਾ'  ਲਾਉਣ ਦੀ ਸ਼ਰਾਰਤ ਨਾਲ,
ਤ੍ਰਿੰਜਣ ਵਿੱਚ ਬੈਠੀਆਂ ਭੈਣਾਂ ਦੀਆਂ,
ਢੂਈਆਂ ਉਹਲੇ ਲੁੱਕ ਜਾਂਦਾ ਸੀ..
ਜਾਂ ਤੈਨੂੰ ਯਾਦ ਆਵੇਗਾ ਜਦ ਤੂੰ ਬੇਬੇ ਨਾਲ ,
ਮੇਲੇ ਵਿੱਚ ਜਾਕੇ ਖਿਡੌਣਾ ਖ੍ਰੀਦਣ ਦੀ ਜਿੱਦ ਲੈਕੇ,
ਜ਼ਮੀਨ 'ਤੇ ਅੱਡੀਆਂ ਰਗੜਨ ਲੱਗ ਜਾਦਾਂ ਸੀ,
ਤੇ ਫਿਰ ਉੱਠ ਖਲੋਂਦਾ ਸੀ ਬਾਪੂ ਜੀ ਦੀ ਘੂਰੀ ਵੇਖਕੇ,
ਫਿਰ ਬੁੱਲ੍ਹ 'ਟੇਰਦਾ ਹੋਇਆ ਬੇਬੇ ਦੇ ਕਮੀਜ਼ ਨਾਲ ਮੂੰਹ ਲਕੋ ਲੈਂਦਾ ਸੀ.....

ਤੇ ਫਿਰ ਤੈਨੂੰ ਯਾਦ ਆਏਗਾ,ਜਿੰਦਗੀ ਦਾ ਸਿਖਰ ਦੁਪਹਿਰਾ,
ਜਦੋਂ ਤੇਰੀ ਅੱਖ, ਦੋਹਣੀਆਂ 'ਚ ਮੱਝੀਆਂ ਦੀਆਂ ਧਾਰਾਂ ਵੱਜਣ ਤੋਂ ਜਾਂ
ਕੁੱਕੜ ਨੂੰ ਬਾਂਗ ਦੇਣ ਦਾ ਖਿਆਲ ਆਉਣ ਤੋਂ ਪਹਿਲਾਂ ਖੁੱਲ੍ਹ ਜਾਂਦੀ ਸੀ,
ਤੇ ਫਿਰ ਬੱਗੇ ਬਲਦਾਂ ਨੂੰ ਜੋੜ, ਤ੍ਰੇਲ ਨਾਲ ਜੰਮੀ ਰਾਹ ਦੀ ਮਿੱਟੀ ਤੇ,
ਪੈੜ ਛੱਡਦਾ, ਖੇਤ ਪਹੁੰਚ ਜਾਦਾਂ ਸੀ,
ਤੇ ਫਿਰ ਮੁੜਦਾ ਸੀ ਘਰ,
ਕਦੇ ਮੂੰਹ ਹਨੇਰੇ ਜਾਂ ਕਦੇ ਤਾਰਿਆਂ ਦੀ ਛਾਵੇਂ...

ਤੇ ਅੱਜ ਤੂੰ ਖੜ੍ਹਾ ਏਂ, ਹੱਡਾਂ ਨੂੰ ਤਾਅ ਦੇਕੇ ਬਣਾਏ ਘਰ ਦੀ ਛੱਤ ਉੱਤੇ,
ਤੇ ਤੱਕ ਰਿਹੈਂ ਸਫੈਦਿਆਂ ਵਿੱਚਕਾਰੋਂ ਢਲਦਾ ਸੂਰਜ,
ਤੇਰੇ ਪੋਤਰਿਆਂ ਮੂੰਹੋਂ ਨਿਕਲਿਆ 'ਬਾਪੂ' ਲਫਜ਼ ਬਿਆਨ ਰਿਹੈ ਤੇਰੀ ਉਮਰ,
ਪਰ ਸੂਰਜ ਤਾਂ ਰੋਜ਼ ਚੜ੍ਹਦਾ ਲਹਿੰਦਾ ਏ,
ਪਰ ਅੱਜ ਤੱਕਣ ਦਾ ਖਿਆਲ਼ ਕਿਉਂ ਆਇਆ?
ਸ਼ਾਇਦ ਰੁਝੇਵਿਆਂ ਕਰਕੇ ਤੂੰ ਬੇਖਬਰ ਰਿਹੈਂ ਜਿੰਦਗੀ ਦੀ ਸ਼ਾਮ ਤੋਂ,
ਜੋ ਖਲੋਤੀ ਏ ਸਾਹਮਣੇ ਕੌੜਾ ਸੱਚ ਬਣਕੇ,
ਰਾਤ ਦੇ ਬੂਹੇ 'ਤੇ ਦਸਤਕ ਦੇਣ ਨੂੰ ਤਿਆਰ....

Written by  ---ਅੰਮ੍ਰਿਤ ਪਾਲ ਸਿੰਘ

Tuesday, 6 September 2011

ਕਿਰਤੀ


ਅੱਜ ਫਿਰ ਜਾ ਰਿਹਾ ਏ ਮੇਰਾ ਸਾਇਕਲ,
ਉਹਨ੍ਹਾਂ ਦੀ ਹਵੇਲੀ ਵੱਲ,
ਨਹੀਂ, ਅੱਜ ਨਹੀਂ, ਪਿਛਲੇ ਵੀਹ ਸਾਲਾਂ ਤੋਂ,
ਤੇ ਜਾਵੇ ਵੀ ਕਿਉਂ ਨਾ?
ਭੈਣ ਦੇ ਵਿਆਹ ਦਾ ਖਰਚਾ,
ਪਿਉ ਦੀ ਬਿਮਾਰੀ 'ਤੇ ਲੱਗੀ ਰਕਮ,
ਸਭ ਉੱਥੋਂ ਤਾਂ ਆਈ ਸੀ..

ਮੇਰੇ ਜਾਂਦਿਆਂ ,ਜਪਾਨੀ ਘਾਹ ਉੱਤੇ ਬੈਠਾ, 
ਉਹਨ੍ਹਾਂ ਦਾ ਕੁੱਤਾ ਬਿਸਕੁੱਟ ਖਾ ਰਿਹਾ ਹੋਵੇਗਾ,
ਤੇ ਮੈਨੂੰ ਘਰੋਂ ਤੁਰਦਿਆਂ, ਗਲੀ ਵਿੱਚ ਸੁਣ ਰਿਹਾ ਸੀ,
ਰੋਟੀ ਪਿੱਛੇ ਲੜਦੇ ਨਿਆਣਿਆਂ ਦਾ ਰੌਲਾ...
ਉਹ ਵਰਜਦੇ ਨੇ ਸ਼ਹਿਜ਼ਾਦਿਆਂ ਨੂੰ, ਨਸ਼ਿਆਂ ਤੋਂ,
ਪਰ ਮੇਰੇ ਕੌਲੇ ਵਿੱਚ ਪਾ ਦਿੰਦੇ ਨੇ,
ਚਾਹ ਵਿੱਚ ਨਸ਼ਾ ਉਬਾਲ ਕੇ,
ਵੱਧ ਕੰਮ ਦੀ ਲਾਲਸਾ ਨਾਲ..

 ਉਹਨ੍ਹਾਂ ਦੇ ਸਹਿਜ਼ਾਦੇ ਸ਼ਹਿਰ ਜਾਂਦੇ ਨੇ ਪੜ੍ਹਨ,
ਮੈਨੂੰ ਸਲਾਹ ਦਿੰਦੇ ਨੇ ਜਵਾਕਾਂ ਨੂੰ ਕੰਮ ਤੇ ਲਾਉਣ ਦੀ,
ਤੇ ਮੈਂ ਕੰਬ ਜਾਦਾਂ ਹਾਂ, ਇਹ ਸੋਚਕੇ, ਕਿਤੇ ਮੇਰੇ ਪੁੱਤਰ ਦਾ ਸਾਇਕਲ ਵੀ,
ਉਹਨ੍ਹਾਂ ਦੀ ਹਵੇਲੀ ਵੱਲ ਨਾ ਤੁਰ ਪਏ, ਮੇਰੇ ਵਾਂਗ...


ਉਹ ਕਰਦੇ ਨੇ ਗੱਲਾਂ ਕਾਰਾਂ, ਕੋਠੀਆਂ ਤੇ ਪਲਾਟਾਂ ਦੀਆਂ,
ਤੇ ਮੈਂ ਤੱਕਦਾ ਰਹਿਣਾ ਉਹਨ੍ਹਾਂ ਦੇ ਚੁੱਲ੍ਹੇ ਵੱਲ,
ਜਿੱਥੋਂ ਮੈਨੂੰ ਪੋਣੇ ਵਿੱਚ ਚਾਰ ਰੋਟੀਆਂ ਉੱਤੇ,
ਅੰਬ ਦਾ ਅਚਾਰ ਬੱਝ ਕੇ ਆਉਣ ਦੀ ਆਸ ਹੁੰਦੀ ਏ....


ਫਿਰ ਮੁੜਦਾ ਹੈ ਮੇਰਾ ਸਾਇਕਲ ਆਪਣੇ ਘਰ,
ਕੁਝ ਪਲ ਅਜ਼ਾਦੀ ਦੀ ਆਸ ਲੈਕੇ,
ਪਰ ਇਹਨ੍ਹਾਂ ਪਲਾਂ ਨੂੰ, ਆਉਣ ਵਾਲੇ ਦਿਨ ਦੀ ਗੁਲਾਮੀ ਦਾ ਝੋਰਾ ਲੈ ਡੁੱਬਦਾ ਏ,
ਤੇ ਫਿਰ ਮੈਨੂੰ 'ਪਾਸ਼' ਠੀਕ ਲੱਗਦਾ ਏ,
ਕਿ ਹੁਣ ਉੱਡਣਾ ਪੈਣਾ , ਉੱਡਦਿਆਂ ਬਾਜ਼ਾਂ ਮਗਰ,
ਫਿਰ ਮੈਂ ਸੌਦਾ ਹਾਂ ਇਹ ਆਸ ਲੈਕੇ,
ਕਿ ਕਦੇ ਤਾਂ ਮਘੇਗਾ ਕੰਮੀਆਂ ਵਿਹੜੇ,
'ਸੰਤ ਰਾਮ ਉਦਾਸੀ' ਦੇ ਸੁਪਨਿਆਂ ਦਾ ਹਸੀਨ ਸੂਰਜ........

Written by --   ਅੰਮ੍ਰਿਤ ਪਾਲ ਸਿੰਘ

ਸੱਚ


ਤੁਰ ਜਾਂਦੇ ਨੇ ਸਾਹੋਂ ਪਿਆਰੇ,
ਕਿਸੇ ਅਣਡਿੱਠੀ,
ਪਰ ਕਾਲਪਨਿਕ ਥਾਂ ਤੇ,
ਕੋਈ ਕਹਿੰਦਾ ਰੱਬ ਕੋਲ,
ਕੋਈ ਹੋਣੀ ਦਾ ਵਰਤਾਰਾ ਦੱਸਦਾ,
ਕੋਈ ਸੰਯੋਗਾਂ ਦੀ ਗੰਢ ਤੁਪ ਆਖੇ,
ਕੋਈ ਨਰਕ- ਸੁਰਗ ਦੀ ਗੱਲ ਕਰਦਾ,
ਪਰ, ਕੋਈ ਦਾਅਵੇ ਨਾਲ ਦੱਸ ਸਕਦਾ,
ਕਿ ਉਹ ਕਿੱਥੇ ਗਏ ਨੇ,
ਕਿ ਕਿਸੇ ਨੇ ਵਾਪਿਸ ਆ ਕੇ ਦੱਸਿਆ?
ਇਹ ਸਭ ਸ਼ਬਦ ਨੇ ਦਿਲ ਨੂੰ ਢਾਰਸ ਦੇਣ ਲਈ,
ਸੱਚ ਤੇ ਪਰਦਾ ਪਾਉਣ ਦੀ ਅਸਫਲ ਕੋਸ਼ਿਸ਼,
ਪਰ ਇੱਕ ਗੱਲ ਸੱਚ ਹੈ,
ਉਹ ਕਦੇ ਵਾਪਿਸ ਨਹੀਂ ਆਉਦੇਂ,
ਜੋ ਸਦਾ ਲਈ ਚਲੇ ਜਾਂਦੇ ਨੇ.....

ਗੱਲ ਵੱਖਰੀ ਏ


ਮੈਂ ਇੱਕ ਲਾਸ਼ ਹਾਂ , ਸਾਹ ਵਗਦੇ ਨੇ ਗੱਲ ਵੱਖਰੀ ਏ,
ਮੇਰੀ ਵੀ ਜ਼ਮੀਰ ਹੈ, ਮਰ ਗਈ ਏ  ਗੱਲ ਵੱਖਰੀ ਏ,
ਮੈਂ ਇੱਕ ਆਸ ਹਾਂ, ਟੁੱਟ ਗਈ ਗੱਲ ਵੱਖਰੀ ਏ,
ਮੈਂ ਸੱਚ ਹਾਂ, ਇਹ ਝੂਠ ਹੈ ਗੱਲ ਵੱਖਰੀ ਏ, 
ਮੈਂ ਦਰਿਆ ਦਾ ਪਾਣੀ ਹਾਂ, ਖੜੋ ਕੇ ਬੋ ਵੰਡਦਾ ਹਾਂ ਗੱਲ ਵੱਖਰੀ ਏ,
ਮੈਂ ਅੰਬਰ ਦਾ ਤਾਰਾ ਹਾਂ , ਟੁੱਟ ਗਿਆ ਹਾਂ ਗੱਲ ਵੱਖਰੀ ਏ,
ਮੈਂ ਚਾਨਣ ਵੰਡਦਾ ਦੀਵਾ ਹਾਂ, ਗੁੱਲ ਹੋ ਗਿਆ ਗੱਲ ਵੱਖਰੀ ਏ,
ਮੈਂ ਹਕੀਕਤ ਹਾਂ, ਇਹ ਸੁਪਣਾ ਹੈ ਗੱਲ ਵੱਖਰੀ ਏ,
ਮੈਂ ਅਜ਼ਾਦ ਹਾਂ,ਇਹ ਇੱਛਾ ਹੈ ਗੱਲ ਵੱਖਰੀ ਏ,
ਮੈਂ ਅੰਨਦਾਤਾ ਹਾਂ , ਭੁੱਖਾ ਸੌਂਦਾ ਹਾਂ ਗੱਲ ਵੱਖਰੀ ਏ,
ਮੈਂ ਕਹਿਣ ਨੂੰ ਪੰਜ ਆਬ ਹਾਂ, ਪਰ ਵਗਦੇ ਦੋ ਨੇ ਗੱਲ ਵੱਖਰੀ ਏ....

written by --ਅੰਮ੍ਰਿਤ ਪਾਲ ਸਿੰਘ

ਵਕਤ


ਵਕਤ ਬਦਲ ਗਿਆ ਹਾਲਾਤ ਬਦਲ ਗਏ,
ਤੇ ਰੁੱਖ ਬਦਲ ਲਏ ਦਰਿਆਂਵਾਂ ਨੇ,
ਸਾਨੂੰ ਚਲਣੇਂ ਨੂੰ ਤਾਂ ਕੀ ਕਹਿਣਾ ,
ਸਗੋਂ ਰੋਕਿਆ ਸਾਨੂੰ ਰਾਹਵਾਂ ਨੇ,
ਅਸੀਂ ਜਿੰਦਗੀ ਜੀਣੀ ਸਿੱਖ ਜਾਂਦੇ,
ਪਰ ਘੇਰਿਆ ਆਣ ਇੱਛਾਵਾਂ ਨੇ,
ਹੁਣ ਸੁਪਣੇ ਵਿੱਚ ਵੀ ਆਉਣ ਅਵਾਜ਼ਾਂ ,
ਜਿਵੇਂ ਬੇਵੱਸ ਦੀਆਂ ਆਂਹਵਾਂ ਨੇ,
ਹੁਣ ਮੁੜ ਨਹੀਂ ਹੋਣਾ ਯਾਰਾ,
ਅਸੀਂ ਚੁਣੀਆਂ ਬਿਖੜੀਆਂ ਰਾਹਵਾਂ ਨੇ.....

ਜਿਉਣਜੋਗਾ' 'ਮਰਜਾਣਾ'


ਢਲਦੀ ਸ਼ਾਮ ਦੀ ਉਦਾਸੀ ਹਾਂ ਦੋਸਤਾ,
ਵਿਧਵਾ ਦੀ ਝੂਠੀ ਜਿਹੀ ਹਾਸੀ ਹਾਂ ਦੋਸਤਾ,
ਯਕੀਨ ਉਹਲੇ ਲੁਕਿਆ ਭਰਮ ਹਾਂ ਦੋਸਤਾ,
ਅਹਿਸਾਨਾਂ ਦੇ ਮਾਰੇ ਦੀ ਸ਼ਰਮ ਹਾਂ ਦੋਸਤਾ,
ਗਰੀਬ ਦੇ ਪੇਟ ਵਾਲੀ ਭੁੱਖ ਹਾਂ ਦੋਸਤਾ,
ਇੱਕ ਆਲ੍ਹਣੇ ਦਾ ਆਸਰਾ ਮੈਂ ਸੁੱਕਾ ਰੁੱਖ ਹਾਂ ਦੋਸਤਾ,
ਸੱਚ 'ਤੇ ਝੂਠ ਦਾ ਫਰਕ ਹਾਂ ਦੋਸਤਾ,
ਖਿਆਲ ਤੋਂ ਹਕੀਕਤ ਨੂੰ ਜਾਂਦੀ ਸੜਕ ਹਾਂ ਦੋਸਤਾ,
ਵਸਲ ਦੀ ਖੁਸ਼ੀ ਤੇ ਰੂਹ ਦਾ ਪਿਆਰ ਹਾਂ ਦੋਸਤਾ,
'ਜਿਉਣਜੋਗਾ' ਬੇਬੇ ਦੀ ਅਸੀਸ ਵਰਗਾ,
'ਮਰਜਾਣਾ'  'ਮਰਜਾਣੀ' ਦੀ ਮਾਰ ਦੋਸਤਾ....

Written By - ਅੰਮ੍ਰਿਤ ਪਾਲ ਸਿੰਘ