Monday, 11 May 2015

ਪਤੇ ਦੀਆਂ ਗੱਲਾਂ

..ਪਤੇ ਦੀਆਂ ਗੱਲਾਂ..
1. ਮੱਸੇ ਰੰਘੜ ਦਾ ਕਤਲ ਕਰਕੇ ਸੁੱਖਾ ਤੇ ਮਹਿਤਾਬ ਸਿੰਘ ਰਾਜਸਥਾਨ ਵੱਲ ਲੰਘਗੇ ਸੀ। ਹਰਭਗਤ ਨਿਰੰਜਣੀਏ ਦੀ ਚੁਗਲੀ ਨਾਲ ਮੁਗਲ ਸਿਪਾਹੀ ਮਹਿਤਾਬ ਸਿੰਘ ਦੇ ਘਰੇ ਜਾਵੜੇ। ਮਹਿਤਾਬ ਸਿੰਘ ਦਾ ਬੱਚਾ ਹੱਥ ਲੱਗਾ ਤੇ ਆਵਦੇ ਵੱਲੋਂ ਬੱਚੇ ਨੂੰ ਮਾਰਕੇ ਸਿੱਟਗੇ । ਪਰ ਓਹ ਨਿਆਣਾ ਰੱਬ ਤਵੱਕਲੀਂ ਬਚ ਗਿਆ ਤੇ ਵੱਡਾ ਹੋਕੇ ਇਤਿਹਾਸਕਾਰ ਰਤਨ ਸਿੰਘ ਭੰਗੂ ਬਣਿਆ।
2. ਦੇਸ਼ ਇੰਗਲੈਂਡ ਦਾ ਆਵਦਾ ਕੋਈ ਖਾਸ ਇਤਿਹਾਸ ਨਹੀਂ ਪਰ ਇੰਗਲੈਂਡ ਨੇ ਸਾਰੀ ਦੁਨੀਆਂ ਦੇ ਦੇਸ਼ਾਂ ਦੇ ਇਤਿਹਾਸ  ਨੂੰ ਪ੍ਰਭਾਵਿਤ ਕੀਤਾ ।
3. ਪੰਜਾਬ 'ਚ ਇੱਕੋ ਨਾਂ ਦੇ ਦੋ ਪਿੰਡ ਨਾਲ ਨਾਲ ਹੁੰਦੇ ਨੇ ਕਈ ਥਾਈਂ। ਜਿਮੇਂ 'ਰਾਇਕੇ ਕਲਾਂ ਤੇ ਰਾਇਕੇ ਖੁਰਦ'।
ਹਮੇਸ਼ਾ ਕਲਾਂ ਵੱਡਾ ਹੁੰਦਾ ਤੇ ਖੁਰਦ ਨਿੱਕਾ।.....(ਰਪੀਟ)
4. ਦੁੱਲਾ ਭੱਟੀ ਤੇ ਸ਼ਾਹ ਹੁਸੈਨ ਗੁਰੂ ਅਰਜਨ ਸਾਬ੍ਹ ਹੋਣਾਂ ਦੇ ਸਮਕਾਲੀ ਸੀ। ਸ਼ਾਹ ਹੁਸੈਨ ਦੀ ਲਿਖਤ ਗੁਰੂ ਸਾਬ੍ਹ ਨੇ ਗੁਰੂ ਗ੍ਰੰਥ ਸਾਬ੍ਹ 'ਚ ਦਰਜ ਨਹੀਂ ਕੀਤੀ ਤਾਂ ਕਰਕੇ ਸ਼ਾਹ ਹੁਸੈਨ ਕਿਤੇ ਨਾ ਕਿਤੇ ਗੁਰੂ ਸਾਬ੍ਹ ਦਾ ਵਿਰੋਧੀ ਸੀ।
5. 'ਸਦਰ' ਅਰਬੀ ਭਾਸ਼ਾ ਦਾ ਸ਼ਬਦ ਆ। ਸਦਰ ਦਾ ਮਤਲਬ ਹੁੰਦਾ ਦਿਲ ਜਾਂ ਛਾਤੀ । ਸ਼ਾਇਦ ਤਾਂਹੀ ਹਰਿੱਕ ਸ਼ਹਿਰ ਦੇ ਵਿੱਚ ਵਿਚਾਲੇ ਬਣੇ ਥਾਣੇ ਮੂਹਰੇ 'ਸਦਰ ਥਾਣਾ' ਲਿਖਿਆ ਹੁੰਦਾ।
6. ਅਗਸਤ  6 , 1945 ਨੂੰ ਹੀਰੋਸ਼ੀਮਾ ਤੇ ਪ੍ਰਮਾਣੂ ਬੰਬ ਸਿੱਟਣ ਮਗਰੋਂ ਅਗਲੇ ਤਿੰਨ ਦਿਨ ਜਪਾਨ ਤੇ ਦਸ ਲੱਖ ਪਰਚੇ ਸਿੱਟੇ ਗਏ ਸੀ। ਪਰਚਿਆਂ ਤੇ ਐਟਮ ਬੰਬ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸੀ। ਜਦੋਂ ਜਪਾਨ ਨੇ ਅੜਵਾਈ ਨਾ ਛੱਡੀ ਫੇਰ 9 ਅਗਸਤ ਨੂੰ ਨਾਗਾਸਾਕੀ ਨਿਸ਼ਾਨਾ ਬਣਾਇਆ ਸੀ।......ਘੁੱਦਾ

ਮਾਪੇ

ਫਿਕਰ, ਸੰਸੇ, ਜੁੰਮੇਆਰੀ, ਗਾਹਲਾਂ, ਵਹਿਮ ਭਰਮ ਤੇ ਰੀਤ ਰਿਵਾਜਾਂ ਦਾ ਸੁਮੇਲ ਹੁੰਦੀਆਂ ਨੇ ਬੇਬੇ ਅਰਗੀਆਂ। 
ਇੱਕ ਮਿੰਟ 'ਚ ਬੇਦਾਵਾ ਦੇ ਦੇਦੀਆਂ ,"ਜਾ ਭੱਜਜਾ ਤੂੰ ਨੀਂ ਮੇਰਾ ਪੁੱਤ ਪੱਤ"। ਫੇਰ ਦਹਾਂ ਕ ਮਿੰਟਾਂ ਬਾਅਦ ਬੋਲ ਮਾਰਕੇ ਆਖਣਗੀਆਂ ,"ਵੇ ਚਾਹ ਡੱਫਲਾ ਆਕੇ ਨਹੀਂ ਠਰਜੂ ਤੇਰੀ ਕੁਸ ਲਾਦ੍ਹੜੀ"। 
ਢੰਗ ਤਰੀਕੇ ਵੇਖੋ ।ਧੁੱਪੇ ਮੰਜੇ ਮੂਧੇ ਮਾਰਕੇ, ਪਾਵਿਆਂ ਤੇ ਸੁੱਬੀਆਂ ਬੰਨ੍ਹਕੇ ਜਾਲ ਜਾ ਬੁਣਦੀਆਂ। ਨਾਏ ਸੁੱਕ ਭਰੂਰਾ ਜਾ ਕਰਕੇ ਮੈਦੇ ਦੇ ਰੁੱਗ ਲਾਈ ਜਾਣਗੀਆਂ ਨਾਏ ਸੇਵੀਆਂ ਤੋੜਕੇ ਜਾਲ ਤੇ ਸੁੱਕਣੇ ਪਾ ਦੇਦੀਆਂ। ਨਵਾਂ ਤੰਦੂਰ ਫਿੱਟ ਕਰਨ ਵੇਲੇ 
ਤੰਦੂਰ ਦਾਲੇ ਬਰੇਤੀ ਤੇ ਠੀਕਰੀਆਂ ਪਾਉਦੀਆੰ। ਅਖੇ ਏਹਦੇ ਨਾਲ ਤਾਅ ਵੱਧ ਬਣਦਾ। ਤੰਦੂਰੇ ਰੋਟੀ ਲਾਉਣ ਵੇਲੇ ਮਰੋੜੇ ਨਾਲ ਆਖਦੀਆਂ,"ਥੋਡੀਆਂ ਰੰਨਾਂ ਨੂੰ ਤਾਂ ਆਹ ਵੀ ਚੱਜ ਨੀਂ ਆਉਣਾ, ਪੱਟਤੇ ਮਮੈਲਾਂ ਨੇ।"
ਜਿੱਦੇਂ ਬੇਬੇ ਹੋਣਾਂ ਦਾ ਸਰੀਰ ਢਿੱਲਾ ਹੋਵੇ ਓਦੇਂ ਕੋਲ ਬਹਾਕੇ   ਸੰਸੇ ਨਾਲ ਆਖੂ,"ਵੇ ਮੇਰੇ ਬੈਠੀ ਬੈਠੀ ਤੋਂ ਵਿਆਹ ਕਰਾਲਾ, ਨਹੀਂ ਕੰਧਾਂ 'ਚ ਵੱਜਦਾ ਫਿਰੇਗਾਂ"। 
ਠੀਕ ਏਸਰਾਂ ਈ ਦੂਜੇ ਪਾਸੇ ਸਤਿਕਾਰਯੋਗ ਬਾਪੂ ਹੋਣੀੰ ਹੁੰਦੇ ਨੇ। ਜਵਾਕਾਂ ਨੂੰ ਦਬਕਾ ਕੇ ਰੱਖਦੇ ਨੇ ਪਰ ਪਿਆਰ ਬਥੇਰਾ ਹੁੰਦਾ। ਕਈ ਜਵਾਕ ਵੇਖੇ ਆ, ਦਾਹੜੀ ਹਜੇ ਆਈ ਨੀਂ ਹੁੰਦੀ ਤੇ ਫੁਕਰਪੁਣਾ ਦਿਖਾਉਣ ਖਾਤਰ ਆਖਣਗੇ,"ਸਾਡਾ ਬੁੜ੍ਹਾ ਤਾਂ ਐਂ ਕਰਦਾ ਜਰ"। ਪਿਓ ਨੂੰ ਬੁੜ੍ਹਾ ਆਖਕੇ ਖੌਣੀ ਕਿਹੜੀ ਕਲਗੀੰ ਲੱਗ ਜਾਂਦੀ ਆ ਏਹਨਾਂ ਦੇ। ਸਤਿਕਾਰ ਕਰਨਾ ਲਾਜ਼ਮੀ ਆ, ਹੱਥਾਂ 'ਚ ਫੜ੍ਹੇ ਸਿਓਆਂ ਆਲੇ ਫੋਨ ਵੀ ਬਜ਼ੁਰਗਾਂ ਦੀ ਕਮਾਈ ਦਾ ਈ ਸਿੱਟਾ ।ਸਰਬੰਸਦਾਨੀ ਚੜ੍ਹਦੀਆਂ ਕਲਾਂ 'ਚ ਰੱਖੇ ਮਾਪਿਆਂ ਨੂੰ......ਘੁੱਦਾ

Monday, 4 May 2015

ਸਰਬੱਤ ਦਾ ਭਲਾ

ਪਿੰਡ 'ਚੋਂ ਕਿਸੇ ਦਾ ਧੀ ਪੁੱਤ ਚੰਗਾ ਕਮਾਊ, ਸਲੱਗ ਨਿਕਲੇ ਤਾਂ ਸਾਰਾ ਪਿੰਡ ਵਡਿਆਈ ਕਰਦਾ। ਠੀਕ ਏਸੇ ਤਰ੍ਹਾਂ ਜੇ ਆਟੇ 'ਚ ਨੂਨ ਬਰੋਬਰ ਘੱਟਗਿਣਤੀਏ ਸਿੱਖ, ਕਿਤੇ ਲੋੜਵੰਦਾਂ ਦੀ ਮਦਦ ਕਰਦੇ ਨੇ ਤਾਂ ਸਾਰੀ ਦੁਨੀਆਂ ਸ਼ਾਬਾਸ਼ੇ ਦਿੰਦੀ ਆ।
ਸਾਰਾਗੜ੍ਹੀ, ਜੈਤੋ ਮੋਰਚਾ, ਘੱਲੂਘਾਰੇ ਤੇ ਸਤਿਕਾਰਯੋਗ ਬਾਬੇ ਪੂਰਨ ਤੇ ਭਾਈ ਘਨ੍ਹਈਏ ਹੋਣਾਂ ਦੀਆਂ ਗੱਲਾਂ ਸਾਡੀ ਕੌਮ ਦੀ ਬਹਾਦਰੀ, ਸੇਵਾ, ਸਿਦਕ ਨੂੰ ਦੱਸਣ ਲਈ ਕਾਫੀ ਨੇ। 
ਫੋਟਮਾਂ, ਸਟੇਟਸ ਜ਼ਰੂਰ ਪਾਓ ਪਰ ਕਿਸੇ ਨੂੰ ਚਿੜ੍ਹਾਕੇ ਏਹ ਨਾ ਲਿਖੋ ,"ਬੀ ਦੇਖੋ ਫਲਾਣਿਓਂ , ਹਾਡੇ ਸਿੱਖ ਐਂ ਸੇਵਾ ਕਰਦੇ ਆ"। ਸਿਆਣਿਆਂ ਦੀ ਆਖਤ ਆ ਜੇ ਕਿਸੇ ਦੀ ਮੌਤ ਤੇ ਰੋਣ ਨਾ ਆਵੇ ਤਾਂ ਘੱਟੋ ਘੱਟ ਰੋਣ ਅਰਗਾ ਮੂੰਹ ਜ਼ਰੂਰ ਬਣਾ ਲੈਣਾ ਚਾਹੀਦਾ। ਨੇਪਾਲ 'ਚ ਹੋਈਆਂ ਣਹੱਕ ਮੌਤਾਂ ਤੇ ਧਰਮ ਨੂੰ ਲੈਕੇ ਕਿਸੇ ਨਾ ਜਿਰਿਆ ਕਰਨੀ ਕੋਈ ਸੋਭਾ ਆਲਾ ਕੰਮ ਨਹੀਂ।
ਸਿੱਖ ਵਿਰੋਧੀ ਗਜ਼ਲਾਂ, ਨਜ਼ਮਾਂ ਲਿਖਣ  ਆਲੇ ਆਪੇ ਨਿਗਾਹ ਮਾਰ ਲੈਣਗੇ ਕੇ ਸਿੱਖ ਸਿਰਫ ਅਰਦਾਸ ਮਗਰੋਂ ਨਿਓਂ ਕੇ ਭੁੰਜੇ ਹੱਥ ਲਾਉਣ ਲੱਗੇ ਈ ਨਹੀਂ ਕਹਿੰਦੇ ਬੀ," ਤੇਰੇ ਭਾਣੇ ਸਰਬੱਤ ਦਾ ਭਲਾ", ਸਗਮਾਂ ਪਰੈਕਟੀਕਲੀ ਵੀ ਸਰਬੱਤ ਦਾ ਭਲਾ ਕਰਦੇ ਨੇ। 
ਨੇਪਾਲ 'ਚ ਮਦਦ ਕਰਦੇ ਕੁੱਲ ਜਾਤਾਂ, ਧਰਮਾਂ, ਦੇਸ਼ਾਂ ਦੇ ਲੋਕ ਸ਼ਾਬਾਸ਼ੇ ਦੇ ਹੱਕਦਾਰ ਨੇ। ਸਰਬੰਸਦਾਨੀ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ।......ਘੁੱਦਾ

ਜਾਅਲੀ ਇਨਕਲਾਬ

ਦੋ ਢਾਈ ਸਾਲ ਪਹਿਲਾਂ ਪੁਲਸ ਨੇ ਤਰਨਤਾਰਨ 'ਚ ਕੁੜੀ ਕੁੱਟੀ ਸੀ, ਨਾਏ ਵੀਡਿਓ ਬਣੀ। ਚਾਰ ਕ ਦਿਨ ਫੇਸਬੁੱਕ ਤੇ ਗਾਹਲਾਂ ਕੱਢਕੇ ਮੁਲਖ ਟਿਕ ਗਿਆ। ਕੇਰਾਂ ਫੇਰ ਦਿੱਲੀ ਦਾਮਨੀ ਵੇਲੇ ਗੋਲ ਘਤੇਰੇ ਆਲੀਆਂ ਫੋਟਮਾਂ ਲਾਈਆਂ ਫੇਰ ਬਦਲਤੀਆਂ। ਫੇਰ ਜੀਹਨੇ ਧਨੌਲੇ ਆਲੇ ਮੁੰਡੇ ਨੇ ਜੁੱਤੀ ਮਾਰੀ ਸੀ ਚਲਾਮੀਂ, ਉਹਦੀ ਘਰਾਂਆਲੀ ਦਾ ਬਿਆਨ ਆਇਆ ਸੀ ਕਹਿੰਦੀ ," ਬੱਸਾਂ ਤੇ ਜਾਣ ਜੋਗਰਾ ਭਾੜਾ ਵੀ ਹੈਨੀ, ਕੇਸ ਕਿੱਥੋਂ ਲੜਾਂ"। ਹੁਣ ਕੰਜਰਦਿਆਂ ਨੇ ਬਚਾਰੀ ਕੁੜੀ ਮਾਰਤੀ ਲਤੜਕੇ , ਮੁਲਖ ਦਾ ਖੂਨ ਫੇਰ ਬਾਅਲਾ ਮਾਰ ਰਿਹਾ ਫੇਸਬੁੱਕ ਤੇ। 
ਜਦੋਂ ਸਟੇਜ ਤੇ ਨੱਚਣ ਆਲੀ ਕੁੜੀ ਦੇ ਗਲਮੇਂ 'ਚ ਦਹਾਂ ਦਹਾਂ ਦੇ ਨੋਟ ਤੁੰਨਦੇ ਹੁੰਨੇ ਆ, ਓਦੋਂ ਨੀਂ ਖੂਨ ਉਬਾਲਾ ਮਾਰਦਾ। "ਨਿੱਕੀਏ ਤੈਨੂੰ ਕੱਢ ਕੇ ਲੈਜੂੰ,ਤੇਰਾ ਪਿਓ ਲਾਦੇਨ ਤਾਂ ਨਹੀਂ", ਏਹੇ ਜੇ ਗੀਤਾਂ ਦੇ ਪੰਜ ਪੰਜ ਲੱਖ ਵਿਊ ਹੁੰਦੇ ਨੇ।
ਮੁਲਖ ਸਟੇਟਸ ਪਾ ਰਿਹਾ ਬੀ ਲੋਕਾਂ ਦੀ ਜਿੱਤ ਹੋਗੀ, ਓਰਬਿਟ ਬੱਸਾਂ ਰੁਕਗੀਆਂ। ਏਹਵੀ ਸਿਆਸਤ ਆ ਅਗਲਿਆਂ ਦੀ ਬੀ ਕੇਰਾਂ ਦਸ ਕ ਦਿਨ ਰੋਕਦੋ ਨਾਏ ਭੰਨ ਤੋੜ ਤੋਂ ਬਚੀਆਂ ਰਹਿਣ । ਜਦੋਂ ਲੋਕ ਟਿਕਗੇ ਫੇਰ ਖਿੱਚਦਾਗੇਂ। ਦੂਰੋਂ ਈ ਲੈਟਾਂ ਮਾਰ ਦੇਦੇਂ ਆ ਅਗਲੇ ਪਾਸ ਵੀ ਨੀਂ ਲੈਣ ਦੇਦੇਂ । 
ਸ਼ੋਸ਼ਲ ਮੀਡੀਏ ਨੇ ਬਥੇਰਾ ਜੋਰ ਲਾ ਲਿਆ। ਬਾਦਲ ਪਾਲਟੀ ਫੇਰ ਵੀ ਗੱਦੀ ਤੇ ਬੈਠੀ ਆ।  
2009 ਤੋਂ ਫੇਸਬੁੱਕ ਵੇਖ ਰਹੇਂ ਆਂ। ਫੇਸਬੁੱਕ ਮੁੱਦੇ ਚੱਕਦੀ ਆ ਹੱਲ ਨਹੀਂ ਕਰ ਸਕਦੀ। ਨਾਲੇ ਏਹੋ ਜੇ ਮੱਸੇ ਰੰਘੜਾਂ ਦੇ ਝੱਗੇ ਦਾ ਮੇਚ ਲੈਣ ਆਲੇ ਆਲੇ ਸੁੱਖੇ ਤੇ ਮਹਿਤਾਬ ਅਰਗੇ ਸਿੰਘ ਫੇਸਬੁੱਕਾਂ ਤੇ ਬੜ੍ਹਕਾਂ ਨਈਂ ਮਾਰਦੇ। ਤਾਰੀ.... ਜ਼ਜ਼ਬਾਤਾਂ ਨੂੰ ਕਾਬੂ ਰੱਖਿਆ ਕਰ...ਘੁੱਦਾ

Tuesday, 28 April 2015

ਪਰਤਿਆਈਆਂ ਵਈਆਂ ਗੱਲਾਂ....( ਵਿਸਾਖ )

ਪਰਤਿਆਈਆਂ ਵਈਆਂ ਗੱਲਾਂ....( ਵਿਸਾਖ )
1. ਜਦੋਂ ਕੋਈ ਜਣਾ ਡੂਢ ਡੂਢ ਘੈੰਟਾ ਕੁੜੀ ਨਾ ਫੂਨ ਤੇ ਗਰਾਰੀ ਸਿੱਟੀ ਰੱਖਦਾ ਓਦੋਂ ਮੇਰੇ ਤੇਰੇ ਅਰਗਾ ਛੜਾ ਕੋਲ ਬੈਠਾ ਆਹ ਸਵਾਲ ਜ਼ਰੂਰ ਕਰਦਾ,"ਪਰਧਾਨ ਐਨਾ ਟੈਮ ਕੀ ਗੱਲਾਂ ਕਰਦੇ ਆ ਜਰ"।
2. ਬੇਬੇ ਅਰਗੀਆਂ ਜਵਾਕਾਂ ਨੂੰ ਤੜਕੇ ਉਠਾਉਣ ਖਾਤਰ ਗਰਮੀਆਂ 'ਚ ਪੱਖਾ ਬੰਦ ਕਰ ਜਾੰਦੀਆਂ ਤੇ ਸਿਆਲ 'ਚ ਰਜਾਈ ਖਿੱਚ ਕੇ ਪਾਸੇ ਧਰ ਦੇਦੀੰਆਂ।
3. ਬੰਬੇ ਬੰਨੀਂ ਖਾਨ ਫਿਲਮਾਂ ਬਣਾਉਣ ਦਾ ਕਿੱਤਾ ਕਰਦੇ ਆ ਤੇ ਪੰਜਾਬ 'ਚ ਬਾਹਲੇ ਖਾਨ ਟੁੱਟੀਆਂ ਹੱਡੀਆਂ ਸੂਤ ਕਰਦੇ ਨੇ।
4. ਪਿੰਡਾਂ ਆਲਿਆਂ ਨੂੰ ਵੀਹ ਵੀਹ ਸਾਲ ਹੋਗੇ ਕ੍ਰਿਕਟ ਦੇਖਦਿਆਂ ਨੂੰ ਪਰ ਹਜੇ ਵੀ ਪੱਟੂ ਵਿਕਟ ਨੁੰ ਵਿਰਕਟ ਈ ਆਖਣਗੇ।
5. ਸੈਲਫ ਕੌੰਨਫੀਡੈਂਸ ਹੈਨੀ ਆਪਣੇ ਮੁਲਖ 'ਚ। ਪੇਪਰ ਸ਼ੁਰੂ ਕਰਨ ਤੋਂ ਪਹਿਲਾਂ OMR ਸ਼ੀਟ ਵੀ ਨਕਲ ਮਾਰਕੇ ਈ ਭਰਦੇ ਨੇ।
6. ਫੇਸਬੁੱਕ ਤ ਫੋਟੋ ਅਪਲੋਡ ਕਰਨ ਵੇਲੇ ਮੁਲਖ ਨਾਲਦੇ  ਦੇ ਕੂਹਣੀ ਮਾਰਕੇ ਆਹੀ ਗੱਲ ਪੁੱਛਦਾ,"ਪਰਧਾਨ ਫੋਟੋ ਦੇ ਨਾਲ ਕੀ ਲਿਖੀਏ ਜਰ"
7. ਰਾਤ ਨੂੰ ਅੱਠ ਵਜੇ ਈ ਬੇਬੇ ਹੋਣੀਂ ਆਖਣ ਲੱਗ ਜਾਂਦੀਆਂ  ,"ਛੋਹਰੋ ਟਿਕੀਦਾ ਨੀਂ ਥੋਥੋਂ ਅੱਧੀ ਰਾਤ ਹੋਗੀ।" ਤੇ ਤੜਕੇ ਪੰਜ ਵਜੇ ਹੁੱਜ ਮਾਰਕੇ," ਉੱਠਪੋ ਬਸ਼ਰਮੋ ਬਾਹਰ ਤਾਂ ਧੁੱਪ ਮੱਚੀ ਪਈ ਆ।" ਪੰਜ ਛੇ ਘੈੰਟੇ ਮੂਹਰੇ ਚੱਲਦੀਆਂ ਬੇਬੇ ਹੋਣੀਂ।......ਘੁੱਦਾ

ਬੰਦਾ ਸਿੰਘ

ਅਠਾਰਵੀਂ ਸਦੀ ਦੇ ਪਹਿਲੇ ਦਹਾਕੇ ਦਾ ਅੰਤਲਾ ਸਾਲ ਸੀ
ਸਰਹੰਦ ਤੋਂ ਦਸ ਮੀਲ ਦੀ ਵਿੱਥ ਤੇ ਬੰਦੇ ਦੀ ਫੌਜ ਦਾ ਟਿਕਾਣਾ ਸੀ
ਸੂਰਜ ਲਹਿੰਦੇ ਵੱਲ ਕਦੋਂ ਦਾ ਡੁੱਬ ਚੁੱਕਾ ਸੀ।
ਭੋਇੰ ਤੇ ਲੰਮੇ ਪਏ ਬੰਦੇ ਨੇ ਤਾਰਿਆਂ ਦੀ ਮੰਜੀ ਵੱਲ ਵੇਖਕੇ ਸਮੇਂ ਦਾ ਅੰਦਾਜ਼ਾ ਲਾਇਆ।
ਰਾਤ ਅੱਧੋੰ ਲੰਘ ਗਈ ਸੀ।
ਕੋਲ ਬੱਧੇ ਘੋੜੇ ਨੇ ਨਾਸਾਂ ਫੁਰਕਾਰਕੇ ਬੰਦੇ ਦਾ ਧਿਆਨ ਖਿੱਚਿਆ।
ਬੰਦੇ ਨੇ ਫੌਜ ਵੱਲ ਨਿਗਾਹ ਮਾਰੀ।
ਕੋਈ ਦੁਆਬੀਆ ਸਿੰਘ ਤੰਬੂ ਨੂੰ ਖਿੱਚ ਪਾਉਣ ਖਾਤਰ ਗੱਡੇ ਕਿੱਲੇ ਤੇ ਪੈਰ ਧਰੀ ਖਲੋਤਾ ਮਾਝੇ, ਮਾਲਵੇ ਦੇ ਸਿੰਘਾਂ ਦੀ ਬੋਲੀ ਸੁਣ ਹੱਸ ਰਿਹਾ ਸੀ।
ਮਝੈਲ ਗੱਭਰੂ ਅੱਜ ਈ ਆਕੇ ਫੌਜ ਵਿੱਚ ਰਲੇ ਸੀ।
ਕੋਈ ਜਣਾ ਨੀਝ ਲਾਕੇ ਤਲਵਾਰ ਦੀ ਧਾਰ ਦੇਂਹਦਾ ਤੇ ਹੋਰ ਤਿੱਖੀ ਕਰਨ ਦੀ ਵਿਓੰਂਤ ਕਰਦਾ।
ਥੋੜ੍ਹੀ ਵਿੱਥ ਤੇ ਬਲਦੀ ਅੱਗ ਦਾ ਚਾਨਣ ਬੰਦੇ ਦੇ ਚਿਹਰੇ ਦੇ ਇੱਕ ਪਾਸੇ ਨੂੰ ਰੁਸ਼ਨਾ ਰਿਹਾ ਸੀ।
ਹੁਣ ਨੀਂਦ ਨੇ ਬੰਦੇ ਨੂੰ ਦੱਬ ਲਿਆ।
ਸੁਪਨੇ ਵਿੱਚ ਹੱਥੀਂ ਤੀਰ ਫੜ੍ਹੀ ਬੈਠਾ ਕੋਈ ਬਾਬਾ ਦਿੱਸਿਆ।
ਬਾਬਾ ਕਿਸੇ ਸੂਹੀਏ ਨੂੰ ਉਡੀਕ ਰਿਹਾ ਸੀ।
ਸਾਹਮਣੇ ਆਏ ਸੂਹੀਏ ਨੇ ਅੱਖਾਂ ਨਿਵਾਕੇ ਦੱਸਿਆ," ਗੁਰੂ ਸਾਹਬ, ਵਜ਼ੀਰੇ ਨੇ ਥੋਡੇ ਛੋਟੇ ਪੁੱਤ ਨਿਓਆਂ ਵਿੱਚ ਚਿਣ ਦਿੱਤੇ ਨੇ, ਏਹੋ ਖਬਰ ਜੇ"।
ਉੱਤੇ ਝਾਕੇ ਬਿਨ੍ਹਾਂ ਬਾਬੇ ਨੇ ਤੀਰ ਦੀ ਨੋਕ ਨੂੰ ਘਾਹ ਦੀ ਤਿੜ੍ਹ ਵਿੱਚ ਫਸਾਇਆ,
ਤੇ ਸਣੇ ਜੜ੍ਹ ਘਾਹ ਨੂੰ ਪੁੱਟ ਸੁੱਟਿਆ।
ਚਾਣਚੱਕ ਬੰਦੇ ਦੀ ਅੱਖ ਖੁੱਲ੍ਹੀ ਤੇ ਸੱਜਾ ਹੱਥ ਤਲਵਾਰ ਦੇ ਮੁੱਠੇ ਤੇ ਜਾ ਟਿਕਿਆ। 
ਤਾਅ ਵਿੱਚ ਆਏ ਬੰਦੇ ਨੇ ਜੈਕਾਰਾ ਛੱਡਿਆ। 
ਜਨੌਰਾੰ ਨੇ ਫੰਗਾਂ ਦੀ ਬੁੱਕਲ ਖੋਲ੍ਹ ਕੇ ਉਡਾਰੀ ਭਰੀ।
ਕੁੱਲ ਸਿੰਘਾਂ ਨੇ ਖਲੋਕੇ ਬੰਦੇ ਦਾ ਜਲੌਅ ਡਿੱਠਾ
ਜਿਮੇਂ ਸਾਰੇ ਪੰਜਾਬ ਨੇ ਜਵਾਬ ਦਿੱਤਾ ਹੋਵੇ
"ਸਤਿ ਸ੍ਰੀ ਅਕਾਲ"।
ਅੱਜ ਇਤਿਹਾਸ ਸਿਰਜਿਆ ਜਾਣਾ ਸੀ
ਚੱਪੜਚਿੜੀ ਵਿੱਚ ਬਾਜ਼ ਉੱਪੜੇ ।
ਹੁਣ ਸਰਹੰਦ ਦੂਰ ਨਹੀਂ ਸੀ......ਘੁੱਦਾ

Thursday, 23 April 2015

ਵਿਚਾਲੜਲੀ ਗੱਲ

ਨਾਨਕ ਸ਼ਾਹ ਫਕੀਰ। ਹਰਿੱਕ ਬੰਦੇ ਨੇ ਏਸ ਫਿਲਮ ਤੇ ਭੜਾਸ ਕੱਢੀ ਆ। ਗੌਰ ਕਰਿਓ ਜਦੋਂ ਚਹੁੰ ਸਾਹਿਬਜ਼ਾਦਿਆਂ ਤੇ ਬਣੀ ਫਿਲਮ ਲੱਗੀ ਸੀ ਤਾਂ ਸੌ 'ਚੋਂ ਠਾਂਨਵੇ ਬੰਦਿਆ ਨੇ 'ਚਾਰ ਸਾਹਿਬਜ਼ਾਦੇ' ਫਿਲਮ ਦੀ ਸਲਾਹੁਤਾ ਕਰੀ ਸੀ। ਪਰ ਦੋ ਚੌਂਹ ਬੰਦਿਆਂ ਨੇ ਸੰਸੇ ਨਾਲ ਕਿਹਾ ਸੀ ਕਿ ਨਹੀਂ ਗਲਤ ਹੋ ਰਿਹਾ ਕੰਮ, ਭਵਿੱਖ 'ਚ ਮਾੜਾ ਨਤੀਜਾ ਹੋਊ। ਓਹੀ ਦੋ ਚਾਰ ਬੰਦੇ ਸੱਚੇ ਨਿਕਲੇ। ਨਤੀਜਾ ਸਾਹਮਣੇ ਆ।
ਅਗਲੀ ਗੱਲ।
ਗੁਰੂ ਘਰਾਂ 'ਚ ਲਿਖਿਆ ਹੁੰਦਾ ਕੇਸਾਧਾਰੀ ਦਾਦਾ ਸ਼ੇਰ ਤੇ ਸਿਰ ਮੂੰਹ ਮੰਨਾਉਣ ਆਲਾ ਪੋਤਾ ਭੇਡ ਹੁੰਦਾ। ਪੋਤੇ ਨੂੰ ਭੇਡ ਕਹਿਕੇ ,ਨੀਵਾਂ ਦਿਖਾਕੇ ਪਿੱਛੇ ਛੱਡਣ 'ਚ ਨਹੀਂ, ਸ਼ੇਰ ਬਣਾਕੇ ਨਾਲ ਤੋਰਨ ਵਿੱਚ ਸਿਆਣਫ ਆ।
ਠੇਡਾ ਖਾਕੇ ਡਿੱਗੇ ਨੂੰ ਲੰਗੜਾ ਕਹਿਣ ਨਾਲੋਂ ਸਹਾਰਾ ਦੇਕੇ ਆਖੋ ,"ਚੱਲ ਪਰਧਾਨ ਬਰੋਬਰ ਤੁਰੀਏ।"
ਅਨੰਦਰ ਪੁਰ ਤੋਂ ਭੱਜੇ ਸਿੰਘਾਂ ਨੂੰ ਸ਼ੇਰ ਜਾਣਕੇ ਗੁਰੂ ਸਾਹਬ ਨੇ ਖਿਦਰਾਣੇ ਆਕੇ ਮੁਆਫ ਕੀਤਾ ਸੀ।
ਬਾਕੀ ਆਹ ਨਵੇਂ ਮੁੱਦੇ ਤੇ ਲਿਖਣ ਨੂੰ ਚਿੱਤ ਨਈੰ ਮੰਨਦਾ। ਕੌਮ ਦਾ ਜਲੂਸ ਨਿਕਲਦਾ ਫਿਰਦਾ। ਝੱਗਾ ਨਹੀਂ ਚੱਕਣਾ.....ਘੁੱਦਾ