Thursday, 30 January 2014

ਨਗਰ ਕੀਰਤਨ....ਵਿਚਲੀ ਗੱਲ

ਆਹ ਦਿਨਾਂ 'ਚ ਪਿੰਡਾਂ ਸ਼ੈਹਰਾਂ 'ਚ ਨੱਗਰ ਕੀਰਤਨ ਬਾਹਲੇ ਹੁੰਦੇ ਨੇ। ਏਹਨਾਂ ਨਗਰ ਕੀਰਤਨਾਂ 'ਚ ਚੱਲਦੇ ਸੂਬੀ ਬੰਬ ਭੜਾਕੇ, ਲੋੜੋਂ ਵੱਧ ਪੱਕਦੇ ਲੰਗਰ, ਟਰੈਫਿਕ ਦੀ ਡਿੱਕਤਦਾਰੀ ਦੇ ਅਸੀਂ ਵੀ ਖਿਲਾਫ ਆਂ।
ਪਰ ਕਈ ਫੇਸਬੁਕੀਏ ਬੁੱਧੀਜੀਵੀ ਆਵਦੇ ਆਪ ਨੂੰ ਬਾਹਲਾ ਸਿਆਣਾ ਸਿੱਧ ਕਰਨ ਖਾਤਰ ਨਗਰ ਕੀਰਤਨਾਂ ਦੇ ਖਿਲਾਫ ਡੇਢ ਡੇਢ ਫੁੱਟ ਦੇ ਲੇਖ ਲਿਖਕੇ ਫੇਸਬੁੱਕ ਤੇ ਪਾ ਰਹੇ ਨੇ।
ਗੌਰ ਕਰਿਓ ਜਦੋਂ ਆਪਣੇ ਅਰਗੇ ਦਾ ਜਨਮਦਿਨ ਹੁੰਦਾ ਓਦੋਂ ਗੰਢੇ ਚੀਰਣ ਆਲੀ ਸੜੀ ਜੀ ਕਰਦ ਨਾ ਬੇਹਾ ਜਾ ਕੇਕ ਕੱਟਕੇ ਚਾਰ ਕ ਜਣੇ ਤਾੜੀਆਂ ਮਾਰਕੇ ਸੈੜ ਤੇ ਹੋ ਜਾਂਦੇ ਨੇ।
ਕੁੱਲ ਦੁਨੀਆਂ ਤੇ ਗੋਬਿੰਦ ਸਿੰਘ ਹੋਣਾਂ ਦੇ ਜਨਮ ਦਿਨ ਤਾਂਹੀ ਮਨਾਏ ਜਾਂਦੇ ਨੇ ਕਿਓਕੇਂ ਉਹਨ੍ਹਾਂ ਨਿੱਜ ਤੋਂ ਉੱਤੇ ਉੱਠਕੇ ਲੋਕਾਂ ਖਾਤਰ ਵੀ ਕੁੱਝ ਕਰਿਆ ਸੀ।
ਅਗਲੀ ਗੱਲ ਦੀਵਾਲੀ ਵੇਲੇ ਘਰਾਂ ਦੀ ਸਫਾਈ ਕਰੀ ਜਾਂਦੀ ਆ ਫੇਰ ਕੇਹੜਾ ਲੱਛਮੀ ਮਾਤਾ ਆਕੇ ਕੁੜਤੇ ਦੀ ਉੱਤਲੀ ਜੇਬ 'ਚ ਹਜ਼ਾਰ ਹਜ਼ਾਰ ਦੇ ਨੋਟ ਪਾ ਜਾਂਦੀ ਆ । ਏਮੇਂ ਜਿਮੇਂ ਨੱਗਰ ਕੀਰਤਨਾਂ ਦੇ ਪੱਜ ਨਾ ਮੁਲਖ ਘੱਟੋ ਘੱਟ ਪਿੰਡ ਦੀਆਂ ਗਲੀਆਂ ਨਾਲੀਆਂ ਤਾਂ ਸਾਫ ਕਰ ਲੈਂਦਾ, ਊਂ ਦੱਸੋਂ ਕੇਹੜਾ ਕਰਦਾ ? ਬਾਕੀ ਸਿਰੇ ਜਾਤਾਂ ਪਾਤਾਂ ਤੋਂ ਪਾਸੇ ਹੋਕੇ ਮੁਲਖ ਕੱਠਾ ਹੋਕੇ ਤੁਰਦਾ, ਲੜੇ ਘਰ ਬਹਾਨੇ ਨਾਲ ਫੇਰ ਕੱਠੇ ਹੁੰਦੇ ਨੇ। ਘੁਕਣ ਆਲੀਆਂ ਕੁਰਸੀਆਂ ਤੇ ਬਹਿਕੇ ਸਟੇਟਸ ਲਿਖਣ ਆਲੇਆਂ ਨੂੰ ਸਨੇਹਾ ਲਾਇਓ ਕਦੇ ਪਿੰਡਾਂ 'ਚ ਆਕੇ ਮਹੌਲ ਦੇਖਣ। ਬਾਕੀ ਸਿਰੇ ਬਾਜ਼ਾਂ ਆਲੇ ਬਾਈ ਦੇ ਗੁਰਪੁਰਬ ਦੀਆਂ ਸਾਰੇਆਂ ਨੂੰ ਮੁਬਾਰਕਾਂ....ਘੁੱਦਾ

ਬੇਬੇ ਮਾਰ ਚੌਂਕੜਾ ਬਹਿਗੀ -- ਟੂ

ਨਿਗਾਹ ਮਾਰ ਚੁਫੇਰੇ ਤੇ ਤਣੇ ਕੌਮ ਤੇ ਬੱਦਲ ਕਾਲੇ
ਕਿੱਥੋਂ ਸਿੰਘ ਛੁਡਾਲਾਂਗੇ ਸਾਡੇ ਤਖਤ ਗੁਲਾਮ ਨੇ ਹਾਲੇ
ਸੁਣਿਆ ਵਿੱਚ ਪਟਨੇ ਦੇ ਪੱਗ ਜਥੇਦਾਰ ਦੀ ਲਹਿਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਨਮੀਂ ਆਪ ਪਾਰਟੀ ਨੇ ਦਿੱਲੀ ਵਿੱਚ ਬੂਥ ਲਵਾਤੀ
ਸ਼ੀਲਾ ਦੀਕਸ਼ਿਤ ਦੀ ਚੱਕ ਕੁਰਸੀ ਖੂੰਜੇ ਡਾਹਤੀ
ਕਰ ਵਰਤੋਂ ਪੰਜੇ ਦੀ ਬਹੁਕਰ ਫੁੱਲ ਸੁੰਭਰ ਕੇ ਲੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਮਿਲੀਭੁਗਤ ਸਿਆਸਤ ਦੀ ਭਲਵਾਨ ਦੱਸਦਾ ਭੋਲਾ
ਫੜ੍ਹ ਤੱਕੜੀ ਨਾਨਕ ਦੀ ਤੁਰਿਆ ਫਿਰੇ ਠੱਗਾਂ ਦਾ ਟੋਲਾ
ਕੁੱਲ ਵਿਕੇ ਮੀਡੀਏ ਦੀ ਜ਼ਮੀਰ ਵੀ ਕੋਕੋ ਲੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਬੜਾ ਟੋਕਿਆ ਲੋਕਾਂ ਨੇ ਨਾ ਹਟਿਆ ਲਿਖਣੋਂ 'ਘੁੱਦਾ'
ਡੱਕੇ ਪੱਤਰਕਾਰਾਂ ਨੂੰ ਲੱਭਿਆ ਦੇਵਯਾਨੀ ਦਾ ਮੁੱਦਾ
ਹੁਣ ਛੱਡਦੇ ਨਹੀਂ ਬੀਬਾ ਤੂੰ ਅਮਰੀਕਾ ਦੇ ਵੱਸ ਪੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਤਿੰਨ ਦਾ ਛੰਦ...ਵੀਹ ਸੌ ਚੌੌਂਦਾ

ਲੱਖ ਕਰ ਕੋਸ਼ਿਸ਼ ਨਾ ਜੁੜਨ ਕਿਧਰੇ
ਤਿੜਕੇ ਪੱਥਰ, ਭਰੋਸਾ, ਚਿੱਤ ਤਿੰਨੇ

ਸ਼ਾਹ, ਏਜੰਟ, ਪੁਲਸ ਤੋਂ ਬਚ ਰਹੀਏ
ਪੋਲੇ ਪੈਰੀਂ ਨਾ ਬਣਦੇ ਮਿੱਤ ਤਿੰਨੇ

ਹਰ ਕੋਈ ਸੁਖਾਲੇ ਨਹੀਂ ਸਾਂਭ ਸਕਦਾ
ਔਂਤ ਪੈਸਾ, ਹੁਸਨ ਤੇ ਜਿੱਤ ਤਿੰਨੇ

ਹੋ ਜਾਣ ਬੰਦੇ ਦੇ ਬੜਾ ਤੰਗ ਕਰਦੇ
ਕਛਰਾਲੀ, ਜਨਿਊ ਤੇ ਪਿੱਤ ਤਿੰਨੇ

ਪੁਜਾਰੀ, ਨੇਤਾ ਤੇ ਕੌਲੀਚੱਟ ਬੰਦੇ
ਸਦਾ ਆਵਦਾ ਪੂਰਦੇ ਹਿੱਤ ਤਿੰਨੇ

ਡਰੈਬਰ, ਦੋਧੀ, ਪਾਠੀ ਸਿਰੜ ਹੁੰਦੇ
ਉੱਠਦੇ ਵੇਖੇ ਸੰਦੇਹਾਂ ਨਿੱਤ ਤਿੰਨੇ

ਘੁੱਦੇ ਸੀ ਸ਼ਾਇਰ ਨਿਰਾਲਾ ਰਜਬਅਲੀ
ਲਿਖੇ ਛੰਦ, ਬੈਂਤ , ਕਬਿੱਤ ਤਿੰਨੇ

ਪਰਤਿਆਈਆਂ ਗੱਲਾਂ....ਜਨਵਰੀ ਸੈਕੰਡ ਵਰਜ਼ਨ

ਪਰਤਿਆਈਆਂ ਬੀਆਂ ਗੱਲਾਂ ਪੜ੍ਹਿਓ ਸਮਾਰ ਕੇ.....(ਘੁੱਦਾ ਇਜ਼ ਬੈਕ)
1. ਜਦੋਂ ਕੱਠ ਵੱਠ 'ਚ ਬੰਦੇ ਖੜ੍ਹੇ ਹੁੰਦੇ ਆ...ਓਦੋਂ ਫੋਨ ਇੱਕ ਦਾ ਵੱਜਦਾ ਤਾਂ ਦੂਜੇ ਭੁਲੇਖੇ ਨਾਲ ਊਂਈ ਜੇਬਾਂ 'ਚ ਹੱਥ ਪਾ ਲੈਂਦੇ ਆ। ਵਾਹਵਾ ਘੱਚਾ ਜਾ ਵੱਜਦਾ ਐਸ ਲੋਟ।
2. ਕਈ ਬੰਦੇ ਬਾਹਲੇ ਵਹਿਮੀ ਦੇਖੇ ਆ। ਰਮੋਟ ਨਾਲ ਗੱਡੀ ਸੈਂਟਰ ਲੌਕ ਕਰਕੇ ਵੀ ਸਹੁਰੇ ਯਕੀਨ ਨੀਂ ਮੰਨਦੇ। ਵਾਰੀ ਵਾਰੀ ਟਾਕੀਆਂ ਦੇ ਹੈਂਡਲ ਖਿੱਚਕੇ ਚਿੱਕ ਕਰਦੇ ਆ ਬੀ ਲੌਕ ਲਾਗਿਆ ਕਿ ਨਹੀਂ।
3. ਹੁਣ ਤਾਂ ਖੈਰ ਡੈਡੀ, ਪਾਪਾ ਅਰਗੇ ਪੋਲੇ ਪੋਲੇ ਲਫਜ਼ ਚੱਲਪੇ..ਪਹਿਲਾਂ ਪੰਜਾਬ ਦੇ ਕਈ ਖਿੱਤਿਆਂ 'ਚ ਸਕੇ ਪਿਓ ਨੂੰ ਚਾਚਾ ਕਹਿ ਕੇ ਬੁਲਾਇਆ ਜਾਂਦਾ ਰਿਹਾ ।
4. ਫਿਲਮਾਂ ਦੀਆਂ ਮਸ਼ੂਹਰ ਐਕਟਰਨੀਆਂ ਮੋਸਟਲੀ ਤਲਾਕਸ਼ੁਦਾ ਬੰਦੇ ਨਾਲ ਈ ਵਿਆਹ ਕਰਾਉਂਦੀਆਂ । ਖੌਣੀ ਕੇਹੜਾ ਐਕਸਪੀਰੀਐਂਸ ਸਲਟੀਫਿਕੇਟ ਹੁੰਦੇ ਸੌਹਰੇਆਂ ਕੋਲ।
5. ਸਿਆਲਾਂ 'ਚ ਵਿਆਹੇ ਤਾਂ ਟੈਮ ਨਾ ਸੌਂ ਜਾਂਦੇ ਆ , ਛੜੇਆਂ ਦਾ ਤਾਂ ਕੱਲਾ ਗਲਾਫ ਜਾ ਈ ਰਹਿ ਜਾਂਦਾ ਰਜਾਈ ਦਾ....ਵਿੱਚੋਂ ਰਜਾਈ ਸੂਤ ਈ ਨੀਂ ਆਉਂਦੀ।
6. ਪਿੰਡਾਂ ਆਲੇਆਂ ਦਾ ਜਦੋਂ ਕੋਈ ਮਰੀਜ਼ ਸ਼ੈਹਰ ਹਸਪਤਾਲ 'ਚ ਦਾਖਲ ਹੁੰਦਾ ਓਦੋ ਪੰਦਰਾਂ ਜਣੇ ਊਈਂ ਮਰੀਜ਼ ਦੇ ਬੈੱਡ ਦਾਲੇ ਬੈਠੇ ਰਹੋਣਗੇ। ਓਨੇ ਪੈਸਿਆਂ ਦੀ ਮਰੀਜ਼ ਤੇ ਦਵਾਈ ਨੀਂ ਲੱਗਦੀ , ਓਦੂੰ ਦੁੱਗਣੇ ਦੀ ਜੰਤਾ ਚਾਹ ਪੀ ਜਾਂਦੀ ਆ।....ਘੁੱਦਾ

ਰੌਲਾ ਕਿ ਅਜ਼ਾਦੀ

ਕੱਲ੍ਹ ਪਰਸੋਂ ਗਣਤੰਤਰ ਦਿਵਸ ਟੱਪ ਗਿਆ ਬਹਿ ਬਹਿ ਕੇ। ਹਰੇਕ ਸਾਲ ਚੜ੍ਹਦੀ ਕਲਾ ਨਾਲ ਗਣਤੰਤਰ ਤੇ ਪੰਦਰਾਂ 'ਗਸਤ ਦੇ ਅਜ਼ਾਦੀ ਦਿਨ ਪੂਰੇ ਮੁਲਖ 'ਚ ਮਨਾਏ ਜਾਂਦੇ ਨੇ। ਚੰਗੀ ਗੱਲ ਆ। ਪਰ ਏਹਦੇ ਵਿੱਚ ਇੱਕ ਹੋਰ ਗੱਲ ਵੀ ਉੱਠਦੀ ਆ ।
ਕਦੇ ਕਿਸੇ ਬਜ਼ੁਰਗ ਨੂੰ ਪੁੱਛਿਓ "ਬਾਬਾ ਤੇਰੀ ਉਮਰ ਕਿੰਨੀ ਆ"?
ਬਜ਼ੁਰਗ ਹਮੇਸ਼ਾ ਆਹੀ ਜਵਾਬ ਦੇਣਗੇ ," ਪੁੱਤ ਰੌਲੇ ਵੇਲੇ ਮੈਂ ਪੰਦਰਾਂ ਸਾਲਾਂ ਦਾ ਸੀ"
ਕਿੱਡੀ ਸ਼ਪੱਸ਼ਟ ਗੱਲ ਆ ਜੀਹਨੂੰ ਆਪਾਂ ਅਜ਼ਾਦੀ ਕਹਿਣੇ ਆ ਉਹਨੂੰ ਸਾਡੇ ਬਜ਼ੁਰਗ ਰੌਲਾ ਈ ਕਹਿੰਦੇ ਆ। ਖੌਣੀ ਬਾਬੇ ਕਮਲੇ ਆ ਖੌਣੀ ਆਪਾਂ। ...ਘੁੱਦਾ

ਨਿੱਕਾ ਗਰਨੈਬ ...ਫੁੱਲੇਆਂ ਦੇ ਪੈਟਕ

ਨਿੱਕੇ ਗਰਨੈਬ ਦੀ ਗੱਲ ਆ ਨਿੱਕੇ ਹੁੰਦੇ ਦੀ । ਗਰਮੀਆਂ ਦੇ ਦਿਨ ਭਰਾਵਾ, ਮੈਨੂੰ ਮੇਦ ਆ ਬੀ ਹਾੜ੍ਹ ਦਾ ਪਿਛਲਾ ਜਾ ਪੱਖ ਸੀ। ਧੁੱਪੇ ਖੇਡ ਖੇਡ ਸਾਡੇਆਲੇ ਦਾ ਰੰਗ ਢੂਈ ਦੇ ਐਕਸਰੇ ਅਰਗਾ ਹੋਗਿਆ । ਵੇਹੜੇ 'ਚ ਪਸੂਆਂ ਥੱਲੇ ਖਲਿਆਰਣ ਖਾਤਰ ਕੱਕੇ ਰੇਤੇ ਦੀ ਟਰੈਲੀ ਲਾਹੀ ਪਈ ਸੀ। ਏਹ ਸਾਰਾ ਦਿਨ ਖੇਡਣ ਆਲੇ ਲੀਲੇ ਜੇ ਟਰੈਕਟਰ ਨਾ ਓਥੇ ਈ ਕਰਾਹਾ ਲਾਈ ਜਾਇਆ ਕਰੇ।
ਓਦੋਂ ਪਿੰਡਾਂ 'ਚ ਸੈਕਲਾਂ ਤੇ ਵਾਲ ਖਰੀਦਣ ਆਲੇ ਆਉਂਦੇ ਹੁੰਦੇ ਸੀਗੇ। ਸੈਕਲ ਦੇ ਹੈਂਡਲ ਤੇ ਫੁੱਲਿਆਂ ਦੇ ਪੈਟਕ ਤੇ ਗੁਲਾਬੀ ਜੀ ਰੂੰ ਦੇ ਪੈਕਟ ਟੰਗੇ ਹੋਇਆ ਕਰਨ ਉਹਨ੍ਹਾਂ ਦੇ। ਵਾਲਾਂ ਬੱਟੇ ਉਹ ਖਾਣ ਚੀਜ਼ੀ ਦੇ ਦਿਆ ਕਰਨ ਜਵਾਕਾਂ ਨੂੰ।
ਸਾਡੇ ਘਰਾਂ ਲਿਵੇ ਆਕੇ ਭਾਈ ਨੇ ਹੋਕਰਾ ਮਾਰਤਾ ਬੀ ਵਾਲ ਵੇਚਲੋ । ਸਾਡੇਆਲੇ ਨੇ ਸਹੇ ਅੰਗੂ ਨਾਲ ਦੀ ਨਾਲ ਕੰਨ ਖੜ੍ਹੇ ਕਰਲੇ। ਬੇਬੇ ਅਰਗੀਆਂ ਪਰ੍ਹਾਂ ਚੌਂਕੇ 'ਚ ਧੰਦੂਰ ਤੇ ਰੋਟੀਆ ਲਾਈ ਜਾਣ। । ਸਾਡੇਆਲੇ ਨੇ ਬੋਚ ਕ ਜੇ ਲੀੜੇ ਸਿਓਣ ਆਲੀ ਮਸ਼ੀਨ 'ਚੋਂ ਕੈਂਚੀ ਕੱਢਲੀ ਪਾਈਆ ਪੱਕੇ ਦੀ । ਨਿੱਕੇ ਨੇ ਜਾਕੇ ਤਿੰਨੇ ਚਾਰੇ ਕੱਟਿਆਂ ਦੀਆਂ ਪੂਛਾਂ ਮੁੰਨਕੇ ਲਫਾਫਾ ਭਰਲਿਆ ਵਾਲਾਂ ਦਾ। ਆਅਅ ਕੀ ਜਾਕੇ ਫੜਾਤਾ ਭਾਈ ਨੂੰ। ਡੱਕਿਆ ਬਾ ਸੀ ਉਹਵੀ ਅੱਗੋਂ। ਸਾਡੇਆਲਾ ਫੁੱਲਿਆਂ ਦੇ ਪੰਜ ਸੱਤ ਪੈਕਟ ਚੱਕੀ ਆਬੇ । ਐਹੇ ਜਾ ਸੀ ਓਦੋਂ ਏਹੇ ਹੁਣ ਸੌਹਰਾ ਸ਼ਕੀਨ ਹੋਗਿਆ ਲੀੜੇ ਵੀ ਹਬੋਹਰੋਂ ਸਮਾਉਂਦਾ।...ਘੁੁੱਦਾ

ਅਸਲ ਪੰਜਾਬੀ

ਥੋੜ੍ਹੇ ਕ ਦਿਨ ਪੈਹਲਾਂ ਚਾਣਚੱਕ ਢਿੱਲ ਮੱਠ ਹੋਣ ਕਰਕੇ ਤਾਏ ਨੂੰ ਫਰੀਦਕੋਟ ਦੇ ਹਸਪਤਾਲ 'ਚ ਦਾਖਲ ਕਰਵਾਇਆ ਵਾ ਸੀ। ਤਾਏ ਦੇ ਨਾਲ ਲੱਗਮੇਂ ਬੈੱਡ ਤੇ ਮਾਨਸਾ ਜਿਲ੍ਹੇ ਦੇ ਪਿੰਡ ਬੱਪੀਆਣੇ ਦੀ ਇੱਕ ਸੱਤਰਾਂ ਬਹੱਤਰਾਂ ਸਾਲਾਂ ਨੂੰ ਉੱਪੜੀ ਇੱਕ ਬੇਬੇ ਦਾਖਲ ਸੀ।
ਬੇਬੇ ਦੇ ਦੱਸਣ ਮੁਤਾਬਕ ਉਹਦਾ ਬੁਰਛੇ ਜਿੱਡਾ ਜਵਾਨ ਪੁੱਤ ਚੜ੍ਹਦੀ ਜਵਾਨੀ ਕੈਂਸਰ ਦੀ ਬਿਮਾਰੀ ਕਰਕੇ ਫਤਹਿ ਬੁਲਾ ਗਿਆ ਸੀ।
ਬੇਬੇ ਆਪ ਵੀ ਹੁਣ ਛਾਤੀ ਦੇ ਕੈਂਸਰ ਕਰਕੇ ਹਸਪਤਾਲ ਦਾਖਲ ਸੀ।
ਬੇਬੇ ਸਰੀਰ ਦੀ ਬੋਝਲ ਸੀ, ਤਾਂ ਕਰਕੇ ਅਸੀਂ ਉੱਠਣ ਬੈਠਣ 'ਚ ਹੱਥ ਭੜੱਥੀ ਪਵਾ ਦੇਂਦੇ । ਚਾਰ ਲਾਵਾਂ ਲੈਣ ਆਲਾ ਬਾਬਾ ਵੀ ਬੇਬੇ ਕੋਲ ਬੈਠਾ ਦਿਨ ਰਾਤ ਬੇਬੇ ਦੀਆਂ ਲੱਤਾਂ ਨੱਪਕੇ ਸੇਵਾ ਕਰਦਾ ਰਿਹਾ। ਬਾਬੇ ਦੀਆਂ ਅੱਖਾਂ ਦੀ ਡੂੰਘੀ ਝੀਥ ਵੱਡੀ ਕਬੀਲਦਾਰੀ ਦਾ ਬੋਝ ਦਰਸਾਉਂਦੀ ਸੀ। ਪੜਦੇ ਜੇ ਨਾਲ ਬਾਬਾ ਬਿੰਦੇ ਝੱਟੇ ਗੇਰੂਏ ਰੰਗੀ ਪੱਗ ਦੇ ਲੜ ਨਾ ਅੱਖਾਂ ਪੂੰਝ ਕੇ ਜਾਅਲੀ ਜੀ ਹਾਸੀ ਖਿਲਾਰ ਛੱਡਦਾ। ਮੈਂ ਆਉਣ ਲੱਗਿਆਂ ਬੈੱਡ ਕੋਲ ਜਾਕੇ ਬੇਬੇ ਨੂੰ ਹੱਥਜੁੜਮੀਂ ਸਸਰੀਕਾਲ ਬੁਲਾਕੇ ਸਿਆਣੇ ਜੇ ਲਹਿਜ਼ੇ 'ਚ ਆਖਿਆ ," ਬੇਬੇ ਹੌਸਲਾਂ ਰੱਖੀ ਮਾਅਰਾਜ ਭਲੀ ਕਰੂ"
ਮੇਰਾ ਮੋਢਾ ਪਲੂਸ ਕੇ ਬੇਬੇ ਨੇ ਤਾਹਾਂ ਨੂੰ ਝਾਕਕੇ ਆਖਿਆ ਕੋਈ ਨਾ ਪੁੱਤ ,"ਲੀਲੀ ਛੱਤ ਆਲਾ ਮੇਹਰ ਕਰੂਗਾ, ਓਸੇ ਨੂੰ ਫਿਕਰ ਆ"
ਹਸਪਤਾਲ ਦੇ ਲੈਂਟਰ ਆਲੀ ਛੱਤ ਵਿੱਚਦੀ ਬੇਬੇ ਨੂੰ ਖੌਣੀ ਕੇਹੜਾ ਬਾਬਾ ਦਿਸਦਾ ਸੀ ਜੇਹੜਾ ਮੰਜੇ ਤੇ ਪਈ ਨੂੰ ਵੀ ਅਨਰਜ਼ੀ ਬਖਸ਼ਦਾ ਸੀ।
ਗੀਤਾਂ ਫਿਲਮਾਂ ਆਲੇ ਖੌਣੀ ਕੇਹੜੇ ਜੱਟਵਾਦ ਜਾਂ ਪੰਜਾਬੀਪੁਣੇ ਦੀਆਂ ਫੜ੍ਹਾਂ ਮਾਰਦੇ ਨੇ ਜਰ, ਅਸਲ ਪੰਜਾਬ ਤਾਂ ਏਹਨਾਂ ਲੋਕਾਂ 'ਚ ਈ ਆ। ਹਜ਼ਾਰਾਂ ਦੁੱਖ ਦੇਖਕੇ ਵੀ 'ਤੇਰਾ ਭਾਣਾ ਮੀਠਾ ਲਾਗੇ ' ਕਹਿਕੇ ਰੱਬ ਨੂੰ ਵੀ ਕੱਚਾ ਜਾ ਕਰ ਦੇਂਦੇ ਨੇ ....ਜਿਓਦੇਂ ਰਹਿਣ ਬਾਬੇ.....ਘੁੱਦਾ