Sunday, 15 December 2013

ਤਿੰਨ ਲਫਜ਼

ਰੈਫਰੀ ਢਿੱਲਾ, ਵੱਤਰ ਗਿੱਲਾ
ਤੇ ਝੋਨਾ ਸਿੱਲ੍ਹਾ ਸੂਤ ਨਾ ਆਉਂਦੇ

ਘਟਾ ਘਨਘੋਰ, ਤੇ ਅੱਥਰਾ ਜੋਰ
ਪੁਰਾਣਾ ਚੋਰ ਦੇਰ ਨਾ ਲਾਉਂਦੇ

ਦਾਇਰ ਅਪੀਲ , ਟੇਢੀ ਦਲੀਲ
ਤੇ ਮਾਹਰ ਵਕੀਲ ਨੇ ਕੇਸ ਮੁਕਾਉਂਦੇ

ਫੁੱਲਿਆ ਸਾਹ, ਮੁਫਤ ਸਲਾਹ
ਤੇ ਵਿਕੇ ਗਵਾਹ ਪੁਆੜੇ ਪਾਉਂਦੇ

ਤੇਜ਼ ਸ਼ਿਕਾਰੀ, ਲੰਮੀ ਬਿਮਾਰੀ
ਤੇ ਹਿੰਡ ਜੁਆਰੀ ਕਦੇ ਨਾ ਛੱਡਦੇ

ਕਾਢੂ ਪੰਚਾਇਤ , ਨਾ ਛੱਡੇ ਰਵਾਇਤ
ਦੇ ਹਦਾਇਤ ਫਾਹਾ ਨਾ ਵੱਢਦੇ

ਸਦਾ ਪਰਵਾਸ, ਪਿੰਡ ਨਾ ਖਾਸ
ਜੀ ਟੱਪਰੀਵਾਸ ਮੋਹੜੀ ਨਾ ਗੱਡਦੇ

ਲਾਉਂਦੇ ਰੋਕ , ਦੇਂਦੇ ਨੇ ਟੋਕ
ਸਿਆਣੇ ਲੋਕ ਗਾਲ੍ਹ ਨਾ ਕੱਢਦੇ.....ਘੁੱਦਾ

Saturday, 7 December 2013

ਬੇਵੱਸ ਹੁੰਦੇ ਮਾਪੇ ਵੇਸਵਾ ਦੇ ਘਰਦੇ

ਦਲਾਲ ਤੇ ਵਕੀਲ ਕਦੇ ਹੋਣ ਮਿੱਤ ਨਾ
ਸੂਝਵਾਨ ਕਦੇ ਨਾ ਲੜਾਈ ਕਰਦੇ
ਸਾਂਢੂ ਤੇ ਸ਼ਰੀਕ ਸਦਾ ਰਹਿਣ ਧੁਖਦੇ
ਵੇਖ ਸੁਖੀ ਵੱਸਦੇ ਕਦੇ ਨਹੀਂ ਜਰਦੇ
ਭੌਰ ਉੱਡੇ ਜਿਸਮੋਂ ਤਾਂ ਵੀ ਨਾ ਮੁੱਕਦੇ
ਸੱਚ ਜਾਣੀਂ ਸੂਰਮੇ ਕਦੇ ਨਹੀਂ ਮਰਦੇ
ਨੇਤਾ ਤੇ ਧਨਾਢ ਨੀਤੋਂ ਨੰਗ ਹੁੰਦੇ ਨੇ
ਹੋਣ ਭਾਵੇਂ ਘਰੋਂ ਏਹ ਕਿੰਨੇ ਵੀ ਸਰਦੇ
ਬਾਣੀਏ ਦੀ ਹੱਟ ਤੇ ਅੰਗੀਠੀ ਬਲਦੀ
ਹੱਥ ਠੰਡੀ ਕੁੱਟਾਂ ਦੇ ਕਦੇ ਨਹੀਂ ਠਰਦੇ
ਕਾਲੇ ਆਣ ਠਾਰਦੇ ਨੇ ਹਿੱਕ ਭੋਇੰ ਦੀ
ਚਿੱਟੇ ਫੰਬੀ ਬੱਦਲ ਕਦੇ ਨਹੀਂ ਵਰ੍ਹਦੇ
ਮਾਣ ਵੀ ਨਾ ਸਕਦੇ ਨਜ਼ਾਰਾ ਜਿੱਤ ਦਾ
ਬਾਜ਼ੀ ਜੋ ਮੈਦਾਨ 'ਚ ਕਦੇ ਨਾ ਹਰਦੇ
ਬਾਂਝ ਤੇ ਰੰਡੇਪਾ 'ਘੁੱਦੇ' ਦੁੱਖ ਚੰਦਰੇ
ਦੱਸਦੇ ਨਾਂ ਲੋਕੀਂ ਵਿੱਚੋਂ ਵਿੱਚ ਖਰਦੇ
ਭੁੱਖਾ ਢਿੱਡ ਵੇਚੇ ਗਰਮੈਸ਼ ਪਿੰਡੇ ਦੀ
ਬੇਵੱਸ ਹੁੰਦੇ ਮਾਪੇ ਵੇਸਵਾ ਦੇ ਘਰਦੇ.....ਘੁੱਦਾ

Monday, 25 November 2013

ਜੇ ਨਾ ਫਾਂਸੀਆਂ ਚੜ੍ਹੇ ਹੁੰਦੇ

ਦੱਸ ਚੇਤੇ ਕੌਣ ਕਰਦਾ ਛੋਟੇ ਪੁੱਤਰਾਂ ਨੂੰ
ਹਿੱਕ ਤਾਣ ਜੇ ਨਾ ਨੀਹਾਂ ਵਿੱਚ ਖੜ੍ਹੇ ਹੁੰਦੇ
ਮਾਫ ਕਰਦਾ ਕੌਣ ਬੇਦਾਵਾ ਦੇਣ ਵਾਲੇਆਂ ਨੂੰ
ਜੇ ਮੂਹਰੇ ਹੋਕੇ ਨਾ ਖਿਦਰਾਣੇ ਆਣ ਲੜੇ ਹੁੰਦੇ
ਕੀਹਨੇ ਕਰਨੀ ਸੀ ਗੱਲ ਮਤੀ ਦਾਸ ਤੇਰੀ
ਜੇ ਪਿੰਡੇ ਵਲੇ੍ਹਟੀ ਰੂੰ ਵਿੱਚ ਨਾ ਸੜੇ ਹੁੰਦੇ
ਗੱਲ ਛਿੜਦੀ ਸ਼ਹਿਬਾਜ ਸੁਬੇਗ ਦੀ ਤਾਂਹੀਓ
ਜੇਹੜੇ ਚਰਖੜੀਆਂ ਉੱਤੇ ਵੀ ਚੜ੍ਹੇ ਹੁੰਦੇ
ਕਾਲੇ ਕੇਸ ਸਫੈਦੀ ਛੇਤੀ ਫੜ੍ਹਦੇ ਨਾ
ਗਦਰੀ ਕਾਲੇ ਪਾਣੀਆਂ ਜੇ ਨਾ ਵੜੇ ਹੁੰਦੇ
ਗੱਲ ਲੰਡਨ ਤਾਂਈ ਹੁੰਦੀ ਉਹਨ੍ਹਾਂ ਸ਼ੇਰਾਂ ਦੀ
ਲੁਕਾਏ ਕਿਤਾਬਾਂ 'ਚ ਪਸਤੌਲ ਫੜ੍ਹੇ ਹੁੰਦੇ
ਘੁੱਦੇ ਕੌਣ ਕਰਦਾ ਚੇਤੇ ਭਗਤ ਸਰਾਭੇਆਂ ਨੂੰ
ਚੜ੍ਹਦੀ ਜਵਾਨੀ ਜੇ ਨਾ ਫਾਂਸੀਆਂ ਚੜ੍ਹੇ ਹੁੰਦੇ

ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਜੋੜ ਪਾਥੀਆਂ ਦਾ ਗੂਣਾ, ਮੈਂ ਲਾਈ ਬੈਠੀ ਧੂਣਾ
ਚੁੱਲ੍ਹੇ ਦੁੱਧ ਕੜ੍ਹਦਾ
ਕੁਝ ਡਰਦੀ ਨਾ ਕੈਂਹਦੀ, ਨਿਗਾਹ ਬੂਹੇ ਵੱਲ ਰਹਿੰਦੀ
ਕੌਣ ਆਣ ਵੜਦਾ
ਵਗੇ ਪੁਰੇ ਵੱਲੋਂ ਬੁੱਲ੍ਹਾ, ਬਾਰ ਯਕਦਮ ਖੁੱਲ੍ਹਾ
ਜਿੰਦ ਸੂਲੀ ਟੰਗ ਗੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਸੁਤਾ ਤੇਰੇ ਵੱਲ ਰਹੇ, ਧੂੜ ਉੱਡ ਰਹੀ ਪਹੇ
ਡਾਕੀਏ ਦੀ ਪੈੜਚਾਲ ਸੁਣਦੀ
ਵਾਲ ਅਣਵਾਹੇ ਖੁੱਲ੍ਹੇ, ਚਾਹ ਹੱਥ ਉੱਤੇ ਡੁੱਲ੍ਹੇ
ਸੀ ਜਦੋਂ ਚਾਹ ਪੁਣਦੀ
ਸ਼ਰੀਕਣੀ ਕੋਈ ਆਈ, ਚਿੱਠੀ ਹੱਥ 'ਚ ਹਲਾਈ
ਨਾਲੇ ਉਹ ਓਪਰੀ ਜੀ ਖੰਘ ਖੰਘਗੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਰੁੱਗ ਮੈਦੇ ਦੇ ਕੋਈ ਲਾਵੇ, ਇੱਕ ਘੋੜੀ ਨੂੰ ਘੁਕਾਵੇ
ਸੇਵੀਆਂ ਮੈਂ ਪਾਵਾਂ ਸੁੱਕਣੇ
ਫੁੱਲ ਧਰੇਕਾਂ ਉੱਤੋਂ ਕਿਰੇ, ਵੇਹੜੇ ਬਹੁਕਰ ਨਾ ਫਿਰੇ
ਖੌਣੀ ਕਦੋਂ ਕੰਮ ਮੁੱਕਣੇ
ਨੀ ਕਪਾਹ ਮੈਂ ਪਿੰਜਾਈ, ਆਪੇ ਭਰਦੀ ਰਜਾਈ
ਹੱਥੀਂ ਆਪ ਹੀ ਨਗੰਦ ਦੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਕੱਢਾਂ ਆਥਣੇ ਜੇ ਧਾਰਾਂ, ਹੋਰ ਕੰਮ ਨੇ ਹਜ਼ਾਰਾਂ
ਹੱਥ ਕੋਈ ਨਾ ਵਟਾਵੇ
ਨਿੱਤ ਗੁਰੂ ਘਰੇ ਜਾਵਾਂ, ਇੱਕੋ ਮੰਨਤ ਮਨਾਵਾਂ
ਬਾਬਾ ਨਾਨਕ ਮਿਲਾਵੇ
ਵੇਖ ਟੀਪ ਕੰਧ ਬੰਨੀਂ, ਦੰਦਾਂ ਚੱਬ ਦਿੱਤੀ ਕੰਨੀਂ
ਫੋਟੋ ਤੇਰੀ ਵੇਖ ਸੰਗ ਗੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ......ਘੁੱਦਾ

ਚੌਦਾਂ ਨਵੰਬਰ

ਬੇਬੇ ਅਰਗੀਆਂ ਦੁਨੀਆਂ ਤੇ ਸਭ ਕਾਸੇ ਤੋਂ ਸਰਬੋਤਮ ਹੁੰਦੀਆਂ ਨੇ । ਜਵਾਕ ਜੱਲੇ ਉਮਰ , ਅਹੁਦੇ ਜਾਂ ਕੱਦ ਕਾਠ ਦੇ ਕਿੱਡੇ ਮਰਜ਼ੀ ਹੋਣ, ਏਹਨਾਂ ਖਾਤਰ ਨਿਆਣੇ ਈ ਹੁੰਦੇ ਨੇ। ਹੈਨਾਂ ਗੱਲਾਂ ਕਰਕੇ ਈ ਮਾਣਕ ਸਮੇਤ ਕਈ ਸਿਰਕੱਢ ਕਲਾਕਾਰਾਂ ਬੇਬੇ ਹੋਣਾਂ ਤੇ ਬੜਾ ਜਚਕੇ ਗਾਇਆ ।
ਆਦਰ - ਸਤਕਾਰ ਵਜੋਂ ਈ ਦੇਸ਼, ਬੋਲੀ, ਖੇਡਾਂ ਮੂਹਰੇ ਮਾਂ ਸ਼ਬਦ ਲਾਕੇ ਵਡਿਆਇਆ ਜਾਂਦਾ। ਜਿਮੇਂ ਮਾ- ਬੋਲੀ, ਮਾਂ - ਖੇਡ ਜਾਂ ਮਾਤ ਭੂਮੀ ਕਿਹਾ ਜਾਂਦਾ। ਹਰਿੱਕ ਬੰਦਾ ਚੰਗੀ ਮਾੜੀ ਗੱਲ ਪਹਿਲੋਂ ਮਾਤਾ ਅਰਗੀਆਂ ਨਾ ਸ਼ੇਅਰ ਕਰਦਾ ਤੇ ਬੇਬੇ ਹੋਣੀਂ ਸਹਿ -ਸਭੈਹਕੀ ਸਭ ਸੰਭਾਲਣ ਦੀ ਸਮਰੱਥਾ ਰੱਖਦੀਆਂ ਨੇ।
ਐਸ ਸਭ ਕਾਸੇ ਦਾ ਦੂਜਾ ਪੱਖ ਬਾਪੂ ਅਰਗੇ ਹੁੰਦੇ ਨੇ। ਬਾਪੂ ਹੋਣਾਂ ਦੀ ਬਹੁਤ ਵੱਡੀ ਝੇਪ ਹੁੰਦੀ ਆ ਜਵਾਕਾਂ ਨੂੰ। ਜਿਮੇਂ ਬਾਪੂ ਦੇ ਡਰ ਨਾ ਤੜਕੇ ਮੂੰਹ ਨੇਹਰੇ ਉੱਠਕੇ ਪੀਨਕ ਲਾ ਭੜਾਈ ਕਰਨੀ। ਆਥਣੇ ਦਾਵੀ - ਦੁੱਕਣੇ ਖੇਡ ਕੇ ਚੋਰਿਓਂ ਘਰ ਦੀ ਪਿਛਲੀ ਕੰਧ ਟੱਪਕੇ ਘਰੇ ਆਉਣਾ ਬੀ ਕਿਤੇ ਅੱਗੋਂ ਸਰੋਪੇ ਨਾ ਪੈਣ।
ਏਸੇ ਕਰਕੇ ਅਡੋਲਫ ਹਿਟਲਰ ਨੇ ਆਵਦੀ ਸਵੈ ਜੀਵਨੀ 'ਚ motherland ਦੀ ਥਾਂ fatherland ਲਿਖਿਆ ਸਾਰੇ ਕਿਤੇ ।
ਰੱਬ ਦਾ ਪਤਾ ਨੀਂ ਹੈਗਾ ਕਿ ਨਹੀਂ । ਪਰ ਬੇਬੇ - ਬਾਪੂ ਹੋਣੀਂ ਸਭ ਤੋਂ ਉੱਤੋਂ ਹੁੰਦੇ ਨੇ। ਅੱਜ ਮੇਰੇ ਬਾਪੂ ਹੋਣਾਂ ਦਾ ਜਨਮ ਦਿਨ ਆ....ਘੁੱਦਾ

ਕਿਸੇ ਕੰਮ ਨਾਂ

ਸੱਪ ਜ਼ਹਿਰ ਬਿਨਾਂ , ਪੈਲੀ ਨਹਿਰ ਬਿਨਾਂ
ਤੇ ਅਮਲੀ ਲਹਿਰ ਬਿਨਾਂ ਕਿਸੇ ਕੰਮ ਨਾਂ
ਰਾਜਾ ਵਜ਼ੀਰੀ ਬਿਨਾਂ, ਜਾਪਾ ਪੰਜੀਰੀ ਬਿਨਾਂ
ਤੇ ਜੱਟ ਸੀਰੀ ਬਿਨਾਂ ਕਿਸੇ ਕੰਮ ਨਾਂ
ਸਾਕ ਇਤਬਾਰ ਬਿਨਾਂ, ਘੋੜਾ ਸਵਾਰ ਬਿਨਾ
ਤੇ ਫੌਜੀ ਹਥਿਆਰ ਬਿਨਾਂ ਕਿਸੇ ਕੰਮ ਨਾਂ
ਪਿੰਡ ਸੱਥ ਬਿਨਾਂ , ਵਹੁਟੀ ਨੱਥ ਬਿਨਾਂ
ਤੇ ਰਾਜਾ ਰੱਥ ਬਿਨਾਂ ਕਿਸੇ ਕੰਮ ਨਾਂ
ਸਾਉਣ ਤੀਆਂ ਬਿਨਾਂ, ਮਾਪੇ ਧੀਆਂ ਬਿਨਾਂ
ਤੇ ਝੋਨਾ ਮੀਹਾਂ ਬਿਨਾਂ ਕਿਸੇ ਕੰਮ ਨਾਂ
ਗਰੀਬ ਢਾਰੇ ਬਿਨਾਂ, ਨੇਤਾ ਲਾਰੇ ਬਿਨਾਂ
ਤੇ ਛੜਾ ਚੁਬਾਰੇ ਬਿਨਾਂ ਕਿਸੇ ਕੰਮ ਨਾਂ
ਭਲਵਾਨ ਘਿਓ ਬਿਨਾਂ, ਪੁੱਤ ਪਿਓ ਬਿਨਾਂ
ਤੇ ਹਿਮਾਚਲ ਸਿਓ ਬਿਨਾਂ ਕਿਸੇ ਕੰਮ ਨਾਂ
ਅਥਲੀਟ ਭਾਜ ਬਿਨਾਂ, ਕੁਮੈਂਟੇਟਰ ਵਾਜ਼ ਬਿਨਾਂ
ਤੇ ਕਲਾਕਾਰ ਸਾਜ਼ ਬਿਨਾਂ ਕਿਸੇ ਕੰਮ ਨਾਂ
ਕਵਾਰੀ ਪੱਤ ਬਿਨਾਂ, ਗੁਰੂ ਮੱਤ ਬਿਨਾਂ
ਤੇ ਭੇਡੂ ਜੱਤ ਬਿਨਾਂ ਕਿਸੇ ਕੰਮ ਨਾਂ
ਖੇਤ ਪਹੀ ਬਿਨਾਂ, ਕਿਸਾਨ ਕਹੀ ਬਿਨਾਂ
ਤੇ ਘੁੱਦੇ ਸ਼ਾਹ ਵਹੀ ਬਿਨਾਂ ਕਿਸੇ ਕੰਮ ਨਾਂ

ਸੀਰੇ ਆਲੀ ਗੱਲ

ਸਾਡੇ ਏਥੇ ਬਾਹਲਾ ਮੁਲਖ ਅੱਠ ਅੱਠ ਜਮਾਤਾਂ ਕਰਕੇ ਟੈਮ ਨਾ ਈ ਸਕੂਲੋਂ ਰਟੈਰਮੈਂਟ ਲੈ ਕੇ ਖੇਤੀਬਾੜੀਆਂ 'ਚ ਲੱਗ ਜਾਂਦਾ।
ਆਥਣੇ ਸ਼ਗਮਲਾਂ ਦੀ ਸਬਜ਼ੀ ਨਾਲ ਅੱਠ ਅੱਠ ਰੋਟੀਆਂ ਪਾੜਕੇ ਅੱਠ ਕ ਵਜੇ ਸੱਥ 'ਚ ਆ ਜਾਂਦੇ ਆ। ਘਸਮੈਲੀਆਂ ਜੀਆਂ ਲੋਈਆਂ ਦੀਆਂ ਬੁੱਕਲਾਂ ਮਾਰਕੇ ਗੱਲਾਂ ਸੁਣਾ ਸੁਣਾ ਬੱਖਲ ਕੱਠੇ ਕਰਾ ਦੇਂਦੇ ਆ ਕੰਜਦੇ। ਪਰਸੋਂ ਇੱਕ ਨੇ ਗੱਲ ਸੁਣਾਈ।
ਕਹਿੰਦਾ ਕੇਰਾਂ ਏਮੇਂ ਜਿਮੇਂ ਆਹੀ ਕੱਤੇ ਮੱਘਰ ਦੇ ਠੰਢੇ ਤੱਤੇ ਜੇ ਦਿਨ ਸੀਗੇ। ਕਿਸੇ ਦਾ ਜਵਾਈ ਪਹਿਲੀ ਆਰੀ ਆਵਦੇ ਸਹੁਰੀ ਬਾਗਿਆ।
ਸਹੁਰਿਆਂ ਘਰੇ ਵਾਹਵਾ ਕੱਠ ਬੀ ਪ੍ਰਾਹੁਣਾ ਪਹਿਲੀ ਆਰੀ ਆਉਣਾ। ਮੇਚ, ਕੁਰਸੀਆਂ , ਸੋਫੇ ਪੂਰਾ ਫੁੱਲ ਮਹੌਲ। ਜਵਾਈ ਨੇ ਜਾਕੇ ਸੱਸ ਸਹੁਰੇ ਦੇ ਗੋਡੇ ਹੱਥ ਲਾਤੇ ਤੇ ਬਾਕੀਆਂ ਨੂੰ ਚਲਾਮੀਂ ਜੀ ਸਸਰੀਕਾਲ ਬਲਾਕੇ ਭੁੰਜੇ ਬਹਿ ਗਿਆ । ਸੱਸ ਕੈਂਹਦੀ ਪੁੱਤ 'ਤਾਹਾਂ ਸੋਫੇ ਤੇ ਬਹਿਜਾ ਭੁੰਜੇ ਕਾਹਨੂੰ ਬਹਿਣਾ। ਪ੍ਰਾਹੁਣਾ ਕਹਿੰਦਾ ਨਹੀਂ ਮਾਤਾ ਸੋਫੇਆਂ ਤੇ ਤਾਂ ਗਰੀਬ ਨੰਗ ਲੋਕ ਬਹਿੰਦੇ ਆ ,ਬੱਡੇ ਘਰਾਂ ਦੇ ਕਾਕੇ ਤਾਂ ਭੁੰਜੇ ਜ਼ਮੀਨ ਤੇ ਈ ਬਹਿਣਗੇ। ਟੱਬਰ ਦੇ ਪੈਰ ਨਿਕਲਗੇ ਬੀ ਆਹ ਕੇਹੜੇ ਨਾਭੇ ਆਲੇ ਰਾਜੇ ਦਾ ਭਤਰੀਆ ਆ ਗਿਆ। ਸੱਸ ਕਹਿੰਦੀ ਪੁੱਤ ਸੋਫੇਆਂ ਤੇ ਗਰੀਬ ਬਹਿਣ ਆਲੀ ਗੱਲ ਸਮਝ ਨੀਂ ਆਈ, ਬੀ ਕੀ ਗਲਾਰੀ ਆ । ਪ੍ਰਾਹੁਣਾ ਕਹਿੰਦਾ ਮਾਤਾ ਸੋਫਾ ਪੱਚੀ ਹਜ਼ਾਰ ਦਾ , ਜ਼ਮੀਨ ਦੋ ਲੱਖ ਨੂੰ ਮਰਲਾ ਹੋਇਆ ਪਿਆ । ਟੱਬਰ ਬੱਖੀਆਂ ਫੜ੍ਹਕੇ ਕੰਧਾਂ ਨਾ ਵੱਜਦਾ ਫਿਰੇ....ਘੁੱਦਾ