Friday, 7 June 2013

ਮਿੱਟੀ

ਪਹਿਲੋ ਪਹਿਲ ਬੀ.ਸੀ ਆਰ ਲਿਆਉਂਦੇ। ਜੋਗਰਾਜ ਤੇ ਗੁੱਗੂ ਗਿੱਲ ਅਰਗੇ ਧਮੁੱਕ ਮਾਰ ਮਾਰ ਨਾਸਾਂ ਛਿੱਲ ਦਿਆ ਕਰਨ। ਜਦੋਂ ਕੋਈ ਮਰਿਆ ਕਰੇ ਐਕਟਰ ਕੱਕੇ ਰੇਤੇ ਦਾ ਬੁੱਕ ਭਰਕੇ ਸੌਂਹ ਚੱਕਿਆ ਕਰੇ ਬੀ ਕੱਲ੍ਹ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਕੰਢਾ ਖਿੱਚ ਦੇਣਾ। ਆਅਅ ਕੀ ...ਮੰਜਿਆਂ ਤੇ ਪਲਾਥੀਆਂ ਮਾਰਕੇ ਬਹਿ ਜਾਂਦੇ ਬੀ ਹੁਣ ਜ਼ਰਾਕੇ ਪੈਣਗੇ। ਫਿਲਮਾਂ ਦੀ ਘਾਹਣੀ ਜੱਟਬਾਦ ਦਾਲੇ ਘੁਕਦੀ ਰਹਿੰਦੀ।
ਫੇਰ ਬਦਲਦੇ ਦੌਰ 'ਚ ਇੱਕ ਫਿਲਮ ਬਣੀ,"ਮਹਿੰਦੀ ਆਲੇ ਹੱਥ"। ਬਿਨਾਂ ਸ਼ੱਕ ਏਹ ਚੰਗੀ ਫਿਲਮ ਸੀ ਵਧੀਆ ਸਿਨਿਆਂ ਦਿੰਦੀ ਸੀ। ਓਦੂੰ ਬਾਅਦ ਫੇਰ "ਮਿੱਟੀ" ਫਿਲਮ ਬਣੀ। ਗੋਬਿੰਪੁਰੇ, ਟਰਾਈਡੈਂਟ ਜਾਂ ਹੋਰ ਥਾਂਈ ਕਿਰਸਾਨਾਂ ਖਿਲਾਫ ਹੁੰਦੀਆਂ ਵਧੀਕੀਆਂ ਨੂੰ ਬੜੇ ਢੰਗ ਨਾ ਪੇਸ਼ ਕਰਿਆ ਗਿਆ। ਕਿਸਾਨ ਆਗੂਆਂ ਦੇ ਹੁੰਦੇ ਕਤਲ, ਕਿਸਾਨ ਵਰੋਧੀ ਨੀਤੀਆਂ ਦਿਖਾਈਆਂ ਗਈਆਂ। ਪਰ ਬੁੱਧੀਜੀਬੀਆਂ ਦੇ ਚਲੂਣੇ ਲੜੇ ਬੀ ਏਹ ਫਿਲਮ 'ਚ ਗਾਲ੍ਹਾਂ ਬਹੁਤ ਕੱਢਦੇ ਨੇ, ਮੁਲਖ ਨੇ ਵਰੋਧਤਾ ਵੀ ਕਰੀ।
ਪਿੱਛੇ ਜੇ ਗਾਣਾ ਆਇਆ "ਤੈਨੂੰ ਲੈ ਜਾਣਾ ਪੀਪਣੀ ਬਜਾਕੇ"। ਏਥੇ ਜਵਾਕ ਕੋਈ ਨੀਂ ਸਭ ਨੂੰ ਪਤਾ ਬੀ ਏਹੇ ਪੀਪਣੀਆਂ ਕੀਹਨੂੰ ਆਖਦੇ ਨੇ।
ਇੱਕ ਹੋਰ ਗੀਤ ਬੀ ਡਿਮ ਬੱਤੀ ਜਗਦੀ ਛੱਬੋ ਦੇ ਚੁਬਾਰੇ। ਭੈਣ ਦਿਓ ਬੀਰੋ ਡਿਮ ਬੱਤੀ 'ਚ ਕੇਹੜਾ ਛੱਬੋ ਸੈਂਸ ਦੀਆਂ ਪਰੈਟੀਕਲਾਂ ਬਣਾਉਂਦੀ ਆ। ਐਹੇ ਜੇ ਦੋ ਅਰਥੀ ਗੀਤਾਂ ਜਾਂ ਡਾਇਲੌਗਾਂ ਨਾਲੋਂ ਮਿੱਟੀ ਫਿਲਮ 'ਚ ਕੱਢੀਆਂ ਡਰੈਗਟ ਗਾਲ੍ਹਾਂ ਸੌ ਗੁਣਾਂ ਬੇਹਤਰ ਨੇ....ਘੁੱਦਾ

ਸ਼ਰਮ ਹਯਾ ਤੇ ਅਣਖਾਂ

ਥੋਡੇ ਮਿਣਮਾਂ ਤੁਲਮਾਂ ਖਾਂਦੇ ਫਿਟਨੈੱਸ ਹੈ ਸਰੀਰਾਂ ਦੀ
ਸਾਡੀ ਡਲੇਮਾਰ ਜੀ ਜੰਤਾ ਕੱਢੇ ਧੁੱਕੀ ਖੀਰਾਂ ਦੀ
ਅੱਤ ਦੀ ਗਰਮੀ ਮੁਲਖ ਸਾਡੇ ਦਾ ਨੌਹਣ ਤੇ ਜ਼ੋਰ ਕੁੜੇ
ਥੋਡੇ ਏ.ਸੀ ਠੰਢ ਵਰਤਾਉਂਦੇ ਬੰਦ ਰੱਖੋਂ ਡੋਰ ਕੁੜੇ
ਪੱਕੀਆਂ ਭਿੰਡੀਆਂ ਧਰਕੇ ਠੋਕਣ ਪਾਈਆ ਘਿਓ ਕੁੜੇ
ਤੁਸੀਂ ਸੇਬ ਨੂੰ ਐਪਲ ਆਖੋਂ ਸਾਡੇ ਆਖਣ ਸਿਓ ਕੁੜੇ
ਓ ਮਾਈ ਗੌੜ ਜਾ ਕੈਂਹਦੇ ਥੋਡੇ ਪੈਂਦਾ ਸੋਗ ਕਿਤੇ
ਜੰਤਾ ਤਿੰਨ ਪਿੰਡਾਂ ਦੀ ਜੁੜਜੇ ਸਾਡੇ ਪੈਂਦਾ ਭੋਗ ਕਿਤੇ
ਕਿਰਕਿਟ ਟੈਨਿਸ ਖੇਡਣ ਤੇਰੇ ਬੰਨੀਂ ਲੋਕ ਕੁੜੇ
ਬਾਂਦਰ ਕਿੱਲਾ ਈ ਨਾ ਛੱਡਣ ਸਾਡੇ ਆਲ਼ੇ ਬੋਕ ਕੁੜੇ
ਛਾਤੀ ਵੀ ਨਾ ਕੱਜਣ ਲੀੜੇ ਥੋਡੇ ਕੀ ਕਹਿਣੇ ਨੀਂ
ਸ਼ਰਮ ਹਯਾ ਤੇ ਅਣਖਾਂ ਸਾਡੇ ਲੋਕਾਂ ਦੇ ਗਹਿਣੇ ਨੀਂ......ਘੁੱਦਾ

Thursday, 6 June 2013

ਛੇ ਜੂਨ

ਦੁਪੈਹਰੇ ਢਲਣ ਲੱਗੇ। ਕੰਧਾਂ ਦੇ ਪਰਛਾਵੇਂ ਲੰਮੇ ਹੁੰਦੇ ਗਏ। ਜਨੌਰਾਂ ਦਾਣਾ ਨਾ ਚੁਗਿਆ ਬਸ ਕਿਸੇ ਅਣਹੋਣੀ ਤੋਂ ਸਹਿਮੇ ਫੰਗਾਂ ਦੀ ਬੁੱਕਲ ਮਾਰ ਆਲ੍ਹਣਿਆਂ 'ਚ ਜਾਗੋਮੀਟੀ ਵਿੱਚ ਪਏ ਰਹੇ। ਤੱਤੀਆਂ ਲੋਆਂ ਦਾ ਬੁੱਲ੍ਹਾ ਸ਼ੂਕਦਾ, ਰੁੱਖਾਂ ਦੇ ਪੱਤੇ ਧਰੀਕ ਕੇ ਡਰਾਉਣੀ 'ਵਾਜ਼ ਪੈਦਾ ਕਰਦਾ ਜਿਮੇਂ ਪਰਲੋ ਦਾ ਸੰਕੇਤ ਦੇਂਦਾ ਹੋਵੇ। ਕੋਈ ਪੱਤਾ ਡਿੱਗਦਾ, ਪਾਣੀ 'ਚ ਗੋਲ ਘਤੇਰਿਆਂ ਦੀ ਲਹਿਰ ਪੈਦਾ ਹੁੰਦੀ। ਫੇਰ ਚੁੱਪ। ਸਤਲੁਜ ਦੇ ਪਾਣੀ ਜਿਮੇਂ ਸਰਾਪੇ ਗਏ ਹੋਣ ਬਸ ਬੇਦਿਲੇ ਜੇ ਵਗਦੇ ਰਹੇ। ਕਲੇਜੇ ਤੇ ਮਣਾਂਮੂੰਹੀਂ ਭਾਰ ਲੈਕੇ ਸੂਰਜ ਜਾ ਸੁੱਤਾ। ਅਗਲੇ ਦਿਨ ਛੇ ਜੂਨ ਸੀ।
ਮੱਸਾ ਰੰਘੜ ਤੇ ਅਬਦਾਲੀ ਸਮੇਂ ਦੇ ਇਤਿਹਾਸ ਦੇ ਵਰਕਣੇ ਫਰੋਲੇ ਗਏ। ਤਾੜ ਤਾੜ ਕਰਦੇ ਗੋਲੇ ਨਿੱਕਲੇ, ਛੇਵੇਂ ਗੁਰੂ ਦੇ ਵਰੋਸਾਏ ਅਕਾਲ ਤਖਤ ਵਿੱਚ ਵੱਜਕੇ ਬਰੂਦ ਫੱਟਦਾ। ਭਾਰਤ ਦੇ ਸੰਵਿਧਾਨ ਵਿੱਚ ਲਿਖਿਆ ਗਿਆ ਕਿ ਟੈਂਕਾਂ ਤੋਪਾਂ ਦੀ ਵਰਤੋਂ ਸਿਰਫ ਓਦੋਂ ਕੀਤੀ ਜਾ ਸਕਦੀ ਆ, ਜਦੋਂ ਕਿਸੇ ਬਿਗਾਨੇ ਦੇਸ਼ ਨਾ ਜੰਗ ਲੱਗੀ ਹੋਵੇ। ਏਥੋਂ ਸ਼ਪੱਸ਼ਟ ਹੁੰਦਾ ਓਦੋਂ ਕਾਂਗਰਸ ਨੇ ਏਹ ਕਾਰਵਾਈ ਪੰਜਾਬ ਨੂੰ ਵੱਖਰਾ ਸਿੱਖ ਰਾਜ ਸਮਝਕੇ ਕੀਤੀ ਸੀ। ਕਈ ਦਲੀਲ ਦੇਂਦੇ ਨੇ ਏਹ ਫੌਜੀ ਕਾਰਵਾਈ ਸੰਤਾਂ ਨੂੰ ਫੜ੍ਹਨ ਖਾਤਰ ਕੀਤੀ ਗਈ। ਚਲੋ ਮੰਨ ਲੈਨੇਂ ਆ। ਪਰ ਪੰਜਾਬ ਦੇ ਬੱਤੀ ਤੇਤੀ ਹੋਰ ਗੁਰੂਘਰਾਂ ਤੇ ਹਮਲਾ ਭਲਾਂ ਕਾਹਤੋਂ ਕੀਤਾ?
ਪਿੰਡੋ ਪਿੰਡ ਖਬਰ ਪੁੱਜੀ। ਝੁਰੜੀਆਂ ਭਰੇ ਬਜ਼ੁਰਗਾਂ ਦੇ ਚਿਹਰੇ ਗ੍ਰਸੇ ਗਏ। ਅੱਖਾਂ ਤੋਂ ਦਾਹੜੀ ਤੱਕ ਆਉਂਦੇ ਆਉਂਦੇ ਅੱਥਰੂ ਵਾਸ਼ਪਿਤ ਹੋ ਜਾਂਦੇ।
ਸਿੱਖ ਕੌਮ ਨੇ ਗਿੱਲੀਆਂ ਅੱਖਾਂ ਨਾ ਦੁਬਾਰਾ ਅਕਾਲ ਤਖਤ ਬਣਾਇਆ। ਹੋਰ ਵੀ ਚੜ੍ਹਦੀ ਕਲਾ 'ਚ। ਨਿੱਤ ਲੱਖਾਂ ਸੰਗਤ ਨਤਮਸਤਕ ਹੁੰਦੀ ਆ ਅੱਜ ਵੀ। ਨਿੱਤ ਔਸਤਨ ਸੱਠ ਹਜ਼ਾਰ ਸੰਗਤ ਲੰਗਰ ਛਕਦੀ ਆ। ਮੱਸਿਆ, ਸੰਗਰਾਦਾਂ ਵੇਲੇ ਏਹ ਗਿਣਤੀ ਤਿੰਨ ਲੱਖ ਹੁੰਦੀ ਆ। ਓਸੇ ਅਕਾਲ ਤਖਤ ਨਿੱਤ ਆਥਣੇ ਨਗਾਰਾ ਵੱਜਦਾ। ਅਕਾਲ ਤਖਤ ਹੁੰਦੀ ਅਰਦਾਸ 'ਚ ਫਿਰਵੀ ਸਰਬੱਤ ਦਾ ਭਲਾ ਮੰਗਿਆ ਜਾਂਦਾ। ਮੀਰੀ ਪੀਰੀ ਦੇ ਜੁੜਮੇਂ ਨਿਸ਼ਾਨ ਸਾਹਬ ਦੇ ਕੇਸਰੀ ਝੰਡੇ ਅੱਜ ਵੀ ਉੱਤਲੀ ਹਵਾ 'ਚ ਬੇਖੌਫ ਝੁਲਦੇ ਨੇ ਜਿਮੇਂ ਲਾਲ ਕਿਲ੍ਹੇ ਤੇ ਟੰਗੇ ਕਿਸੇ ਤਰੰਗੇ ਨੂੰ ਕਹਿੰਦੇ ਹੋਣ,"ਨਿੱਕਿਆ ਬਚ ਕੇ ਰਿਹਾ ਕਰ"...ਘੁੱਦਾ

Monday, 3 June 2013

ਮੈਂ ਬੇਦਾਵਾ ਬਣਜਾਂ

ਦਿੱਲੀ ਚਾਂਦਨੀ ਕੋਈ ਚੌਂਕ, ਵੈਰੀ ਹੱਥ ਤਲਵਾਰ
ਭਾਈ ਜੈਤੇ ਹੱਥ ਫੜ੍ਹਿਆ ਕੋਈ ਸੀਸ ਬਣਜਾਂ
ਛੱਡ ਅਨੰਦਪੁਰ ਕਿਲ੍ਹਾ, ਨਦੀ ਸਰਸਾ ਦੇ ਕੰਢੇ
ਵਿਛੜੇ ਹੋਏ ਟੱਬਰ ਦੀ ਮੈਂ ਚੀਸ ਬਣਜਾਂ
ਕੱਚੀ ਗੜ੍ਹੀ ਚਮਕੌਰ, ਪਰ ਹੌਂਸਲੇ ਦੇ ਪੱਕੇ
ਜਿੱਥੇ ਪੁੱਤ ਵੱਡੇ ਲੜੇ ਉਹ ਪਿੰਡ ਬਣਜਾਂ
ਮਾਛੀਵਾੜਾ ਬੀਆਬਾਨ, ਇੱਕ ਖੂਹ ਦੇ ਸੀ ਨੇੜੇ
ਜੋ ਸਰ੍ਹਾਣੇ ਵਜੋਂ ਰੱਖੀ ਉਹੋ ਟਿੰਡ ਬਣਜਾਂ
ਸਰਹੰਦੋਂ ਖਬਰ ਜੋ ਆਵੇ ,ਹੋਗੇ ਨਿੱਕੇ ਪੁੱਤ ਪੂਰੇ
ਤਿੜ੍ਹ ਘਾਹ ਦੀ ਜੋ ਪੁੱਟੇ ਓਹੋ ਨੋਕ ਬਣਜਾਂ
ਏਹਦਾ ਕੈਹੇ ਜਾ ਕਲੇਜਾ ਜੋ ਹੱਥੀਂ ਪੁੱਤ ਵਾਰੇ
ਏਹੋ ਦੰਦ ਕਥਾ ਕਰਦੇ ਜੋ ਲੋਕ ਬਣਜਾਂ
ਹੋਵੇ ਮੁਗਲਾਂ ਦਾ ਨਾਕਾ ਬਣੇ ਉੱਚ ਦਾ ਉਹ ਪੀਰ
ਚੁੱਕੇ ਮੋਢਿਆਂ ਤੇ ਮੰਜੇ ਦਾ ਕੋਈ ਪਾਵਾ ਬਣਜਾਂ
ਰੱਖ ਪੱਟ ਉੱਤੇ ਸਿਰ ਆਪ ਬਾਜਾਂ ਆਲਾ ਪਾੜੇ
ਹੋਵੇ ਢਾਬ ਖਿਦਰਾਣੇ ਦੀ ਮੈਂ ਬੇਦਾਵਾ ਬਣਜਾਂ......ਘੁੱਦਾ

Saturday, 1 June 2013

ਅਗਬਾ ਕੇਸ

ਕੇਰਾਂ ਆਹੀ ਦਿਨ ਵਿਸਾਖ ਦੇ ਪਿਛਲੇ ਜੇ ਪੱਖ ਦੇ। ਪਿੜਾਂ ਦਾ ਟੈਮ ਜਾ ਸੀ। ਉਦੋਂ ਪਿੰਡਾਂ ਚ ਜਵਾਕ ਚੱਕਣ ਆਲੇ ਆਉਂਦੇ ਹੁੰਦੇ ਸੀ। ਸਾਡੇ ਆਲਾ ਨਿੱਕਾ ਗਰਨੈਬ ਤੇ ਹੋਰ ਜਬਾਕ ਗਲੀ ਚ ਦਾਵੀ ਦੁੱਕੜੇ ਖੇਡੀ ਜਾਣ। ਜਵਾਕ ਚੱਕਣ ਆਲੇ ਸੇਠਾਂ ਦਾ ਜਵਾਕ ਚੱਕਣ ਆਗੇ ਭਰਾਵਾ। ਸਾਡੇ ਆਲੇ ਦੇ ਕਤਰਾਂ ਕੱਛੀਆਂ ਆਲਾ ਝੱਗਾ ਪਾਇਆ ਤੇ ਤਿੰਨ ਪਾਸੇ ਮੀਢੀਆਂ ਕਰਕੇ ਬਚਾਲੇ ਜੂੜਾ ਕਰਿਆ ਵਾ ਸੀ। ਬਾਹਲਾ ਸੋਹਣਾ ਲੱਗੇ ਸ਼ੱਕਰਪਾਰੇ ਅਰਗਾ ਬੱਗਾ ਬੱਗਾ। ਆਅਅ ਕੀ ਜਵਾਕ ਚੱਕਣ ਆਲੇ ਸਾਡੇਆਲੇ ਨੂੰ ਈ ਲੈਗੇ ਚਾਕੇ ਭੁਲੇਖੇ ਚ। ਅਗਬਾਕਾਰ ਵੈਨ ਜੀ ਚ ਗੱਲਾਂ ਕਰਨ ਹਮ ਅੰਡਰਵੱਲਡ ਕੇ ਆਦਮੀ ਹੈਂ, ਦਾਊਦ ਕੇ ਬੰਦੇ ਹੈਂ। ਸੀਗੇ ਸਾਰੇ ਈ ਪਤੰਦਰ ਨਰੇਗਾ ਆਲੇ । ਸਾਡੇਆਲੇ ਨੂੰ ਐਂ ਹੋਗਿਆ ਬੀ ਬੱਡੇ ਬੰਦੇ ਆ ਮੁੰਬਈ ਕਲਕੱਤੇ ਬੰਨੀਂ ਲਿਜਾਣਗੇ। ਉਹਨਾਂ ਕੰਜਦੇਆਂ ਨੇ ਪੰਦਰਾਂ ਕ ਮਿੰਟਾਂ ਬਾਅਦ ਗੱਡੀ ਭੁੱਚੋ ਲਾਤੀ। ਆਥਣੇ ਜੇ ਮੋਟੇ ਸੰਤਰੇ ਦੇ ਪਿੱਗ ਲਾਕੇ ਅਗਬਾਕਾਰਾਂ ਨੇ ਸਾਡੇ ਘਰੇ ਤਾਰ ਆਲੇ ਫੂਨ ਤੇ ਫੂਨ ਲਾਤਾ। ਕੁਜਰਤੀਏਂ ਤਾਏ ਨੇ ਚੱਕਲਿਆ। ਅਗਬਾਕਾਰ ਗੱਬਰ ਟੈਪ ਫੀਲਿੰਗ ਲੈਕੇ ਕਹਿੰਦਾ "ਆਪਕਾ ਨਿੱਕਾ ਹਮਾਰੇ ਪਾਸ ਹੈ, ਡੂਢ ਲੱਖ ਦੇ ਦੋ ਬਰਨਾ ਆਪਕੋ ਆਪਕਾ ਬੱਚਾ ਨਹੀਂ ਥਿਆਏਗਾ"। ਤਾਏ ਅਰਗੇ ਦੋ ਦੋ ਪਸੇਰੀਆਂ ਅੰਨ ਪਾੜਕੇ ਬੰਬਲਾਂ ਆਲੇ ਖੇਸ ਤਾਣਕੇ ਟੈਮ ਨਾ ਈ ਰਾਮਦਾਰੀ ਨਾ ਪੈਗੇ। ਪਤਾ ਈ ਸੀ ਹੋਣਹਾਰ ਫਰਜ਼ੰਦ ਦਾ। ਹੋਦਰ ਸਾਡੇ ਆਲੇ ਨੂੰ ਕੁੱਟ ਕੁੱਟ ਡੌਂਗਾ ਬਣਾਤਾ ਅਗਲੇਆਂ ਨੇ। ਸਾਡੇਆਲੇ ਨੂੰ ਲੂਰੀਆਂ ਉੱਠਣ, ਕਹਿੰਦਾ ਬਾਈ ਬਣਿਆ ਚਾਹ ਪਾਣੀ ਤਾਂ ਪੁੱਛਲੋ। ਅੱਗੋਂ ਗੁੜ ਦੀਆਂ ਪਕੌੜੀਆਂ ਅਰਗੇ ਦੰਦ ਕੱਢਕੇ ਅਗਬਾਕਾਰ ਕਹਿੰਦਾ ਕਿਮੇਂ ਬੁਰਜਾਂ ਆਲੀ ਭੂਆ ਕੋ ਆਇਆਂ। ਹਾਨੀਸਾਰ ਨੂੰ ਹਾਰਕੇ ਸਾਡੇ ਆਲੇ ਨੇ ਮੱਝ ਜਿੱਡਾ ਕਲੇਜਾ ਕਰਕੇ ਗਾਲਾਂ ਚਲਾਤੀਆਂ ਡਰੈਗਟ ਈ ਅਲਕੈਦਾ ਜਥੇਬੰਦੀ ਆਲੀਆਂ। ਅਗਬਾਕਾਰਾਂ ਦੇ ਨੱਕ ਤੇ ਮੁੜਕਾ ਆਗੇਆ । ਸਾਡੇਆਲੇ ਨੇ ਗਾਲਾਂ ਕੰਨਟੀਨਿਊਜ ਈ ਰੱਖੀਆਂ। ਆਅਅ ਕੀ ਭਰਾਵਾ ਐਮੇਂ ਆਖੀਏ ਚੰਗੇ ਸੀ ਬਚਾਰੇ ਨਾਲੇ ਤਾਂ ਸਾਡੇਆਲੇ ਨੂੰ ਘਰੇ ਛੱਡਕੇ ਗਏ ਨਾਲੇ ਚਾਹ ਪਾਣੀ ਪੀਕੇ ਸੌ ਸੌ ਸਗਨ ਦੇਗੇ...ਘੁੱਦਾ

ਨਾ ਫੁੱਟਾਂ ਗਜ਼ਾਂ ਦਾ ਹਸਾਬ

ਨਾ ਫੁੱਟਾਂ ਗਜ਼ਾਂ ਦਾ ਹਸਾਬ ਕੁੜੇ
ਸਾਡੇ ਮਿਣਦੇ ਕਿੱਲੇ ਕਨਾਲਾਂ ਨੂੰ
ਮੁੱਲ ਤੈਅ ਕਰਦੇ ਨੇ ਫਸਲਾਂ ਦੇ
ਜੇਹਨਾਂ ਵੇਖਿਆ ਨਾ ਖੇਤ ਖਾਲਾਂ ਨੂੰ
ਦਿੱਲੀ ਬਹਿ ਅੰਦਾਜ਼ੇ ਲਾਉਂਦੇ ਨੇ
ਨਿੱਕਲੂ ਐਨਾ ਕ ਐਂਰਕੀ ਝਾੜ ਕੁੜੇ
ਦਹਾਕੇ ਬੀਤਗੇ ਅਈਂ ਗੁਜ਼ਰੇ ਨੇ
ਸਿਰਾਂ ਸਾਡਿਆਂ ਤੋਂ ਜੇਠ ਹਾੜ ਕੁੜੇ
ਚਿੱਟੇ ਵਾਲ ਗਵਾਹ ਨੇ ਉਮਰਾਂ ਦੇ
ਪੱਬ ਚੌੜੇ ਪਾਟੀਆਂ ਬਿਆਈਆਂ ਨੀਂ
ਪੱਗਾਂ ਆਲੇਆਂ ਨੇ ਏਹੇ ਬਚਾਏ ਸੀ
ਜੇਹਨਾਂ ਖੱਦਰ ਟੋਪੀਆਂ ਪਾਈਆਂ ਨੀਂ
ਸੰਨ ਸੰਤਾਲੀ ਚੌਰਾਸੀ ਸਾਨੂੰ ਪਰਖ ਹਟੇ
ਸਮਾਂ ਫੇਰ ਤਿਆਰ ਪਰਤਿਆਉਣ ਲਈ
ਪਰ ਥੋਡੇ ਘਰ ਜਿੰਨਾ ਥਾਂ ਚਾਹੀਦਾ
ਸਾਡੀ ਪੱਗ ਨੂੰ ਸੁੱਕਣੇ ਪਾਉਣ ਲਈ....ਘੁੱਦਾ

ਸਚੁ ਸੁਣਾਇਸੀ

ਤੇਤੀ ਕਰੋੜ ਦੇਵੀ ਦੇਵਤੇ ਨੇ। ਤਕਰੀਬਨ ਇੱਕ ਅਰਬ ਤੀਹ ਕਰੋੜ ਜੰਤਾ । ਜੇ ਤਕਸੀਮ ਕਰਿਆ ਜਾਵੇ ਤਾਂ ਇੱਕ ਦੇਵਤੇ ਨੂੰ ਚਾਰ ਕ ਬੰਦੇ ਆਉਂਦੇ ਆ। ਹਿੰਦੋਸਤਾਨ ਦਾ ਮੁਲਖ ਫੇਰ ਵੀ ਭੁੱਖਾ ਮਰੀ ਜਾਂਦਾ। ਭੁੱਖ ਨਾਲ ਢਿੱਡ ਢੂਈ ਨਾ ਲੱਗਿਆ ਪਿਆ।
ਲੀਲੀਆਂ ਪੱਗਾਂ ਆਲੇ ਕਹਿ ਰਹੇ ਨੇ ਪੰਜਾਬ ਤਰੱਕੀ ਕਰ ਰਿਹਾ। ਪਹਿਲਾਂ ਸ਼ਰਾਬ ਦੀਆਂ ਗਿਆਰ੍ਹਾਂ ਸਨਅਤਾਂ ਸੀ ਐਂਰਕੀ ਉੱਨੀਂ ਹੋਗੀਆਂ। ਵਾਕਏ ਈ ਤਰੱਕੀ ਆ। ਰਫੈਨਰੀ 'ਚ ਹਿੱਸਾ ਪਾਉਣ ਖਾਤਰ ਲਕਸ਼ਮੀ ਮਿੱਤਲ ਅਰਗੇਆਂ ਨੂੰ ਹਜ਼ਾਰਾਂ ਕਰੋੜ ਬਿਨਾਂ ਵਿਆਜ ਤੋਂ ਦਿੱਤੇ ਜਾਂਦੇ ਆ, ਦੂਜੇ ਪਾਸੇ ਟਰੈਟਰ ਲਿਆਉਣ ਖਾਤਰ ਜੱਟ ਨੂੰ ਕਿੱਲੇ ਦੇ ਨੰਬਰ ਦੇਣੇ ਪੈਂਦੇ ਨੇ। ਆਈ. ਪੀ ਐੱਲਾਂ 'ਚ ਯੋਗਰਾਜ ਦੇ ਮੁੰਡੇ ਅਰਗੇ ਚੌਕਾ ਮਗਰੋਂ ਮਾਰਦੇ ਆ ਚੀਅਰ ਗਲਜ਼ ਪਹਿਲਾਂ ਈ ਸ਼ਟਾਟ ਹੋ ਜਾਂਦੀਆਂ। ਕੁੜੀਆਂ ਚਿੜੀਆਂ ਦੇ ਪੱਟ ਦਖਾਕੇ ਖੇਡ ਪਰਮੋਟ ਕਰੀ ਜਾਂਦੀ ਆ। ਹੇਠਲੇ ਲੈਵਲ ਤੋਂ ਰਿਸ਼ਵਤ ਚੱਲਦੀ ਆ। ਜਮਾਂਬੰਦੀ ਦੀ ਫਰਦ ਖਾਤਰ ਸੌ ਦਾ ਨੋਟ ਲੱਗਦਾ ਪੜਦੇ ਜੇ ਨਾਲ। ਹੁਣ ਸਿੱਖਿਆ ਮੰਤਰੀ ਨੇ ਪਰੈਮਰੀ ਸਕੂਲਾਂ ਖਾਤਰ ਕਿਤਾਬਾਂ ਛਪਾਈਆਂ। ਇੱਕ ਕਿਤਾਬ 'ਚ ਗੀਤ ਲਿਖਿਆ ,:ਰੰਨ ਨਾਹ ਕੇ ਛੱਪੜ 'ਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ" । ਧਰਮਾਂ ਕਰਕੇ ਸ਼ਹੀਦਾਂ ਨਾਲ ਦਰਿਔਤ ਕਰੀ ਜਾਂਦੀ ਆ। ਮਦਰ ਟੈਰੇਸਾ ਨੂੰ ਕੁਲ ਦੁਨੀਆਂ ਜਾਣਦੀ ਆ, ਪਰ ਪਿੰਗਲਿਆਂ ਦੀ ਹੱਥੀਂ ਸੇਵਾ ਕਰਨ ਆਲੇ ਭਗਤ ਪੂਰਨ ਸਿੰਘ ਨੂੰ ਕੋਈ ਨੀਂ ਜਾਣਦਾ। ਫੌਰਨ ਕੰਟਰੀਆਂ 'ਚ ਚੌਥੀ ਜਮਾਤ 'ਚ ਸਾਰਾਗੜ੍ਹੀ ਦੇ ਇੱਕੀ ਸਿੱਖ ਸ਼ਹੀਦਾਂ ਦੀ ਬਹਾਦਰੀ ਦਾ ਲੈਸਨ ਪੜ੍ਹਾਇਆ ਜਾਂਦਾ। ਏਥੇ ਕੋਈ ਜਾਣਦਾ ਈ ਨੀਂ। ਧਰਮੀ ਵਿਤਕਰੇ ਕਰਕੇ ਹਾਲੇ ਤਾਂਈ ਜਲ੍ਹਿਆਂਆਲੇ ਬਾਗ 'ਚ ਊਧਮ ਸਿੰਘ ਦਾ ਬੁੱਤ ਨਹੀਂ ਲਾਇਆ ਗਿਆ।
ਟਾਕੂਏ ਨਾਲ ਛਟੀ ਦਾ ਖੁੰਗੀਆਂ ਆਲਾ ਡੰਡਾ ਘੜਕੇ ਤਰੰਗਾ ਟੰਗਕੇ ਕੋਠੇ ਤੇ ਖੜ੍ਹਾ ਕਰਦੋ। ਲੰਘਦੇ ਵੜਦੇ ਅੱਡੀਆਂ ਜੋੜਕੇ ਤੇ ਪੱਬ ਖੋਲ੍ਹਕੇ ਸਲੂਟ ਮਾਰਿਆ ਕਰੋ। ਮੁਲਖ ਤਰੱਕੀ ਕਰੂ ਨਾਲੇ ਛੁਣਛੁਣਾ...ਘੁੱਦਾ