Monday, 15 June 2015

ਠੇਠ ਲਫਜ਼

ਪੰਜਾਬੀ ਭਾਸ਼ਾ ਦੇ ਕੁਝ ਠੇਠ ਲਫਜ਼ ਤੇ ਉਹਨ੍ਹਾਂ ਦਾ ਮਤਲਬ
1. ਜਾਤਕ- ਜਵਾਕ, ਨਿਆਣਾ
2. ਧੱਤ- ਆਦਤ
3. ਨੌਹਰਾ- ਵਾੜਾ, ਵਲਗਣ, ਹਵੇਲੀ
4. ਸੀਦਾਂ- ਤੱਕ , 'ਓਥੋਂ ਤੱਕ' ਨੂੰ 'ਓਥੋਂ ਸੀਦਾਂ' ਕਿਹਾ ਜਾਦਾਂ
5. ਝੀਥ- ਵਿਰਲ, ਥੋੜ੍ਹਾ ਜਾ ਸੰਨ੍ਹ
6. ਭੈਤਾ- ਬਰਕਤ ( ਮੁੱਲ ਦੇ ਦੁੱਧ ਦੀ ਭੈਤਾ ਨਹੀਂ ਬਣਦੀ)
7. ਲੱਟ- ਨਿਕੰਮਾ ਧੀ ਪੁੱਤ, ਕਲੱਛਣਾ
8. ਘੀਂਗੇ ਪਾਉਣਾ - ਗੱਲ ਨੂੰ ਲਮਕਾਉਣਾ
9. ਜੁੱਬੜ- ਖਾਸੇ ਮੋਟੇ ਗਰਮ ਲੀੜੇ 
10. ਘੋਰੜੂ- ਮਰਨ ਵੇਲੇ ਬੰਦਾ ਔਖੇ ਜੇ ਸਾਹ ਲੈਂਦਾ ਓਹਨੂੰ ਘੋਰੜੂ ਆਂਹਦੇ ਨੇ
11.ਮੇਰ -ਹੱਕ, ਆਵਦਾਪਣ
12. ਸਾਹਲ- ਸੇਧ ਦੇਖਣ ਆਲਾ ਲਾਟੂ ਜੇਹੜਾ ਮਿਸਤਰੀਆਂ ਕੋ ਹੁੰਦਾ
13. ਮਜੌਹਲਾ- ਨਿੱਕੀ ਕਰੰਡੀ
14. ਧਨੇਸੜੀ- ਦਬਾਉਣਾ , "ਕਿਮੇਂ ਪਰਧਾਨ ਦੇਤੀ ਧਨੇਸੜੀ"
15. ਹੂੰਗਰ- ਪੀੜ ਨਾਲ ਹੌਲੀ ਹੌਲੀ ਚੀਕਣਾ
16. ਝੱਜੂ- ਕਲੇਸ, ਨਿੱਤ ਨਿੱਤ ਦੀ ਲੜਾਈ
17. ਉੁੱਤਾ- ਧਿਆਨ ਦੇਣਾ
18. ਉਗਾਸਣਾ- ਚੱਕਣਾ
19. ਚਬ੍ਹਕਾ- ਰੁਕ ਰੁਕ ਕੇ ਹੁੰਦੀ ਪੀੜ
20. ਅੱਸੀ- ਕੰਨੀਂ, ਕਿਨਾਰਾ
21. ਧੁਰਲੀ- ਯਕਦਮ ਹੱਥੋਂ ਨਿਕਲਣਾ
 ਬਾਕੀ ਅਗਲੀ ਆਰੀ.......ਘੁੱਦਾ

Thursday, 4 June 2015

ਜ਼ਿੰਦਾਦਿਲੀ

ਪੰਜਾਬੀ ਦੀ ਕਹੌਤ ਆ ਅਖੇ ,' ਜੀਵੇ ਆਸਾ ਮਰੇ ਨਿਰਾਸਾ'। ਸਾਡੀ ਕੌਮ ਨੇ ਜ਼ਿੰਦਾਦਿਲੀ ਤੇ ਜ਼ਿੰਦਗੀ ਜਿਓਣ ਦਾ ਚਾਅ ਕਦੇ ਨਈਂ ਛੱਡਿਆ। ਜਕਰੀਏ, ਮੀਰ ਮਨੂੰ ਤੇ ਅਬਦਾਲੀ ਸਮੇਂ ਅਤਿ ਮਾੜੇ ਵੇਲਿਆਂ 'ਚ ਛੋਲਿਆਂ ਨੂੰ ਬਦਾਮ ਆਖਣਾ , ਚੜ੍ਹਦੀ ਕਲਾ ਦੀ ਗਵਾਹੀ ਭਰਦਾ।
ਇੱਕ ਬਾਬਾ ਦੱਸਦਾ ਸੀ ਕਹਿੰਦਾ," ਪੁੱਤ ਅਹੀਂ ਪਾਕਸਤਾਨੋਂ ਉੱਜੜਕੇ ਤੀਜੇ ਦਿਨ ਖੇਮਕਰਨ ਉੱਪੜੇ ਤੇ ਸ਼ਾਮਾਂ ਪਈਆਂ ਹੀ, ਅਹੀਂ ਗੱਡਿਓਂ ਘਰ ਦੀ ਕੱਢੀ ਦਾਰੂ ਚੱਕੀ ਤੇ ਹਾੜੇ ਲਾਉਣ ਲੱਗੇ । ਹਾਨੂੰ ਵੇਖਕੇ ਲੋਕੀਂ ਆਖਣ ਵੇਖੋ ਓਏ ਉੱਜੜਕੇ ਆਏ ਜਸ਼ਨ ਮਨਾਓਣ ਡਏ ਨੇ"। ਕਿਸੇ ਮੌਤ ਤੇ ਰੋਂਦੇ ਜੀਆਂ ਨੂੰ ਏਹ ਆਖਕੇ ਚੁੱਪ ਕਰਾਇਆ ਜਾਂਦਾ ," ਜਰਾਂਦ ਕਰੋ ਭਾਈ, 'ਗਾਹਾਂ ਦੀ ਸੁੱਖ ਮੰਗੋ, ਮਾਅਰਾਜ ਭਲੀ ਕਰੂ"।
ਨਿੱਕੀਆੰ ਨਿੱਕੀਆੰ ਚੀਜ਼ਾੰ ਨਾਲ ਪਿਆਰ ਪਾਕੇ, ਮੇਰ ਕਰਕੇ ਜ਼ਿੰਦਗੀ ਨੂੰ ਜਿਓਂਇਆ ਜਾਦਾਂ।
ਵਿਹੜੇ 'ਚ ਫਿਰਦੀ ਬੁੜ੍ਹੀ ਨੂੰ ਮਾਣ ਹੁੰਦਾ ਬੀ ਫਲਾਣੇ ਕਿੱਲੇ ਤੇ ਬੱਝੀ ਮਹਿੰ ਪੇਕਿਆੰ ਦੇ ਰਵੇ 'ਚੋੰ ਆ। ਓਹਤੇ ਮੇਰ ਵੱਧ ਹੁੰਦੀ ਆ। ਠੀਕ ਏਸਰਾਂ ਪੁਰਾਣਾ ਟਰੈਟ ਵੇਚਣ ਲੱਗਾ ਬੰਦਾ ਨਾਏ ਤਾਂ ਪੈਸੇ ਗਿਣੀ ਜਾਂਦਾ ਹੁੰਦਾ ਨਾਏ ਦਲਾਲ ਨੂੰ ਆਖੀ ਜਾਊ," ਹੈਂ ਜਾਗਰਾ, ਊੰ ਲੋਹਾ ਬੜਾ ਕਰਮਾਂਆਲਾ ਸੀ,ਬੜਾ ਸਿੱਧਾ ਆਇਆ ਸੀ"। ਜਦੋਂ ਘਰੇ ਆਇਆ ਲਿਹਾਜ਼ੀ ਢਾਬੀ ਬੰਦਾ ਤੁਰਨ ਲੱਗਦਾ ਤਾਂ ਬੇੇਬੇ ਅਰਗੀਆਂ ਆਖਦੀਆਂ," ਖੋਜਾ ਖੋਜਾ, ਚਾਹ ਪੀਤੇ ਬਿਨ੍ਹਾਂ ਨੀਂ ਜਾਣ ਦੇਂਦੀ ਮੈਂ"। ਹੁਕਮ ਦੇ ਨਾਲ ਪਿਆਰ ਰਲਿਆ ਹੁੰਦਾ।
ਖੁਸ਼ੀਆਂ ਦੇ ਨਿੱਕੇ ਮੋਟੇ ਕਾਰਨ ਲੱਭਕੇ ਜਿੰਦਗੀ ਨੂੰ ਜਿਓਣਜੋਗਾ ਕਰਿਆ ਜਾਦਾਂ। ਹੱਸ ਖੇਡ ਕੇ ਸਮਾਂ ਟਪਾਲੋਂਗੇ ਤਾਂ ਸੌਖਾ ਟੱਪਜੂ ਨਹੀਂ ਟੱਪ ਤਾਂ ਊਂ ਵੀ ਜਾਣਾ....ਘੁੱਦਾ

ਡਾਇਲੌਗ

ਕਈ ਫਿਲਮਾਂ ਦੇ ਖਾਸੇ ਕੈਮ ਡਾਇਲੌਗ
1. Punjab 84- ਪਹਿਲਾਂ ਤਾਂ ਝਿੜਕ ਵੀ ਨਹੀਂ ਸੀ ਮੋੜਦਾ, ਹੁਣ ਮਿੰਨਤ ਵੀ ਨਹੀਂ ਮੰਨਦਾ ਤੂੰ ਤਾਂ ਚੰਦਰਿਆ ਰੱਬ ਈ ਹੋ ਗਿਆਂ
2.Dirty picture-  ਮਾਖਣ ਨਿਕਲਾ ਤੋ ਅਮੁਲ ਕਾ ਹੋ ਗਿਆ, ਉਸ ਗਾਏ ਕਾ ਨਾਮ ਹੀ ਨਹੀਂ ਜਿਸਨੇ ਦੂਧ ਦੀਆ।
3. JJDM- ਜੱਗ ਜਿਓਦਿਆਂ ਦੇ ਮੇੇਲੇ ਨੇ ਸੱਜਣਾ ਦਰਗਾਹੀਂ ਜਾਕੇ ਕੌਣ ਮਿਲਦਾ।
4.Shootout at wadala- ਬਾਦਸ਼ਾਹ ਕੀ ਗਲੀ ਮੇਂ ਆਕਰ ਰਾਸਤਾ ਨਹੀਂ ਪੂਛਤੇ, ਗੁਲਾਮੋਂ ਕੇ ਝੁਕੇ ਸਿਰ ਖੁਦ-ਬ-ਖੁਦ ਰਾਸਤਾ ਬਤਾ ਦੇਤੇ ਹੈਂ।
5. Chaar sahibjaade- ਕੰਧਾਂ ਵਿੱਚ ਚਿਣਨਗੇ ਪੁੱਤਰ, ਮਾਰ ਥੋੜ੍ਹੀ ਨਾ ਦੇਣਗੇ।
6. Jatt james bond- ਜ਼ਿੰਦਗੀ ਤਾਂ ਸੌਹਰੀ ਸਾਫੇ ਜੋਗੀ ਰਹਿਗੀ ਤੂੰ ਐਂਵੇ ਪੱਗਾਂ ਨੂੰ ਸੀਣਾਂ ਮਾਰੀ ਜਾਣੀ ਆਂ
7. Tanu weds manu- ਹਮ ਬੇਵਫਾ ਕਿਆ ਹੁਏ ਸ਼ਰਮਾ ਜੀ ਤੁਮ ਤੋ ਬਦਚਲਨ ਹੀ ਹੋ ਗਏ

Wednesday, 27 May 2015

ਜਸਵੰਤ ਸਿੰਘ ਕੰਵਲ

ਫੋਟੋ ਨੂੰ ਗੌਹ ਨਾਲ ਦੇਖਿਓ। ਪਿੰਡ ਢੁੱਡੀਕੇ ਦੇ ਜੰਮ ਪਲ, ਬਾਪੂ ਜਸਵੰਤ ਸਿੰਘ ਕੰਵਲ। 
ਸੱਤਵੀਂ ਅੱਠਵੀਂ 'ਚ ਹੁੰਦੇ ਸੀ ਜਦੋਂ ਤੋਂ ਬਾਪੂ ਕੰਵਲ ਹੋਣਾਂ ਦੇ ਲਿਖੇ ਨਾਵਲਾਂ ਨੂੰ ਪੜ੍ਹਨ ਲੱਗਪੇ ਸੀ। ਜੇ ਬਾਬੇ ਕੰਵਲ ਦੇ ਨਾਵਲ ਨੂੰ ਪੜ੍ਹਕੇ ਥੋਡੇ ਪਿੰਡੇ ਦਾ ਲੂੰ ਕੰਡਾ ਖੜ੍ਹਾ ਨਾ ਹੋਵੇ ਤਾਂ ਸਮਝਿਓ ਸਰੀਰ 'ਚ ਕੋਈ ਖਰਾਬੀ ਈ ਆ। 1919 'ਚ ਜੰਮੇ ਬਾਬੇ ਕੰਵਲ ਹੋਣੀਂ ਰੌਲੇ ਤੋਂ ਪਹਿਲੋਂ ਲਿਖਣ ਲਾਪੇ ਸੀ। ਜਦੋਂ 'ਲਹੂ ਦੀ ਲੋਅ' ਵਰਗੇ ਨਾਵਲ ਭਾਰਤ ਨੇ ਨਾ ਛਾਪੇ,  ਓਦੋਂ ਸਿੰਗਾਪੁਰੋਂ ਛਪਕੇ ਏਹ ਨਾਵਲ ਸਮੱਗਲ ਹੋਕੇ ਭਾਰਤ 'ਚ ਵਿਕਿਆ। ਪਿੱਛੋਤੋੜੀਂ ਬਾਪੂ ਕੰਵਲ ਹੋਣਾਂ ਨੇ ਭਰਵੀਆਂ ਦਲੀਲਾਂ ਨਾਲ 'ਸਿੱਖ ਸਟੇਟ' ਦੀ ਹਮਾਇਤ ਕੀਤੀ ,ਤਾਂ ਕਰਕੇ ਕਈ ਕੰਵਲ ਦੇ ਵਿਰੋਧੀ ਬਣੇ। ਹਾਸੀ ਆਉਦੀਂ ਆ ਜਦੋਂ ਨੱਬੇ ਦਾ ਜੰਮਿਆ ਜਵਾਕ ਬਾਪੂ ਕੰਵਲ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਕਰਦਾ।
ਪੰਜਾਬ ਬਾਬੇ ਕੰਵਲ ਦਾ ਦੇਣ ਨਹੀਂ ਦੇ ਸਕਦਾ। ਨੈੱਟ ਤੇ ਬਥੇਰਾ ਪੜ੍ਹਦੇ ਆਂ, ਪਰ ਜਦੋਂ ਫੌਹ ਪਿਆ ਬਾਬੇ ਕੰਵਲ ਹੋਣਾਂ ਨੂੰ ਵੀ ਪੜ੍ਹਿਉ। ਸਰਬੰਸਦਾਨੀ ਚੜ੍ਹਦੀਆਂ ਕਲਾ 'ਚ ਰੱਖੇ ਪੰਜਾਬ ਦੇ ਹੀਰੇ ਨੂੰ......ਘੁੱਦਾ

ਬਾਦਲ

ਮੁੱਖ ਮੰਤਰੀ ਬਾਦਲ। ਕੋਈ ਸ਼ੱਕ ਨਹੀਂ ਏਸ ਬੰਦੇ ਨੇ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਕਰਿਆ। ਮੋਰਚੇ, ਪਾਣੀ ਮਸਲੇ, ਪੀ.ਪੀ.ਪੀ ਤੇ ਹੋਰ ਮੁੱਦੇ ਏਹਦੀ ਜਿੱਤ ਹਾਰ ਦੇ ਕਾਰਨ ਵੀ ਬਣੇ। ਨਾਨਕ ਨਾਮ ਲੇਵਾ ਸਿੱਖ ਕੌਮ ਨੇ ਚੋਣ ਨਿਸ਼ਾਨ ਤੱਕੜੀ ਤੇ ਮੋਹਰ ਲਾਓਣੀ ਆਵਦਾ ਧਰਮੀ ਫਰਜ਼ ਸਮਝਿਆ। ਵਪਾਰੀ, ਕਿਰਸਾਨ, ਸਰਕਾਰੀ ਮੁਲਾਜ਼ਮ, ਬੇਰੁਜ਼ਗਾਰ ਮਲਬ ਕਿ ਹਰਿੱਕ ਬੰਦਾ ਏਸ ਸਰਕਾਰ ਨੂੰ ਗਾਹਲਾਂ ਕੱਢਦਾ। ਫੇਰ ਵੀ ਬਾਦਲ ਜਿੱਤਦਾ। 
ਏਹਨਾਂ ਨੂੰ ਪਤਾ ਕਿ ਸੁਰਖੀਆਂ 'ਚ ਕਿਵੇਂ ਰਹਿਣਾ। ਕਦੇ ਨਹਿਰਾਂ 'ਚ ਬੱਸਾਂ ਤੇ ਕਦੇ ਮੰਗਲ ਗ੍ਰਹਿ ਤੇ ਯੂਥ ਭਰਤੀ ਅਰਗੀਆਂ ਸ਼ੁਰਲੀਆਂ ਏਹਨਾਂ ਨੂੰ ਹੋਰ ਮਸ਼ਹੂਰ ਕਰਦੀਆਂ। ਹਰਿੱਕ ਫੋਨ 'ਚ ਏਹਨਾਂ ਦੀਆਂ ਫੋਟਮਾਂ ਹੈਗੀਆਂ। ਜੇਹੜੇ ਸਾਡੇ ਮੁੰਡੇ ਹੁਣ ਬਾਦਲ ਨੂੰ ਗਾਹਲਾਂ ਕੱਢਦੇ ਨੇ ਵੋਟਾਂ ਵੇਲੇ ਓਹੀ ਮੁੰਡੇ ਸਕੂਲ ਕੋਲ ਲੱਗੇ ਕਾਲੀ ਦਲ ਦੇ ਟੈਂਟ 'ਚ ਬੈਠੇ, ਡਿਜਪੋਜ਼ਲ ਗਲਾਸਾਂ 'ਚ ਮਰਿੰਡੇ ਪੀਂਦੇ ਨੇ। ਨਾਏ ਲੰਘਦੇ ਟੱਪਦੇ ਨੂੰ ਆਖਣਗੇ," ਤਾਇਆ ਦੁੱਗ ਲੰਬਰ ਆਲੀ ਸੁੱਚ ਨੱਪਦੀਂ"। 
ਐਨ ਵੋਟਾਂ ਵੇਲੇ ਬਾਦਲ ਸਰਕਾਰ ਭਰਤੀਆਂ ਕੱਢ ਦਿੰਦੀ ਆ। ਗੌੰ ਦੇ ਮਾਰੇ ਲੋਕ ਤੱਕੜੀ ਨੂੰ ਵੋਟ ਪਾ ਜਾਂਦੇ  ਨੇ।
2017 ਦੀਆਂ ਵੋਟਾਂ ਆਈਆਂ ਲੈ। ਜਰਾਂਦ ਕਰੋ। ਬਾਕੀ ਅੱਤ ਦਾ ਅੰਤ ਲਾਜ਼ਮੀ ਹੁੰਦਾ...ਘੁੱਦਾ

ਠੇਠ ਲਫਜ਼

ਪੰਜਾਬੀ ਭਾਸ਼ਾ ਦੇ ਕੁਝ ਠੇਠ ਲਫਜ਼ ਤੇ ਉਹਨ੍ਹਾਂ ਦਾ ਮਤਲਬ
1. ਏਖੜ- ਜਦੋਂ ਦੋ ਤਿੰਨ ਦਿਨ ਪਸੂ ਦੀ ਧਾਰ ਨਾ ਕੱਢੀਏ ਤੇ ਲੇਵਾ ਦੁੱਧ ਨਾਲ ਆਕੜਜੇ, ਉਹਨੂੰ ਏਖੜ ਕਿਹਾ ਜਾਂਦਾ।
2. ਨੇਤਰਾ- ਮਧਾਣੀ ਆਲੀ ਰੱਸੀ।
3. ਚੀਹੜ- ਊਠ ਦਾ ਪਿਸ਼ਾਬ।
4. ਪੇਟ ਘਰੋੜੀ- ਮਾਪਿਆਂ ਦਾ ਛੋਟਾ ਜਵਾਕ।
5. ਜੇਠਾ- ਘਰ 'ਚੋਂ ਵੱਡਾ ਜਵਾਕ।
6. ਮੇਰੂ- ਪਸੂ ਦੇ ਇੱਕ ਥਣ 'ਚ ਦੋ ਮੋਰੀਆਂ ਹੋਣ ਤਾਂ ਮੇਰੂ   ਕਿਹਾ ਜਾਂਦਾ।
7. ਘਤਿੱਤ - ਸ਼ਰਾਰਤ, ਚੌੜ, ਵੈਵਤ੍ਹ
8. ਖੁੱਤੀ - ਗਿੱਚੀ, ਧੌਣ
9. ਅਰਕ- ਕਿਸੇ ਗੱਲ ਜਾਂ ਚੀਜ਼ ਦਾ ਨਿਚੋੜ, ਕੂਹਣੀ ਨੂੰ ਵੀ ਅਰਕ ਆਂਹਦੇ ਨੇ।
10. ਗੌਂ- ਮਤਲਬ, ਹਿੰਦੀ 'ਚ ਸਵਾਰਥ
11. ਪੇਡੀ- ਗੋਡੇ ਗੋਡੇ ਨੀਰਾ, ਨੀਰੇ ਦਾ ਪਹਿਲਾ ਲੌਅ
12. ਗਤਾਵਾ- ਸੰਨੀ ਕਰਨਾ, ਵੰਡ ਰਲਾਉਣਾ
13. ਪਲੋਂ - ਗਲੀ ਸੜੀ ਤੂੜੀ ਜਾਂ ਸਰ੍ਹੋਂ ਦਾ ਗਲਿਆ ਜਾ ਟਾਂਗਰ
14. ਰੀਣ- ਤੂੜੀ ਛਾਣਕੇ ਨਿੱਕਲਿਆ ਬਰੀਕ ਮਾਲ ਪੱਤਾ
15. ਮੁਰਚਾ- ਗੁੱਟ
16. ਭਿਆਲ- ਸਾਂਝ, ਵਿੜ੍ਹੀ
17. ਬੀਚਰਨਾ- ਹਿੰਡ ਨਾਲ ਗੁੱਸੇ ਹੋਣਾ ਜਾਂ ਮੁੱਕਰਨਾ
18. ਹੇਹਾ- ਕਿਸੇ ਕੰਮ ਨੂੰ ਬਾਹਲਾ ਜੀਅ ਕਰਨ ਓਦੋਂ ਕਿਹਾ ਜਾਂਦਾ ,"ਕਿਮੇਂ ਪਰਧਾਨ ਹੇਹੇ 'ਚ ਹੋਇਆ ਫਿਰਦਾਂ"।
19. ਗੋਕਾ- ਗਾਂ, ਵਹਿੜ, ਵੱਛੀ 
20. ਗੰਧਾਲੀ - ਖਾਸੀ ਮੋਟੀ ਤੇ ਲੰਬੀ ਸੱਬਲ। ਚੱਕਰ ਘਬਰਾਹਟ ਆਉਣ ਨੂੰ ਵੀ ਕਿਹਾ ਜਾਂਦਾ ਬੀ 'ਗੰਧਾਲੀ' ਜੀ ਆਗੀ ਜਰ।
ਬਾਕੀ ਅਗਲੀ ਆਰੀ.......ਘੁੱਦਾ

1947 ਨਾਲ ਜੁੜੀਆਂ ਕੁਝ ਹੋਰ ਗੱਲਾਂ

ਦੇਸ਼ ਪੰਜਾਬ ਦੀ ਵੰਡ 1947 ਨਾਲ ਜੁੜੀਆਂ ਕੁਝ ਹੋਰ ਗੱਲਾਂ
1. ਪਾਕਿਸਤਾਨੋਂ ਉੱਜੜ ਕੇ ਆਏ ਲੋਕਾਂ ਨੂੰ ਏਧਰਲੇ ਲੋਕ 'ਮੁਸਲਮਾਨਾਂ ਨਾਲ ਵਟਾਏ' ਦਾ ਮਿਹਣਾ ਮਾਰਦੇ ਸੀ।
2. ਮਾਵਾਂ ਨੇ ਜਵਾਕਾਂ ਦੇ ਝੱਗਿਆਂ ਦੀਆਂ ਜੇਬਾਂ 'ਚ ਚਾਂਦੀ ਦੇ ਸਿੱਕੇ ਤੁੰਨਕੇ ਉੁੱਤੋਂ ਭਾਦੋਂ ਮਹੀਨੇ ਕੋਟੀਆਂ ਪਾਤੀਆਂ ਸੀ ਸੇਫਟੀ ਖਾਤਰ।
3. ਪਾਕਿਸਤਾਨੋਂ ਉੱਜੜ ਕੇ ਆਏ ਲੋਕਾਂ ਨੂੰ ਕਈ ਇਲਾਕਿਆਂ ਵਿੱਚ ਦਾਰੂ ਕੱਢਣ ਤੇ ਵੇਚਣ ਦੀ ਖੁੱਲ੍ਹ ਦਿੱਤੀ ਸੀ।
4. ਰਫਿਊਜ਼ੀਆਂ ਨੂੰ ਪਾਕਿਸਤਾਨੀ ਲੂਣ ਵੇਚਣ ਦੀ ਖੁੱਲ੍ਹ ਸੀ।
5. ਦੂਜੀ ਸੰਸਾਰ ਜੰਗ (1945) ਪਿੱਛੋਂ ਅੰਗਰੇਜ਼ਾਂ ਨੇ ਕਈ ਸਿੱਖ ਸਿਪਾਹੀਆਂ ਨੂੰ ਬਾਰ ਦੇ ਇਲਾਕਿਆਂ 'ਚ ਮੁਰੱਬੇ ਦਿੱਤੇ ਸੀ। ਵੰਡ ਹੋਣ ਤੇ ਏਹ ਟੱਬਰ ਵੱਢ ਟੁੱਕ ਤੋਂ ਬਚਕੇ ਸਹੀ ਸਲਾਮਤ ਮੁੜ ਆਏ ਸੀ।
6. ਉੱਜੜੇ ਕਿਰਸਾਨਾਂ ਨੂੰ ਤੀਜਾ ਹਿੱਸਾ ਜ਼ਮੀਨ ਦੀ ਕਾਟ ਲੱਗੀ ਸੀ।  ਸਿਰਫ ਓਹੀ ਜ਼ਮੀਨ ਮਿਲੀ ਜੀਹਦਾ ਪਾਕਿਸਤਾਨ 'ਚ ਮਾਮਲਾ ਭਰਿਆ ਜਾਦਾਂ ਸੀ। 
7. ਜੇਹੜੇ ਟੱਬਰ ਜਾਇਦਾਦ ਖਾਤਰ ਮੁਸਲਮਾਨ ਬਣਨਾ ਚਾਹੁੰਦੇ ਸੀ , ਉਹਨਾਂ ਨੂੰ ਮੌਕੇ ਤੇ ਮੁਸਲਮਾਨ ਨਾ ਬਣਾਇਆ ਗਿਆ। ਜੇਹੜੇ ਤਿੰਨ ਸਾਲ ਪਹਿਲਾਂ ਮੁਸਲਮਾਨ ਬਣੇ ਸੀ, ਓਹੀ ਮੰਜ਼ੂਰ ਕੀਤੇ
8. ਰਫਿਊਜ਼ੀਆਂ ਦਾ ਲੀੜਾ ਲੱਤਾ ਤੇ ਖਾਣ ਪੀਣ ਦਾ ਚੱਜ ਏਧਰਲੇ ਲੋਕਾਂ ਤੋਂ ਕਿਤੇ ਚੰਗਾ ਸੀ।
9. ਰਫਿਊਜੀਆਂ ਲਈ ਇੱਕ ਸਾਲ ਰਾਖਵਾਂ ਕੋਟਾ ਰੱਖਿਆ ਗਿਆ ਸੀ।
ਖਾਸ ਨੋਟ- ਏਹ ਜਾਣਕਾਰੀ ਕਿਸੇ ਕਿਤਾਬ 'ਚੋਂ ਨਹੀਂ ਲਈ , ਮਾਲਵੇ ਦੇ ਪਿੰਡਾਂ 'ਚ ਜਾਕੇ ਬਜ਼ੁਰਗਾਂ ਤੋਂ ਜ਼ੁਬਾਨੀ ਕੱਠੀ ਕੀਤੀ ਆ। ਬਾਕੀ ਹਾਡੀ ਕੁੜੀ ਗੁਰਪ੍ਰੀਤ ਕੁਰ ਏਸ ਟੌਪਿਕ ਤੇ ਪੀ.ਐੱਚ.ਡੀ ਕਰ ਰਹੀ ਆ॥ ਹੋਰ ਗੱਲਾਂ ਦੱਸਦੇ ਰਹਾਂਗੇ....ਘੁੱਦਾ