Sunday, 7 February 2021

ਅਸਲ ਹੱਲ

ਜੇ ਗੱਲ ਕਣਕ ਝੋਨੇ ਤੇ ਮਿਲਦੇ ਕੱਲੇ MSP ਦੀ ਹੀ ਕਰੀਏ ਤਾਂ ਇਹ ਤਾਂ ਸਾਨੂੰ ਪਹਿਲਾਂ ਵੀ ਮਿਲੀ ਜਾਂਦੀ ਸੀ। ਜਿਹੜੇ MSP ਖਾਤਰ ਸਾਰਾ ਪੰਜਾਬ ਸੜਕਾਂ, ਲੀਹਾਂ ਤੇ ਬੈਠਾ ਓਹ ਤਾਂ ਪਹਿਲਾਂ ਮਿਲਦੀ ਸੀ। ਖੁਦਕੁਸ਼ੀਆਂ, ਕਰਜ਼ੇ, ਡਿਫਾਲਟਰ ਤਾਂ ਫੇਰ ਵੀ ਹੋਈ ਜਾਂਦੇ ਸੀ।
ਅੱਜ ਅਸੀਂ ਕੇਂਦਰ ਵੱਲੋਂ ਖ਼ਤਮ ਕੀਤੀ MSP ਲਈ ਲੜ ਰਹੇ ਆਂ। ਹੁਣ MSP ਮਿਲਣੀ ਔਖੀ ਆ, ਪਰ ਅਸੰਭਵ ਨਹੀਂ। 
ਸਵਾਲ ਤਾਂ ਸਾਲਾ ਇਹ ਆ ਕਿ ਜੇ MSP ਮਿਲ ਵੀ ਗਈ ਫੇਰ ਕੀ ਕਰਲਾਂਗੇ? ਪਨਾਲਾ ਤਾਂ ਓਥੇ ਦਾ ਓਥੇ ਹੀ ਰਹਿ ਗਿਆ। 
ਪਹਿਲੀ ਗੱਲ ਤਾਂ ਸਾਨੂੰ ਸਾਡੀਆਂ ਮੰਗਾਂ ਠੀਕ ਕਰਨੀਆਂ ਪੈਣਗੀਆਂ। ਮੰਨ ਲਓ ਅੱਜ ਕੇਂਦਰ ਕਣਕ, ਝੋਨਾ ਚੱਕਣ ਲਈ ਤਿਆਰ ਹੋ ਜਾਂਦਾ। 
ਹੋਰ ਦਸਾਂ ਸਾਲਾਂ ਨੂੰ ਜਦੋਂ ਧਰਤੀ ਦਾ ਪਾਣੀ ਨਬੇੜ ਲਿਆ ਫੇਰ ਏਸਤੋਂ ਵੀ ਕਿਤੇ ਵੱਡੇ ਘੋਲ ਲੜਨੇ ਪੈਣਗੇ। ਫੇਰ ਅਸੀਂ ਹੱਥ ਖੜ੍ਹੇ ਕਰਾਂਗੇ ਬੀ ਅਸੀਂ ਝੋਨਾ ਨਹੀਂ ਬੀਜਣਾ।  
ਕੱਲ੍ਹ ਨੂੰ ਚਾਰ ਸਿਰ ਜੁੜਕੇ ਰਾਜੀਬੰਦਾ ਕਰ ਵੀ ਲੈਣ ਪਰ ਅਨੰਦਪੁਰ ਦੇ ਮਤੇ ਤੋਂ ਘੱਟ ਪੰਜਾਬ ਦਾ ਬਚਾਅ ਈ ਨਹੀਂ ਹੋਣਾ। 
ਨਾਲੇ ਸਾਨੂੰ ਸ਼ਬਦ ਠੀਕ ਕਰਨੇ ਪੈਣਗੇ, ਇਹ ਮੰਗਾਂ ਨਹੀਂ ਸਾਡੇ ਹੱਕ ਨੇ। 
ਕਈ ਸਾਡੇ ਬੰਦੇ ਕਹਿੰਦੇ ਜੀਓ ਦੇ ਸਿੰਮਾਂ ਨਾਲ ਕੀ ਫਰਕ ਪੈਣਾ। ਸੇਠ ਗੱਲੇ ਦਾ ਲੋਭੀ ਹੁੰਦਾ। ਅੱਜ ਨਿੱਤ ਕਰੋੜਾਂ ਦਾ ਘਾਟਾ ਪਊ ਤਾਂ ਪੰਜਾਬ ‘ਚ ਪੈਸਾ ਇਨਵੈਸਟ ਕਰਨ ਲੱਗਾ ਅੰਬਾਨੀ ਦਸ ਵਾਰੀ ਸੋਚੂ। 
ਨਿੱਕਲੋ ਭਰਾਵੋ ਘਰਾਂ ‘ਚੋਂ। ਲੜੋ, ਲਿਖੋ, ਗਾਓ, ਟਵਿੱਟਰ ਹੈਸ਼ਟੈਗ ਕਰੋ, ਡੀਪੀਆਂ ਲਾਓ, ਪ੍ਰਸ਼ਾਦਾ ਪਾਣੀ ਪਹੁੰਚਦਾ ਕਰੋ, ਜੋ ਕਰ ਸਕਦੇ ਕਰੋ। ਪਰ ਟਿਕਿਓ ਨਾ, ਕੁਛ ਨਾ ਕੁਛ ਕਰਦੇ ਰਿਹੋ। ਨੈਗੇਟਿਵਿਟੀ ਨਾ ਫਲਾਓ...ਜਿੱਤਾਂਗੇ ਜ਼ਰੂਰ......ਘੁੱਦਾ

ਸ਼ੰਭੂ ਮੋਰਚਾ ਪੰਜਾਬ

ਪੰਜਾਬ ਦੇ ੨੨ ਜ਼ਿਲ੍ਹੇ ਆ ਤੇ ੩੧ ਕਿਸਾਨ ਯੂਨੀਅਨਾਂ ਬਣੀਆਂ ਵਈਆਂ। 
ਸ਼ੰਭੂ ਧਰਨੇ ਨੂੰ ਮੱਤਾਂ ਦੇਣ ਤੋਂ ਪਹਿਲਾਂ ਏਹਨ੍ਹਾਂ ਨੂੰ ਆਵਦੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ। ਝੰਡੇ ਤੋਂ ‘ਭਾਰਤੀ ਕਿਸਾਨ ਯੂਨੀਅਨ’ ਲਕਬ ਲਾਹਕੇ ਪੰਜਾਬ ਲਾਓਣਾ ਪੈਣਾ। 
ਆਪਾਂ ਨਹੀਂ ਕਹਿੰਦੇ ਕਿ ਦੀਪ ਸਿੱਧੂ ਪੰਜਾਬ ਨੂੰ ਹੱਕ ਦਵਾਊ ਜਾਂ ਓਹ ਸਿਰੇ ਸੱਟ ਬੰਦਾ। ਏਸ ਗੱਲ ਦਾ ਨਬੇੜਾ ਸਮਾਂ ਕਰੂ।
ਪਰ ਕਿਸਾਨ ਯੂਨੀਅਨਾਂ ਆਲੇ ਕਈ ਦਿਨਾਂ ਤੋਂ ਦੀਪ ਸਿੱਧੂ ਤੇ ਤਵਾ ਧਰੀ ਬੈਠੇ। ਕਿਓਕਿਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਓਹਦੀ ਜ਼ੁਬਾਨ ਤੇ ਸੰਤ ਜਰਨੈਲ ਸਿੰਘ ਹੋਣਾਂ ਦਾ ਨਾਂ ਆਓਂਦਾ। 
ਸ. ਅਜਮੇਰ ਸਿੰਘ ਹੋਣਾਂ ਨੇ ਬੜੀ ਸੋਹਣੀ ਗੱਲ ਆਖੀ ਕਿ ਜਦੋਂ ਵੀ ਪੰਜਾਬ ਤੇ ਭੀੜ ਪਊ ਸੰਤਾਂ ਦਾ ਜ਼ਿਕਰ ਹੋਣਾ ਈ ਹੋਣਾ। ਓਹਨ੍ਹਾਂ ਦਾ ਨਾਂ ਆਓਂਦਿਆਂ ਈ ਮੁੰਡਿਆਂ ਦਾ ਜੋਸ਼ ਦੇਖਣ ਆਲਾ ਹੁੰਦਾ।
ਯੂਨੀਅਨਾਂ ਆਲੇ ਵਾਰ ਵਾਰ ਕਹਿ ਰਹੇ ਕਿ ਸਾਡੇ ਕੋਲ ਲੋਕ ਘੋਲਾਂ ਦਾ ਚਾਲੀ ਪੰਜਾਹ ਸਾਲ ਦਾ ਤਜਰਬਾ। ਚੰਗੀ ਗੱਲ ਆ, ਪਰ ਨਵਾਂ ਬੰਦਾ ਰਾਇ ਦੇਵੇ ਤਾਂ ਮੰਨ ਲੈਣੀ ਚਾਹੀਦੀ। ਨਾਂ ਵੀ ਮੰਨੋ, ਪਰ ਭੰਡੋ ਨਾ। 
45 ਸਾਲ ਦਾ ਬਾਬਾ ਸੋਹਣ ਸਿੰਘ ਭਕਨਾ ਵੀ 18 ਸਾਲ ਦੇ ਜਵਾਨ ਸਰਾਭੇ ਦੀ ਅਗਵਾਈ ਜਾਂ ਸਲਾਹ ਨਾਲ ਚੱਲ ਰਿਹਾ ਸੀ।
ਮੀਡੀਆ ਫੁੱਟ ਪਾਊ ਕੈਪਸ਼ਨਾਂ ਪਾਕੇ ਵੀਡਿਓਜ਼ ਪਾ ਰਿਹਾ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਪਾਟੇ। ਨਹੀਂ, ਲੱਖਾ ਸਿਧਾਣਾ ਬਠਿੰਡੇ ਧਰਨੇ ਤੇ ਹੁੰਦਾ ਤੇ ਏਹ ਗੱਲ ਮੰਨਦਾ ਕਿ ਦੀਪ ਸਿੱਧੂ ਦਾ ਰਾਹ ਤੇ ਮੰਗਾਂ ਸਹੀ ਨੇ।
ਹੁਣ ਕੰਮ ਆਪਣਾ, ਲੜਨਾ, ਸੜਕਾਂ ਤੇ ਬਹਿਣਾ। ਕਈ ਬੰਦੇ ਕਹਿੰਦੇ ਬਿੱਲ ਬੁੱਲ ਨਹੀਂ ਮੁੜਦੇ। ਯਾਦ ਰੱਖੋ, ਸੂਆ ਟੁੱਟਾ ਹੋਵੇ ਤਾਂ ਪਹਿਲਾਂ ਝਾਫੇ ਸਿੱਟੇ ਜਾਂਦੇ ਪਾੜ ਤੇ। ਫੇਰ ਗੱਟੇ ਲਾਕੇ ਸੂਆ ਬੰਨ੍ਹਿਆ ਜਾਂਦਾ ਤੇ ਬੰਨ੍ਹ ਵੱਜ ਜਾਂਦਾ ਤੇ ਜੇ ਉੱਦਮ ਨਾ ਕਰੀਏ ਫੇਰ ਪਾੜ ਤੇ ਨੁਕਸਾਨ ਵਧਦਾ ਜਾਂਦਾ। ਉੱਠੋ ਸਿੱਖੋ...ਬਾਬਾ ਭਲੀ ਕਰੂ.....ਘੁੱਦਾ

ਦੀਪ ਸਿੱਧੂ ਸ਼ੰਭੂ ਮੋਰਚਾ

1984 ਤੋਂ ਬਾਅਦ ਕੌਮ ਨੂੰ ਕੋਈ ਆਗੂ ਨਹੀਂ ਮਿਲਿਆ।।
ਓਦੋਂ ਤੋਂ ਕੰਧਾਂ ‘ਚ ਵੱਜਦੇ ਫਿਰਦੇ ਆਂ। 
ਬਾਦਲ ਦੇ ਭਤੀਜੇ ਨੇ ਖੜਕੜ ਕਲਾਂ ਸਹੁੰ ਚੱਕੀ, ਜਲ੍ਹਿਆਂ ਵਾਲੇ ਬਾਗ ਮਿੱਟੀ ਕੱਢ, ਕੇਸਰੀ ਪੱਗ ਬੰਨ੍ਹੀ। 
ਜਵਾਨੀ ਨੇ ਓਹਦੇ ਪਤੰਗ ਪਿੱਛੇ ਬਥੇਰੀ ਡੋਰ ਛੱਡੀ। ਓਹ ਹਾਰਿਆ ਤੇ ਮੋਤੀ ਮਹਿਲੀਏ ਦੀ ਗੱਡੀ ਦਾ ਡਰੈਵਰ ਬਣ ਗਿਆ। 
ਆਮ ਆਦਮੀ ਤੋਂ ਆਸ ਬੱਝੀ। ਝੰਡੇ, ਟੋਪੀਆਂ, ਲੀਰਾਂ ਪਿੱਛੇ ਮੋਟਰਸੈਕਲ ਭੰਨੇ। ਬਹੁਕਰ ਨੂੰ ਝਾੜੂ ਕਹਿਣਾ ਸਿੱਖੇ। ਜਵਾਨੀ ਨਿਰਾਸ਼ ਹੋਈ, ਤਾਹਨੇ ਮਿਹਣੇ ਸੁਣੇ,” ਹੋਰ ਫਿਰ ਕਿਹੜਾ ਬਣੂੰ ਮੁੱਖ ਮੰਤਰੀ ਆਮ ਆਦਮੀ ਦਾ?”
ਅਸਲ ‘ਚ ਅਸੀਂ ਵੋਟਾਂ ਨਹੀਂ ਪਾਓਂਦੇ। ਸੱਟਾ ਖੇਡਦੇ ਆਂ। ਕਿ ਚੱਲ ਆਹ ਨਹੀਂ ਤਾਂ ਆਹ ਸਹੀ।
ਸਾਡਾ ਸਿੱਧਾ ਹਸਾਬ ਕਿ ਜਿੱਥੋਂ ਪੰਥ, ਪੰਜਾਬ ਦਾ ਭਲਾ ਦਿਸਦਾ ਓਧਰ ਨੂੰ ਭੱਜੀਦਾ। 
ਕਿਤੇ ਅੰਬ ਸਾਹਬ ਮੋਰਚੇ ਤੇ ਪਹੁੰਚੇ, ਕਿਤੇ ਬਾਪੂ ਸੂਰਤ ਸਿੰਘ ਦੀ ਗੱਲ ਕੀਤੀ। ਕਦੇ ਬਰਗਾੜੀ ਦੇ ਮਹਾਨ ਇਕੱਠ ‘ਚੋੰ ਦੁਖੀ ਹੋਕੇ ਮੁੜੇ। 
ਅੱਜ ਸੜਕਾਂ, ਟੌਲਾਂ, ਮਾਲਾਂ, ਲੀਹਾਂ ਤੇ ਬੈਠਾ ਹਰੇਕ ਬੰਦਾ ਸੂਰਮਾ ਜਿਹੜਾ ਕਿਸੇ ਵੀ ਤਰੀਕੇ ਲੜ ਰਿਹਾ।
ਸਾਡੇ ਕਈ ਬੰਦੇ ਕਹਿੰਦੇ ਲੱਖਾ ਤੇ ਦੀਪ ਟਿਕਟ ਟੁਕਟ ਲੈਣਗੇ। 
ਤੇ ਲੈ ਲੈਣਦੋ ਟਿਕਟ, ਕੀ ਇਤਰਾਜ਼ ਆ ਭਰਾ?
ਜੇ ਡੈਮੋਕਰੇਸੀ, ਵੋਟਾਂ ਤੇ ਯਕੀਨ ਕਰਦੇ ਓਂ ਤਾਂ ਲੈਣਦੋ ਟਿਕਟਾਂ। ਸੱਟਾ ਈ ਸਹੀ, ਏਹਨ੍ਹਾਂ ਤੇ ਖੇਡਲੋ।
ਪੰਜਾਬ ਦੀ ਹੱਦ ਤੇ ਦਿੱਲੀ ਨੂੰ ਜਾਂਦੇ ਰਾਹ ਤੇ ਦੀਪ ਸਿੱਧੂ ਮੋਰਚਾ ਗੱਡੀ ਬੈਠਾ।
ਦੋ ਤਿੰਨ ਅਸੀਂ ਏਸੇ ਮੋਰਚੇ ‘ਚ ਲਾਏ। ਜੇ ਏਹੀ ਸੋਚ ਜਾਂ ਗੱਲ ਹੋਰ ਕੋਈ ਆਗੂ ਕਰਦਾ ਤਾਂ ਅਸੀਂ ਫੇਰ ਵੀ ਏਥੇ ਹੋਣਾ ਸੀ।
ਦਿਨ ‘ਚ ਵੀਹ ਵੀਹ ਘੰਟੇ ਕੰਮ ਕਰ ਰਿਹਾ। ਜਜ਼ਬਾਤੀ ਤੇ ਭਾਵੁਕ ਬੰਦਾ, ਗੱਲ ਕਰਦਾ ਰੋਣਹੱਕਾ ਹੋ ਜਾਂਦਾ। ਸਾਰੇ ਪੰਜਾਬ ‘ਚੋਂ ਮੁੰਡੇ ਹਜ਼ਾਰਾਂ ਸਵਾਲ ਲੈਕੇ ਆਓਂਦੇ ਨੇ, “ਬਾਈ ਤੂੰ ਹੁਣ ਭੱਜੀ ਨਾਂ, ਤੈਥੋਂ ਆਸ ਆ”।ਓਹ ਸਹਿਜਤਾ ਨਾਲ ਜਵਾਬ ਦਿੰਦਾ। ਦਿਹਾੜੀ ਦੀਆਂ ਪੰਜ ਪੰਜ ਇੰਟਰਵਿਊਆਂ ਕਰਦਾ। ਤਿੰਨ ਚਾਰ ਘੰਟੇ ਸੌਂਦਾ।
ਕਿਸੇ ਬੰਦੇ ਦੇ ਫੈਨ, ਭਗਤ , ਪੱਖੇ ਨਾ ਬਣੋ। ਅੱਜ ਓਹ ਪੰਜਾਬ ਦੀ ਗੱਲ ਕਰ ਰਿਹਾ,ਜਿੰਨਾ ਚਿਰ ਕਰੂ ਓਹਦੇ ਨਾਲ ਖੜ੍ਹਾਂਗੇ। ਸਾਡੇ ਬਹੁਤੇ ਬੰਦੇ ਫੇਸਬੁੱਕ ਤੇ ਲਿਖਕੇ RSS ਦਾ ਲੇਬਲ ਲਾ ਰਹੇ ਨੇ। 
ਦੀਪ ਸਿੱਧੂ ਕੱਲ੍ਹ ਨੂੰ ਬਸ਼ੱਕ RSS ਦਾ ਬੰਦਾ ਨਿੱਕਲ ਆਵੇ ਪਰ ਤਾਂ ਵੀ ਓਹ ਪੰਜਾਬ ਦਾ ਓਨਾ ਨੁਕਸਾਨ ਨਹੀਂ ਕਰ ਸਕਦਾ ਜਿੰਨਾਂ ਥੋਡੇ ਚਹੇਤੇ ‘ਪੰਥ ਰਤਨ’ ਨੇ ਕੀਤਾ।
ਆਪਣਾ ਸਾਰਿਆਂ ਦਾ ਜਾਣਾ ਬਣਦਾ ਓਥੇ....ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਹੋਣਾਂ ਵੰਗੂ ਜੰਗ ਜਿੱਤਣ ਤੋਂ ਪਹਿਲਾਂ ਇਹ ਦੱਸਣ ਲਈ ਲੜੀਏ ਕਿ ਮਰੇ ਨਹੀਂ, ਅਸੀਂ ਹਜੇ ਹੈਗੇ ਆਂ..ਬੈਸ....ਘੁੱਦਾ

ਪੰਜਾਬ ਕਿਸਾਨੀ ਧਰਨੇ

ਪੰਜਾਬ ਦੀ ੧ ਪਰਸੈਂਟ ਅਬਾਦੀ ਵੀ ਹੁਣ ਧਰਨਿਆਂ ‘ਚ ਨਹੀਂ ਜਾ ਰਹੀ। ਬਹੁਤਿਆਂ ਨੂੰ ਮੈਂ ਜਾਣਦਾਂ ਜਿਹੜੇ ਸਿਰਫ 25 ਸਤੰਬਰ ਆਲੇ ਕੱਠਾਂ ‘ਚ ਗਏ ਸੀ। ਪੰਜ ਕ ਦਿਨ ਪਹਿਲਾਂ ਅਸੀਂ ਲੁਧਿਆਣੇ ਗਏ । ਰਾਹ ‘ਚ ਕਿਸੇ ਧਰਨੇ ਤੇ ਦਸ ਜਣੇ ਬੈਠੇ ਕਿਤੇ ਪੰਦਰਾਂ। 
ਬਠਿੰਡੇ ਰਿਲਾਇੰਸ ਮਾਲ ਮੂਹਰੇ ਧਰਨੇ ਤੇ ਰਾਤ ਨੂੰ ਇੱਕ ਜਣਾ ਹੁੰਦਾ ਤੇ ਦਿਨੇ ਦੋ ਜਾਂ ਚਾਰ ਜਣੇ ਜਾਂ ਜਮਾਂ ਖਾਲੀ ਹੁੰਦਾ। ਕੱਲੀਆਂ ਗੱਲਾਂ ਮਾਰ ਮਾਰ ਅਸੀਂ ਫੇਸਬੁੱਕ ਦੀ ਟਮਾਂਢੀ ਬਾਹਰ ਕੱਢੀ ਪਈ ਆ।
ਧਰਨੇ ਸੈਂਕੜੇ ਲੱਗੇ ਨੇ ਪਰ ਮੀਡੀਆ ਤੇ ਲੋਕਾਂ ਦਾ ਖ਼ਾਸ ਧਿਆਨ ਸ਼ੰਭੂ ਮੋਰਚੇ ਤੇ ਰਹਿੰਦਾ। 
ਚੰਡੀਗੜ੍ਹ ਕਾਨਫਰੰਸ ਤੇ ਦੀਪ ਸਿੱਧੂ ਨੇ ਸਿੱਧੇ ਅਸਿੱਧੇ ਢੰਗ ਨਾਲ ਬੈਂਸ, ਸਿੱਧੂ, ਖਹਿਰਾ ਟੈਪ ਪਾਰਟੀ ਦੀ ਗੱਲ ਕੀਤੀ। ਇਹਦੇ ਨਾਲ ਲੋਕਾਂ ਦਾ ਅਸਹਿਮਤ ਹੋਣਾਂ ਬਣਦਾ। ਓਹੀ ਲੀਡਰ, ਓਹੀ ਸਟੇਜਾਂ, ਓਹੀ ਫੁੱਦੂ ਭੜਾਕਾ ਗੱਲਾਂ ਅੱਕਗੇ ਜਰ ਲੋਕ। ਹੋਰ ਰਾਹ ਦੇਖਣਾ ਪਊ। 
ਜਿੱਦਣ ਅਸੀਂ ਸ਼ੰਂਭੂ ਸੀ। ਰਾਤ ਨੂੰ ਦੋ ਜਣੇ ਪੈੱਗ ਲੱਗੇ ਪੂਰੇ ਸੈੱਟ ਲੰਗਰ ‘ਚ ਕੜਛੀਆਂ ਕੌਲੀਆਂ ਚੱਕੀ ਫਿਰਣ। ਟੋਕਿਆ ਤਾਂ ਰੁੱਸਗੇ। ਐਨੇ ਕ ਤਾਂ ਅਸੀਂ ਗੰਭੀਰ ਆ।
ਪਰਸੋਂ ਖੱਚ ਜੇ ਪ੍ਰਬੰਧਕ ਨੇ ਨਾਅਰਾ ਲਾਓਣ ਆਲੇ ਨੂੰ ਫੜ੍ਹਕੇ ਪੱਟੀ ਮੇਸ ਕਰਤੀ। 
ਘਰੋ ਘਰੀ ਬੈਠੇ ਲੋਕਾਂ ਨੇ ਦੀਪ ਸਿੱਧੂ ਨੂੰ ਸਰਟੀਫਿਕੇਟ ਦੇਤਾ,”ਏਹ ਏਜੰਸੀਆਂ ਦਾ ਬੰਦਾ”।
ਅਸਲ ‘ਚ ਮੂਹਰੇ ਲੱਗਾ ਬੰਦਾ ਜਿੰਨਾ ਚਿਰ ਮਰ ਨਹੀਂ ਜਾਂਦਾ ਅਸੀਂ ਸ਼ੱਕ ‘ਚ ਹੀ ਤੁਰੇ ਫਿਰਦੇ ਆ ਜਰ। ਅੰਬ ਸਾਹਬ ਮੋਰਚੇ ਨੇ ਇੱਕ ਵਾਰੀ ਇਹ ਗੱਲ ਤਾਂ ਉਭਾਰੀ ਸੀ ਕਿ ਸਾਡੇ ਸੈਂਕੜੇ ਭਰਾ ਜੇਲ੍ਹਾਂ ‘ਚ ਬੈਠੇ ਨੇ। ਘੱਟੋ ਘੱਟ ਇਹ ਪ੍ਰਾਪਤੀ ਤਾਂ ਸੀ। ਓਹਨੂੰ ਟਰੌਲ ਕੀਤਾ, ਮਰਨ ਤੱਕ ਕੀਤਾ। 
ਓਹ ਮਰ ਗਿਆ ਫੇਰ ਆਪਾਂ ਕੀ ਕੀਤਾ? ਮੁੜਕੇ ਜੇਲ੍ਹ ਬੈਠੇ ਕਿਸੇ ਸਿੰਘ ਦਾ ਜ਼ਿਕਰ ਵੀ ਕੀਤਾ ਕਿਸੇ ਨੇ?
ਦੀਪ ਸਿੱਧੂ ਕਿਧਰੇ ਰੋਮ ‘ਚ ਨਹੀਂ ਬੈਠਾ। ਆਹ ਸ਼ੰਭੂ ਬੈਠਾ, ਜੇ ਗਿਲਾ ਸ਼ਿਕਵਾ ਲੱਗਦਾ ਜਾਕੇ ਗਲਾਮੇਂ ‘ਚ ਹੱਥ ਪਾਕੇ ਆਖੋ,” ਤੂੰ ਜੱਟਾ ਗਲਤ ਆ ਏਥੇ, ਐਂ ਨੀਂ ਐਂ ਕਰ”
ਜੇ ਕੋਈ ਮੂਹਰੇ ਲੱਗਾ ਤਾਂ ਕੁਸ ਕਰ ਲੈਣਦੋ, ਘਰੇ ਬੈਠੇ ਕਿਓਂ ਓਹਦੇ ਡੱਕੇ ਲਾਈ ਜਾਣੇ ਆ ਜਰ। 
ਪੰਜਾਬ ਕੱਲਾ ਓਹਦਾ ਨਹੀਂ, ਆਪਣਾ ਵੀ ਆ। ਜੇ ਓਹ ਗਲਤ ਲੱਗਦਾ ਆਪ ਕੋਈ ਪ੍ਰੋਗਰਾਮ ਉਲੀਕੋ। ਗ੍ਰਾਊਂਡ ਲੈਵਲ ਤੇ ਕਰੋ ਕੁਛ, ਲਾਓ ਕਿਤੇ ਹੋਰ ਮੋਰਚਾ। 
ਅਲੋਚਕ ਬਣੋ ਨਿੰਦਕ ਨਹੀਂ। 
ਜੇ ਆਪਾਂ ਦੀਪ ਸਿੱਧੂ ਨੂੰ ਰੱਦ ਕਰਨਾ ਤਾਂ ਘੱਟੋ ਘੱਟ ਹੋਰ ਪ੍ਰੋਗਰਾਮ ਤਾਂ ਹੋਵੇ ਸਾਡੇ ਕੋਲ।
ਜੇ ਹੋਰ ਕਲਾਕਾਰਾਂ ਵੰਗੂ ਉੱਠਕੇ ਏਹ ਵੀ ਸ਼ੂਟਿੰਗ ‘ਚ ਰੁੱਝ ਗਿਆ ਫੇਰ ਕੀ ਕਰਲਾਂਗੇ? ਨਵੀਂ ਵਿਓਂਤਬੰਦੀ ਹੈ ਕੋਈ ਆਪਣੇ ਕੋਲ?
ਬਾਹਲੀ ਗੱਲ ਕੀ ਆ, ਕੋਈ ਹੁਣ ਅਖਬਾਰ ਨਹੀਂ ਪੜ੍ਹਦਾ। ਟੀਵੀ ਪੰਜਾਬ ਦੀ ਖ਼ਬਰ ਨਹੀਂ ਦਿੰਦਾ। ਕੇਂਦਰ ਰੇਲਾਂ, ਫੰਡ ਰੋਕੀ ਜਾਂਦਾ ਤੇ ਜੇ ਕੱਲ੍ਹ ਨੂੰ ਨੈੱਟ ਦੀ ਸੁੱਚ ਕੱਟਤੀ ਸਾਡੇ ਕੋਲ ਸੰਚਾਰ ਦਾ ਸਾਧਨ ਹੀ ਹੈਨੀ ਹੋਰ। ਸਾਰੇ ਖ਼ਬਰਾਂ ਦੇ ਚੈਨਲ ਨੈੱਟ ਤੇ ਚੱਲਦੇ ਨੇ। ਫੋਨ ਕੱਲੇ ਲੁੱਡੋ ਖੇਡਣ ਜੋਗੇ ਰਹਿ ਜਾਣਗੇ।
ਕਸ਼ਮੀਰ ਅੰਗੂ ਸੁੰਨੇ ਜੇ ਹੋਕੇ ਬਹਿਜਾਂਗੇ। 
ਘੱਟੋ ਘੱਟ ਪੰਜ ਪਰਸੈਂਟ ਅਬਾਦੀ ਤਾਂ ਧਰਨਿਆਂ ਤੇ ਪਹੁੰਚੇ ਜੇ ਗੱਲ ਕਿਸੇ ਬੰਨੇ ਲਾਓਣੀ ਆ। ਨਹੀਂ ਮੋਦੀ ਦੀ ਦਾਹੜੀ ਅੰਗੂ ਏਹ ਤਾਂ ਕੰਮ ਵਧੀ ਜਾਣਾ।....ਘੁੱਦਾ

ਧੰਨਾ ਸਿੰਘ ਪਟਿਆਲਵੀ

ਕਬੀਲਦਾਰੀ ਦੇ ਗਧੀ ਗੇੜ ‘ਚ ਉਲਝਿਆ ਬੰਦਾ ਟੱਬਰ ਦਾ ਨੂਣ ਤੇਲ ਪੂਰਾ ਕਰਦਾ ਕਰਦਾ ਈ ਲੱਕੜਾਂ ਜਾ ਵੜਦਾ। ਏਹ ਲੈਵਲ ਤੋਂ ਉੱਚੇ ਉੱਠੇ ਬੰਦੇ ਇਤਿਹਾਸ ਸਿਰਜਦੇ ਨੇ।
ਭਾਈ ਧੰਨਾ ਸਿੰਘ ਚਹਿਲ ਮਹਾਰਾਜੇ ਪਟਿਆਲ਼ੇ ਦਾ ਡਰਾਇਵਰ ਸੀ। 
ਅੰਮ੍ਰਿਤ ਛਕ ਸਿੰਘ ਸਜੇ। ਨੌਕਰੀ ਤੋਂ ਅਸਤੀਫ਼ਾ ਦੇਕੇ ਸਾਈਕਲ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਨਿੱਕਲੇ। 1930 ਤੋਂ ਲੈਕੇ 1935 ਤੱਕ ਪੰਜ ਸਾਲ ਸਾਈਕਲ ਤੇ ਯਾਤਰਾ ਕੀਤੀ। ਨਕਸ਼ੇ ਦਾ ਧਿਆਨ ਧਰੋ, ਕਸ਼ਮੀਰ ਤੋਂ ਨੰਦੇੜ ਤੱਕ। ਓਧਰ ਪਟਨਾ, ਚਿਟਾਗਾਂਗ, ਅਸਾਮ ਤੋਂ ਲਾਕੇ ਪਿਸ਼ੌਰ, ਜਮਰੌਦ ਤੱਕ ਪੈਡਲ ਮਾਰਿਆ। 
25 ਸਾਲ ਦੀ ਉਮਰ ‘ਚ ਬੋਝੇ ਪੱਚੀ ਰੁਪੈ ਪਾਕੇ ਸਫਰ ਸ਼ੁਰੂ ਕੀਤਾ ਸੀ। ਪੂਰਨ ਗੁਰਸਿੱਖ ਭਾਈ ਸਾਬ੍ਹ ਦੇ ਸੈਕਲ ਦੇ ਹੈਂਡਲ ਨਾਲ ਸਾਢੇ ਤਿੰਨ ਫੁੱਟੀ ਕਿਰਪਾਨ ਬੰਨ੍ਹੀ ਹੁੰਦੀ ਸੀ। 
ਓਦੋਂ ਕਈ ਰਿਆਸਤਾਂ ਵਿੱਚ ਕਿਰਪਾਨ ਲਈ ਲਸੰਸ ਲੋੜੀਂਦਾ ਸੀ। 
ਧੰਨਾ ਸਿੰਘ ਨੇ ਲਗਭਗ 20000 ਮੀਲ ਸੈਕਲ ਚਲਾਕੇ 1600 ਗੁਰਧਾਮਾਂ ਦੇ ਦਰਸ਼ਨ ਕੀਤੇ। ਜੰਗਲਾਂ, ਰੋਹੀਆਂ, ਉਜਾੜਾਂ ਵਿੱਚਦੀ ਕੱਲਿਆਂ ਸਫਰ ਕਰਨਾ ਦਿਲ ਗੁਰਦੇ ਆਲੇ ਬੰਦੇ ਦਾ ਹੀ ਕੰਮ ਸੀ। 
ਬਸਮਤ ਨੰਦੇੜ ਕੋਲ ਲੋਕਾਂ ਨੇ ਸੈਕਲ ਖੋਹਣ ਖਾਤਰ ਘੇਰਾ ਪਾਇਆ, ਇੱਟ ਡਲਾ ਚਲਾਇਆ ਪਰ ਬਚਗੇ। ਨਦੀ ਨਾਲਿਆਂ ‘ਚ ਕਈ ਵੇਰ ਰੁੜ੍ਹਦੇ ਰੁੜ੍ਹਦੇ ਬਚੇ।
ਵੱਡੀ ਤੇ ਖ਼ਾਸ ਗੱਲ ਇਹ ਕਿ ਧੰਨਾ ਸਿੰਘ ਨੇ ਰੋਜ਼ਾਨਾ ਡਾਇਰੀ ਲਿਖੀ ਤੇ ਸਾਰੇ ਗੁਰਧਾਮਾਂ ਦੀਆਂ ਤਸਵੀਰਾਂ ਖਿੱਚੀਆਂ। ਡੇਢ ਰੁਪਏ ਦੀ ਸੈਕਲ ਦੀ ਟਿਊਬ ਤੇ ਡੂਢ ਰੁਪਏ ਦੀ ਕੈਮਰੇ ਦੀ ਰੀਲ ਆਓਂਦੀ ਸੀ।
ਓਦੋਂ ਬਹੁਤੇ ਗੁਰਧਾਮਾਂ ਤੇ ਮਹੰਤ ਕਾਬਜ਼ ਸੀ ਤੇ ਹਾਲਾਤ ਮਾੜੇ ਸੀ।  30 ਸਾਲ ਦੀ ਉਮਰ ‘ਚ ਚਾਣ ਚੱਕ ਕਿਸੇ ਮਿੱਤਰ ਦੀ ਬੰਦੂਕ ‘ਚੋਂ ਚੱਲੀ ਗੋਲੀ ਨਾਲ ਇਹ ਮਹਾਨ ਸਿੱਖ ਚੱਲ ਵਸਿਆ। ਚੀਨ, ਤਿੱਬਤ, ਇਰਾਨ, ਸਾਊਦੀ ਵਰਗੇ ਦੇਸ਼ਾਂ ‘ਚ ਜਾਕੇ ਗੁਰਧਾਮਾਂ ਦੀ ਖੋਜ ਦੀਆਂ ਵਿਓਤਾਂ ਨਾਲੇ ਚਲੀਆਂ ਗਈਆਂ।
ਜਿਹੜਾ ਕੰਮ ਧੰਨਾ ਸਿੰਘ ਹੋਣਾਂ ਨੇ ਕੀਤਾ ਇਹ ਕੰਮ ਪੀ ਅੱੈੱਚ ਡੀ ਜਾਂ ਕਿਸੇ ਡਾਕਟਰੇਟ ਡਿਗਰੀ ਆਲਿਆਂ ਤੋਂ ਕਿਤੇ ਵੱਡਾ। ਧੰਨ ਨੇ ਧੰਨਾ ਸਿੰਘ ਵਰਗੇ ਸਿੱਖ। 
ਚੇਤਨ ਸਿੰਘ ਹੋਣਾਂ ਨੇ ਸਾਰੀਆਂ ਡਾਇਰੀਆਂ ਤੇ ਚੰਗੀ ਮਿਹਨਤ ਕਰਕੇ ‘ਗੁਰ ਤੀਰਥ ਸਾਇਕਲ ਯਾਤਰਾ’ ਕਿਤਾਬ ਛਪਵਾਈ। ਪੜ੍ਹਣਯੋਗ ਤੇ ਸਾਂਭਣਯੋਗ ਚੀਜ਼ ਬਣੀ ਆ। 
ਧੰਨਵਾਦ ਛੋਟੇ ਭਾਈ ਕੁਲਜੀਤ ਸਿੰਘ ਖੋਸੇ ਦਾ ਇਹ ਕਿਤਾਬ ਭੇਜਣ ਲਈ।....ਘੁੱਦਾ

ਜੈਕਾਰਾ

ਏਸੇ ਜੈਕਾਰੇ ਨਾਲ ਮੱਸੇ ਦਾ ਸਿਰ ਨੇਜ਼ੇ ਤੇ ਟੰਗਕੇ ਬੁੱਢਾ ਜੌੜ ਪਹੁੰਚੇ ਸੁੱਖਾ ਤੇ ਮਹਿਤਾਬ ਸਿੰਘ ਦਾ ਸਵਾਗਤ ਹੋਇਆ।
ਏਹੀ ਜੈਕਾਰਾ ਜਦੋਂ ਅਨੰਦਪੁਰ ਸਾਹਬ ਦੀ ਧਰਤੀ ਤੇ ਲੱਗਦਾ ਤਾਂ ਪਹਾੜੀ ਰਾਜਿਆਂ ਦੇ ਕੰਨ ਖੜ੍ਹੇ ਹੁੰਦੇ ਸੀ। 
ਮਾਝੇ ‘ਚੋਂ ਆਏ ਚਾਲੀ ਸਿੰਘ ਏਹੀ ਜੈਕਾਰਾ ਲਾਕੇ ਖਿਦਰਾਣੇ ਦੀ ਢਾਬ ਤੇ ਟਿੱਬੀ ਸਾਹਬ ਕੋਲ ਸ਼ਹੀਦ ਹੋਏ।
ਏਸੇ ਜੈਕਾਰੇ ਨੇ ਚੱਪੜਚਿੜੀ ‘ਚ ਅਨਘੜ ਜੇ ਡੰਡਿਆਂ, ਗੰਡਾਸਿਆਂ ਨਾਲ ਲੜਦੇ ਲੋਕਾਂ ਨੂੰ ਫ਼ਤਿਹ ਦੇਕੇ ਸਰਹੰਦ ਨੂੰ ਤੋਰਿਆ।
ਏਹੀ ਜੈਕਾਰਾ ਬਾਬਾ ਦੀਪ ਸਿੰਘ ਦੀ ਖਿੱਚੀ ਲੀਕ ਨੂੰ ਟੱਪਣ ਵੇਲੇ ਸਿੰਘਾਂ ਨੇ ਲਾਇਆ। 
ਏਹੀ ਜੈਕਾਰਾ ਲਾਕੇ ਗਿਣਤੀ ਮਿਣਤੀਆਂ ਤੋਂ ਦੂਰ ਗੜੀ ਚਮਕੌਰ ‘ਚੋਂ ਪੰਜ ਪੰਜ ਦੇ ਜਥੇ ਬਣਕੇ ਨਿੱਕਲੇ।
ਏਹੀ ਜੈਕਾਰਾ ਲਾਕੇ ਛੇ ਜੂਨ ਨੂੰ ਸਿੰਘ ਨਿੱਕਲੇ ਤੇ ਅਕਾਲ ਤਖਤ ਦੇ ਸਾਹਮਣੇ ਚੁਫਾਲ ਡਿੱਗੇ ਤੇ ਅਮਰ ਹੋਏ।
ਜੈਕਾਰਾ ਕਦੇ ਲਾਇਆ ਨਹੀਂ ਜਾਂਦਾ। ਜਿੱਤ ਤੇ ਚੜ੍ਹਦੀ ਕਲਾ ਦੇ ਸਰੂਰ ‘ਚ ਆਪੇ ਲੱਗ ਜਾਂਦਾ। 
ਪੰਜਾਬ ਦਾ ਅਤੀਤ, ਹੁਣ ਤੇ ਭਵਿੱਖ ਏਸੇ ਜੈਕਾਰੇ ‘ਚ ਪਿਆ।  ਚੜ੍ਹਦੀ ਕਲਾ ਹੋਵੇ

ਪਰਨਾ ਸਾਹਿਬ ਤੋਂ ਪੰਜਾਬ

ਹਰਿਆਣੇ ਆਲੇ ਖੱਟਰ ਦਾ ਵੀ ਧੰਨਵਾਦ ਕਰਨਾ ਬਣਦਾ।
ਜਿਵੇਂ ਜਿਵੇਂ ਖੱਟਰ ਨੇ ਰਾਹ ‘ਚ ਬੈਰੀਕੇਡ ਪੱਥਰ ਲਾਕੇ ਰੋਕਣ ਦੀਆਂ ਕੋਸ਼ਸ਼ਾਂ ਕੀਤੀਆਂ, ਤਿਓਂ ਤਿਓਂ ਲੋਕਾਂ ਦਾ ਹੋਰ ਰੋਹ ਵਧਿਆ।
ਟੋਚਨ ਪਾਕੇ ਪੱਥਰ ਘੜੀਸੇ, ਜਲ ਤੋਪਾਂ ਦੇ ਮੂੰਹ ਮੋੜੇ ਵੀਡਿਓਆਂ ਬਣੀਆਂ, ਵਾਇਰਲ ਹੋਈਆਂ ਤੇ ਹੋਰ ਲੋਕ ਦਿੱਲੀ ਵੱਲ ਤੁਰੇ। 
ਕਿਸਾਨ ਜਥੇਬੰਦੀਆਂ ਸ਼ਾਬਾਸ਼ੇ ਦੀਆਂ ਹੱਕਦਾਰ ਨੇ ਜਿਨ੍ਹਾਂ ਨੇ ‘ਦਿੱਲੀ ਚੱਲੋ’ ਦਾ ਪ੍ਰੋਗਰਾਮ ਦਿੱਤਾ । 
ਦਿੱਲੀ ਨਾ ਪੁਰਾਣੀ ਖੁੰਦਕ ਹੋਣ ਕਰਕੇ ਖਾਲਸਾਈ ਜਾਹੋ ਜਲਾਲ ਨਾਲ ਦਿੱਲੀ ਘੇਰੀ ਗਈ।
ਪੰਜਾਬ ਦੇ ਪੱਤਰਕਾਰ ਮੱਕੜ, ਯਾਦਵਿੰਦਰ, ਜਸਵੀਰ ਤੇ ਹੋਰ ਸਾਰੇ ਬਹੁਤ ਸੋਹਣਾ ਕੰਮ ਕਰ ਰਹੇ ਨੇ।
ਅਸੀਂ ‘ਗੁਰੂ ਗੋਬਿੰਦ ਸਿੰਘ ਮਾਰਗ’ ਤੇ ਦੋ ਤਿੰਨ ਦਿਨ ਤੱਕ ਪਟਨਾ ਸਾਹਬ ਤੋਂ ਸਾਈਕਲ ਸਫਰ ਸ਼ੁਰੂ ਕਰਨਾ। ਲਖਨਊ ਤੋਂ ਸਫਰ ਪੋਸਟਪੋਨ ਕਰਕੇ ਸਿੱਧਾ ਦਿੱਲੀ ਜਾਵਾਂਗੇ। 
ਏੇਹ ਸਫਰ ਬਾਰੇ ਰੈਲੇ ਹੋਕੇ ਫੇਰ ਦੱਸਾਂਗੇ। 
ਫੇਸਬੁੱਕ ਤੋਂ ਦਮ ਲੈਕੇ ਕੇਰਾਂ ਸਾਰੇ ਜਣੇ ਟਵਿੱਟਰ ਆਲੇ ਪਾਸੇ ਆਜੋ ਤੇ ਟੈਗ ਕਰ ਕਰ ਕੋਡੇ ਕਰਲੋ ਖੱਚ ਮਹਿਕਮੇ ਨੂੰ। 
ਛੇਤੀ ਦਿੱਲੀ ਮਿਲਾਂਗੇ