Thursday, 30 January 2014

ਨਾਨਕਾ ਪਿੰਡ ਤੇ ਮੇਰੀ ਬੇਬੇ

ਸ਼ਹਿਰ ਫਿਰੋਜ਼ਪੁਰ ਤੇ ਪੈਲੇ ਪਾਸੇ ਦਰਿਆ ਸਤਲੁਜ ਦੇ ਕੰਢੇ ਚਿੜੀ ਦੇ ਪੌਂਚੇ ਜਿੱਡਾ ਸਾਡੇ ਨਾਨਕਿਆਂ ਦਾ ਪਿੰਡ ਵਸਿਆ ਵਾ।
ਨਿੱਕੇ ਹੁੰਦੇ ਸਾਡੀ ਬੀਬੀ ਅਰਗੀਆਂ ਬੇੜੇ 'ਚ ਬਹਿਕੇ ਲਾਲ ਬਹਾਦਰ ਸ਼ਾਸ਼ਤਰੀ ਟੈਪ ਫੀਲਿੰਗ ਲੈਕੇ ਦਰਿਆ ਪਾਰ ਕਰਕੇ ਸਕੂਲੇ ਜਾਇਆ ਕਰਨ। ਪੰਜਮੀਂ ਤੱਕ ਦੇ ਓਸ ਸਕੂਲ ਵਿੱਚ ਇੱਕੋ ਮਾਸਟਰ ਸੀਗਾ। ਜਦੋਂ ਬੀਬੀ ਹੋਣੀਂ ਚੌਥੀ ਪਾਸ ਕਰਕੇ ਪੰਜਮੀਂ 'ਚ ਹੋਏ ਓਦੋਂ ਈ ਮਾਸਟਰ ਕੰਜਦਾ ਬਹਿਕ ਤੋਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ। ਏਸ ਕਾਰਨ ਸਕੂਲ ਦੇ ਗੇਟ ਤੇ ਕਤੂਰੇ ਜਿੱਡਾ ਜਿੰਦਾ ਲਾਗਿਆ ਤੇ ਬੇਬੇ ਹੋਣੀਂ ਪੰਜਮੀਂ ਦੀ ਉਚੇਰੀ ਵਿੱਦਿਆ ਪ੍ਰਾਪਤ ਨਾ ਕਰ ਸਕੇ। ਕਰੋਸ਼ੀਆ , ਸਬਾਟਰ ਬੁਨਣੇ, ਅੱਡੋ ਅੱਡ ਜ਼ਡੈਨ ਪਾਕੇ ਮੰਜੇ ਉਨਣੇ, ਖੇਸਾਂ ਦੇ ਬੰਬਲ ਵੱਟਣੇ ਬੇਬੇ ਦੇ ਲੈਹਦੇ ਜੇ ਸ਼ੌਕ ਨੇ। ਵੈਣ, ਕੀਰਨੇ, ਘੋੜੀਆਂ, ਸੁਹਾਗ ਦੀਆਂ ਖੌਣੀ ਕਿੰਨੀਆਂ ਸੀਡੀਆਂ ਬੀਬੀ ਦੇ ਦਮਾਗ 'ਚ ਭਰੀਆਂ ਵਈਆਂ ਨੇ।
ਖੋਆ ਮਾਰਨਾ, ਕਮਰਕੱਸ, ਗੂੰਦ, ਖਸਖਸ ਪਾਕੇ ਪੰਜੀਰੀ ਬਣਾਉਣੀ, ਪਿੰਨੀਆਂ , ਸੇਵੀਆਂ ਹੋਰ ਐਹੇ ਜੀਆਂ ਚੀਜ਼ਾਂ ਬਨਾਉਣ ਵੇਲੇ ਗਮਾਂਢੀ ਵੀ ਮੇਰੀ ਬੀਬੀ ਤੋਂ ਸਲਾਹ ਲੈਂਦੇ ਨੇ। ਪੇਂਡੂ ਬਿਰਤੀ ਹੋਣ ਕਰਕੇ ਸਾਡੀ ਬੀਬੀ ਨਮੇਂ ਚੱਲੇ ਕਲਚਰ ਤੋਂ ਅਣਜਾਣ ਈ ਸਮਝ।
ਪਰਾਰ ਦੀ ਗੱਲ ਆ। ਬੀਬੀ ਹੋਣੀਂ ਕਿਤੇ ਪੈਲਸ 'ਚ ਵਿਆਹ ਤੇ ਗਏ ਤੇ ਆਕੇ ਮੈਨੂੰ ਕੈਂਹਦੇ ਅਖੇ ,"ਪੈਲਸ 'ਚ ਮੁੰਡੇ ਮੋੜ ਘੋੜ ਕੇ ਇੱਕੋ ਗੀਤ ਈ ਲਵਾਈ ਗਏ ਬੀ ਕੁੱਤੀ ਚੂੰ ਚੂੰ ਕਰਦੀ ਆ, ਫਿਟੇਮੂੰਹ ਗੀਤ ਦੇ"। ਹਾਰਕੇ ਅਸੀਂ ਦੱਸਿਆ ਬੀ ਬੇਬੇ ਕੁੁੱਤੀ ਨੀਂ ਅਗਲੇ ਜੁੱਤੀ ਚੂੰ ਚੂੰ ਕਰਦੀ ਕਹਿੰਦੇ ਆ। ਹਾਸੀ ਨੀਂ ਜਮਾਂ ਸੱਚੀ ਘਟਨਾ ਏਹੇ....ਘੁੱਦਾ

ਨਿੱਕੇ ਦਾ ਰਿਜ਼ਲਟ

ਛੇ-ਸੱਤ ਸਾਲ ਹੋਗੇ ਗੱਲ ਨੂੰ ਕੇਰਾਂ ਏਮੇਂ ਜਿਮੇਂ ਸਾਡੇ ਆਲੇ ਨਿੱਕੇ ਗਰਨੈਬ ਦਾ ਦਸਮੀਂ ਦਾ ਰਿਜ਼ਲਟ ਆਉਣ ਆਲਾ ਸੀ। ਸਾਡੇ ਆਲਾ ਤੜਕੇ ਸੰਦੇਹਾਂ ਈ ਨਾਹ ਧੋ ਕੇ ਫੌਜੀਆਂ ਦੀ ਜੀਪ ਅੰਗੂ ਲਿਸ਼ਕਿਆ ਫਿਰੇ। ਜਾਕੇ ਤਾਏ ਨੂੰ ਕੈਂਹਦਾ,"ਤਾਇਆ ਰਿਜ਼ਲਟ ਲੈ ਕੇ ਆਉਣਾ ਅੱਜ"।
ਤਾਏ ਨੇ ਗੁਰਦਆਰੇ ਬੰਨੀਂ ਹੱਥ ਜੋੜਕੇ ਨੇਹਚਾ ਨਾਲ ਸੁੱਖ ਸੁਖਲੀ ਬੀ," ਬਾਬਾ ਨਾਨਕਾ ਰਕਾੜ ਤੋੜਦੇ ,ਐਂਰਕੀਂ ਨਿੱਕੇ ਨੂੰ ਦਸਮੀਂ ਟਪਾਦੇ"। ਪਹਿਲਾਂ ਸਾਡੇ ਟੱਬਰ 'ਚੋਂ ਸਾਰੇ ਅੱਠਮੀਂ 'ਚ ਈ ਪੈਨਸ਼ਨ ਪਾਗੇ ਸੀਗੇ। ਆਅਅ ਕੀ ਡੂਢ ਕ ਬਜੇ ਗਰਨੈਬ ਸੂੰਹ ਆਕੇ ਕੈਂਹਦਾ ਤਾਇਆ ਜਰ ਦਸਮੀਂ 'ਚੋਂ ਕੰਪਾਟਮੈਂਟ ਆਗੀ।
ਐਡਾ ਭਾਰਾ ਲਫਜ਼ ਸੁਣਕੇ ਸਾਡਾ ਸਾਰਾ ਟੱਬਰ ਚਾਅ ਨਾਲ ਕੋਠੇ ਜਿੱਡਾ ਹੋ ਹੋ ਬੁੜ੍ਹਕੇ ਬੀ ਪਾਸ ਤਾਂ ਜਣਾ ਖਣਾ ਈ ਹੋਈ ਜਾਂਦਾ ਕੰਪਾਟਮੈਂਟ ਤਾਂ ਉਹਤੋਂ ਵੀ ਉੱਤੋਂ ਦੀ ਹੋਊ ਕਿਤੇ। ਤਾਏ ਨੂੰ ਐਂ ਸੀਗਾ ਬੀ ਜੇ ਦਸਮੀਂ ਪਾਸ ਸਿੱਧੇ ਫੌਜੀ ਲੱਗਦੇ ਨੇ ਤਾਂ ਫੇਰ ਕੰਪਾਟਮੈਂਟ ਆਲਾ ਤਾਂ ਸਿੱਧਾ ਕਰਨਲ ਲੱਗਾ ਲੈ। ਤਾਏ ਅਰਗੇ ਲੀਜ਼ੀ ਬੀਜ਼ੀ ਦੇ ਕੁੜਤੇ ਪਜਾਮੇ ਪਾਕੇ ਨਾਲ ਫਾੜੀਆਂ ਆਲੀ ਪੱਗ ਬੰਨ੍ਹਕੇ ਗੁਰਦਆਰੇ ਜਾਵੜੇ ਸੁੱਖ ਦੇਣ। ਰਾਹ 'ਚੋਂ ਤਾਏ ਅਰਗੇਆਂ ਨੇ ਹੱਟ ਤੋਂ ਪਸੇਰੀ ਪੱਕੇ ਲੱਡੂ ਫੜ੍ਹਲੇ ।
ਜੇਹੜਾ ਰਾਹ 'ਚ ਟੱਕਰੇ ਨਾਏ ਤਾਂ ਤਾਏ ਅਰਗੇ ਲੱਡੂ ਵੰਡਦੇ ਫਿਰਨ ਨਾਏ ਦੱਸੀਂ ਜਾਣ ਬੀ ਨਿੱਕੇ ਦੀ ਕੰਪਾਟਮੈਂਟ ਆਗੀ। ਸਾਰੇ ਪਿੰਡ ਨੂੰ ਲੋਹੜੇਆਂ ਦਾ ਚਾਅ ਭਰਾਵਾ। ਆਥਣੇ ਘਰੇ ਆਕੇ ਤਾਏ ਨੇ ਨਿੱਕੇ ਨੂੰ ਸੋਬਤ ਈ ਪੁੱਛ ਲਿਆ ਬੀ ਕੰਪਾਟਮੈਂਟ ਕੀ ਹੁੰਦੀ ਆ ਓਏ?
ਨਿੱਕਾ ਚਿੱਤ ਜਾ ਕਰੜਾ ਕਰਕੇ ਕੈਂਹਦਾ," ਤਾਇਆ ਜਰ ਦੋ ਪੇਪਰਾਂ 'ਚੋਂ ਰਹਿ ਗਿਆ"। ਤਾਏ ਨੇ ਬੋਚ ਕੇ ਜੇ ਖੱਬੇ ਪੈਰ ਦਾ ਜੋੜਾ ਲਾਹ ਲਿਆ। ਆਅਅ ਕੀ ਫਿਰ ਬਠਿੰਡੇ ਜੰਕਸ਼ਨ ਦੀਆਂ ਰੇਲਾਂ ਅੰਗੂ ਪਾਂ ਪਾਂ ਈ ਸੁਣੇ ਸਾਡੇ ਆਲੇ ਦੀ.....ਪੁੱਛਲੋ ਭਮਾਂ ਏਹਨੂੰ....ਘੁੱਦਾ

ਨਗਰ ਕੀਰਤਨ....ਵਿਚਲੀ ਗੱਲ

ਆਹ ਦਿਨਾਂ 'ਚ ਪਿੰਡਾਂ ਸ਼ੈਹਰਾਂ 'ਚ ਨੱਗਰ ਕੀਰਤਨ ਬਾਹਲੇ ਹੁੰਦੇ ਨੇ। ਏਹਨਾਂ ਨਗਰ ਕੀਰਤਨਾਂ 'ਚ ਚੱਲਦੇ ਸੂਬੀ ਬੰਬ ਭੜਾਕੇ, ਲੋੜੋਂ ਵੱਧ ਪੱਕਦੇ ਲੰਗਰ, ਟਰੈਫਿਕ ਦੀ ਡਿੱਕਤਦਾਰੀ ਦੇ ਅਸੀਂ ਵੀ ਖਿਲਾਫ ਆਂ।
ਪਰ ਕਈ ਫੇਸਬੁਕੀਏ ਬੁੱਧੀਜੀਵੀ ਆਵਦੇ ਆਪ ਨੂੰ ਬਾਹਲਾ ਸਿਆਣਾ ਸਿੱਧ ਕਰਨ ਖਾਤਰ ਨਗਰ ਕੀਰਤਨਾਂ ਦੇ ਖਿਲਾਫ ਡੇਢ ਡੇਢ ਫੁੱਟ ਦੇ ਲੇਖ ਲਿਖਕੇ ਫੇਸਬੁੱਕ ਤੇ ਪਾ ਰਹੇ ਨੇ।
ਗੌਰ ਕਰਿਓ ਜਦੋਂ ਆਪਣੇ ਅਰਗੇ ਦਾ ਜਨਮਦਿਨ ਹੁੰਦਾ ਓਦੋਂ ਗੰਢੇ ਚੀਰਣ ਆਲੀ ਸੜੀ ਜੀ ਕਰਦ ਨਾ ਬੇਹਾ ਜਾ ਕੇਕ ਕੱਟਕੇ ਚਾਰ ਕ ਜਣੇ ਤਾੜੀਆਂ ਮਾਰਕੇ ਸੈੜ ਤੇ ਹੋ ਜਾਂਦੇ ਨੇ।
ਕੁੱਲ ਦੁਨੀਆਂ ਤੇ ਗੋਬਿੰਦ ਸਿੰਘ ਹੋਣਾਂ ਦੇ ਜਨਮ ਦਿਨ ਤਾਂਹੀ ਮਨਾਏ ਜਾਂਦੇ ਨੇ ਕਿਓਕੇਂ ਉਹਨ੍ਹਾਂ ਨਿੱਜ ਤੋਂ ਉੱਤੇ ਉੱਠਕੇ ਲੋਕਾਂ ਖਾਤਰ ਵੀ ਕੁੱਝ ਕਰਿਆ ਸੀ।
ਅਗਲੀ ਗੱਲ ਦੀਵਾਲੀ ਵੇਲੇ ਘਰਾਂ ਦੀ ਸਫਾਈ ਕਰੀ ਜਾਂਦੀ ਆ ਫੇਰ ਕੇਹੜਾ ਲੱਛਮੀ ਮਾਤਾ ਆਕੇ ਕੁੜਤੇ ਦੀ ਉੱਤਲੀ ਜੇਬ 'ਚ ਹਜ਼ਾਰ ਹਜ਼ਾਰ ਦੇ ਨੋਟ ਪਾ ਜਾਂਦੀ ਆ । ਏਮੇਂ ਜਿਮੇਂ ਨੱਗਰ ਕੀਰਤਨਾਂ ਦੇ ਪੱਜ ਨਾ ਮੁਲਖ ਘੱਟੋ ਘੱਟ ਪਿੰਡ ਦੀਆਂ ਗਲੀਆਂ ਨਾਲੀਆਂ ਤਾਂ ਸਾਫ ਕਰ ਲੈਂਦਾ, ਊਂ ਦੱਸੋਂ ਕੇਹੜਾ ਕਰਦਾ ? ਬਾਕੀ ਸਿਰੇ ਜਾਤਾਂ ਪਾਤਾਂ ਤੋਂ ਪਾਸੇ ਹੋਕੇ ਮੁਲਖ ਕੱਠਾ ਹੋਕੇ ਤੁਰਦਾ, ਲੜੇ ਘਰ ਬਹਾਨੇ ਨਾਲ ਫੇਰ ਕੱਠੇ ਹੁੰਦੇ ਨੇ। ਘੁਕਣ ਆਲੀਆਂ ਕੁਰਸੀਆਂ ਤੇ ਬਹਿਕੇ ਸਟੇਟਸ ਲਿਖਣ ਆਲੇਆਂ ਨੂੰ ਸਨੇਹਾ ਲਾਇਓ ਕਦੇ ਪਿੰਡਾਂ 'ਚ ਆਕੇ ਮਹੌਲ ਦੇਖਣ। ਬਾਕੀ ਸਿਰੇ ਬਾਜ਼ਾਂ ਆਲੇ ਬਾਈ ਦੇ ਗੁਰਪੁਰਬ ਦੀਆਂ ਸਾਰੇਆਂ ਨੂੰ ਮੁਬਾਰਕਾਂ....ਘੁੱਦਾ

ਬੇਬੇ ਮਾਰ ਚੌਂਕੜਾ ਬਹਿਗੀ -- ਟੂ

ਨਿਗਾਹ ਮਾਰ ਚੁਫੇਰੇ ਤੇ ਤਣੇ ਕੌਮ ਤੇ ਬੱਦਲ ਕਾਲੇ
ਕਿੱਥੋਂ ਸਿੰਘ ਛੁਡਾਲਾਂਗੇ ਸਾਡੇ ਤਖਤ ਗੁਲਾਮ ਨੇ ਹਾਲੇ
ਸੁਣਿਆ ਵਿੱਚ ਪਟਨੇ ਦੇ ਪੱਗ ਜਥੇਦਾਰ ਦੀ ਲਹਿਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਨਮੀਂ ਆਪ ਪਾਰਟੀ ਨੇ ਦਿੱਲੀ ਵਿੱਚ ਬੂਥ ਲਵਾਤੀ
ਸ਼ੀਲਾ ਦੀਕਸ਼ਿਤ ਦੀ ਚੱਕ ਕੁਰਸੀ ਖੂੰਜੇ ਡਾਹਤੀ
ਕਰ ਵਰਤੋਂ ਪੰਜੇ ਦੀ ਬਹੁਕਰ ਫੁੱਲ ਸੁੰਭਰ ਕੇ ਲੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਮਿਲੀਭੁਗਤ ਸਿਆਸਤ ਦੀ ਭਲਵਾਨ ਦੱਸਦਾ ਭੋਲਾ
ਫੜ੍ਹ ਤੱਕੜੀ ਨਾਨਕ ਦੀ ਤੁਰਿਆ ਫਿਰੇ ਠੱਗਾਂ ਦਾ ਟੋਲਾ
ਕੁੱਲ ਵਿਕੇ ਮੀਡੀਏ ਦੀ ਜ਼ਮੀਰ ਵੀ ਕੋਕੋ ਲੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਬੜਾ ਟੋਕਿਆ ਲੋਕਾਂ ਨੇ ਨਾ ਹਟਿਆ ਲਿਖਣੋਂ 'ਘੁੱਦਾ'
ਡੱਕੇ ਪੱਤਰਕਾਰਾਂ ਨੂੰ ਲੱਭਿਆ ਦੇਵਯਾਨੀ ਦਾ ਮੁੱਦਾ
ਹੁਣ ਛੱਡਦੇ ਨਹੀਂ ਬੀਬਾ ਤੂੰ ਅਮਰੀਕਾ ਦੇ ਵੱਸ ਪੈਗੀ
ਪੁੱਤ ਸੁਣਾਦੇ ਖਬਰਾਂ ਵੇ ਬੇਬੇ ਮਾਰ ਚੌਂਕੜਾ ਬਹਿਗੀ

ਤਿੰਨ ਦਾ ਛੰਦ...ਵੀਹ ਸੌ ਚੌੌਂਦਾ

ਲੱਖ ਕਰ ਕੋਸ਼ਿਸ਼ ਨਾ ਜੁੜਨ ਕਿਧਰੇ
ਤਿੜਕੇ ਪੱਥਰ, ਭਰੋਸਾ, ਚਿੱਤ ਤਿੰਨੇ

ਸ਼ਾਹ, ਏਜੰਟ, ਪੁਲਸ ਤੋਂ ਬਚ ਰਹੀਏ
ਪੋਲੇ ਪੈਰੀਂ ਨਾ ਬਣਦੇ ਮਿੱਤ ਤਿੰਨੇ

ਹਰ ਕੋਈ ਸੁਖਾਲੇ ਨਹੀਂ ਸਾਂਭ ਸਕਦਾ
ਔਂਤ ਪੈਸਾ, ਹੁਸਨ ਤੇ ਜਿੱਤ ਤਿੰਨੇ

ਹੋ ਜਾਣ ਬੰਦੇ ਦੇ ਬੜਾ ਤੰਗ ਕਰਦੇ
ਕਛਰਾਲੀ, ਜਨਿਊ ਤੇ ਪਿੱਤ ਤਿੰਨੇ

ਪੁਜਾਰੀ, ਨੇਤਾ ਤੇ ਕੌਲੀਚੱਟ ਬੰਦੇ
ਸਦਾ ਆਵਦਾ ਪੂਰਦੇ ਹਿੱਤ ਤਿੰਨੇ

ਡਰੈਬਰ, ਦੋਧੀ, ਪਾਠੀ ਸਿਰੜ ਹੁੰਦੇ
ਉੱਠਦੇ ਵੇਖੇ ਸੰਦੇਹਾਂ ਨਿੱਤ ਤਿੰਨੇ

ਘੁੱਦੇ ਸੀ ਸ਼ਾਇਰ ਨਿਰਾਲਾ ਰਜਬਅਲੀ
ਲਿਖੇ ਛੰਦ, ਬੈਂਤ , ਕਬਿੱਤ ਤਿੰਨੇ

ਪਰਤਿਆਈਆਂ ਗੱਲਾਂ....ਜਨਵਰੀ ਸੈਕੰਡ ਵਰਜ਼ਨ

ਪਰਤਿਆਈਆਂ ਬੀਆਂ ਗੱਲਾਂ ਪੜ੍ਹਿਓ ਸਮਾਰ ਕੇ.....(ਘੁੱਦਾ ਇਜ਼ ਬੈਕ)
1. ਜਦੋਂ ਕੱਠ ਵੱਠ 'ਚ ਬੰਦੇ ਖੜ੍ਹੇ ਹੁੰਦੇ ਆ...ਓਦੋਂ ਫੋਨ ਇੱਕ ਦਾ ਵੱਜਦਾ ਤਾਂ ਦੂਜੇ ਭੁਲੇਖੇ ਨਾਲ ਊਂਈ ਜੇਬਾਂ 'ਚ ਹੱਥ ਪਾ ਲੈਂਦੇ ਆ। ਵਾਹਵਾ ਘੱਚਾ ਜਾ ਵੱਜਦਾ ਐਸ ਲੋਟ।
2. ਕਈ ਬੰਦੇ ਬਾਹਲੇ ਵਹਿਮੀ ਦੇਖੇ ਆ। ਰਮੋਟ ਨਾਲ ਗੱਡੀ ਸੈਂਟਰ ਲੌਕ ਕਰਕੇ ਵੀ ਸਹੁਰੇ ਯਕੀਨ ਨੀਂ ਮੰਨਦੇ। ਵਾਰੀ ਵਾਰੀ ਟਾਕੀਆਂ ਦੇ ਹੈਂਡਲ ਖਿੱਚਕੇ ਚਿੱਕ ਕਰਦੇ ਆ ਬੀ ਲੌਕ ਲਾਗਿਆ ਕਿ ਨਹੀਂ।
3. ਹੁਣ ਤਾਂ ਖੈਰ ਡੈਡੀ, ਪਾਪਾ ਅਰਗੇ ਪੋਲੇ ਪੋਲੇ ਲਫਜ਼ ਚੱਲਪੇ..ਪਹਿਲਾਂ ਪੰਜਾਬ ਦੇ ਕਈ ਖਿੱਤਿਆਂ 'ਚ ਸਕੇ ਪਿਓ ਨੂੰ ਚਾਚਾ ਕਹਿ ਕੇ ਬੁਲਾਇਆ ਜਾਂਦਾ ਰਿਹਾ ।
4. ਫਿਲਮਾਂ ਦੀਆਂ ਮਸ਼ੂਹਰ ਐਕਟਰਨੀਆਂ ਮੋਸਟਲੀ ਤਲਾਕਸ਼ੁਦਾ ਬੰਦੇ ਨਾਲ ਈ ਵਿਆਹ ਕਰਾਉਂਦੀਆਂ । ਖੌਣੀ ਕੇਹੜਾ ਐਕਸਪੀਰੀਐਂਸ ਸਲਟੀਫਿਕੇਟ ਹੁੰਦੇ ਸੌਹਰੇਆਂ ਕੋਲ।
5. ਸਿਆਲਾਂ 'ਚ ਵਿਆਹੇ ਤਾਂ ਟੈਮ ਨਾ ਸੌਂ ਜਾਂਦੇ ਆ , ਛੜੇਆਂ ਦਾ ਤਾਂ ਕੱਲਾ ਗਲਾਫ ਜਾ ਈ ਰਹਿ ਜਾਂਦਾ ਰਜਾਈ ਦਾ....ਵਿੱਚੋਂ ਰਜਾਈ ਸੂਤ ਈ ਨੀਂ ਆਉਂਦੀ।
6. ਪਿੰਡਾਂ ਆਲੇਆਂ ਦਾ ਜਦੋਂ ਕੋਈ ਮਰੀਜ਼ ਸ਼ੈਹਰ ਹਸਪਤਾਲ 'ਚ ਦਾਖਲ ਹੁੰਦਾ ਓਦੋ ਪੰਦਰਾਂ ਜਣੇ ਊਈਂ ਮਰੀਜ਼ ਦੇ ਬੈੱਡ ਦਾਲੇ ਬੈਠੇ ਰਹੋਣਗੇ। ਓਨੇ ਪੈਸਿਆਂ ਦੀ ਮਰੀਜ਼ ਤੇ ਦਵਾਈ ਨੀਂ ਲੱਗਦੀ , ਓਦੂੰ ਦੁੱਗਣੇ ਦੀ ਜੰਤਾ ਚਾਹ ਪੀ ਜਾਂਦੀ ਆ।....ਘੁੱਦਾ

ਰੌਲਾ ਕਿ ਅਜ਼ਾਦੀ

ਕੱਲ੍ਹ ਪਰਸੋਂ ਗਣਤੰਤਰ ਦਿਵਸ ਟੱਪ ਗਿਆ ਬਹਿ ਬਹਿ ਕੇ। ਹਰੇਕ ਸਾਲ ਚੜ੍ਹਦੀ ਕਲਾ ਨਾਲ ਗਣਤੰਤਰ ਤੇ ਪੰਦਰਾਂ 'ਗਸਤ ਦੇ ਅਜ਼ਾਦੀ ਦਿਨ ਪੂਰੇ ਮੁਲਖ 'ਚ ਮਨਾਏ ਜਾਂਦੇ ਨੇ। ਚੰਗੀ ਗੱਲ ਆ। ਪਰ ਏਹਦੇ ਵਿੱਚ ਇੱਕ ਹੋਰ ਗੱਲ ਵੀ ਉੱਠਦੀ ਆ ।
ਕਦੇ ਕਿਸੇ ਬਜ਼ੁਰਗ ਨੂੰ ਪੁੱਛਿਓ "ਬਾਬਾ ਤੇਰੀ ਉਮਰ ਕਿੰਨੀ ਆ"?
ਬਜ਼ੁਰਗ ਹਮੇਸ਼ਾ ਆਹੀ ਜਵਾਬ ਦੇਣਗੇ ," ਪੁੱਤ ਰੌਲੇ ਵੇਲੇ ਮੈਂ ਪੰਦਰਾਂ ਸਾਲਾਂ ਦਾ ਸੀ"
ਕਿੱਡੀ ਸ਼ਪੱਸ਼ਟ ਗੱਲ ਆ ਜੀਹਨੂੰ ਆਪਾਂ ਅਜ਼ਾਦੀ ਕਹਿਣੇ ਆ ਉਹਨੂੰ ਸਾਡੇ ਬਜ਼ੁਰਗ ਰੌਲਾ ਈ ਕਹਿੰਦੇ ਆ। ਖੌਣੀ ਬਾਬੇ ਕਮਲੇ ਆ ਖੌਣੀ ਆਪਾਂ। ...ਘੁੱਦਾ