Sunday, 7 February 2021

ਵਾਰਸ ਬਘੇਲ ਸਿੰਘ ਦੇ

ਬਾਰ ਵਿਚਾਲੇ ਗੱਡੇ ਟੈਰ ਆਲਾ ਬੂਹਾ ਖੋਲ੍ਹਕੇ 
ਹੱਥ ‘ਚ ਅਖਬਾਰ ਫੜ੍ਹੀ ਸਾਬਕਾ ਫ਼ੌਜੀ 
ਜੰਟੇ ਦੇ ਘਰੇ ਆ ਬੈਠਾ। 
ਦੌਣ ਤੋਂ ਫੜ੍ਹ ਮੰਜਾ ਘੜੀਸਦਾ ਬੋਲਿਆ,” ਕਿਵੇਂ ਆ ਜੰਟਿਆ”?
ਬੇਧਿਆਨੀ ‘ਚ ਜੰਟਾ ਵਹਿੜ ਨੂੰ ਸੁੱਕੀ ਤੂੜੀ ‘ਚ ਛਿੱਟ ਪਾਣੀ ਬੁਰਕ ਕੇ ਬਰਸੀਮ ਦਾ ਟੋਕਰਾ ਸਿੱਟਕੇ ਹੱਥ ਮਾਰ ਰਿਹਾ ਸੀ।
ਬੂਥ ਮਾਰਕੇ ਨੀਰਾ ਭੁੰਜੇ ਸੁੱਟਣ ਤੇ ਜੰਟਾ ਗੜ੍ਹਕਿਆ
“ਹੈ ਮੇਰੇ ਸਾਲੇ ਦੀ, ਕਰਦੀ ਕੀ ਐ”
“ਓਹ ਕਿਓਂ ਤੜਕੇ ਤੜਕੇ ਗੋਕੇ ਨੂੰ ਗਾਹਲਾਂ ਕੱਢੀ ਜਾਣਾਂ ।”
ਫੌਜੀ ਦਾ ਬੋਲ ਪਛਾਣ, ਜੰਟਾ ਬੋਲਿਆ
“ਪੁੱਸ ਨਾ ਜਰ ਫੌਜੀਆ ਰੰਭਦੀ ਵੀ ਆ, ਤਾਰਾਂ ਵੀ ਦੇਂਦੀ ਆ, ਅੱਠ ਆਰੀ ਟੀਕਾ ਭਰਾਤਾ, ਰਹਿੰਦੀ ਨੀਂ ਜਰ, ਇੱਕ ਅੱਧੀ ਆਰੀ
ਹੋਰ ਦੇਖਦਾਂ ਨਹੀਂ ਰੱਸਾ ਲਾਹੂੰ ਫੇਰੇਦੇਣੀ ਦਾ”।
ਜੋੜਿਆਂ ‘ਚੋਂ ਤੂੜੀ ਝਾੜ ਜੰਟੇ ਨੇ ਗੱਲ ਤੋਰੀ
“ਹੋਰ ਤੂੰ ਸੁਣਾ ਕੀ ਕਹਿੰਦਾ ਤੇਰਾ ਕਵਾਰ, ਲੱਗਦੀ ਆ ਗੱਲ ਕਿਸੇ ਤਣ ਪੱਤਣ”
ਅਖਬਾਰ ਦੀ ਕੰਂਨੀ ਉੱਤੋਂ ਦੀ ਝਾਕ ਫ਼ੌਜੀ ਨੇ ਜਵਾਬ ਦਿੱਤਾ,”ਕੱਲ੍ਹ ਮੀਟਿੰਗ ਸੀ, ਖਾਲੀ ਨਿੱਕਲਗੀ, ਤੇਰੀ ਵਹਿੜ ਆਲਾ ਕੰਮ ਈ ਆ, ਰੰਭਦੀ ਆ ਸਰਕਾਰ ਪਰ ਰਹਿਂਦੀ ਨੀਂ”
ਮੂਕਾ ਝਾੜਕੇ ਬੰਨ੍ਹਦਾ ਜੰਟਾ ਫੇਰ ਬੋਲਿਆ ,”ਰੱਸਾ ਲਾਹਦੋ ਫੇਰੇਦੇਣੀ ਦਾ”। 
ਚੌਂਕੜੀ ਮਾਰ ਲੱਤਾਂ ਨੂੰ ਬਾਹਾਂ ਦੀ ਕਲਿੰਗੜੀ ਪਾ ਜੰਟੇ ਨੇ ਗੱਲ ਤੋਰੀ
,” ਹੁਣ ਫਿਰ ਫੌਜੀਆ”?
“ਸਿਰ ਲੱਗਣਗੇ ਹੁਣ ਤਾਂ”
“ਕੈਅ ਕ”
“ਬਿੱਲੂ ਤੇ ਜੱਗੂ ਕਾ ਰੌਲਾ ਸੀ ਪਹੀ ਦਾ, ਤਿੰਨ ਪੀਹੜੀਆਂ ਲੜੀ ਜਾਂਦੀਆਂ ਹਜੇ ਤਾਈਂ। ਚਾਰ ਬੰਦੇ ਮਰਗੇ
ਆਪੇ ਲਾਲਾ ਸਾਹਬ, ਇਹ ਸਾਰੇ ਪੰਜਾਬ ਦੀ ਪੈਲੀ ਦਾ ਮਸਲਾ”
ਫੌਜੀ ਵੇਗ ‘ਚ ਬੋਲ ਰਿਹਾ ਸੀ,” ਮਿੱਟੀ ਖਾਤਰ ਲੜਦਿਆਂ ਨੂੰ ਤਾਂ ਮਿੱਟੀ ਈ ਹੋਣਾ ਪਊ ਤੇ ਜੇ ਨਾਂ ਲੜੇ, ਮਿੱਟੀ ਹੋਜਾਂਗੇ”
ਫੌਜੀ ਦੀਆਂ ਭਾਰੀਆਂ ਗੱਲਾਂ ਜੰਟੇ ਦੇ ਸਿਰ ਉੱਤੋੰ ਲੰਘ ਰਹੀਆਂ ਸੀ।
ਬਾਰ ਮੂਹਰੇ ਟ੍ਰੈਕਟਰ ਤੇ ਤਰਪਾਲ ਪਈ ਟਰਾਲੀ ਆ ਰੁਕੀ।
“ਸੀਰੇ ਓਏ ਆਜਾ ਛੇਈ...ਚੱਲੀਏ”
ਸੀਰਾ ਜੰਟੇ ਦਾ ਇਕਲੌਤਾ ਪੁੱਤ ਸੀ।
ਸਰਪੇਅ ਨਾਲ ਮਿਲੇ ਝੋਲੇ ‘ਚ ਦੋ ਲੀੜੇ ਪਾਕੇ ਸੀਰਾ ਤੁਰਨ ਲੱਗਾ।
“ਤੈਨੂੰ ਕੁਸ ਹੋ ਗਿਆ ਮੈਂ ਕੀਹਦਾ ਘਰ ਪੁੱਸੂੰ?, ਹੈਂਅ, ਕੱਲਾ ਕੈਹਰਾਂ ਹੈਗਾ।” ਸੀਰੇ ਦੀ ਮਾਂ ਨੇ ਫਿਕਰ ਕੀਤਾ।
ਸੀਰਾ ਬਰਾਂਡੇ ‘ਚ ਲੱਗੀ ਚਾਰ ਸਾਹਿਬਜਾਦਿਆਂ ਨਾਲ ਦਸਵੇਂ ਪਾਤਸ਼ਾਹ ਦੀ ਤਸਵੀਰ ਵੱਲ ਦੇਖਕੇ ਹੱਸਿਆ। 
ਏਹੀ ਓਹਦਾ ਜਵਾਬ ਸੀ।
ਭਰਤੀ ਖਾਤਰ ਲਏ ਸੇਗਾ ਦੇ ਬੂਟ ਡਾਲੇ ਤੇ ਧਰ ਸੀਰੇ ਨੇ ਟਰਾਲੀ ਵਿੱਚ ਛਾਲ ਮਾਰੀ।
ਜੰਟਾ ਫੌਜੀ ਕੋਲ ਬੈਠਾ ਮੁੱਛਾਂ ਨੂੰ ਤਾਅ ਦੇ ਰਿਹਾ ਸੀ
ਜਿਵੇਂ ਕਹਿੰਦਾ ਹੋਵੇ, ਲੈ ਗਏ ਪੰਜਾਬ ਦੇ ਸ਼ੇਰ
“ਹੁਣ ਲਾਹੁਣਗੇ ਰੱਸਾ”
ਕੇਸਰੀ ਨਿਸ਼ਾਨ ਦੀ ਅਗਵਾਈ ‘ਚ 
ਸ਼ੂਕਦੇ ਜਾਂਦੇ ਟਰੈਟ ਦੇ ਡੈੱਕ ਤੇ ਗੀਤ ਵੱਜ ਰਿਹਾ ਸੀ
‘ਵਾਰਸ ਬਘੇਲ ਸਿੰਘ ਦੇ’.......ਘੁੱਦਾ

ਪੇਂਡੂੰ ਬੰਦੇ - ਦਿੱਲੀ ਮੋਰਚਾ

ਪੇਂਡੂੰ ਬੰਦੇ ਸਿੱਧੇ ਸਪੱਸ਼ਟ ਹੁੰਦੇ ਨੇ। 
ਤਰਕਾਂ ਦਲੀਲਾਂ ਦੇਣ ਆਲੇ ਬੰਦੇ ਜੰਗ ਨਹੀਂ ਲੜਦੇ ਹੁੰਦੇ। 
ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ , ਜੰਗ ਲੰਮੀ ਹੋ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਆਇਆ, ਦੇਗ ਕਰਾਈ ਅਰਦਾਸ ਕੀਤੀ। 
ਅਕਾਲੀ ਫੂਲਾ ਸਿੰਘ ਹੋਣਾਂ ਪੁੱਛਿਆ ਮਸਲਾ ਦੱਸੋ। ਗੱਲ ਦੱਸੀ। ਅਕਾਲੀ ਫੂਲਾ ਸਿੰਘ, ਸਿੰਘ ਲੈਕੇ ਅੱਗੇ ਹੋ ਤੁਰਿਆ ਤੇ ਕਿਲ੍ਹਾ ਫਤਹਿ ਕੀਤਾ। 
ਮੂਹਰੇ ਹੋਕੇ ਲੜਨ ਹੋਣ ਆਲੇ, ਕਹਿਣੀ ਕਰਨੀ ਦੇ ਇੱਕੋ ਬੰਦੇ ਸਰੀਰ ਤੌਰ ਤੇ ਘੱਟ ਸਮਾਂ ਰਹਿੰਦੇ ਨੇ, ਪਰ ਸੋਚ ਕਰਕੇ ਸਦਾ ਹੀ।
ਉੱਤਲੀ ਉਦਾਹਰਣ ਨਾਲ ਕੰਪੇਅਰ ਨਾ ਕਰਿਓ।
ਲੱਖੇ ਸਿਧਾਣੇ ਨੂੰ ਐਂਤਕੀ ਨੇੜਿਓ ਦੇਖਿਆ ਜਦੋਂ ਕਿਸਾਨੀ ਘੋਲ ਪੰਜਾਬ ‘ਚ ਸੀ।  
ਪਰੈੱਸ ਕਾਨਫਰੰਸਾਂ ‘ਚ ਕਿਸਾਨ ਜਥੇਬੰਦੀਆਂ ਦੇ ਮਗਰ ਬਹਿੰਦਾ ਰਿਹਾ। ਏਹਨ੍ਹਾਂ ਤੋਂ ਇੰਚ ਬਾਹਰ ਨਹੀਂ ਹੋਇਆ।
ਦੀਪ ਸਿੱਧੂ ਨਾਲ ਜਥੇਬੰਥੀਆਂ ਦੇ ਵਿਚਾਰਕ ਮਤਭੇਦ ਹੋਣਗੇ ਪਰ ਲੱਖੇ ਨੂੰ ਸਟੇਜ ਤੇ ਨਾ ਬੋਲਣ ਦੇਣਾ ਸਮਝੋ ਪਰ੍ਹੇ ਆ। ਸਟੇਜ  ਤੋਂ ਬੋਲਦੇ ਦਾ ਕੁੜਤਾ ਖਿੱਚਕੇ ਖੇਹ ਕਰਾਕੇ ਕੀ ਮਿਲਿਆ?
ਲੱਖਾ ਕੱਲੀ ਕਿਸਾਨੀ ਨਹੀਂ, ਪੰਜਾਬ, ਬੋਲੀ ਤੇ ਅਨੰਦਪੁਰ ਦੇ ਮਤੇ ਵੱਲ ਵੀ ਅਹੁਲਦਾ। 
ਬੋਰਡਾਂ ਤੇ ਕਾਲੀ ਕੂਚੀ ਮਾਰਕੇ ਪਰਚੇ ਕਰਾਏ ਓਹਨੇ। ਪੰਜਾਬੀ ਦਾ ਤੇਹ ਕਰਦਾ। ਬਾਹਾਂ ਖੜ੍ਹੀਆਂ ਕਰਕੇ ਸ਼ਰੇਆਮ ਕਹਿੰਦਾ ਕਿ ਕਬਜ਼ੇ ਲਏ, ਕੁੱਟਾਮਾਰਾਂ ਕੀਤੀਆਂ। 
ਮਾੜਾ ਪੱਖ ਲੁਕੋਂਦਾ ਨਹੀਂ।
ਦੂਜੇ ਪਾਸੇ ਰੇਤਾ, ਟਰਾਂਸਪੋਰਟ ਖਾਣ ਆਲੇ, ਪੁੱਤ ਪੋਤਿਆਂ ਆਲੇ ਹੋਕੇ ਮਸ਼ੂਕਾਂ ਨਾਲ ਸੌਣ ਬਹਿਣ ਆਲਿਆਂ ਨਾਲ਼ੋਂ ਤਾਂ ਚੰਗਾ। ਸ਼ਾਪਿੰਗ ਮਾਲ, ਟੌਲ ਪਲਾਜੇ ਬੰਦ ਕਰਾਓਣ ਦਾ ਵੱਡਾ ਯੋਗਦਾਨ ਰਿਹਾ ਓਹਦਾ।
ਜਥੇਬੰਦੀਆਂ ਆਲੇ ਸਾਡੇ ਲਈ ਸਤਿਕਾਰਯੋਗ ਨੇ। ਓਹਨ੍ਹਾਂ ਦਾ ਫਰਜ ਬਣਦਾ ਖਾਲਸਾ ਏਡ ਨੂੰ ਅੱਤਵਾਦੀ ਕਹਿਣ ਆਲਿਆਂ ਦੀ ਰੇਲ ਬਣਾਓਣ। ਬਲਕੌਰੇ ਬੁੜ੍ਹੇ ਤੋਂ ਮੁਆਫੀ ਮੰਗਾਓਣ।
ਏਕਾ ਦੋਹੇਂ ਧਿਰਾਂ ਰੱਖਣ। ਸਿੱਖਾਂ ਨੇ ਕੱਲਾ ਠੇਕਾ ਨਹੀਂ ਲਿਆ ਏਕੇ ਦਾ। 
26 ਜਨਵਰੀ ਦਾ ਠੋਕਵਾਂ ਪ੍ਰੋਗਰਾਮ ਦੇਣ, ਟ੍ਰਾਲੀਆਂ ‘ਚ ਤਾਸ਼ ਬਥੇਰੀ ਖੇਡਲੀ। 
ਚੜੂਨੀ ਵੰਗੂ ਸ਼ਪੱਸ਼ਟ ਹੋਣ। ਟ੍ਰੈਕਟਰ ਟਪਾਓਣੇ ਆ ਮੋਟਰਸੈਕਲ ਨਹੀਂ ਬੀ ਗਲ਼ੀਆਂ ‘ਚੋਂ ਟੱਪ ਜਾਣਗੇ। 
ਜਿੱਤਾਂਗੇ ਜ਼ਰੂਰ...ਸ਼ੰਕਿਆਂ ‘ਚ ਨਾ ਰਹੋ...ਘੁੱਦਾ

ਸਿੰਘੂ ਬਨਾਮ ਚੱਪੜਚਿੜੀ

ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਨ ਵੇਲੇ ਪੰਜਾਬ ਦੇ ਸਾਰੇ ਇਲਾਕਿਆਂ ‘ਚ ਵੱਸਦੇ ਸਿੱਖਾਂ ਦੇ ਨਾਂ ਤੇ ਹੁਕਮਨਾਮੇ ਫੜ੍ਹਾਏ। ਅਡਰੈੱਸ ਪਤੇ ਦਿੱਤੇ।
ਗੁਰੂ ਦਾ ਹੁਕਮ ਸੁਣ ਮਾਝਾ, ਮਾਲਵਾ, ਦੁਆਬਾ ਆਪ ਮੁਹਾਰੇ ਬੰਦਾ ਸਿੰਘ ਵੱਲ ਹੋ ਤੁਰਿਆ।
ਚੱਪੜਚਿੜੀ ‘ਚ ਟ੍ਰੇਨਡ ਫੌਜ ਨਾਲ ਸਿੱਧੇ ਸਾਧੇ ਲੋਕਾਂ ਨੇ ਤਲਵਾਰ, ਡੰਡੇ, ਗੰਡਾਸਿਆਂ ਨਾਲ ਇਤਿਹਾਸਿਕ ਜੰਗ ਲੜੀ।
ਸਿੰਘੂ ਬਾਡਰ ਤੇ ਬੈਠੇ ਓਹੀ ਏਕਾ, ਇਕੱਠ ਤੇ ਜਲੌਅ ਦੇਖ ਰਹੇ ਹਾਂ। ਬਸ਼ਰਤੇ ਏਡੇ ਕਿਰਦਾਰ ਦਾ ਆਗੂ ਸਾਡੇ ਕੋਲ ਨਹੀਂ। 
ਪੰਜਾਬ ਲੜਨਾ ਜੂਝਣਾ ਮਰਨਾ ਜਾਣਦਾ।
ਸਾਡੇ ‘ਚੋਂ ਬਹੁਤਿਆਂ ਨੂੰ ਬਿੱਲਾਂ ਬੁੱਲਾਂ ਦਾ ਬਾਹਲਾ ਪਤਾ ਨਹੀਂ। ਪਰ ਤਕੜੇ ਦੀ ਧੌਣ ‘ਚੋਂ ਕਿੱਲਾ ਕੱਢਣ ਦਾ ਜਿਹੜਾ ਸਵਾਦ ਆ ਨਾ , ਸਾਨੂੰ ਓਹੀ ਦਿੱਲੀ ਲੈਕੇ ਆਇਆ। 
ਆਮ ਲੜਦਿਆਂ ਸਾਡੇ ਮੂੰਹੋਂ ਨਿੱਕਲਦਾ,” ਦੇਖਲਾਂਗੇ ਤੈਨੂੰ ਵੱਡੇ ਵੈਲੀ ਨੂੰ”
ਲੈ, ਅੱਜ ਓਸੇ ਵੱਡੇ ਵੈਲੀ ਨੂੰ ਦੇਖਣ ਆਇਆ ਪੰਜਾਬ ਹਰਿਆਣਾ। 
ਮਾਣ ਕਰਿਆ ਕਰੋ, ਅਸੀਂ ਪੰਜਾਬ ਦੇ ਜੰਮੇ ਆਂ। ਅਕਾਲ ਪੁਰਖ ਸਹਾਈ ਹੋਵੇ.....ਘੁੱਦਾ

ਦਿੱਲੀ ਮੋਰਚਾ ਤੇ ਨੇੜਲੇ ਲੋਕ

ਦਿੱਲੀ ਮੋਰਚਾ ਲੰਮਾ ਚੱਲ ਰਿਹਾ ਤੇ ਮੋਰਚਾ ਲੰਮਾ ਚਲਾਓਣ ਲਈ ਲੋਕਲ ਲੋਕਾਂ ਨਾਲ ਸਾਂਝ ਪਾਓਣੀ ਜ਼ਰੂਰੀ ਸੀ।
ਨੇੜਲੇ ਘਰਾਂ ਦੇ ਲੋਕ ਸਵੇਰੇ ਕੰਮਾਂ ਨੂੰ ਜਾਂਦੇ ਚਾਹ ਪਾਣੀ, ਚੌਲ ਖਾਕੇ ਜਾਂਦੇ ਨੇ ਤੇ ਸ਼ਾਮੀਂ ਵਾਪਸੀ ਵੇਲੇ ਲੰਗਰ ਛਕਕੇ ਘਰਾਂ ਨੂੰ ਮੁੜਦੇ ਨੇ।
ਤਕਰੀਬਨ ਅੱਸੀ ਫੀਸਦੀ ਲੋਕਲ ਲੋਕ ਲੰਗਰ ਛਕ ਰਹੇ ਨੇ।
ਏਸ ਮੋਰਚੇ ਨੇ ਲੋਕਲ ਦੁਕਾਨਾਂ ਦਾ ਬਿਜਨਸ ਵੀ ਵਧਾਇਆ।
ਦਿਹਾੜੀ ਦਾ ਵੀਹ ਪੱਚੀ ਲੱਖ ਦਾ ਪਾਣੀ ਲੱਗ ਜਾਂਦਾ। 
ਇਹ ਸਾਰਾ ਏਥੋਂ ਨੇੜੇ ਤੇੜਿਓਂ ਦੁਕਾਨਾਂ ਤੋਂ ਚੱਕਿਆ ਜਾਂਦਾ। 
ਲੱਖਾਂ ਦੇ ਡਿਸਪੋਜਲ ਭਾਂਡੇ, ਤਰਪਾਲਾਂ, ਰੱਸੇ ਤੇ ਹੋਰ ਸਮਾਨ ਬਜ਼ਾਰਾਂ ‘ਚੋਂ ਖ੍ਰੀਦਿਆ ਜਾ ਰਿਹਾ। 
ਕੱਪੜਾ ਲੀੜਾ, ਜੁੱਤੀ ਜੋੜਾ ਤੇ ਹੋਰ ਛਿੱਛ ਪੱਤਰ ਖ਼ਰੀਦ ਰਹੇ ਆਪਣੇ ਬੰਦੇ।
ਨੇੜੇ ਨਿੱਕੀਆਂ ਫੈਕਟਰੀਆਂ ‘ਚ ਨਹਾਓਣ ਖਾਤਰ, ਲੀੜੇ ਧੋਣ ਖਾਤਰ ਸਾਰਾ ਸਾਰਾ ਦਿਨ ਮੋਟਰਾਂ ਚੱਲਦੀਆਂ ਰਹਿੰਦੀਆਂ। ਇੱਕ ਦਿਨ ਮੋਟਰ ਸੜਗੀ, ਫ਼ੈਕਟਰੀ ਮਾਲਕ ਨੇ ਸਵੇਰ ਨੂੰ ਨਵੀਂ ਪਵਾਤੀ। 
ਪਾਣੀ ਦੀਆਂ ਟੈਕੀਆਂ ਏਹਨ੍ਹਾਂ ਮੋਟਰਾਂ ਤੋਂ ਭਰੀਆਂ ਜਾਂਦੀਆਂ। 
ਨੇੜਲੇ ਘਰਾਂ ਦੇ ਨਿਆਣਿਆਂ ਨੂੰ ਮੋਰਚੇ ਤੇ ਸੱਦਕੇ ਪੜ੍ਹਾਇਆ ਜਾਂਦਾ, ਕੱਪੜੇ, ਲੰਗਰ, ਬੂਟ ਦਿੱਤੇ ਜਾਂਦੇ ਨੇ। ਏਹ ਲੋਕ ਕਿਵੇਂ ਸਾਡੇ ਵਿਰੁੱਧ ਹੋ ਸਕਦੇ ਨੇ। 
ਇਹ ਝਲਕ ਆ ਓਹਨ੍ਹਾਂ ਜਵਾਕਾਂ ਦੀ ਜਿਹੜੇ ਮੋਰਚੇ ਤੇ ਆਓਂਦੇ ਨੇ...
ਡਟੇ ਹਾਂ ਤੇ ਡਟੇ ਰਹਾਂਗੇ.....ਜੂਝਾਂਗੇ ਤੇ ਜਿੱਤਾਂਗੇ...ਘੁੱਦਾ

ਦਿੱਲੀ ਮੋਰਚਾ

ਜਿਹੜੇ ਬੰਦੇ ਮੋਰਚੇ ਤੇ ਬੈਠੇ ਹੁੰਦੇ ਨੇ ਓਹ ਤਾਂ ਠੀਕ ਰਹਿੰਦੇ ਆ। ਪਰ ਪਿਛਲਿਆਂ ਨੂੰ ਬੜਾ ਫਿਕਰ ਹੁੰਦਾ। 
ਸਿਆਪਾ ਏਹ ਆ ਜੀਹਨੂੰ ਅਸੀਂ ਗੋਦੀ ਮੀਡੀਆ ਕਹਿਣੇ ਆ, ਸਾਡੇ ਘਰਾਂ ‘ਚ ਓਸੇ ਆਜ ਤੱਕ, ਜੀ ਨਿਊਜ ਨੂੰ ਦੇਖਿਆ ਜਾਂਦਾ।
ਘਰੇ ਬੈਠੀਆਂ ਬੀਬੀਆਂ ਡਰਕੇ ਮੋਰਚੇ ਤੇ ਬੈਠੇ ਮੁੰਡਿਆਂ ਨੂੰ ਫ਼ੋਨ ਕਰਦੀਆਂ ਕਿ ਚੁੱਪ ਕਰਕੇ ਘਰੇ ਮੁੜ ਆਓ। 
ਸਿੰਘੂ ਮੋਰਚੇ ਤੇ ਪਾਣੀ ਧਾਣੀ ਨਹੀਂ ਪਹੁੰਚ ਰਿਹਾ ਹੁਣ, ਸੌਦੇ ਪੱਤੇ ਦੀ ਵੀ ਲੋੜ ਆ। ਬਾਲਣ ਵੀ ਘੱਟ ਰਿਹਾ ਹੁਣ, ਲੈਕੇ ਆਓ।
ਪੰਜਾਬ ਤੋਂ ਦਿੱਲੀ ਤੱਕ ਸਾਰਾ ਰਾਹ ਸੇਫ਼ ਆ, ਹਰਿਆਣੇ ਆਲੇ ਫਾਨੇ ਅੰਗੂ ਅੜੇ ਖੜ੍ਹੇ ਨੇ ਨਾਲ। 
ਹੌਂਸਲੇ ਦੁੱਗਣੇ ਤਿੱਗਣੇ ਕਰੀਏ। ਜੇ ਅੱਜ ਦਬਗੇ ਮੁੜਕੇ ਕੁਸਕਣ ਨਹੀਂ ਦੇਣਾ ਬਿਗਾਨੇ ਪੁੱਤਾਂ ਨੇ। 
ਏਥੇ ਵੋਡਾਫੋਨ, ਆਈਡਿਆ ਦਾ ਨੈੱਟ ਚੱਲ ਰਿਹਾ ਮਾੜਾ ਮੋਟ, ਸਿੰਮ ਲੈ ਆਓ। ਪੋਸਟਪੇਡ ਸਿੰਮ ਚੱਲਦੇ ਨੇ।
ਲਾਈਟ ਕੱਲ੍ਹ ਦੀ ਗਈ ਅੱਜ ਸਵੇਰੇ ਆਈ।
ਸਾਡੇ ਆਗੂ ਵੀ ਤਕੜੇ ਹੋਣ। ਗਵਾਚੇ ਮੁੰਡਿਆਂ ਬਾਰੇ ਚਾਰਾਜੋਈ ਕਰਨ। 
ਸ਼ਾਤ ਰਹੋ ਪਰ ਤਿਆਰ ਰਹੀਏ।  ਆਏ ਗਏ ਨੂੰ ਦੇਗ ਪੱਕੀ, ਸਿਰ ਚੜ੍ਹੇ ਨੂੰ ਤੇਗ ਪੱਕੀ। ਟਿਕਰੀ, ਗਾਜੀਪੁਰ ਤੇ ਬਹੁਤ ਸੰਗਤ ਆਈ ਕੱਲ੍ਹ, ਸਿੰਘੂ ਵੀ ਪਹੁੰਚੋ । 
ਟਕੈਤ ਦੇ ਹੰਝੂਆਂ ਨੇ ਲੋਕ ਕੱਠੇ ਕੀਤੇ, ਸਾਨੂੰ ਸਾਡੇ ਭਰਾਵਾਂ ਦਾ ਡੁੱਲ੍ਹਾ ਖੂਨ ਕਿਓਂ ਨਹੀਂ ਖਿੱਚਦਾ?  
ਸਾਰੇ ਕਿਤੇ ਏਹ ਸੁਨੇਹੇ ਪਹੁੰਚਾਓ, ਪੋਸਟ ਹੋਰਾਂ ਨਾਲ ਸਾਂਝੀ ਕਰੋ...ਜਿੱਤਾਂਗੇ ਜ਼ਰੂਰ

ਦਿੱਲੀ ਮੋਰਚਾ ਦੂਜਾ ਪਾਸਾ

ਚਲੋ ਦੂਜਾ ਪਾਸਾ ਦੇਖੀਏ। 
ਇੱਕ ਬੋਲ ਤੇ ਲੱਖਾਂ ਟ੍ਰੈਕਟਰ ਆਓਣਾ। 
ਜਲੌਅ, ਚੜ੍ਹਦੀ ਕਲਾ, ਲ਼ੱਖਾਂ ਲੋਕਾਂ ਦੀ ਹਾਜ਼ਰੀ। ਸਾਰੀ ਦੁਨੀਆਂ ਦਾ ਧਿਆਨ ਮੋਰਚੇ ਵੱਲ ਸੀ। 
ਲੱਖਾਂ ਲੋਕਾਂ ਦੇ ਖਾਣ, ਪੀਣ, ਸੌਣ ਦਾ ਪ੍ਰਬੰਧ ਹੋਣਾਂ। ਜ਼ਾਬਤੇ ‘ਚ ਰਹਿਣਾ। ਕੁੜੀਆਂ ਬੇਫ਼ਿਕਰੀ ਨਾਲ ਥੋਡੀਆਂ ਵੀਡਿਓ  ਬਣਾ ਰਹੀਆਂ। ਕੋਈ ਭੈਅ ਨਹੀਂ। 
ਲੋਕ ਫੁੱਲ ਸੁੱਟ ਰਹੇ ਨੇ। 
ਤਲੀ ਨਾਲ ਘੁੰਮਣ ਆਲੇ ਪਾਵਰ ਸਟੇਰਿੰਗ ਟਰੈਟਾਂ ਤੇ ਬੈਠੇ ਕਿਰਸਾਨ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਪਹੁੰਚੇ। 
ਲੋਕ ਜਵਾਕਾਂ ਨੂੰ ਦੱਸ ਰਹੇ ,”ਵੋ ਦੇਖੋ ਬੇਟਾ ਵੋ ਜਿਨਹੋ ਨੇ ਬਲੂ ਬਲੂ ਕੁਰਤਾ ਪਹਿਨ ਰਖਾ ਹੈ, ਬੜੀ ਸੀ ਪਗੜੀ ਵਾਲੇ, ਵੋਹ ਨਿਹੰਗ ਸਿੰਘ ਹੋਤੇ ਹੈਂ।” 
“ਵਾਓ ਮੰਮਾ ਹੌਰਸ ਦੇਖੋ ਹੌਰਸ”
ਲੋਕਾਂ ਬੋਰਡ ਫੜ੍ਹੇ ਹੱਥਾਂ ‘ਚ,”ਦਿੱਲੀ ਮੇਂ ਆਪਕਾ ਸਵਾਗਤ ਹੈ”। ਪੁਲਸ ਆਲੇ ਦੇਖਕੇ ਮੁਸਕਰਾ ਰਹੇ ਨੇ। 
ਤੀਹ ਤੀਹ ਕਿਲੋਮੀਟਰ ਪੈਦਲ ਤੁਰਕੇ ਵੀ ਕੋਈ ਥੱਕਿਆ ਨਹੀਂ। ਹੋਰ ਕਰਾਮਾਤਾਂ ਕੀ ਹੁੰਦੀਆਂ? ਇਹੀ ਕਰਾਮਾਤਾਂ ਹੁੰਦੀਆਂ...ਘੁੱਦਾ

ਦਿੱਲੀ ਮੋਰਚੇ ਦੀ ਕਮਾਈ

ਏਸ ਘੋਲ ‘ਚੋਂ ਬੜਾ ਕੁਛ ਕਮਾਇਆ ਪੰਜਾਬ ਨੇ।
ਸੱਥਾਂ ‘ਚ ਬਹਿਣੋਂ ਹਟਗੇ ਸੀ, ਭਾਈਚਾਰਾ ਘੱਟ ਰਿਹਾ ਸੀ। ਜੁੜਕੇ ਬੈਠਣਾ ਸ਼ੁਰੂ ਕਰਤਾ। ਗੱਲਾਂ ਕਰਨ ਲੱਗੇ ਆਂ, ਮੁੱਦੇ ਵਿਚਾਰੇ ਜਾਣ ਲੱਗੇ ਨੇ। 
ਸੋਚਿਆ ਸੀ ਕਦੇ ਪੰਜਾਬ ਤੇ ਹਰਿਆਣਾ ਵੀ ਇੱਕ ਹੋਕੇ ਲੜੂ?
SYL ਦੀ ਗੱਲ ਤੇ ਦੋਹੇਂ ਘਰ ਡਾਂਗਾਂ ਖਿੱਚ ਲੈਂਦੇ ਸੀ। ਕੋਈ ਕਿਸੇ ਨੂੰ ਗੜ੍ਹਵੀ ਦੁੱਧ ਦੀ ਉਧਾਰੀ ਨੀਂ ਦਿੰਦਾ ਹੁੰਦਾ, ਪਰ ਏਥੇ ਹਰਿਆਣੇ ਆਲੇ ਮੋਰਚੇ ਤੇ ਹਜ਼ਾਰ ਹਜ਼ਾਰ ਲੀਟਰ ਆਲੀਆਂ ਟੈਂਕੀਆਂ ‘ਚ ਚਾਰ ਚਾਰ ਟੂਟੀਆਂ ਲਾਕੇ ਦੁੱਧ ਵੰਡ ਰਹੇ ਨੇ।
ਸਾਂਝੇ ਚੁੱਲ੍ਹੇ ਤਪ ਰਹੇ ਨੇ, 
ਬੇਅੰਤ ਲੰਗਰ ਪੱਕ ਰਿਹਾ। ਇੱਕ ਰਾਤ ਸਿੰਘੂ ਤੋਂ ਟਿਕਰੀ ਬਾਡਰ ਗਏ। ਭੁੱਖ ਲੱਗੀ ਸੀ। ਨੌਂ ਦਸ ਜਣੇ ਸੀ ਅਸੀਂ। 
ਚਾਰ ਪੰਜ ਬੇਬੇ ਹੋਣੀਂ ਰੋਟੀਆਂ ਲਾਹ ਰਹੀਆਂ ਸੀ। ਬੇਨਤੀ ਕੀਤੀ, ਬੇਬੇ ਕਹਿੰਦੀ,” ਬੈਠੋ ਪੁੱਤ ਜਿੰਨੀਆਂ ਮਰਜ਼ੀ ਛਕੋ”।
ਸਿਰ ਦੇ ਬੰਨ੍ਹੇ ਕੱਪੜੇ ਨੂੰ ਕੋਈ ਪਰਨਾ ਆਖਦਾ, ਕੋਈ ਮੂਕਾ, ਕੋਈ ਸਾਫ਼ਾ ਕਹਿ ਰਿਹਾ। 
ਮਾਝਾ, ਮਾਲਵਾ, ਦੁਆਬਾ, ਪੁਆਧ। ਸਕੀਰੀਆਂ ਨਿੱਕਲ ਆਓਂਦੀਆਂ। “ ਤੇਰਾ ਕਿਹੜਾ ਪਿੰਡ ਆ ਬਾਈ? 
“ਘੁੱਦਾ”
ਅੱਛਾ ਬਾਦਲ ਦੇ ਪਿੰਡਾਂ ਕੰਨੀਂ। ਥੋਡੇ ਪਿੰਡਾਂ ਕੰਨੀਂ ਅਸੀਂ ਪਹਿਲੋ ਪਹਿਲ ਕਰਪੈਨ ਲੈਕੇ ਆਓਂਦੇ ਹੁੰਦੇ ਸੀ”।
ਦਿੱਲੀ ਦੇ ਜਵਾਕ ਪੰਜਾਬੀ ਸਿੱਖਣ ਆਓਂਦੇ ਨੇ। 
ਆਵਦਿਆਂ ਬਿਗਾਨਿਆਂ ਦੀ ਪਛਾਣ ਹੋਗੀ।
ਕ੍ਰਿਕਟਰ, ਬਾਲੀਵੁੱਡ ਲੀਕ ਖਿੱਚ ਗਿਆ। 
ਅਮਰਿੰਦਰ ਗਿੱਲ, ਦਿਲਜੀਤ, ਜੈਜੀ, ਨਿਮਰਤ ਖਹਿਰਾ ਸਾਡੇ ਪਾਲੇ ‘ਚ ਖੜ੍ਹੇ ਨੇ।  ਔਖੇ ਟੈਮ ਆਵਦੇ ਈ ਨਾਲ ਖੜ੍ਹੇ ਸਾਰੇ।
ਕਿੱਡਾ ਸੋਹਣਾ ਸਮਾਂ। ਸਾਰੇ ਕਾਸੇ ਦਾ ਨਿਤਾਰਾ ਹੋ ਰਿਹਾ
ਵਿਆਹਾਂ ‘ਚ ਕਿਸਾਨੀ ਗੀਤ ਵੱਜ ਰਹੇ ਨੇ। ਦਿਨ ਪੁਰ ਰਾਤ ਪਰਦੇਸੀਆਂ ਦੀ ਨਿਗਾਹ ਮੋਰਚੇ ਤੇ।  
ਅਸੀਂ ਪਾਣੀ ਵੰਡਣ ਖਾਤਰ ਇੱਕ ਦੋ ਜਣਿਆਂ ਨੂੰ ਪੈਸੇ ਆਖੇ। ਓਹ ਕਹਿੰਦੇ ਵੱਡੇ ਵਾਟਰ ਫਿਲਟਰ ਲਵਾਲੋ, ਕਰੋ ਗੱਲ। 
ਸਾਡੇ ਕਥਾਵਾਚਕ, ਪ੍ਰਚਾਰਕ ਜ਼ੋਰ ਲਾ ਹਟੇ ਸਾਨੂੰ ਆਹ ਕੁਛ ਸਿਖਾਓਣ ਲਈ। ਇਹੀ ਕੁਛ ਗੁਰਾਂ ਦੀ ਬਾਣੀ ਕਹਿੰਦੀ ਆ। 
ਦਿੱਲੀ ਜਾਕੇ ਮੈਂ ਮੈਂ ਛੱਡਕੇ ਤੇਰਾ ਤੇਰਾ ਕਰ ਰਹੇ ਹਾਂ। ਏਸੇ ਮੰਤਰ ‘ਚ ਸਾਡੀ ਜਿੱਤ ਆ....ਘੁੱਦਾ