Thursday, 19 April 2012

ਪਿੰਡਾਂ ਆਲੇ

ਪਿੰਡਾਂ ਆਲ਼ੇ ਹਸਪਤਾਲ 'ਚ ਦਾਖਲ ਕਿਸੇ ਰਿਸ਼ਤੇਦਾਰ ਦੇ
ਸਿਰਹਾਣੇ ਫੁੱਲਾਂ ਦਾ ਗੁਲਦਸਤਾ ਲਿਜਾਕੇ ਨੀਂ ਰੱਖਦੇ
ਜਦੋਂ ਸਿਨਿਆਂ ਮਿਲਦਾ ਤਾਂ
ਮੁੰਡੇ ਨੂੰ ਦਾਜ 'ਚ ਮਿਲੇ ਸੁਰਮੇਰੰਗੇ ਸਕੂਟਰ ਦੀ ਕਿੱਕ ਮਾਰ
ਸ਼ਹਿਰ ਨੂੰ ਸਿੱਧਾ ਕਰ ਦਿੰਦੇ ਨੇ
ਤੇ ਸਕੂਟਰ ਦੀ ਸਟਿੱਪਣੀ ਆਲੇ ਟੈਰ ਤੇ ਆਹੜੀਏ ਤੋਂ ਮਿਲਿਆ
ਕਵਰ ਜਾ ਚਾੜ੍ਹਿਆ ਹੁੰਦਾ
ਜੀਹਦੇ ਤੇ "ਮੈਸ: ਪ੍ਰਸ਼ੋਤਮ ਸਰਪ੍ਰੇਅ ਕੰਪਨੀ" ਲਿਖਿਆ ਵਾ ਹੁੰਦਾ
ਹੱਥ 'ਚ ਯੂਰੀਆ ਆਲੇ ਗੱਟੇ ਦਾ ਬਣਾਇਆ ਵਾ ਝੋਲਾ
ਉਹਦੇ 'ਚ ਪੋਣੇ 'ਚ ਬੰਨ੍ਹੀਆਂ ਰੋਟੀਆਂ ਤੇ
ਕੈਂਪੇ ਕੋਲੇ ਆਲੀ ਬੋਤਲ 'ਚ ਕਾੜ੍ਹ ਕੇ ਠਾਰਕੇ ਪਾਇਆ ਵਾ ਦੁੱਧ
ਤੇ ਦੂਜੇ ਹੱਥ 'ਚ ਛਿੱਡੀਆਂ ਆਲ਼ੀ ਲੱਸੀ ਨਾਲ ਭਰਿਆ ਡੋਲੂ
ਕੇਨੀ 'ਚ ਹਿਰਮਚੀ ਘੋਲਕੇ ਪਿੰਡ ਦੀਆਂ ਕੰਧਾਂ ਤੇ ਬੁਰਸ਼ ਨਾਲ
ਦਾਤੀ ਬੱਲੀ ਦਾ ਨਿਸ਼ਾਨ ਬਣਾਉਦਾਂ ਕਾਮਰੇਟਾਂ ਦਾ ਮੁੰਡਾ
ਤੇ ਨਾਲ ਲਿਖਦਾ "ਲਾਲ ਸਲਾਮ"
ਬਾਬਾ ਧੰਨਾ ਬੱਸਾਂ 'ਚ ਬੈਠੀਆਂ ਸਵਾਰੀਆਂ ਨੂੰ ਪਾਣੀ ਪਿਆਉਦਾਂ
ਮੁੜਕੇ ਕਹਿੰਦਾ ਪਾਹੜਿਓ ਗਲਾਸ ਥੱਲੇ ਸਿੱਟ ਦਿਓ
ਬੱਸ ਤੁਰ ਜਾਂਦੀ ਤਾਂ ਬਾਬਾ ਧੰਨਾ ਗਲਾਸ 'ਕੱਠੇ ਕਰਦਾ
ਜਾਂ ਰਾਜੇ ਸਿੱਖਾਂ ਦਾ ਬਜ਼ੁਰਗ ਬਾਬਾ ਘਾਮਾ ਅੱਡੇ ਤੇ ਬਹੁਕਰ ਮਾਰਦਾ ਸੀ
ਵਿਚਾਰੇ ਦੋਹੇਂ ਈ ਹੈ ਤੋਂ ਸੀ ਹੋਗੇ
ਨਾਲੇ ਬੁੱਢਾ ਦਲ ਆਲਿਆਂ ਦਾ ਅੰਬਰਤ ਛਕਿਆ ਸੀ ਦੋਹਾਂ ਨੇ
ਪੱਕੇ ਜਥੇਦਾਰ
ਨਾਲੇ ਗੱਲਾਂ ਕਰਦੇ ਪੁੱਤ ਪੰਜਾਬ ਨੂੰ ਸੰਤਾਲੀਆਂ ਖਾਗੀਆਂ
ਪੁੱਛਦੇ ਬਾਬਾ ਉਹ ਕਿਮੇਂ
ਪੁੱਤ ਪਹਿਲਾਂ ਉੱਨੀ ਸੌ ਸੰਤਾਲੀ ਨੇ ਤੇ ਫਿਰ ਮੁੰਡਿਆਂ ਦੇ ਹੱਥੀਂ ਸੰਤਾਲੀਆਂ ਨੇ
ਦੋ ਭਰਾ ਮਰਗੇ
ਇੱਕ ਪੁਲਸ 'ਚ ਸੀ
ਤੇ ਦੂਜਾ ਖਾੜਕੂ
ਪੁਲਸ ਆਲੇ ਆਖਣ ਸਾਡਾ ਸਿਪਾਹੀ ਸ਼ਹੀਦ ਆ
ਤੇ ਖਾੜਕੂ ਆਖਣ ਸਾਡੇ ਆਲਾ ਗੱਭਰੂ ਸ਼ਹੀਦ ਹੋਇਆ
ਸਿਵੇ ਨੂੰ ਲਾਂਬੂ ਲਾਇਆ ਬੁੱਢੇ ਪਿਓ ਨੇ
ਅੱਗ ਨੂੰ ਪਤਾ ਨੀ ਸੀ ਕੌਣ ਸ਼ਹੀਦ ਆ ਤੇ ਕੌਣ ਨਹੀਂ
ਬਸ ਨਿਗਲ ਗਈ.....ਅੰਮ੍ਰਿਤ ਘੁੱਦਾ

ਭਾੜੇ ਦਾ ਗਵਾਹ

ਵਕੀਲ ਦੇ ਚੈਂਬਰ 'ਚ ਬੈਠਾ
ਬਿਆਨਾਂ ਨੂੰ ਰੱਟੇ ਮਾਰਦਾ ਭਾੜੇ ਦਾ ਗਵਾਹ
ਪੱਕਾ ਉਲਝੂ ਜੱਜ ਮੂਹਰੇ
ਪੈਂਟ ਦੀਆਂ ਜੇਬਾਂ ਫਰੋਲੂ ਰੁਮਾਲ ਕੱਢਣ ਲਈ
ਤ੍ਰੇਲੀ ਆਉਣ ਤੇ
ਖੱਬੇ ਹੱਥ ਨਾਲ ਸੱਜੇ ਹੱਥ ਨੂੰ ਗੁੱਟ ਤੋਂ ਫੜ੍ਹਕੇ
ਦੰਦਾਂ ਨਾਲ ਟੁੱਕ ਟੁੱਕ ਸੁੱਟੂ ਉਗਲਾਂ ਦੇ ਨਹੁੰ
ਜੱਜ ਨੂੰ ਫੈਸਲਾ ਲੈਂਦਿਆਂ ਟੈਮ ਨੀਂ ਲੱਗਣਾ
ਕੈਕਸਟਨ ਹਾਲ ਨੂੰ ਜਾਂਦੇ ਨੂੰ ਤ੍ਰੇਲੀ ਨਹੀਂ ਆਈ ਹੋਣੀ
ਕਿਉਕਿ ਉਹ ਭਾੜੇ ਦਾ ਗਵਾਹ ਨੀਂ ਸੀ
ਹਜ਼ਾਰ ਮੌਤਾਂ ਦਾ ਗਵਾਹ ਸੀ
ਉਹਨੇ ਨਹੁੰ ਨਹੀਂ ਟੁੱਕੇ ਹੋਣੇ
ਜੱਜ ਨੇ ਜ਼ਰੂਰ ਟੁੱਕੇ ਹੋਣਗੇ
ਕੀ ਨਾਂ ਸੀ ਗੱਭਰੂ ਦਾ?
ਜੀ "ਅਜ਼ਾਦ"
ਪੂਰਾ ਦੱਸ
ਜੀ ਚੰਦਰ ਸ਼ੇਖਰ ਅਜ਼ਾਦ
ਐਲਫਰੈੱਡ ਪਾਰਕ 'ਚ ਜੁੱਟਬੱਖੀ ਹੋ ਗਿਆ ਭਾੜੇ ਦੇ ਸ਼ਪਾਹੀਆਂ ਨਾਲ
ਪੰਦਰਾਂ ਗੋਲੀਆਂ ਚਲਾਤੀਆਂ , ਇੱਕ ਬਚੀ ਬਾਕੀ, ਨਾ ਚਲਾਈ
ਮੁਕੱਦਮਿਆਂ ਕਚਿਹਰੀਆਂ ਤੇ ਯਕੀਨ ਨਹੀਂ ਸੀ ਤਾਂ ਕਰਕੇ ਇੱਕ ਗੋਲੀ ਆਵਦੇ ਜੋਗੀ ਰੱਖੀ
ਖੱਬਾ ਹੱਥ ਉੱਠਿਆ ਆਵਦੀ ਉਂਗਲ ਨਾਲ ਦੱਬਿਆ ਘੋੜਾ...."ਠਾਹ"
ਫੁੱਟਪਾਥ ਤੇ ਲਾਲ ਚਾਦਰਾ ਵਿਛਾਈ ਬੈਠਾ ਹੁੰਦਾ
ਚਾਰ ਕੁ ਪੋਥੀਆਂ ਜੀਆਂ ਰੱਖੀ ਬੈਠਾ ਹੱਥ ਵੇਖਣ ਆਲਾ
ਕੀ ਦੱਸਦਾ?
ਭਵਿੱਖ
ਸ਼ੈਦ ਆਵਦਾ ਹੱਥ ਉਹਨੇ ਕਿਸੇ ਨੂੰ ਨਹੀਂ ਵਿਖਾਇਆ
ਜ਼ਰੂਰ ਡਰਦਾ ਹੋਊ ਆਵਦਾ ਭਵਿੱਖ ਜਾਨਣ ਤੋਂ......ਘੁੱਦਾ

Friday, 13 April 2012

ਵਿਸਾਖੀ

ਘਟਨਾਸਥਲ ਅਨੰਦਪੁਰ ਦੀ ਧਰਤੀ
ਸਮਾਂ ਓਹੀ 13 ਅਪ੍ਰੈਲ 1699
ਇੱਥੇ ਕਿਮੇਂ ਮੁਲਖ ਜੁੜਿਆ
ਜਨਾਬ ਚੂਹੜੇ ਚੱਪੜੇ ਘੁਮਿਆਰਾਂ ਚਮਿਆਰਾਂ ਬਾਹਮਣਾਂ ਬਾਣੀਆਂ ਸ਼ੂਦਰਾਂ ਨੂੰ ਇੱਕ ਬਣਾਉਣਾ
ਅੱਛਾ ਅੱਛਾ ਖਾਲਸਾ ਪੰਥ
ਹਾਂਜੀ ਜਮ੍ਹਾਂ ਖਾਲਸ
ਘੁੱਦੇ ਆਲਿਆ ਸਾਹਮਣੇ ਬਾਬਾ ਤਲਵਾਰ ਚੱਕੀ ਫਿਰਦਾ
ਭੱਜਜਾ ਮਰਜੇਂਗਾ
ਘੁੱਦੇ ਆਲੇ ਅਰਗੇ ਟੱਪਗੇ ਬਹਿ ਬਹਿ ਕੇ..ਰਾਮਦੇਵ ਬਾਬੇ ਵੰਗੂ
ਹਜ਼ਾਰਾਂ ਸਿਰ ਸੀ ਪੰਡਾਲ 'ਚ
ਪਰ ਸੀਸ ਪੰਜ ਈ ਨਿਕਲੇ
ਆਰੀਆਂ, ਚਰਖੜੀਆਂ , ਤਲਵਾਰਾਂ, ਨੇਜ਼ਿਆਂ,ਤਵੀਆਂ, ਸ਼ਵੀਆਂ ਦੇ ਆਸ਼ਕ ਖਾਲਸੇ ਦੀ ਸਥਾਪਨਾ
ਮਨਾਓ ਬਸਾਖੀ ਮਾੜਾ ਮੋਟਾ ਅਜ਼ਾਦੀ ਦਾ ਪਤਾ ਲੱਗਾ
ਘਟਨਾਸਥਲ ਅੰਮ੍ਰਿਤਸਰ ਸ਼ਹਿਰ
ਤਾਰੀਕ ਦਸ ਅਪ੍ਰੈਲ 1919
ਰੌਲਾ ਰੋਲਟ ਐਕਟ ਦਾ
ਸਾਲੇ ਭਾਰਤੀਆਂ ਨੂੰ ਗੁਲਾਮ ਰੱਖੋ
ਦਲੀਲ ਵਕੀਲ ਦਾ ਹੱਕ ਜਮ੍ਹਾਂ ਈ ਖਤਮ ਕਰਦੋ
ਬਜ਼ਾਰ 'ਚ ਫੈਰਿੰਗ , ਵੀਹ ਮੌਤਾਂ
ਚੱਕੀਂ ਫਿਰੋਂ ਲਾਸ਼ਾਂ
ਦਫਾ 144 ਵੰਗੂ ਕਾਨੂੰਨ ਲਾਗੂ ਕਰਤਾ, 4 ਤੋਂ ਵੱਧ ਬੰਦੇ 'ਕੱਠੇ ਨਾ ਹੋਣ ਦਿਓ
ਪਰ ਜਲ੍ਹਿਆ ਆਲ਼ੇ ਬਾਗ 'ਚ ਕੱਠੇ ਹੋਣ ਦਿੱਤੇ ਲੋਕ
ਸਤਿਆਪਾਲ ਤੇ ਡਾ.ਕਿਚਲੂ ਦੀ ਨਜ਼ਰਬੰਦੀ ਖਲਾਫ
ਪੂਰੇ ਮੁਲਖ ਦਾ 'ਕੱਠ
ਫੈਰਿੰਗ..ਕਿੰਨੇ ਮਰੇ..ਸੌਰੀ ਸ਼ਹੀਦ..ਜਨਾਬ ਪੰਜ ਕੁ ਸੌ
ਖੂਹ 'ਚ ਡਿੱਗੇ ਡੱਡੂਆਂ ਅੰਗੂ
ਖੂਹ ਭਰਤਾ..ਏਨਾ ਤਾਂ ਕਦੇ ਖੂਹ 'ਚ ਪਾਣੀ ਵੀ ਨੀਂ ਭਰਿਆ ਹੋਣਾ ਕਦੇ
ਜਨਾਬ ਆਹ ਮਾੜੇ ਮਾੜੇ ਜੇ ਸਾਹ ਲਈ ਜਾਂਦਾ
ਠੋਕ ਸਾਲੇ ਦੇ ਇਹਦੇ ਵੀ
ਮਨਾਓ ਬਸਾਖੀ ਨੱਚ ਨੱਚ ਕੇ ਹੁਣ ਸਾਲੇ ਲੰਡਨ ਕੋ ਵੰਗਾਰ ਰਹੇ ਥੇ
ਜਨਾਬ ਕਣਕ ਪੱਕਗੀ
ਵੱਢਲਾ ਫਿਰ
ਨਹੀਂ ਜਨਾਬ ਗੁੱਲੀ ਡੰਡਾ ਹਰਾ ਹਲੇ
ਨਾਲੇ ਬਾਪੂ ਹੁਣੀਂ ਧਰਨੇ ਤੇ ਗਏ ਆ
ਕਿੱਥੇ?
ਰੇਲ ਗੱਡੀ ਰੋਕੀ ਵਈ ਆ
ਸਰਕਾਰ ਕਣਕ ਦਾ ਰੇਟ ਨੀਂ ਵਧਾਉਦੀਂ ਤਾਂ ਕਰਕੇ
ਕੀ ਗੱਲ ਕਿਰਸਾਨਾਂ ਦਾ ਤਿਓਹਾਰ ਆ ਮਨਾਓ ਹੁਣ
ਨਾ ਜਨਾਬ ਹੁਣ ਨੀਂ ਟੈਮ ਹੈਗਾ
ਧਰਨੇ ਤੇ ਬੈਠੇ ਬਾਬਿਆਂ ਨੂੰ ਰੋਟੀ ਦੇ ਕੇ ਆਉਣੇ ਆਂ..... ਘੁੱਦਾ

ਬਸ ਏਨਾ ਕੁ ਫਰਕ

ਐਨਕਾਂ ਵਾਲਿਆਂ ਨੂੰ ਬੜਾ ਫਿਕਰ ਹੁੰਦਾ ਸ਼ੇਅਰ ਬਜ਼ਾਰ ਦੇ ਉਤਰਾਅ ਚੜ੍ਹਾਅ ਦਾ
ਪੈਂਟ ਤੇ ਲੱਗੀ ਬੈਲਟ ਸੂਤ ਕਰਦੇ ਕਰਦੇ ਉਤਾਂਹ ਨੂੰ ਮੂੰਹ ਕਰਕੇ
ਸਿੱਕੇ ਦਾ ਉਛਾਲ ਵੇਖਦੇ ਨੇ
ਤੇ ਕਦੇ ਖੁਸ਼ ਤੇ ਕਦੇ ਤਪਕੇ ਘਰੇ ਮੁੜਦੇ ਨੇ
ਪਰ ਪਾਸ਼ੇ ਦੇ ਭਰਾ ਭੂਸ਼ੇ ਨੂੰ ਇਹੋ ਜਾ ਫਿਕਰ ਤਾਂ ਨਹੀਂ ਹੁੰਦਾ
ਪਰ ਸੂਣ ਆਲੀ ਮੱਝ ਦੇ ਕੱਟਰੂ ਦੀ ਬੂਥ ਮੁੜਨ ਦਾ ਫਿਕਰ ਜ਼ਰੂਰ ਹੁੰਦਾ
ਤੇ ਸੈਕਲ ਭਜਾਉਦਾ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਜਾ ਪੈਰ ਫੜ੍ਹਦਾ
ਵੋਟਾਂ ਵੇਲੇ ਤੀਜੀ ਧਿਰ ਦੇ ਜਿੱਤਣ ਜਾ ਹਰਨ ਦੀ ਵੀ ਕਲਪਨਾ ਨਹੀਂ ਹੁੰਦੀ
ਨੰਬਰਦਾਰ ਘਰੇ ਆਕੇ ਪੁੱਛਦਾ, "ਭੂਸ਼ਿਆ ਫਿਰ ਵੋਟ ਕੀਹਨੂੰ ਪਾਉਣੀਂ ਆ"
ਬੈਠਣ ਖਾਤਰ ਮੰਜਾ ਡਾਹੁੰਦਾ ਭੂਸ਼ਾ ਬੋਲਦਾ, "ਜੀਹਨੂੰ ਕਹਿਦੋਗੇ ਪਾਦਾਂਗੇ ਬੋਟ"
ਚਲ ਫਿਰ ਓਤਲੀ ਸੁੱਚ ਦੱਬ ਦਿਓ, ਕਰਲਾਂਗੇ ਥੋਡੇ ਨਾਲ
"ਕਰਲਾਂਗੇ ਥੋਡੇ ਨਾਲ" ਸੁਣ ਭੂਸ਼ੇ ਕਾ ਟੱਬਰ ਓਤਲਾ ਬਟਣ ਦੱਬ ਆਉਦਾਂ
ਚੋਣ ਮੈਨੀਫੇਸਟੋ ਦਾ ਪਤਾ ਨੀਂ ਹੁੰਦਾ ਬਾਈ ਭੂਸ਼ੇ ਨੂੰ
ਪਰ ਵੇਖੋ ਵੇਖੋ ਕਣਕ ਦਾਲ ਲੈਣ ਖਾਤਰ ਖਾਲੀ ਗੱਟਾ ਚੱਕ ਡੀਪੂ ਤੇ ਜਾ ਪਹੁੰਚਦਾ
ਤੇ ਉਹ ਦਾਲ ਵੀ ਅੱਗੇ ਕਿਸੇ ਨੂੰ ਵੇਚ , ਅੰਬ ਦੇ 'ਚਾਰ ਨਾਲ ਘਸਾ ਘਸਾ ਰੋਟੀ ਖਾਂਦਾ
ਵਾਢੀ ਦਾ ਸ਼ੀਜ਼ਨ ਚੱਲਣਤੇ ਪੜਛੱਤੇ ਤੋਂ ਦਾਤੀ ਲਾਹ ਖੇਤ ਨੂੰ ਹੋ ਤੁਰਦਾ
ਤੇ ਭੁੱਕੀ ਦਾ ਕਾਟ ਲਾ
ਜਿਦ ਜਿਦ ਕੇ ਪਾਤਾਂ ਮੂਹਰੇ ਲਾਉਦਾਂ
ਆਥਣੇ ਠੇਕੇ ਤੋਂ ਪਊਆ ਫੜ੍ਹ ਨਲਕੇ ਕੋਲੇ ਖੜ੍ਹ ਸੁੱਕਾ ਈ ਖਿੱਚ ਜਾਂਦਾ ਤੇ
ਫਿਰ ਨਲਕੇ ਦੀ ਨਾਲੀ ਮੂਹਰੇ ਹੱਥ ਰੱਖ , ਦੋ ਕੁ ਪੰਪ ਮਾਰ ਕੇ ਓਤੋਂ ਦੀ ਪਾਣੀ ਪੀਂਦਾ
'ਨਪੜ੍ਹ ਹੋਣ ਕਰਕੇ ਭੂਸ਼ਾ ਪਊਏ ਤੇ ਲਿਖੇ ਅੱਖਰ ਨੀਂ ਪੜ੍ਹਦਾ
"ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ"... ਘੁੱਦਾ

Thursday, 12 April 2012

ਆਪਣਾ ਦੇਸ ਕਿਹੜਾ?

ਤਾਇਆ ਘਰ ਛੱਡਣਾ ਪਊ ਮੁਸਲੇ ਤਲਵਾਰਾਂ ਚੱਕੀ ਫਿਰਦੇ ਆ
ਹੁਕਮ ਸਿਓਂ ਲਾਹੌਰ ਨੇੜਲਾ ਪਿੰਡ ਖਾਈ ਛੱਡਕੇ ਟੱਬਰ ਨਾਲ ਭਾਰਤ ਨੂੰ ਤੁਰ ਪਿਆ
ਚੀਂਕੂ ਚੀਂਕੂ ਕਰੇ ਗੱਡਾ, ਭੁੱਖਾ ਬਲਦ, ਉੱਤੇ ਸਾਰਾ ਟੱਬਰ
ਖੂਨ 'ਬਾਲੇ ਮਾਰਦਾ ਸੀ ਹੁਕਮ ਸਿਹੁੰ ਦਾ ਪੱਗਵੱਟ ਭਰਾ ਫਰਹਾਦ ਹੱਥ ਤਲਵਾਰ ਵੇਖਕੇ
ਗੱਡਾ ਰੁਕਿਆ, ਅੱਲੜਾਂ ਦੀਆਂ ਛਾਤੀਆਂ ਵੱਡਤੀਆਂ, ਹੁਕਮ ਸਿਓਂ ਦੀਆਂ ਲੱਤਾਂ
ਤਾਇਆ ਘੱਤਰ ਦੀ ਜੰਗ ਲੱਗੀ ਆ
ਜਾ ਪੁੱਤ ਫੌਜ 'ਚ, ਸੇਵਾ ਕਰ ਦੇਸ਼ ਦੀ
ਹੁਣ ਇਹੀ ਆਪਣਾ ਮੁਲਖ ਆ
ਚਿੱਠੀ ਆਈ ਫੌਜ 'ਚੋਂ, ਕੰਬਦੇ ਹੱਥਾਂ ਨਾਲ ਪੜ੍ਹੀ ਹੁਕਮ ਸਿਉਂ ਨੇ
ਲਹੂ ਭਿੱਜੀ ਚਿੱਠੀ
ਨੂੰਹ ਸਿਰ ਚਿੱਟੀ ਚੁੰਨੀ ਧਰ ਭੁੱਬ ਮਾਰੀ ਹੁਕਮ ਸਿਓਂ ਨੇ
ਤਾਇਆ ਇੰਦਰਾ ਮਾਰਤੀ ,"ਸੀਖ ਮਾਰੋ, ਸੀਖ ਮਾਰੋ" ਕਰੀ ਜਾਂਦੇ ਆ
ਕੁਛ ਨੀਂ ਕਹਿੰਦੇ ਪੁੱਤ ਇਹ ਆਪਣਾ ਮੁਲਖ ਆ
ਗਲੇ 'ਚ ਟੈਰ ਪਾਤਾ ਹੁਕਮ ਸਿਓਂ ਦੇ ,ਸੜਦਾ ਚੰਮ ,ਕਾਲਾ ਧੂੰਆਂ
ਤਾਇਆ ਵਕੀਲ ਨਾਲ ਕਰੀ ਆ ਗੱਲ, ਲੜੂਗਾ ਕੇਸ
ਕੋਈ ਨਾ ਪੁੱਤ ਇੰਸਾਫ ਮਿਲੂਗਾ ਆਪਣਾ ਈ ਮੁਲਖ ਆ
ਤਾਇਆ ਇੰਸਾਫ ਨੀਂ ਮਿਲਦਾ ਮੈਂ ਤਾਂ ਖਾੜਕੂ ਈਂ ਬਣਜੂੰ ਹੁਣ
ਤਾਇਆ ਚੁੱਪ ਰਿਹਾ
ਰੇਡਿਓ ਤੇ ਸੁਣਿਆਂ ਤਾਏ ਨੇ
"ਖਾੜਕੂ ਰੂਪ ਸਿੰਘ ਦੀ ਮੁਕਾਬਲੇ 'ਚ ਮੌਤ"
ਲਾਸ਼ ਦੀ ਤਫਤੀਸ਼ ਕਰ ਤਾਏ ਨੇ
ਸੌਂਹ ਰੱਬ ਦੀ ਕਲੇਜਾ ਫੂਕਤਾ ਧਾਹਾਂ ਮਾਰ ਮਾਰ ਜਨਤਾ ਦਾ
ਪਰ ਐਂਤਕੀਂ ਨਾ ਕਿਹਾ "ਪੁੱਤ ਇਹ ਆਪਣਾ ਈ ਮੁਲ਼ਖ ਆ"
ਤਾਇਆ ਮੇਰੇ ਨਾਲ ਅਮਰੀਕੇ ਚੱਲ , ਇੱਥੇ ਕੁਸ ਨੀਂ ਬਨਣਾ
ਚੱਲ ਪੁੱਤ ਸ਼ੈਦ ਉਹ ਆਪਣਾ ਮੁਲ਼ਖ ਹੋਵੇ
ਨੌਂ ਗਿਆਰਾਂ, ਟਾਵਰ 'ਚ ਜ਼ਹਾਜ਼, ਮੌਤਾਂ, ਤਬਾਹੀ
ਤਾਇਆ ਮੈਂ ਟੈਕਸੀ ਲੈਕੇ ਜਾਣਾ
ਨਾਂ ਪੁੱਤ ਘਰੇ ਬਹਿਜਾ ਬਾਹਰ ਤੇਰੀ ਦਾਹੜੀ ਵੇਖ ਇਹਨਾਂ ਵੀ ਤੈਨੂੰ ਮਾਰ ਦੇਣਾ
"ਸ਼ੈਦ ਇਹਵੀ ਆਪਣਾ ਮੁਲਖ ਨਹੀਂ ਪੁੱਤ".........ਅੰਮ੍ਰਿਤ ਪਾਲ ਘੁੱਦਾ

ਪੰਜਾਬ

ਗੁਰੂ ਘਰ ਦੇ ਸਪੀਕਰ ਚੋਂ ਨਿਕਲੀ ਬਾਣੀ
"ਮਾਨੁਸ ਕੀ ਜਾਤ ਸਭੈ ਏਕੇ ਪਹਿਚਾਨਬੋ"
ਤੇ ਸਪੀਕਰ ਚੋਂ ਏਸੇ ਗੱਲ ਨੂੰ ਚੁੱਕ ਕੇ ਮੰਦਰਾਂ, ਮਸੀਤਾਂ
ਤੱਕ ਲੈ ਜਾਂਦੀ ਆ ਹਵਾ
ਸਵੇਰ ਨੂੰ ਵਗਦੀ ਮਿੱਠੀ ਮਿੱਠੀ ਹਵਾ 'ਚ ਘੁਲ ਘੁਲ ਆਉਦੀ ਆ
ਬਰਾੜਾਂ ਦੇ ਬਾਗ ਵੰਨੀਂ ਕੂਕਦੀਆਂ ਕੋਇਲਾਂ ਦੀ 'ਵਾਜ਼
ਲਿੰਕ ਰੋਡ ਤੋਂ ਮੱਘਰ ਡਰੈਵਰ ਤੇਜ਼ ਦਬੱਲ ਕੇ ਮਿੰਨੀ ਬੱਸ ਟਪਾਉਦਾਂ ਤਾਂ
ਅੱਕ ਦਾ ਅੰਬ ਜਾ ਟੁੱਟਕੇ ਕੈਦ ਕੀਤੇ ਭੰਬੂ ਜੇ ਅਜ਼ਾਦ ਕਰ ਦਿੰਦਾ
ਨੀਲੀਆਂ ਵਰਦੀਆਂ ਪਾਈ ਆਉਦੇ ਜਵਾਕ ਪੁੱਠੇ ਹੱਥ ਨਾਲ
ਨੱਕ ਜਾ ਪੂੰਝ
ਭੱਜ ਭੱਜ ਜਿਦੋ ਜਿਦੀ ਭੰਬੂ ਫੜ੍ਹਦੇ ਨੇ ਹੱਥਾਂ 'ਚ
ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆਉਦਾਂ
ਆਹੋ ਨਿਮਾਣੀ
ਚੰਦਾ 'ਕੱਠਾ ਕਰ ਮਿੱਠਾ ਪਾਣੀ ਨਾਲ ਨੀਲੇ ਡਰੰਮ ਭਰੇ ਹੁੰਦੇ ਨੇ
ਬੱਸਾਂ ਕਾਰਾਂ ਆਲਿਆਂ ਨੂੰ ਘੇਰ ਘੇਰ ਪਿਆਈਦਾ
ਮੋਟਰਸੈਕਲ ਤੋਂ ਉੱਤਰ ਪੈਰੋਂ ਚੱਪਲਾਂ ਲਾਹ ਕੇ ਖਲੋ ਜਾਂਦੇ ਨੇ ਸਾਰੇ
ਗੁਰੂ ਮਾਹਰਾਜ ਦਾ ਸਰੂਪ ਲਈ ਆਉਦੇਂ ਗੁਰਮੁਖਾਂ ਨੂੰ ਵੇਖ
ਪ੍ਰਜਾਪਤਾਂ ਦਾ ਮੁੰਡਾ ਮੂਹਰੇ ਮੂਹਰੇ ਪਾਣੀ ਛਿੜਕਦਾ, ਨਹੀਂ ਓਏ ਜਲ ਹੁੰਦਾ
ਨਿੱਕਾ ਮੁੰਡਾ ਘੜਿਆਲ ਵਜਾਉਦਾ
ਖੁਰਨੀਆਂ 'ਚ ਨੀਰਾ ਪਾਉਦੇ ਸੀਰੀ ਵੀ ਕੁੜਤੇ ਨਾਲ ਸਿਰ ਕੱਜ ਲੈਂਦੇ ਨੇ
"ਬਾਬਾ ਆਉਦਾ ਓਏ" ਕਹਿਕੇ
ਗ੍ਰੰਥੀ ਸਿੰਘ ਜਾਪੁ ਕਰਾਉਦਾ,"ਸਤਿਨਾਮੁ, ਵਾਹਿਗੁਰੂ"
ਤੇ ਬਾਕੀ ਮਗਰ ਬੋਲਦੇ ਨੇ
ਬੱਸ 'ਚ ਬੈਠੀ ਜਨਤਾ ਵੀ ਹੱਥ ਜੋੜ ਨਮਸਕਾਰ ਕਰਦੀ ਆ
ਭੋਗ ਆਲੇ ਦਿਨ ਤੋਂ ਪਹਿਲਾਂ ਸਪੀਕਰ 'ਚ ਬੋਲਿਆ ਜਾਂਦਾ
"ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ,
ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਮੁੱਖ ਪਿਆਰੇ ਭਾਈ ਸੈਹਬ ਭਾਈ ਗਰਨੈਬ ਸਿੰਘ ਜੀ,
ਇਹਨ੍ਹਾਂ ਦੇ ਗ੍ਰਹਿ ਵਿਖੇ ਅੱਜ ਲੜਕੇ ਦੀ ਸ਼ਾਦੀ ਹੈ ਤੇ ਸ੍ਰੀ ਅਖੰਡ ਪਾਠ ਸੈਹਬ ਦੇ ਭੋਗ ਪਾਏ ਜਾਣਗੇ ,
ਜਿਨ੍ਹਾਂ ਸੇਵਕਾਂ ਘਰੇ ਪ੍ਰਮਾਤਮਾ ਨੇ ਦੁੱਧ ਦੀਆਂ ਦਾਤਾਂ ਬਖਸ਼ੀਆਂ ਹਨ , ਥੋੜ੍ਹੇ ਤੋਂ ਥੋੜ੍ਹਾ, ਬਹੁਤੇ ਤੋਂ ਬਹੁਤਾ ਦੁੱਧ ਇਹਨ੍ਹਾਂ ਦੇ ਗ੍ਰਹਿ
ਵਿਖੇ ਪਹੁੰਚਾਉਣ ਦੀ ਕ੍ਰਿਪਾਲਤਾ ਕਰਨੀ"
ਸ਼ਾਇਦ ਇਹੋ ਆ ਆਪਣਾ ਪੰਜਾਬ...........ਅੰਮ੍ਰਿਤ ਪਾਲ ਘੁੱਦਾ

ਬਾਬਾ ਨਾਨਕ

ਪੱਕਾ ਫਰਕ ਹੋਊ ਥੋਡੇ ਤੇ ਸਾਡੇ ਬਾਬੇ ਨਾਨਕ 'ਚ
ਪੁੱਛ ਕਿਉਂ?
ਥੋਡਾ ਬਾਬਾ ਨਾਨਕ ਸੱਚੀਂ ਮੁੱਚੀਂ ਗਲੋਬ ਵੰਗੂ ਮੱਕਾ ਮਦੀਨਾ ਘੁੰਮਾਉ
ਪਰ ਸਾਡਾ ਬਾਬਾ ਨਾਨਕ ਤਰਕ ਦੀ ਸਾਣ ਤੇ ਲਾਕੇ ਗੱਲ ਕਰਦਾ
ਥੋਡਾ ਬਾਬਾ ਨਾਨਕ ਅੱਡੀ ਮਾਰਕੇ ਧਰਤੀ 'ਚੋਂ ਪਾਣੀ ਕੱਢਦਾ ਹੋਣਾ
ਪਰ ਸਾਡਾ ਬਾਬਾ ਨਾਨਕ ਖੇਖਣ ਨੀਂ ਕਰਦਾ
ਫੋਟੋ ਦੀਆਂ ਨਾਸਾਂ ਨੂੰ ਧੂਫ ਚੜ੍ਹਾਕੇ, ਫੁੱਲ ਸਿੱਟਕੇ ਆਰਤੀ ਕਰੀ ਚੱਲੋ
ਸਾਡਾ ਬਾਬਾ ਨਾਨਕ ਤਾਂ ਇਹੀ ਕਹਿੰਦਾ
"ਗਗਨੁ ਮੈ ਥਾਲੁ ਰਵਿ ਚੰਦਿ ਦੀਪਕ ਬਣੇ ਤਾਰਿਕਾ ਜਨਕ ਮੰਡਲ ਮੋਤੀ,
ਧੂਪ ਮਲਿਆਨਲੋ ਪਵਨ ਚਵਰੋ ਕਰੇ ਸਗਲਿ ਬਨਰਾਇ ਫੂਲੰਤ ਜੋਤੀ"
ਕਹਿੰਦੇ ਮਰਿਆਂ ਤੱਕ ਰੋਟੀ ਪਾਣੀ ਪੁਚਾ ਦਿੰਦਾ ਥੋਡਾ ਬਾਬਾ ਨਾਨਕ
ਸਾਡਾ ਬਾਬਾ ਤਾਂ ਬਸ ਪੁੱਠੇ ਕੰਮ ਈ ਕਰਦਾ
ਹਰਦੁਆਰ ਜਾਕੇ ਲਹਿੰਦੇ ਵੱਲ ਮੂੰਹ ਕਰਕੇ ਪਾਣੀ ਸਿੱਟਣ ਲੱਗ ਪੈਂਦਾ
ਹੱਥਾਂ ਨਾਲ ਪੱਥਰ ਰੋਕਣ ਵਾਲਾ ਤਕੜਾ
ਕੰਮ ਵੀ ਥੋਡਾ ਬਾਬਾ ਨਾਨਕ ਈ ਕਰ ਸਕਦਾ
ਸਾਡੇ ਬਾਬੇ ਨਾਨਕ ਦੇ ਹੱਥਾਂ 'ਚ ਜਪੁਜੀ ਸੈਹਬ ਲਿਖਦੀ ਕਲਮ ਈ ਹੋ ਸਕਦੀ ਆ
ਪੁੱਤ ਜੰਮਣ ਦੀ ਸੁੱਖਣਾ ਪੂਰੀ ਕਰਦਾ ਹੋਣਾ ਥੋਡਾ ਬਾਬਾ ਨਾਨਕ
ਪਰ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਸਾਡੇ ਆਲਾ ਬਾਬਾ ਲਿਖਦਾ
ਪਰ ਸਾਰਿਆਂ ਦਾ ਈ ਹੋ ਸਕਦਾ ਬਾਬਾ ਨਾਨਕ
ਗੁਰੂ ਘਰ 'ਚ ਵੀ ਬਾਬੇ ਦੀ ਫੋਟੋ ਹੁੰਦੀ ਆ
ਠੇਕੇ ਦਾ ਸ਼ਟਰ ਚੱਕਕੇ ਠੇਕੇਦਾਰ ਵੀ ਫੋਟੋ ਅੱਗੇ
ਹੱਥ ਜੋੜਦਾ "ਬਾਬਾ ਕਾਰੋਬਾਰ ਵਧਾਈਂ"
ਤੇ ਵਾਲ ਮੁੰਨਦੇ ਨਾਈ ਦੀ ਵੀ ਇਹੀ ਅਰਦਾਸ ਹੋ ਸਕਦੀ ਆ
"ਬਾਬਾ ਗਾਹਕ ਭੇਜ"...ਘੁੱਦਾ