Thursday 30 January 2014

ਨਾਨਕਾ ਪਿੰਡ ਤੇ ਮੇਰੀ ਬੇਬੇ

ਸ਼ਹਿਰ ਫਿਰੋਜ਼ਪੁਰ ਤੇ ਪੈਲੇ ਪਾਸੇ ਦਰਿਆ ਸਤਲੁਜ ਦੇ ਕੰਢੇ ਚਿੜੀ ਦੇ ਪੌਂਚੇ ਜਿੱਡਾ ਸਾਡੇ ਨਾਨਕਿਆਂ ਦਾ ਪਿੰਡ ਵਸਿਆ ਵਾ।
ਨਿੱਕੇ ਹੁੰਦੇ ਸਾਡੀ ਬੀਬੀ ਅਰਗੀਆਂ ਬੇੜੇ 'ਚ ਬਹਿਕੇ ਲਾਲ ਬਹਾਦਰ ਸ਼ਾਸ਼ਤਰੀ ਟੈਪ ਫੀਲਿੰਗ ਲੈਕੇ ਦਰਿਆ ਪਾਰ ਕਰਕੇ ਸਕੂਲੇ ਜਾਇਆ ਕਰਨ। ਪੰਜਮੀਂ ਤੱਕ ਦੇ ਓਸ ਸਕੂਲ ਵਿੱਚ ਇੱਕੋ ਮਾਸਟਰ ਸੀਗਾ। ਜਦੋਂ ਬੀਬੀ ਹੋਣੀਂ ਚੌਥੀ ਪਾਸ ਕਰਕੇ ਪੰਜਮੀਂ 'ਚ ਹੋਏ ਓਦੋਂ ਈ ਮਾਸਟਰ ਕੰਜਦਾ ਬਹਿਕ ਤੋਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ। ਏਸ ਕਾਰਨ ਸਕੂਲ ਦੇ ਗੇਟ ਤੇ ਕਤੂਰੇ ਜਿੱਡਾ ਜਿੰਦਾ ਲਾਗਿਆ ਤੇ ਬੇਬੇ ਹੋਣੀਂ ਪੰਜਮੀਂ ਦੀ ਉਚੇਰੀ ਵਿੱਦਿਆ ਪ੍ਰਾਪਤ ਨਾ ਕਰ ਸਕੇ। ਕਰੋਸ਼ੀਆ , ਸਬਾਟਰ ਬੁਨਣੇ, ਅੱਡੋ ਅੱਡ ਜ਼ਡੈਨ ਪਾਕੇ ਮੰਜੇ ਉਨਣੇ, ਖੇਸਾਂ ਦੇ ਬੰਬਲ ਵੱਟਣੇ ਬੇਬੇ ਦੇ ਲੈਹਦੇ ਜੇ ਸ਼ੌਕ ਨੇ। ਵੈਣ, ਕੀਰਨੇ, ਘੋੜੀਆਂ, ਸੁਹਾਗ ਦੀਆਂ ਖੌਣੀ ਕਿੰਨੀਆਂ ਸੀਡੀਆਂ ਬੀਬੀ ਦੇ ਦਮਾਗ 'ਚ ਭਰੀਆਂ ਵਈਆਂ ਨੇ।
ਖੋਆ ਮਾਰਨਾ, ਕਮਰਕੱਸ, ਗੂੰਦ, ਖਸਖਸ ਪਾਕੇ ਪੰਜੀਰੀ ਬਣਾਉਣੀ, ਪਿੰਨੀਆਂ , ਸੇਵੀਆਂ ਹੋਰ ਐਹੇ ਜੀਆਂ ਚੀਜ਼ਾਂ ਬਨਾਉਣ ਵੇਲੇ ਗਮਾਂਢੀ ਵੀ ਮੇਰੀ ਬੀਬੀ ਤੋਂ ਸਲਾਹ ਲੈਂਦੇ ਨੇ। ਪੇਂਡੂ ਬਿਰਤੀ ਹੋਣ ਕਰਕੇ ਸਾਡੀ ਬੀਬੀ ਨਮੇਂ ਚੱਲੇ ਕਲਚਰ ਤੋਂ ਅਣਜਾਣ ਈ ਸਮਝ।
ਪਰਾਰ ਦੀ ਗੱਲ ਆ। ਬੀਬੀ ਹੋਣੀਂ ਕਿਤੇ ਪੈਲਸ 'ਚ ਵਿਆਹ ਤੇ ਗਏ ਤੇ ਆਕੇ ਮੈਨੂੰ ਕੈਂਹਦੇ ਅਖੇ ,"ਪੈਲਸ 'ਚ ਮੁੰਡੇ ਮੋੜ ਘੋੜ ਕੇ ਇੱਕੋ ਗੀਤ ਈ ਲਵਾਈ ਗਏ ਬੀ ਕੁੱਤੀ ਚੂੰ ਚੂੰ ਕਰਦੀ ਆ, ਫਿਟੇਮੂੰਹ ਗੀਤ ਦੇ"। ਹਾਰਕੇ ਅਸੀਂ ਦੱਸਿਆ ਬੀ ਬੇਬੇ ਕੁੁੱਤੀ ਨੀਂ ਅਗਲੇ ਜੁੱਤੀ ਚੂੰ ਚੂੰ ਕਰਦੀ ਕਹਿੰਦੇ ਆ। ਹਾਸੀ ਨੀਂ ਜਮਾਂ ਸੱਚੀ ਘਟਨਾ ਏਹੇ....ਘੁੱਦਾ

No comments:

Post a Comment