Friday 6 July 2012

ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ


ਅੱਧੀ ਛੁੱਟੀ ਵੇਲੇ ਬਾਸ਼ਨਾ ਖਿੱਲਰਦੀ ਰੋਟੀ ਨਾ ਅੰਬ ਦੇ 'ਚਾਰਾਂ ਦੀ
ਤਲੇ ਕਰੇਲਿਆਂ ਨਾਲ ਲਿਆਉਦੀ ਸੀ ਤੂੰ ਵਲੇਟ੍ਹ ਕੇ ਰੋਟੀ ਜਾਰਾਂ ਦੀ
ਤੂੰ ਹੇਠੋਂ ਜਾਮਣਾਂ ਚੁਗਦੀ ਸੀ ਜੋੜੇ ਲਾਹ ਦਰਖਤ ਤੇ ਮੈਂ ਚੜ੍ਹਦਾ ਸੀ
ਛੱਡ ਚੱਪਲਾਂ ਓਮੀਂ ਲਹਿ ਪੈਂਦੇ ਜਦੋਂ ਕੋਈ ਜਾਮਣਾਂ ਤੋੜਨੋ ਲੜਦਾ ਸੀ
ਕਰੀਰਾਂ ਤੋਂ ਡੇਲੇ ਤੋੜਦੇ ਸੀ ਨਾਲੇ ਤੂੰ ਕਿੱਕਰਾਂ ਤੋਂ ਤੁੱਕੇ ਤੁੜਾਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ

ਜਿਲਤ ਚੜ੍ਹਾਉਂਦੀ ਸੀ ਕਤਾਬਾਂ ਤੇ ਕੱਠੇ ਕਰਕੇ ਪੁਰਾਣੇ ਅਖਬਾਰਾਂ ਨੂੰ
ਮੇਰਾ ਛੁੱਟੀਆਂ ਦਾ ਤੂੰ ਆਪੇ ਕੰਮ ਕਰਦੇਂ ਨਾ ਫਿਕਰ ਹੁੰਦਾ ਸੀ ਜਾਰਾਂ ਨੂੰ
ਝੋਂਪੜੀ ਵਾਹੁੰਦੇ ਵਰਕੇ ਤੇ ਲਿਖਦੇ ਸੁੰਦਰ ਲਿਖਾਈਆਂ ਦੇ ਤੀਹ ਪੇਜ ਕੁੜੇ
ਓਦੂੰ ਥਬਾਕ ਵੀ ਹੁੰਦਾ ਬਾਹਲਾ ਸੀ ਸੱਚੀਂਓ ਕਰਦੇ ਸੀ ਸਾਰੇ ਹੇਜ ਕੁੜੇ
ਗੁੱਸੇ ਹੋਏ ਮਿੱਤਰਾਂ ਨੂੰ ਸੰਤਰੇ ਆਲੀਆਂ ਟੌਫੀਆਂ ਨਾਲ ਮਨਾਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ

ਬੰਨ੍ਹਕੇ ਦੌਣ ਨਾਲ ਘੋੜੀ ਨੀ ਤੂੰ ਨੱਪ ਨੱਪ ਆਟੇ ਦੇ ਰੁੱਗ ਲਾਉਂਦੀ ਸੀ
ਮੰਜਿਆਂ ਦੇ ਪਾਵਿਆਂ ਤੇ ਬੰਨ੍ਹ ਰੱਸੀਆਂ ਨੀ ਸੇਵੀਆਂ ਸੁੱਕਣੇ ਪਾਉਂਦੀ ਸੀ
ਚੌੜ ਨਾਲ ਕਈ ਆਰੀ ਖੋਲ੍ਹੇ ਸੀ ਗੁੱਤਾਂ ਤੇ ਬਣਾਏ ਰੀਬਨ ਦੇ ਫੁੱਲ ਕੁੜੇ
ਆਪਾਂ ਰਲਕੇ ਜਣ ਮਣ ਗਣ ਗਾਉਂਦੇ ਰਹੇ ਵਾਜ਼ ਚੱਕਕੇ ਪੂਰੀ ਫੁੱਲ ਕੁੜੇ
ਤਿੱਖੜ ਦੁਪੈਹਰੇ ਗਰਮੀ ਦੇ ਨੀ ਤੂੰ ਖੱਡੀਆਂ ਬੁਣ ਬੁਣ ਲੰਘਾਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ

ਦੂਏ ਪਿੰਡ ਤਾਂਈ ਸੁਣਦੇ ਸੀ ਤੇਰੇ ਵੈਣ ਕੁੜੇ ਜਦੋਂ ਗੁੱਡੀ ਫੂਕਣ ਜਾਂਦੇ ਸੀ
ਕੁਦਰਤੀਓਂ ਈ ਉਦੋਂ ਮੀਂਹ ਪੈ ਜਾਂਦਾ ਚਾਅ ਚੜ੍ਹਦਾ ਗੁਲਗੁਲੇ ਖਾਂਦੇ ਸੀ
ਹਾਲੇ ਤੀਕਰ ਲੱਭਦੇ ਕਿਤਾਬਾਂ 'ਚੋਂ ਤੇਰੀ ਵਿੱਦਿਆ ਮਾਤਾ ਦੇ ਪੱਤੇ ਨੀਂ
ਮੋਰ ਪੈਂਖੀ ਵੀ ਸਾਂਭ ਕੇ ਰੱਖਿਆ ਨੀਂ ਨਾਲੇ ਸਾਂਭੇ ਪੇਪਰਾਂ ਆਲੇ ਗੱਤੇ ਨੀ
ਵਿਆਹ ਸ਼ਾਦੀ ਆਲੇ ਘਰ ਜਾ ਕੇ ਨੀ ਤੂੰ ਬਹੁਤ ਘੋੜੀਆਂ ਗਾਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ

ਡਿੱਗੀ ਨੂੰ ਚੱਕਿਆ ਕਈ ਆਰੀ ਜਦੋਂ ਕੈਂਚੀ ਸੈਕਲ ਦੀ ਸਿੱਖਦੀ ਸੀ
ਵਿੱਚ ਬਹਿਕੇ ਨੀਂ ਦਰਬਾਜੇ ਦੇ ਤੂੰ ਪੱਖੀਆਂ ਤੇ "ਘੁੱਦਾ" ਲਿਖਦੀ ਸੀ
ਚੜ੍ਹਦੇ ਸਿਆਲ ਚਾਅ ਨਾ ਦਿੱਤਾ ਸੀ ਤੂੰ ਸਵਾਟਰ ਨਾਭੀ ਬੁਣਕੇ ਨੀ
ਡਰਕੇ ਚੂੜੀਆਂ ਥੱਲੇ ਲਕੋ ਲਿਆ ਸੀ ਨੌਂ ਵੀਣੀ ਤੇ ਮੇਰਾ ਖੁਣਕੇ ਨੀਂ
ਜਦੋਂ ਮੁੜਦਾ ਸੀ ਚੱਕੀਓਂ ਪੀਹਣ ਪਿਹਾ ਤੂੰ ਫੱਟ ਬੂਹੇ ਤੇ ਆਉਂਦੀ ਸੀ
ਮੇਰੀ ਥਾਂਵੇਂ ਮੈਥ ਆਲ਼ੇ ਮਾਸਟਰ ਨੂੰ ਤੂੰ ਭਾਹੜੇ ਆਪ ਸੁਣਾਉਂਦੀ ਸੀ .....ਘੁੱਦਾ

No comments:

Post a Comment